ਲੌਬਲੋ ਨੇ ਡਰਾਈਵਰਲੈੱਸ ਗਰੋਸਰੀ ਡਿਲੀਵਰੀ ਸੇਵਾ ਸ਼ੁਰੂ ਕੀਤੀ

ਲੌਬਲੋ ਕੰਪਨੀਜ਼ ਆਟੋਨੋਮਸ ਡਿਲੀਵਰੀ ਤਕਨੀਕ ਕੰਪਨੀ ਗਤਿਕ ਨਾਲ ਮਿਲ ਕੇ ਬਗ਼ੈਰ ਡਰਾਈਵਰ ਤੋਂ ਗਰੋਸਰੀ ਆਰਡਰਾਂ ਦੀ ਡਿਲੀਵਰੀ ਕਰਨ ’ਤੇ ਕੰਮ ਕਰ ਰਹੀ ਹੈ।

ਇੱਕ ਬਹੁ-ਤਾਪਮਾਨੀ ਆਟੋਨੋਮਸ ਬਾਕਸ ਟਰੱਕਾਂ ਦਾ ਫ਼ਲੀਟ ਲੌਬਲੋ ਦੀ ਪੀ.ਸੀ. ਐਕਸਪ੍ਰੈੱਸ ਸਰਵਿਸ ਲਈ ਚੋਣਵੇਂ ਆਨਲਾਈਨ ਗਰੋਸਰੀ ਆਰਡਰਾਂ ਦੀ ਡਿਲੀਵਰੀ ਕਰ ਰਿਹਾ ਹੈ। ਲੌਬਲੋ ਅਤੇ ਗਤਿਕ ਵੱਲੋਂ ਜਨਵਰੀ 2020 ਤੋਂ ਬਾਅਦ ਹੁਣ ਤੱਕ 150,000 ਤੋਂ ਵੱਧ ਆਟੋਨੋਮਸ ਡਿਲੀਵਰੀਆਂ ਸਿਰਫ਼ ਇੱਕ ਸੁਰੱਖਿਆ ਡਰਾਈਵਰ ਨਾਲ ਬਗ਼ੈਰ ਕਿਸੇ ਹਾਦਸੇ ਤੋਂ ਕੀਤੀਆਂ ਜਾ ਚੁੱਕੀਆਂ ਹਨ।

ਤਸਵੀਰ : ਲੌਬਲੋ ਕੰਪਨੀਜ਼

ਲੌਬਲੋ ਨੇ ਇੱਕ ਪ੍ਰੈੱਸ ਰਿਲੀਜ਼ ’ਚ ਕਿਹਾ ਕਿ 5 ਅਕਤੂਬਰ ਤੋਂ ਪੂਰੀ ਤਰ੍ਹਾਂ ਆਟੋਨੋਮਸ ਡਿਲੀਵਰੀਆਂ ਦੀ ਸ਼ੁਰੂਆਤ ਹੋ ਜਾਵੇਗੀ। ਅਜਿਹਾ ਪਹਿਲੀ ਵਾਰੀ ਹੋਵੇਗਾ ਜਦੋਂ ਕੋਈ ਆਟੋਨੋਮਸ ਟਰੱਕਿੰਗ ਕੰਪਨੀ ਨੇ ਕੈਨੇਡਾ ’ਚ ਰੋਜ਼ਾਨਾ ਡਿਲੀਵਰੀ ਵਾਲੇ ਰੂਟ ’ਤੇ ਕਿਸੇ ਸੁਰੱਖਿਆ ਡਰਾਈਵਰ ਨੂੰ ਹਟਾ ਦਿੱਤਾ ਹੋਵੇ।

ਲੌਬਲੋ ਨੇ ਕਿਹਾ ਕਿ ਤੀਜੀ ਧਿਰ ਦੀ ਸਖ਼ਤ ਸਮੀਖਿਆ ਮੁਕੰਮਲ ਹੋਣ ਤੋਂ ਬਾਅਦ ਹੀ ਡਰਾਈਵਰਲੈੱਸ ਡਿਲੀਵਰੀਆਂ ਦੀ ਸ਼ੁਰੂਆਤ ਹੋਈ।

ਲੌਬਲੋ ਕੰਪਨੀਜ਼ ਲਿਮਟਿਡ ਦੇ ਚੀਫ਼ ਤਕਨਾਲੋਜੀ ਅਤੇ ਐਨਾਲੀਟਿਕਸ ਅਫ਼ਸਰ ਡੇਵਿਡ ਮਾਰਕਵੈੱਲ ਨੇ ਕਿਹਾ, ‘‘ਗਤਿਕ ਨਾਲ ਕੰਮ ਕਰਦਿਆਂ, ਅਸੀਂ ਇਹ ਪ੍ਰਦਰਸ਼ਿਤ ਕੀਤਾ ਕਿ ਆਟੋਨੋਮਸ ਡਰਾਈਵਿੰਗ ਤਕਨਾਲੋਜੀ ਸਪਲਾਈ ਚੇਨ ਦੀ ਕੁਸ਼ਲਤਾ ਨੂੰ ਇਸ ਸਮਰੱਥ ਬਣਾਉਂਦੀ ਹੈ ਕਿ ਜ਼ਿਆਦਾ ਆਰਡਰ ਵੱਧ ਤੇਜ਼ੀ ਨਾਲ ਸਾਡੇ ਗ੍ਰਾਹਕਾਂ ਤੱਕ ਪਹੁੰਚ ਸਕਣ। ਕੈਨੇਡਾ ’ਚ ਇਹ ਤਕਨਾਲੋਜੀ ਸਿਰਫ਼ ਸਾਡੇ ਕੋਲ ਹੈ। ਪੂਰੀ ਤਰ੍ਹਾਂ ਡਰਾਈਵਰਹੀਣ ਗੱਡੀਆਂ ਚਲਾਉਣਾ ਬਹੁਤ ਉਤਸ਼ਾਹਵਰਧਕ ਗੱਲ ਹੈ ਅਤੇ ਇਹ ਆਪਣੇ ਗ੍ਰਾਹਕਾਂ ਲਈ ਗਰੋਸ਼ਰੀ ਖ਼ਰੀਦਦਾਰੀ ਬਿਹਤਰ ਕਰਨ ਦੀ ਸਾਡੀ ਵਚਨਬੱਧਤਾ ਨੂੰ ਪ੍ਰਗਟ ਕਰਦਾ ਹੈ।’’

ਗਤਿਕ ਦੇ ਸੀ.ਈ.ਓ. ਅਤੇ ਸਹਿ-ਸੰਸਥਾਪਕ ਗੌਤਮ ਨਾਰੰਗ ਨੇ ਕਿਹਾ, ‘‘ਇਹ ਮੀਲ ਦਾ ਪੱਥਰ ਗਤਿਕ ਦੀ ਆਟੋਨੋਮਸ ਡਿਲੀਵਰੀ ਸਰਵਿਸ ਨੂੰ ਵੱਖੋ-ਵੱਖ ਥਾਵਾਂ ’ਤੇ ਸਥਿਤ ਲੌਬਲੋ ਦੇ ਗ੍ਰਾਹਕਾਂ ਤੱਕ ਵਿਸਤਾਰਿਤ ਕਰਨ ਦੀ ਨਿਸ਼ਾਨੀ ਹੈ।’’

‘‘ਕੈਨੇਡਾ ਅਜਿਹਾ ਪਹਿਲਾ ਬਾਜ਼ਾਰ ਹੈ ਜਿੱਥੇ ਅਸੀਂ ਆਪਣੀ ਪੂਰੀ ਤਰ੍ਹਾਂ ਡਰਾਈਵਰਲੈੱਸ ਸੇਵਾ ਸ਼ੁਰੂ ਕੀਤੀ ਹੈ, ਜੋ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਆਟੋਨੋਮਸ ਡਿਲੀਵਰੀ ਦੇ ਸਪੱਸ਼ਟ ਲਾਭ ਬੀ2ਬੀ ਸ਼ੌਰਟਹੌਲ ਲੋਜਿਸਟਿਕਸ ’ਚ ਪ੍ਰਾਪਤ ਕੀਤੇ ਜਾ ਰਹੇ ਹਨ। ਕੈਨੇਡਾ ਦੇ ਸਭ ਤੋਂ ਵੱਡੇ ਰੀਟੇਲਰ ਨਾਲ ਇਸ ਕਮਰਸ਼ੀਅਲ ਅਤੇ ਟੈਕਨੀਕਲ ਮੀਲ ਦੇ ਪੱਥਰ ਨੂੰ ਪ੍ਰਾਪਤ ਕਰਨਾ ਇੱਕ ਸੁਭਾਗ ਦੀ ਗੱਲ ਹੈ।’’