ਵਿਦਿਆਰਥੀਆਂ ਨੂੰ ਸੁਰੱਖਿਅਤ ਰਹਿਣ ਦੇ ਗੁਰ ਸਿਖਾਉਂਦੇ ਨੇ ਗਰੇਵਾਲ

Avatar photo

ਅਮ੍ਰਿਤ ਗਰੇਵਾਲ ਕੋਲ ਤਕਰੀਬਨ ਦੋ ਦਹਾਕੇ ਜਿੰਨਾ ਸੁਰਖਿੱਅਤ ਰੂਪ ’ਚ ਟਰੱਕ ਚਲਾਉਣ ਦਾ ਤਜ਼ਰਬਾ ਹੈ। ਅਤੇ ਇਸ ਸਮੇਂ ਦੌਰਾਨ ਉਨ੍ਹਾਂ ਨਾਲ ਇੱਕ ਵੀ ਹਾਦਸਾ ਨਹੀਂ ਵਾਪਰਿਆ। ਉਹ ਮਾਣ ਨਾਲ ਕਹਿੰਦੇ ਹਨ, ‘‘ਮੇਰੀ ਡਰਾਈਵਿੰਗ ਦੀ ਕਹਾਣੀ ਬਿਲਕੁਲ ਬੇਦਾਗ਼ ਹੈ।’’

Picture of Amrit Grewal
ਅਮ੍ਰਿਤ ਗਰੇਵਾਲ। ਤਸਵੀਰ: ਸਪਲਾਈਡ

ਉਨ੍ਹਾਂ ਨੇ ਕੰਪਨੀ ਡਰਾਈਵਰ, ਟੀਮ ਡਰਾਈਵਰ ਅਤੇ ਓਨਰ-ਆਪਰੇਟਰ; ਲੋਂਗ ਹੌਲ ਅਤੇ ਲੋਕਲ ਕੰਮ ਸਮੇਤ ਹਰ ਤਰ੍ਹਾਂ ਦੇ ਕੰਮ ਕੀਤੇ ਹਨ। ਉਹ ਇੱਕ ਟਰਾਂਸਪੋਰਟ ਕੰਪਨੀ ਦੇ ਮਾਲਕ ਵੀ ਹਨ ਅਤੇ ਪਿਛਲੇ ਸਾਲ ਹੀ ਉਨ੍ਹਾਂ ਨੇ ਇੱਕ ਡਰਾਈਵਿੰਗ ਸਕੂਲ ਸ਼ੁਰੂ ਕੀਤਾ ਸੀ।

ਜਦੋਂ ਉਹ ਲੈਂਗਲੀ, ਬ੍ਰਿਟਿਸ਼ ਕੋਲੰਬੀਆ ਵਿਖੇ ਆਪਣੇ ਸਰਾਭਾ ਡਰਾਈਵਿੰਗ ਸਕੂਲ ’ਚ ਵਿਦਿਆਰਥੀਆਂ ਨੂੰ ਸਿਖਾ ਰਹੇ ਹੁੰਦੇ ਹਨ ਤਾਂ ਉਸ ਦਾ ਜ਼ੋਰ ਸੁਰੱਖਿਆ ’ਤੇ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਉਦੋਂ ਉਨ੍ਹਾਂ ਨੂੰ ਬੜੇ ਧਿਆਨ ਨਾਲ ਸੁਣਦੇ ਹਨ ਜਦੋਂ ਉਹ ਆਪਣੇ ਨਾਲ ਸੜਕ ’ਤੇ ਹੋਏ ਆਪਣੇ ਤਜ਼ਰਬਿਆਂ ਬਾਰੇ ਦੱਸਦੇ ਹਨ।

42 ਵਰ੍ਹਿਆਂ ਦੇ ਗਰੇਵਾਲ 2003 ’ਚ ਭਾਰਤ ਤੋਂ ਬਰੈਂਪਟਨ, ਓਂਟਾਰੀਓ ਪੁੱਜੇ ਸਨ, ਅਤੇ ਉਨ੍ਹਾਂ ਨੇ ਵ੍ਹੀਲਚੇਅਰਾਂ ਅਸੈਂਬਲ ਕਰਨ ਵਾਲੇ ਇੱਕ ਵੇਅਰਹਾਊਸ ’ਚ ਕੰਮ ਸ਼ੁਰੂ ਕੀਤਾ। ਕੁੱਝ ਮਹੀਨਿਆਂ ਬਾਅਦ, ਉਨ੍ਹਾਂ ਨੂੰ ਆਪਣਾ ਏ/ਜ਼ੈੱਡ ਲਾਇਸੰਸ ਮਿਲਿਆ ਅਤੇ ਉਨ੍ਹਾਂ ਨੇ ਟਰੱਕ ਚਲਾਉਣਾ ਸ਼ੁਰੂ ਕਰ ਦਿੱਤਾ। ਇੱਕ ਵਰਕ ਟਰਿੱਪ ’ਤੇ ਉਹ ਵੈਨਕੂਵਰ ਗਏ ਅਤੇ ਉਥੋਂ ਦੇ ਮੌਸਮ ਦੇ ਆਸ਼ਿਕ ਹੋ ਬੈਠੇ। ਇਸ ਤੋਂ ਕੁੱਝ ਸਮੇਂ ਬਾਅਦ ਹੀ ਉਹ ਆਪਣੇ ਪਰਿਵਾਰ ਨਾਲ ਬਿ੍ਰਟਿਸ਼ ਕੋਲੰਬੀਆ ਆ ਵੱਸੇ।

ਕੁੱਝ ਸਾਲਾਂ ਲਈ ਉਨ੍ਹਾਂ ਨੇ ਕੰਪਨੀ ਡਰਾਈਵਰ ਵਜੋਂ ਕੰਮ ਕੀਤਾ ਅਤੇ ਫਿਰ ਆਪਣਾ ਪਹਿਲਾ ਟਰੱਕ ਖ਼ਰੀਦ ਲਿਆ – ਜੋ ਕਿ ਬਿਲਕੁਲ ਨਵਾਂ 13-ਸਪੀਡ ਕਮਿੰਸ ਇੰਜਣ ਵਾਲਾ ਵੋਲਵੋ ਸੀ। ਉਨ੍ਹਾਂ ਨੇ ਛੇ ਮਹੀਨਿਆਂ ਤੱਕ ਆਪਣੀ ਪਤਨੀ ਨਾਲ ਟੀਮ ਬਣਾ ਕੇ ਡਰਾਈਵਿੰਗ ਕੀਤੀ, ਜਿਸ ਕੋਲ ਸ਼੍ਰੇਣੀ 1 ਮੈਨੂਅਲ ਲਾਇਸੰਸ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਆਪਣੇ ਦੋ ਪੁੱਤਰਾਂ ਦੇ ਪਾਲਣ-ਪੋਸਣ ’ਤੇ ਧਿਆਨ ਕੇਂਦਰਤ ਕਰਨ ਦਾ ਫ਼ੈਸਲਾ ਕੀਤਾ, ਜੋ ਕਿ ਹੁਣ 18 ਅਤੇ 13 ਵਰ੍ਹਿਆਂ ਦੇ ਹੋ ਗਏ ਹਨ। ਉਹ ਇਸ ਵੇਲੇ ਇੱਕ ਰੇਸਤਰਾਂ ’ਚ ਕਿਚਨ ਮੈਨੇਜਰ ਵਜੋਂ ਕੰਮ ਕਰ ਰਹੇ ਹਨ।

ਗਰੇਵਾਲ ਕਈ ਫ਼ਲੀਟਸ ਲਈ ਓਨਰ-ਆਪਰੇਟਰ ਵਜੋਂ ਲੋਡ ਲੈ ਕੇ ਜਾਂਦੇ ਰਹੇ ਹਨ। ਡੇਅ ਐਂਡ ਰੋਸ ਨੇ ਉਨ੍ਹਾਂ ਦਾ ਹਾਦਸਾ ਮੁਕਤ 10 ਲੱਖ ਮੀਲ ਤੱਕ ਦਾ ਸਫ਼ਰ ਕਰਨ ਲਈ

ਸਨਮਾਨ ਕੀਤਾ। ਬਾਇਜ਼ਨ ਟਰਾਂਸਪੋਰਟ ਲਈ ਇੱਕ ਲੋਕਲ ਓਨਰ-ਆਪਰੇਟਰ ਵਜੋਂ ਕੰਮ ਕਰਦਿਆਂ ਉਨ੍ਹਾਂ ਨੂੰ ਦੋ ਸਾਲਾਂ ਲਈ ਸੁਰੱਖਿਅਤ ਡਰਾਈਵਿੰਗ ਕਰਨ ਦਾ ਸਰਟੀਫ਼ਿਕੇਟ ਪ੍ਰਦਾਨ ਕੀਤਾ ਗਿਆ।

2015 ’ਚ, ਗਰੇਵਾਲ ਨੇ ਸਰਾਭਾ ਟਰਾਂਸਪੋਰਟ ਸ਼ੁਰੂ ਕੀਤੀ, ਜਿਸ ’ਚ ਪੰਜ ਟਰੱਕ ਹਨ ਜੋ ਕਿ ਕੈਲੇਫ਼ੋਰਨੀਆ ਤੱਕ ਡਰਾਈਵੈਨ ਅਤੇ ਰੀਫ਼ਰ ਢੋਂਦੇ ਹਨ, ਜਿੱਥੋਂ ਇਹ ਟੋਰਾਂਟੋ ਜਾਂਦੇ ਹਨ ਅਤੇ ਫਿਰ ਕੈਲਗਰੀ, ਅਲਬਰਟਾ ਰਾਹੀਂ ਬ੍ਰਿਟਿਸ਼ ਕੋਲੰਬੀਆ ਪਰਤਦੇ ਹਨ।

ਉਨ੍ਹਾਂ ਨੇ ਆਪਣੇ ਕੰਮ ਦੌਰਾਨ ਹੈਲੀਫ਼ੈਕਸ, ਨੋਵਾ ਸਕੋਸ਼ੀਆ ਤੱਕ ਸਾਰਾ ਕੈਨੇਡਾ ਘੁੰਮ ਲਿਆ ਹੈ, ਅਤੇ ਅਮਰੀਕਾ ਦੇ 48 ਸਟੇਟਾਂ ’ਚ ਜਾ ਚੁੱਕੇ ਹਨ। ਉਹ ਨਿਯਮਤ ਰੂਪ ’ਚ ਅਮਰੀਕੀ ਸਰਹੱਦ ਪਾਰ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਨੇ ਹਰ ਤਰ੍ਹਾਂ ਦੇ ਮੌਸਮ ਅਤੇ ਹਰ ਤਰ੍ਹਾਂ ਦੇ ਧਰਾਤਲ ’ਤੇ ਗੱਡੀ ਚਲਾਈ ਹੈ। ਉਨ੍ਹਾਂ ਦਾ ਅੰਦਾਜ਼ਾ ਹੈ ਕਿ ਉਨ੍ਹਾਂ ਨੇ ਆਪਣੇ ਕੰਮ ਦੌਰਾਨ ਲਗਭਗ 25 ਲੱਖ ਮੀਲ ਦਾ ਸਫ਼ਰ ਤੈਅ ਕੀਤਾ ਹੈ।

ਜਦੋਂ ਉਨ੍ਹਾਂ ਨੇ ਆਪਣੀ ਟਰਾਂਸਪੋਰਟ ਕੰਪਨੀ ਲਈ ਨਵੇਂ ਡਰਾਈਵਰਾਂ ਦੀ ਭਰਤੀ ਸ਼ੁਰੂ ਕੀਤੀ, ਗਰੇਵਾਲ ਨੂੰ ਲੱਗਾ ਕਿ ਉਨ੍ਹਾਂ ਨੂੰ ਅਜਿਹੀ ਸਿਖਲਾਈ ਦੇਣੀ ਚਾਹੀਦੀ ਹੈ ਤਾਂ ਕਿ ਨਵੇਂ ਡਰਾਈਵਰ ਮੁਕਾਬਲੇਬਾਜ਼ ਬਣਨ ਅਤੇ ਉਨ੍ਹਾਂ ’ਚ ਖ਼ੁਦ ਗੱਡੀ ਲੈ ਕੇ ਬਾਹਰ ਜਾਣ ਦਾ ਆਤਮਵਿਸ਼ਵਾਸ ਪੈਦਾ ਹੋਵੇ। ਉਨ੍ਹਾਂ ਨੇ ਨਵੇਂ ਡਰਾਈਵਰਾਂ ਨਾਲ ਬ੍ਰਿਟਿਸ਼ ਕੋਲੰਬੀਆ ਤੋਂ ਕੈਲੇਫ਼ੋਰਨੀਆ ਤੱਕ ਦਾ ਸਫ਼ਰ ਕੀਤਾ ਅਤੇ ਕੈਲਗਰੀ ’ਚ ਟਰਿੱਪ ਦੌਰਾਨ ਉਨ੍ਹਾਂ ਨੂੰ ਪਹਾੜਾਂ ’ਤੇ ਡਰਾਈਵਿੰਗ ਕਰਨ ਦੀ ਸਿਖਲਾਈ ਦਿੱਤੀ। ਉਨ੍ਹਾਂ ਕਿਹਾ ਕਿ ਇੱਕ ਮਹੀਨੇ ਬਾਅਦ ਉਹ ਆਪਣੇ ਦਮ ’ਤੇ ਜਾਣ ਲਈ ਤਿਆਰ ਸਨ।

Amrit Grewal shows students how to inspect an engine.
ਲੈਂਗਲੀ, ਬ੍ਰਿਟਿਸ਼ ਕੋਲੰਬੀਆ ’ਚ ਸਰਾਭਾ ਡਰਾਈਵਿੰਗ ਸਕੂਲ ਵਿਖੇ ਆਪਣੇ ਵਿਦਿਆਰਥੀਆਂ ਨੂੰ ਪ੍ਰੀ-ਟਰਿੱਪ ਜਾਂਚ ਕਰਨਾ ਸਿਖਾਉਂਦੇ ਅਮ੍ਰਿਤ ਗਰੇਵਾਲ। ਤਸਵੀਰ: ਸਪਲਾਈਡ

ਇਸ ਨਾਲ ਹੀ ਉਨ੍ਹਾਂ ਅੰਦਰ ਵੱਡੇ ਪੱਧਰ ’ਤੇ ਸਿਖਲਾਈ ਪ੍ਰਦਾਨ ਕਰਨ ਦਾ ਬੀਜ ਬੀਜਿਆ ਗਿਆ। ਗਰੇਵਾਲ ਨੇ ਦਸੰਬਰ 2020 ’ਚ ਆਪਣੇ ਫ਼ੋਰ-ਵ੍ਹੀਲਰ ਅਤੇ ਟਰੱਕ ਡਰਾਈਵਿੰਗ ਇੰਸਟਰੱਕਟਰ ਦਾ ਲਾਇਸੰਸ ਪ੍ਰਾਪਤ ਕੀਤਾ ਅਤੇ ਜਨਵਰੀ 2021 ’ਚ ਡਰਾਈਵਿੰਗ ਸਕੂਲ ਖੋਲ੍ਹ ਲਿਆ। ਸਕੂਲ ’ਚ ਗਰੇਵਾਲ ਸਮੇਤ ਚਾਰ ਇੰਸਟਰੱਕਟਰ ਹਨ, ਅਤੇ ਇਹ ਤਿੰਨ ਟਰੱਕ ਚਲਾਉਂਦੇ ਹਨ – ਜਿਨ੍ਹਾਂ ’ਚੋਂ ਦੋ ਮੈਨੂਅਲ ਟਰਾਂਸਮਿਸ਼ਨ ਵਾਲਾ ਅਤੇ ਇੱਕ ਆਟੋਮੈਟਿਕ ਹੈ।

ਗਰੇਵਾਲ ਨੇ ਕਿਹਾ ਕਿ ਐਮ.ਈ.ਐਲ.ਟੀ. ਪ੍ਰੋਗਰਾਮ, ਯਾਰਡ ਅਤੇ ਰੋਡ ਟਰੇਨਿੰਗ,  ਤੋਂ ਇਲਾਵਾ ਵਿਦਿਆਰਥੀਆਂ ਨੂੰ ਪੇਸ਼ੇ ਦੇ ਵਿਹਾਰਕ ਪੱਖਾਂ ਦੀ ਵੀ ਸਿਖਲਾਈ ਦਿੱਤੀ ਜਾਂਦੀ ਹੈ। ਉਦਾਹਰਣ ਦੇ ਤੌਰ ’ਤੇ, ਉਹ ਵਿਦਿਆਰਥੀਆਂ ਨੂੰ ਡਿਸਪੈਚਰਾਂ ਤੇ ਗ੍ਰਾਹਕਾਂ ਨਾਲ ਗੱਲਬਾਤ ਕਰਨਾ ਸਿਖਾਉਂਦੇ ਹਨ ਅਤੇ ਫ਼ਰੇਟ ਨਾਲ ਕੌਮਾਂਤਰੀ ਸਰਹੱਦ ਪਾਰ ਕਰਨ ਵੇਲੇ ਜ਼ਰੂਰੀ ਕਾਗਜ਼ਾਤ ਤੋਂ ਜਾਣੂ ਕਰਵਾਉਂਦੇ ਹਨ। ਉਹ ਉਨ੍ਹਾਂ ਨੂੰ ਪਹਾੜਾਂ ’ਤੇ ਡਰਾਈਵਿੰਗ ਕਰਨ ਬਾਰੇ ਅਤੇ ਵੱਖੋ-ਵੱਖ ਮੌਸਮਾਂ ’ਚ ਸੁਰੱਖਿਅਤ ਰਹਿਣ ਬਾਰੇ ਵੀ ਸਲਾਹ ਦਿੰਦੇ ਰਹਿੰਦੇ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਆਪਣੇ ਵਿਦਿਆਰਥੀਆਂ ਨੂੰ ਪੇਸ਼ੇਵਰ ਡਰਾਈਵਰ ਬਣਾਉਣਾ ਹੈ ਜੋ ਕਿ ਭਰੋਸੇਯੋਗ, ਸਮੇਂ ਦੇ ਪਾਬੰਦ ਅਤੇ ਚੰਗੀ ਸੰਚਾਰ ਸਮਰੱਥਾ ਰੱਖਦੇ ਹਨ। ਉਨ੍ਹਾਂ ਨੇ ਟਰਿੱਪ ਤੋਂ ਪਹਿਲਾਂ ਉਚਿਤ ਜਾਂਚ ਅਤੇ ਟਰਿੱਪ ਬਾਰੇ ਯੋਜਨਾਬੰਦੀ ਕਰਨ ’ਤੇ ਵੀ ਜ਼ੋਰ ਦਿੱਤਾ।

ਗਰੇਵਾਲ ਨੇ ਕਿਹਾ ਕਿ ਨੌਜੁਆਨਾਂ ਲਈ ਟਰੱਕਿੰਗ ਇੱਕ ਚੰਗਾ ਪੇਸ਼ਾ ਹੈ, ਜੋ ਕਿ ਆਪਣੇ ਮਾਲਕ ਖ਼ੁਦ ਬਣਨਾ ਚਾਹੁੰਦੇ ਹਨ। ਇਹ ਆਪਣੇ ਪਰਿਵਾਰ ਦੀ ਦੇਖਭਾਲ ਕਰਨ ਲਈ ਆਮਦਨ ਦਾ ਸਥਿਰ ਸਰੋਤ ਵੀ ਹੈ।

ਸਫ਼ਰ ਦੇ ਇਸ ਕਾਰੋਬਾਰ ’ਚ ਗਰੇਵਾਲ ਦਾ ਟੀਚਾ ਕਈ ਹੋਰ ਪੇਸ਼ੇਵਰ ਡਰਾਈਵਰਾਂ ਨੂੰ ਸਿਖਲਾਈ ਦੇਣਾ ਅਤੇ ਆਪਣੀ ਟਰਾਂਸਪੋਰਟੇਸ਼ਨ ਕੰਪਨੀ ਦਾ ਵਿਸਤਾਰ ਕਰਨਾ ਹੈ।

 

ਲੀਓ ਬਾਰੋਸ ਵੱਲੋਂ

 

 

 

 

 

Avatar photo

Leo Barros is the associate editor of Today’s Trucking. He has been a journalist for more than two decades, holds a CDL and has worked as a longhaul truck driver. Reach him at leo@newcom.ca