ਵਰਕ ਟਰੱਕ ਸ਼ੋਅ ਵੀ ਹੋਇਆ ਕੋਵਿਡ-19 ਦਾ ਸ਼ਿਕਾਰ

Avatar photo

ਐਨ.ਟੀ.ਈ.ਏ. ਦੇ ਸਾਲਾਨਾ ਵਰਕ ਟਰੱਕ ਸ਼ੋਅ ਅਤੇ ਗ੍ਰੀਨ ਟਰੱਕ ਸਮਿੱਟ, ਜੋ ਕਿ ਮਾਰਚ 9-12 ਵਿਚਕਾਰ ਇੰਡੀਆਨਾਪੋਲਿਸ ‘ਚ ਹੋਣ ਵਾਲਾ ਸੀ, ਕੋਵਿਡ-19 ਦਾ ਤਾਜ਼ਾ ਸ਼ਿਕਾਰ ਬਣ ਗਿਆ ਹੈ।

ਲੋਕਾਂ ਦੀ ਸਰੀਰਕ ਹਾਜ਼ਰੀ ਵਾਲੇ ਸ਼ੋਅ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਵਰਕ ਟਰੱਕ ਹਫ਼ਤੇ ਨੂੰ ਮਨਾਉਣ ਲਈ ਕੋਈ ਵਰਚੂਅਲ ਈਵੈਂਟ ਵੀ ਨਹੀਂ ਕਰਵਾਇਆ ਜਾ ਰਿਹਾ ਹੈ, ਪਰ ਵਰਕ ਟਰੱਕ ਉਦਯੋਗ ਦੀ ਪ੍ਰਤੀਨਿਧਗੀ ਕਰਨ ਵਾਲੀ ਐਸੋਸੀਏਸ਼ਨ ਸਿੱਖਿਆ ਅਤੇ ਨੈੱਟਵਰਕਿੰਗ ਲਈ ਹੋਰ ਮੌਕਿਆਂ ਦੀ ਤਲਾਸ਼ ਕਰ ਰਹੀ ਹੈ।

ਇੰਡੀਆਨਾਪੋਲਿਸ ‘ਚ ਸ਼ੋਅ ਮਾਰਚ 8-11, 2022 ‘ਚ ਮੁੜ ਹੋਣਗੇ।

ਬੋਰਡ ਦੇ ਚੇਅਰਮੈਨ ਪੀਟਰ ਮਿਲਰ ਅਤੇ ਐਨ.ਟੀ.ਈ.ਏ. ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਸਟੀਵ ਕੈਰੇ ਨੇ ਕਿਹਾ, ”ਲੰਮੀ ਅਤੇ ਧਿਆਨ ਨਾਲ ਕੀਤੀ ਗੱਲਬਾਤ ਮਗਰੋਂ ਸਾਨੂੰ ਲਗਦਾ ਹੈ ਕਿ 2021 ‘ਚ ਵਰਕ ਟਰੱਕ ਹਫ਼ਤੇ ਨੂੰ ਰਵਾਇਤੀ ਢੰਗ ਨਾਲ ਨਹੀਂ ਮਨਾਇਆ ਜਾ ਸਕਦਾ। ਸਾਡੇ ਲਈ ਹਾਜ਼ਰੀਨ, ਪ੍ਰਦਰਸ਼ਨਕਰਤਾਵਾਂ ਅਤੇ ਸਟਾਫ਼ ਦੀ ਸਿਹਤ ਅਤੇ ਸੁਰੱਖਿਆ ਸਭ ਤੋਂ ਉੱਪਰ ਹੈ ਅਤੇ ਇਹੀ 2021 ਦੇ ਇਸ ਪ੍ਰੋਗਰਾਮ ਨੂੰ ਕਰਾਉਣ ਬਾਰੇ ਬੋਰਡ ਆਫ਼ ਡਾਇਰੈਕਟਰਜ਼ ਦੇ ਵਿਚਾਰ ਦਾ ਮੁੱਖ ਕੇਂਦਰ ਰਿਹਾ।”

”ਪਿਛਲੇ ਕਈ ਮਹੀਨਿਆਂ ਤੋਂ, ਅਸੀਂ ਇੰਡੀਆਨਾਪੋਲਿਸ ਦੇ ਆਪਣੇ ਭਾਈਵਾਲਾਂ ਨਾਲ ਮਿਲ ਕੇ ਇਸ ਸਮੱਸਿਆ ਦਾ ਹੱਲ ਲੱਭਣ ਦੀ ਭਰਪੂਰ ਕੋਸ਼ਿਸ਼ ਕੀਤੀ। ਕੋਵਿਡ-19 ਮਹਾਂਮਾਰੀ ਕਰਕੇ ਲਾਜ਼ਮੀ ਪਾਬੰਦੀਆਂ ਲਾਗੂ ਹੋਣ ਕਾਰਨ ਉੱਚ ਮਿਆਰੀ ਅਤੇ ਆਹਮੋ-ਸਾਹਮਣੇ ਗੱਲਬਾਤ ਜਿੰਨੇ ਉਤਪਾਦਕ ਬਦਲ ਸਾਨੂੰ ਨਹੀਂ ਦਿਸੇ। ਅਸੀਂ ਭਰੋਸੇ ਨਾਲ ਨਹੀਂ ਕਹਿ ਸਕਦੇ ਕਿ ਹਾਜ਼ਰੀਨ, ਪ੍ਰਦਰਸ਼ਨਕਰਤਾ ਅਤੇ ਉਦਯੋਗ ਦੇ ਹਿੱਤਧਾਰਕ ਆਪਣੇ ਟੀਚਿਆਂ ਨੂੰ ਪੂਰੀ ਤਰ੍ਹਾਂ ਪ੍ਰਾਪਤ ਕਰ ਸਕਦੇ ਹਨ ਜਾਂ ਉਹ ਲੈ ਸਕਦੇ ਹਨ ਜਿਸ ਦੀ ਉਨ੍ਹਾਂ ਨੂੰ ਵਰਕ ਟਰੱਕ ਹਫ਼ਤੇ ਤੋਂ ਜ਼ਰੂਰਤ (ਅਤੇ ਸਹੀ ਅਰਥਾਂ ‘ਚ ਉਮੀਦ) ਹੈ।”

ਵਰਕ ਟਰੱਕ ਸ਼ੋਅ ਪਿਛਲੇ 20 ਸਾਲਾਂ ਤੋਂ ਕਰਵਾਇਆ ਜਾ ਰਿਹਾ ਹੈ।

”ਐਨ.ਟੀ.ਈ.ਏ. ਹੁਣ 2022 ਲਈ ਆਪਣੇ ਮੈਂਬਰਾਂ ਅਤੇ ਉਦਯੋਗ ਦੀ ਮੱਦਦ ਕਰਨ ਦੇ ਬਿਹਤਰੀਨ ਤਰੀਕੇ ਲੱਭਣ ‘ਤੇ ਇੱਕ ਸਾਲ ਪਹਿਲਾਂ ਤੋਂ ਹੀ ਧਿਆਨ ਕੇਂਦਰਤ ਕਰ ਰਿਹਾ ਹੈ। ਸਾਨੂੰ ਨਹੀਂ ਲਗਦਾ ਕਿ ਵਰਕ ਟਰੱਕ ਵੀਕ ਨੂੰ ਵਰਚੂਅਲ ਸੈਟਿੰਗ ‘ਚ ਠੀਕ ਤਰ੍ਹਾਂ ਵੇਖਿਆ ਜਾ ਸਕਦਾ ਹੈ, ਪਰ ਸਿੱਖਿਆ ਸਾਂਝੀ ਕਰਨ ਅਤੇ ਉਦਯੋਗ ਦੇ ਕਾਰੋਬਾਰਾਂ ਨੂੰ ਆਪਸ ‘ਚ ਜੋੜਨ ਦੇ ਕਾਫ਼ੀ ਮੌਕੇ ਹਨ। ਆਉਣ ਵਾਲੇ ਹਫ਼ਤਿਆਂ ‘ਚ ਹੋਰ ਜਾਣਕਾਰੀ ਜਾਰੀ ਕੀਤੀ ਜਾਵੇਗੀ।”

ਪ੍ਰਦਰਸ਼ਨਕਰਤਾ ਅਤੇ ਸਪਾਂਸਰ ਆਪਣੀ ਜਮਾਂ ਕਰਵਾਈ ਰਕਮ 2022 ਦੇ ਈਵੈਂਟ ਲਈ ਰੱਖ ਸਕਦੇ ਹਨ ਜਾਂ ਵਾਪਸ ਲੈਣ ਲਈ ਬਿਨੈ ਕਰ ਸਕਦੇ ਹਨ।