ਲੇਬਰ ਦੀ ਕਮੀ, ਪੋਰਟ ’ਤੇ ਦੇਰੀ, ਹਾਊਸਿੰਗ  ਘੱਟ ਹੋਣ ਕਰਕੇ ਅਟਲਾਂਟਿਕ ਕੈਨੇਡਾ ’ਚ ਸੁੰਗੜਦੀ ਜਾ ਰਹੀ ਹੈ ਟਰੱਕਿੰਗ

ਲੇਬਰ ਦੀ ਕਮੀ, ਪੋਰਟ ’ਤੇ ਦੇਰੀ ਅਤੇ ਹਾਊਸਿੰਗ ਦਾ ਘੱਟ ਹੋਣਾ ਅਟਲਾਂਟਿਕ ਕੈਨੇਡਾ ਦੇ ਟਰੱਕਿੰਗ ਉਦਯੋਗ ਦਰਪੇਸ਼ ਕੁੱਝ ਕੁ ਪ੍ਰਮੁੱਖ ਚੁਣੌਤੀਆਂ ਹਨ।

ਇਸ ’ਚ ਹੋਰ ਵਾਧਾ ਡਰਾਈਵਰ ਇੰਕ., ਇਮੀਗਰੇਸ਼ਨ ਦਾ ਨਾਕਾਫ਼ੀ ਹੋਣਾ, ਡਰਾਈਵਰਾਂ ਲਈ 10 ਦਿਨਾਂ ਦੀ ਬਿਮਾਰੀ ਦੀ ਛੁੱਟੀ ਦਾ ਆਉਣ ਜਾ ਰਿਹਾ ਨਿਯਮ ਅਤੇ 1 ਜਨਵਰੀ, 2023 ਦਾ ਈ.ਐਲ.ਡੀ. ਫ਼ੁਰਮਾਨ ਹੋਰ ਵਾਧਾ ਕਰ ਰਿਹਾ ਹੈ।

ਕੁੱਝ ਸਾਕਾਰਾਤਮਕ ਚੀਜ਼ਾਂ ਵੀ ਹਨ, ਜਿਵੇਂ ਕਿਊਬੈੱਕ ’ਚ ਹਾਈਵੇ 185 ਨੂੰ ਦੋਹਰਾ ਕਰਨ ਦਾ ਐਲਾਨ।

ਰੇੜਕਿਆਂ ਨੂੰ ਹਟਾਉਂਦਿਆਂ ਅਤੇ ਹੱਲ ਲੱਭਣ ਲਈ ਕੰਮ ਕਰਦਿਆਂ ਅਟਲਾਂਟਿਕ ਪ੍ਰੋਵਿੰਸਿਜ਼ ਟਰੱਕਿੰਗ ਐਸੋਸੀਏਸ਼ਨ (ਏ.ਪੀ.ਟੀ.ਏ.) ਦੇ ਚੇਅਰਮੈਨ ਟਰੈਵਰ ਬੈਂਟ ਸਾਕਾਰਾਤਮਕ ਗੱਲਾਂ ’ਤੇ ਧਿਆਨ ਕੇਂਦਰਤ ਕਰ ਰਹੇ ਹਨ।

Picture of Trevor Bent
ਅਟਲਾਂਟਿਕ ਪ੍ਰੋਵਿੰਸਿਜ਼ ਟਰੱਕਿੰਗ ਐਸੋਸੀਏਸ਼ਨ ਦੇ ਚੇਅਰਮੈਨ, ਟਰੈਵਰ ਬੈਂਟ। ਤਸਵੀਰ: ਲੀਓ ਬਾਰੋਸ

ਬੈਂਟ ਈਸਨਜ਼ ਟਰਾਂਸਪੋਰਟ ਦੇ ਸੀ.ਈ.ਓ. ਵੀ ਹਨ, ਅਤੇ ਉਤਸ਼ਾਹਿਤ ਹਨ ਕਿ ਐਲ.ਸੀ.ਵੀ. (ਲੌਂਗ ਕੰਬੀਨੇਸ਼ਨ ਵਹੀਕਲਜ਼) ਨੂੰ ਰਾਹ ਦੇਣ ਵਾਲਾ ਹਾਈਵੇ 185 ਪ੍ਰਾਜੈਕਟ ਕਿਸ ਤਰ੍ਹਾਂ ਪੂਰਬ ’ਚ ਟਰੱਕਿੰਗ ਕੰਪਨੀਆਂ ਲਈ ਕਾਰੋਬਾਰ ਦੇ ਮੌਕੇ ਖੋਲ੍ਹ ਰਿਹਾ ਹੈ।

ਪੋਰਟ ਆਫ਼ ਸੇਂਟ ਜੌਨ ਅਤੇ ਪੋਰਟ ਆਫ਼ ਹੈਲੀਫ਼ੈਕਸ ’ਚ ਲੰਮੇ ਸਮੇਂ ਤੋਂ ਚੁੱਕਣ ਵਾਲੇ ਪਏ ਸਾਮਾਨ ’ਤੇ ਰੌਸ਼ਨੀ ਪਾਉਂਦਿਆਂ ਬੈਂਟ ਨੇ ਕਿਹਾ ਕਿ ਉਡੀਕ ਦਾ ਸਮਾਂ ਬਹੁਤ ਜ਼ਿਆਦਾ ਵੱਧ ਗਿਆ ਹੈ। ਅਕਤੂਬਰ ’ਚ ਮੋਂਕਟਨ, ਨਿਊ ਬਰੰਸਵਿਕ ਵਿਖੇ ਹੋਏ ਅਟਲਾਂਟਿਕ ਟਰਾਂਸਪੋਰਟੇਸ਼ਨ ਐਂਡ ਲੋਜਿਸਟਿਕਸ ਸ਼ੋਅ ਵਿਖੇ ਸਾਡੇ ਸਹਾਇਕ ਪ੍ਰਕਾਸ਼ਨ TruckNews.com ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, ‘‘ਕੰਟੇਨਰਾਂ ਨੂੰ ਬਾਹਰ ਲੈ ਕੇ ਜਾਣ ਦੀ ਸਮਰਥਾ 50% ਘੱਟ ਗਈ ਹੈ। ਏ.ਪੀ.ਟੀ.ਏ. ਮੈਂਬਰ ਕਹਿ ਰਹੇ ਹਨ ਕਿ ਜੇਕਰ ਉਹ ਇੱਕ ਦਿਨ ’ਚ ਛੇ ਕੰਟੇਨਰ ਬਾਹਰ ਲੈ ਕੇ ਜਾ ਸਕਦੇ ਸਨ ਤਾਂ ਇਹ ਗਿਣਤੀ ਹੁਣ ਘੱਟ ਕੇ ਤਿੰਨ ਹੋ ਗਈ ਹੈ।’’

ਉਨ੍ਹਾਂ ਨੇ ਚੀਜ਼ਾਂ ਨੂੰ ਹੋਰ ਜ਼ਿਆਦਾ ਸਮਰੱਥ ਬਣਾਉਣ ਲਈ ਹੱਲ ਦੇਣ ਦੀ ਮੰਗ ਕੀਤੀ, ਜਿਨ੍ਹਾਂ ’ਚ ਲੇਬਰ, ਸ਼ਡਿਊਲਿੰਗ ਅਤੇ ਜ਼ਮੀਨ ਦੇ ਮਸਲਿਆਂ ਦਾ ਹੱਲ ਕਰਨਾ ਸ਼ਾਮਲ ਹੈ।

ਬੈਂਟ ਨੇ ਕਿਹਾ ਕਿ ਅਟਲਾਂਟਿਕ ਕੈਨੇਡਾ ’ਚ ਹੁਨਰਮੰਦਾਂ ਨੂੰ ਆਕਰਸ਼ਿਤ ਕਰਨ ਦੇ ਰਾਹ ’ਚ ਹਾਊਸਿੰਗ ਦੀ ਕਮੀ ਅਤੇ ਵਿੱਤੀ ਸਮਰਥਾ ਵਰਗੀਆਂ ਚੁਣੌਤੀਆਂ ਹਨ। ਲੇਬਰ ਲੱਭਣ ਦੇ ਮਾਮਲੇ ’ਚ ਟਰੱਕਿੰਗ ਦੇ ਸਭ ਤੋਂ ਵੱਡੇ ਮੁਕਾਬਲੇਬਾਜ਼ ਉਸਾਰੀ ਖੇਤਰ ’ਚ ਵੀ ਲੇਬਰ ਦੀ ਕਮੀ ਹੈ।

ਉਨ੍ਹਾਂ ਕਿਹਾ ਕਿ ਉਪਕਰਨਾਂ ਦੀ ਕਮੀ ਨੂੰ ਵੀ ਜੋੜ ਲਓ ਤਾਂ ਵਿਕਾਸ ’ਤੇ ਅਸਰ ਪਿਆ ਹੈ। ‘‘ਅਸੀਂ ਇੱਕ ਮਸਲੇ ਦਾ ਹੱਲ ਕਰਦੇ ਹਾਂ ਤਾਂ ਦੂਜਾ ਉੱਭਰ ਪੈਂਦਾ ਹੈ।’’

ਏ.ਪੀ.ਟੀ.ਏ. ਨੇ ਡਰਾਈਵਰ ਇੰਕ. ’ਤੇ ਵੀ – ਸਿੱਖਿਆ ਅਤੇ ਵਕਾਲਤ – ਦੀ ਦੋਹਰੀ ਰਣਨੀਤੀ ਨਾਲ ਸ਼ਿਕੰਜਾ ਕੱਸਣ ਦਾ ਫ਼ੈਸਲਾ ਕੀਤਾ ਹੈ।

ਗਰੁੱਪ ਡਰਾਈਵਰ ਇੰਕ. ਵਿਰੁੱਧ ਜਾਗਰੂਕਤਾ ਮੁਹਿੰਮ ਚਲਾ ਰਿਹਾ ਹੈ ਅਤੇ ਇਸ ਮੁੱਦੇ ’ਤੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਗੱਲਬਾਤ ਕਰ ਰਿਹਾ ਹੈ। ਬੈਂਟ ਨੇ ਕਿਹਾ, ‘‘ਅਸੀਂ ਦੇਸ਼ ਨੂੰ ਅਰਬਾਂ ਡਾਲਰ ਦੇ ਹੋ ਰਹੇ ਮਾਲੀਆ ਨੁਕਸਾਨ ਬਾਰੇ ਗੱਲ ਕਰ ਰਹੇ ਹਾਂ ਜੋ ਕਿ ਇਸ ਬਿਜ਼ਨੈਸ ਮਾਡਲ ਨੂੰ ਅਪਨਾਉਣ ਕਰਕੇ ਨਹੀਂ ਮਿਲ ਪਾ ਰਿਹਾ ਹੈ।’’

ਉਨ੍ਹਾਂ ਕਿਹਾ ਕਿ ਸੱਭਿਆਚਾਰ ’ਚ ਬਦਲਾਅ ਆ ਰਿਹਾ ਹੈ ਅਤੇ ਡਰਾਈਵਰ ਉਨ੍ਹਾਂ ਕੰਪਨੀਆਂ ਵੱਲ ਜਾ ਰਹੇ ਹਨ ਜੋ ਸਹੀ ਪੇਅਰੋਲ ਅਤੇ ਭੱਤਿਆਂ ਦੀ ਅਦਾਇਗੀ ਕਰਦੀਆਂ ਹਨ, ਕਿਉਂਕਿ ਕੁੱਝ ਪ੍ਰੋਵਿੰਸ ਡਰਾਈਵਰ ਇੰਕ. ਵਿਰੁੱਧ ਕਾਰਵਾਈ ਕਰ ਰਹੇ ਹਨ।

ਡਰਾਈਵਰਾਂ ਦੀਆਂ 28,000 ਆਸਾਮੀਆਂ ਖ਼ਾਲੀ ਹੋਣ ਨੂੰ ਵੇਖਦਿਆਂ ਅਟਲਾਂਟਿਕ ਕੈਨੇਡਾ ਦਾ ਟਰੱਕਿੰਗ ਉਦਯੋਗ ਇਮੀਗਰੇਸ਼ਨ ’ਚ ਤੇਜ਼ੀ ਲਿਆਉਣ ਦੇ ਤਰੀਕੇ ਲੱਭ ਰਿਹਾ ਹੈ। ਬੈਂਟ ਨੇ ਕਿਹਾ, ‘‘ਅਸੀਂ ਇਮੀਗਰੇਸ਼ਨ ਮੰਤਰੀਆਂ ਸਾਹਮਣੇ ਜਾ ਰਹੇ ਹਾਂ ਅਤੇ ਹਰ ਉਸ ਵਿਅਕਤੀ ਨਾਲ ਭਾਈਵਾਲੀ ਸਥਾਪਤ ਕਰ ਰਹੇ ਹਾਂ ਜੋ ਸਾਡੀ ਗੱਲ ਸੁਣ ਰਿਹਾ ਹੈ।’’

ਉਨ੍ਹਾਂ ਨੇ ਭਰੋਸੇਯੋਗ ਰੁਜ਼ਗਾਰਦਾਤਾ ਪ੍ਰੋਗਰਾਮ ਲਿਆਉਣ ਦੀ ਮੰਗ ਕੀਤੀ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਸਾਫ਼ ਸੀ.ਵੀ.ਓ.ਆਰ., ਢੁਕਵਾਂ ਬੀਮਾ, ਵਰਕਰਾਂ ਦਾ ਮੁਆਵਜ਼ਾ, ਪੇਅਰੋਲ, ਅਤੇ ਸੋਰਸ ਕਟੌਤੀਆਂ ਵਰਗੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਕੈਰੀਅਰਸ ਦੀ ਪਹੁੰਚ ਇਮੀਗਰੇਸ਼ਨ ਪ੍ਰੋਗਰਾਮਾਂ ਤੱਕ ਹੋਵੇ ਅਤੇ ਉਨ੍ਹਾਂ ਤੋਂ ਲਾਭ ਪ੍ਰਾਪਤ ਕੀਤਾ ਜਾ ਸਕੇ।

ਸਿਆਸਤਦਾਨਾਂ ਵੱਲੋਂ ਖੇਤਰ ’ਚ ਵਿਕਾਸ ਹੋਣ ਦੀਆਂ ਭਵਿੱਖਬਾਣੀਆਂ ਨੂੰ ਵੇਖਦਿਆਂ ਬੈਂਟ ਨੂੰ ਆਉਣ ਵਾਲੇ ਸਮੇਂ ’ਚ ਮੁਢਲੇ ਢਾਂਚੇ ’ਚ ਹੋਰ ਨਿਵੇਸ਼ ਹੋਣ ਦੀ ਉਮੀਦ ਹੈ।

ਉਦਾਹਰਨ ਵਜੋਂ, ਹਾਈਵੇ 185 ਦੇ ਦੋਹਰੇ ਹੋ ਜਾਣ ਤੋਂ ਬਾਅਦ, ਐਲ.ਸੀ.ਵੀ. ਟਰੈਫ਼ਿਕ ਨੂੰ ਸੰਭਾਲਣ ਲਈ ਰੈਂਪ ਅਤੇ ਗੋਲ ਚੱਕਰ ਵਰਗੇ ਮੁਢਲੇ ਢਾਂਚਿਆਂ ਦੀ ਜ਼ਰੂਰਤ ਹੋਵੇਗੀ। ਇਸ ਨਾਲ ਵਾਧੂ ਵੰਡ ਕੇਂਦਰਾਂ ਅਤੇ ਗੋਦਾਮਾਂ ਦੀ ਆਮਦ ਵੀ ਹੋਵੇਗੀ।

ਉਨ੍ਹਾਂ ਨੂੰ ਉਮੀਦ ਹੈ ਕਿ ਸਮਰੱਥਾ ਵਧਣ ਨਾਲ ਪੋਰਟਸ ’ਤੇ ਹੁੰਦੀ ਦੇਰੀ ਘਟੇਗੀ, ਜਿਸ ਨਾਲ ਵਸਤਾਂ ਦੀ ਸਪਲਾਈ ਚੇਨ ’ਚ ਆਮਦ ਆਸਾਨ ਹੋਵੇਗੀ।

ਬੈਂਟ ਨੇ ਕਿਹਾ ਕਿ ਲੇਬਰ ਦੀਆਂ ਸਮੱਸਿਆਵਾਂ ਛੇਤੀ ਖ਼ਤਮ ਨਹੀਂ ਹੋਣ ਵਾਲੀਆਂ, ਬਲਕਿ ਇਹ ਬਿਹਤਰ ਹੋਣ ਤੋਂ ਪਹਿਲਾਂ ਅਜੇ ਥੋੜ੍ਹਾ ਹੋਰ ਬਦਤਰ ਹੋਵੇਗੀ।

ਲੀਓ ਬਾਰੋਸ ਵੱਲੋਂ