ਵਿਰੋਧ ਕਰ ਰਹੇ ਵਰਕਰਾਂ ’ਤੇ ਕੰਪਨੀਆਂ ਨੇ ਲਾਇਆ ਫ਼ਿਰੌਤੀ ਮੰਗਣ ਦਾ ਦੋਸ਼

Avatar photo

ਪਿੱਛੇ ਜਿਹੇ ਗ੍ਰੇਟਰ ਟੋਰਾਂਟੋ ਏਰੀਆ ਦੇ ਪੀਲ ਰੀਜਨ ਵਿਖੇ ਤਨਖ਼ਾਹਾਂ ਦੀ ਅਦਾਇਗੀ ਨਾ ਹੋਣ ਕਰਕੇ ਸਾਬਕਾ ਡਰਾਈਵਰਾਂ ਵੱਲੋਂ ਪ੍ਰਦਰਸ਼ਨ ਦਾ ਸਾਹਮਣਾ ਕਰ ਰਹੀ ਟਰੱਕਿੰਗ ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਪੈਸੇ ਕਢਵਾਉਣ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਅਤੇ ਧਮਕਾਇਆ ਜਾ ਰਿਹਾ ਹੈ।

People supporting the transport companies were present during the protest on Oct. 30 in Brampton. Ont. (Photo: Fateh Media 5)
ਮਿਸੀਸਾਗਾ, ਓਂਟਾਰੀਓ ’ਚ ਹੋਏ ਪ੍ਰਦਰਸ਼ਨ ਦੌਰਾਨ ਟਰਾਂਸਪੋਰਟ ਕੰਪਨੀਆਂ ਦੇ ਹਮਾਇਤੀ ਲੋਕ ਵੀ ਮੌਜੂਦ ਸਨ। ਤਸਵੀਰ: ਫ਼ਤਿਹ ਮੀਡੀਆ 5

ਮਿਸੀਸਾਗਾ, ਓਂਟਾਰੀਓ ’ਚ ਅਧਾਰਤ ਕਾਰਗੋ ਕਾਊਂਟੀ ਦੇ ਪ੍ਰੈਜ਼ੀਡੈਂਟ ਟੋਨੀ ਸੰਧੂ ਅਤੇ ਸੀ.ਈ.ਓ. ਪਾਵੇਲ ਸੰਧੂ ਨੇ ਕਿਹਾ ਕਿ ਕਰਾਰ ’ਤੇ ਹਸਤਾਖ਼ਰ ਕਰਨ ਵਾਲੇ ਸਾਬਕਾ ਡਰਾਈਵਰਾਂ ਨੂੰ ਆਜ਼ਾਦ ਠੇਕੇਦਾਰਾਂ ਵਜੋਂ ਰੱਖਿਆ ਗਿਆ ਸੀ, ਜਿਨ੍ਹਾਂ ਨੇ ਲੇਬਰ ਅਦਾਲਤ ’ਚ ਕੇਸ ਦਾਇਰ ਕੀਤਾ ਹੈ ਕਿ ਉਹ ਮੁਲਾਜ਼ਮ ਸਨ। ਉਨ੍ਹਾਂ ਨੇ ਹੋਰਨਾਂ ਚੀਜ਼ਾਂ ਤੋਂ ਇਲਾਵਾ ਛੁੱਟੀਆਂ ਅਤੇ ਓਵਰਟਾਈਮ ਦੀ ਅਦਾਇਗੀ ਵੀ ਮੰਗੀ ਹੈ।

ਲਾਭ-ਨਿਰਪੱਖ ਵਰਕਰਸ ਐਕਸ਼ਨ ਸੈਂਟਰ (ਡਬਲਿਊ.ਏ.ਸੀ.) ਦੇ ਕਾਰਜਕਾਰੀ ਡਾਇਰੈਕਟਰ ਡੀਨਾ ਲਾਡ ਨੇ ਕਿਹਾ ਕਿ ਉਨ੍ਹਾਂ ਦਾ ਗਰੁੱਪ, ਜਿਨ੍ਹਾਂ ’ਚ ਪ੍ਰਭਾਵਤ ਡਰਾਈਵਰ ਅਤੇ ਉਨ੍ਹਾਂ ਦੇ ਹਮਾਇਤੀ ਸ਼ਾਮਲ ਹਨ, ਨੇ 30 ਅਕਤੂਬਰ ਨੂੰ ਕੰਪਨੀ ਦੇ ਬਾਹਰ ਇੱਕ ਸ਼ਾਂਤਮਈ ਪ੍ਰਦਰਸ਼ਨ ਕੀਤਾ ਸੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ 30 ਤੋਂ 40 ਵਿਅਕਤੀਆਂ ਨੇ ਬਹੁਤ ਭੜਕਾਊ ਵਿਹਾਰ ਕੀਤਾ ਅਤੇ ਅਭੱਦਰ ਤੇ ਲਿੰਗਵਾਦੀ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ, ‘‘ਸਾਡੇ ਵਫ਼ਦ ’ਚ ਬਜ਼ੁਰਗ ਲੋਕ, ਔਰਤਾਂ ਅਤੇ ਬੱਚੇ ਵੀ ਸਨ। ਉਨ੍ਹਾਂ ਦਾ ਵਤੀਰਾ ਵੇਖ ਕੇ ਸਾਨੂੰ ਝਟਕਾ ਜਿਹਾ ਲੱਗਾ, ਉਹ ਬਹੁਤ ਭੜਕੇ ਹੋਏ ਸਨ ਅਤੇ ਮਾਰ-ਕੁਟਾਈ ਕਰਨਾ ਚਾਹ ਰਹੇ ਸਨ।’’ ਪ੍ਰਦਰਸ਼ਨਕਾਰੀਆਂ ਦੀਆਂ ਆਵਾਜ਼ਾਂ ਦਬਾਉਣ ਲਈ ਉੱਚੀ ਆਵਾਜ਼ ਸੰਗੀਤ ਵੀ ਚਲਾਇਆ ਜਾ ਰਿਹਾ ਸੀ।

ਪ੍ਰਦਰਸ਼ਨ ਦੌਰਾਨ ਮੌਜੂਦ ਓਂਟਾਰੀਓ ਬਲਕ ਦੇ ਸੀ.ਈ.ਓ. ਇਮਰਾਜ਼ ਸਿੱਧੂ ਨੇ ਕਿਹਾ ਕਿ ਦੋਸ਼ਾਂ ਤੋਂ ਪ੍ਰੇਸ਼ਾਨ ਹੋ ਕੇ ਕਾਰਗੋ ਕਾਊਂਟੀ ਦੇ ਮੁਲਾਜ਼ਮ ਅਤੇ ਹਮਾਇਤੀ ਬਾਹਰ ਨਿਕਲੇ ਅਤੇ ਪ੍ਰਦਰਸ਼ਨਕਾਰੀਆਂ ਨਾਲ ਬਹਿਸਬਾਜ਼ੀ ਕੀਤੀ।

People protest against unpaid wages outside an employer’s office in Brampton, Ont. on Oct. 30. (Photo: Fateh Media 5)
ਕਾਰਗੋ ਕਾਊਂਟੀ ਦੇ ਮਿਸੀਸਾਗਾ, ਓਂਟਾਰੀਓ ’ਚ ਦਫ਼ਤਰ ਦੇ ਬਾਹਰ ਲੋਕ ਤਨਖ਼ਾਹਾਂ ਦੀ ਅਦਾਇਗੀ ਨਾ ਹੋਣ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ। ਤਸਵੀਰ: ਫ਼ਤਿਹ ਮੀਡੀਆ 5

ਲਾਡ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇੜੇ ਇੱਕ ਟਰੱਕ ਵੀ ਚਲਾਇਆ ਗਿਆ ਜੋ ਉਨ੍ਹਾਂ ਨੂੰ ਦਰੜਨ ਦੇ ਬਹੁਤ ਨੇੜੇ ਸੀ। ਸੋਸ਼ਲ ਮੀਡੀਆ ’ਤੇ ਚਲ ਰਹੇ ਵੀਡੀਓ ’ਚ ਦਿੱਸ ਰਿਹਾ ਸੀ ਕਿ ਪੁਲਿਸ ਅਫ਼ਸਰ ਪ੍ਰਦਰਸ਼ਨਕਾਰੀਆਂ ਵੱਲੋਂ ਘੇਰੇ ਗਏ ਇੱਕ ਟਰੱਕ ’ਚੋਂ ਕਿਸੇ ਵਿਅਕਤੀ ਨੂੰ ਕੱਢ ਰਹੇ ਸਨ।

ਸਿੱਧੂ ਨੇ ਕਿਹਾ ਕਿ ਡਰਾਈਵਰ ਹੌਲੀ-ਹੌਲੀ ਯਾਰਡ ’ਚੋਂ ਬਾਹਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੇ ਹੌਰਨ ਵਜਾਇਆ, ਪਰ ਪ੍ਰਦਰਸ਼ਨਕਾਰੀ ਉਸ ਵੱਲ ਵਧਦੇ ਗਏ।

ਪੀਲ ਰੀਜਨ ਪੁਲਿਸ ਦੇ ਕਾਂਸਟੇਬਲ ਹਿੰਮਤ ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਅਦਾ ਨਾ ਕੀਤੀਆਂ ਗਈਆਂ ਤਨਖ਼ਾਹਾਂ ਵਿਰੁੱਧ ਪ੍ਰਦਰਸ਼ਨਾਂ ਬਾਰੇ ਪਤਾ ਹੈ।

ਗਿੱਲ ਨੇ ਕਿਹਾ, ‘‘ਉਹ ਲੋਕ ਆਪਣੀ ਸਮੱਸਿਆ ਬਾਰੇ ਜਾਗਰੂਕਤਾ ਫੈਲਾ ਰਹੇ ਸਨ। ਉਨ੍ਹਾਂ ਨੇ ਮੌਕੇ ’ਤੇ ਪੁੱਜੇ ਪੁਲਿਸ ਅਫ਼ਸਰਾਂ ਪ੍ਰਤੀ ਸਨਮਾਨਜਨਕ ਰਵੱਈਆ ਵਿਖਾਇਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਕਿਉਂ ਪ੍ਰਦਰਸ਼ਨ ਕਰ ਰਹੇ ਹਨ।’’

ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀ ਕਿਸੇ ਨੂੰ ਤੰਗ-ਪ੍ਰੇਸ਼ਾਨ ਨਹੀਂ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਬੋਲਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ, ‘‘ਉਹ ਕੋਈ ਪ੍ਰੇਸ਼ਾਨੀ ਪੈਦਾ ਨਹੀਂ ਕਰ ਰਹੇ ਸਨ।’’

ਵਕੀਲ ਐਂਡਰਿਊ ਕਾਨੀਆ, ਜਿਨ੍ਹਾਂ ਦੀ ਫ਼ਰਮ ਕਾਰਗੋ ਕਾਊਂਟੀ ਦੀ ਪ੍ਰਤੀਨਿਧਗੀ ਕਰਦੀ ਹੈ, ਨੇ ਕਿਹਾ ਕਿ ਕੁੱਝ ਸਾਬਕਾ ਡਰਾਈਵਰ, ਜਿਨ੍ਹਾਂ ਨੇ ਆਜ਼ਾਦ ਠੇਕੇਦਾਰਾਂ ਵਜੋਂ ਕਰਾਰਾਂ ’ਤੇ ਹਸਤਾਖ਼ਰ ਕੀਤੇ ਸਨ, ਨੇ ਲੇਬਰ ਬੋਰਡ ਨੂੰ ਸ਼ਿਕਾਇਤ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਮੁਲਾਜ਼ਮ ਹਨ, ਇਸ ਲਈ ਉਨ੍ਹਾਂ ਨੂੰ ਉਹੀ ਲਾਭ ਦਿੱਤੇ ਜਾਣੇ ਚਾਹੀਦੇ ਹਨ ਜੋ ਮੁਲਾਜ਼ਮਾਂ ਨੂੰ ਮਿਲਦੇ ਹਨ।

ਉਨ੍ਹਾਂ ਕਿਹਾ, ‘‘ਇਨ੍ਹਾਂ ਡਰਾਈਵਰਾਂ ਦੇ ਕੇਸ ਪਹਿਲਾਂ ਵੀ ਕੈਨੇਡਾ ਲੇਬਰ ਬੋਰਡ (ਸੀ.ਐਲ.ਬੀ.) ’ਚ ਦਰਜ ਹਨ ਅਤੇ ਅਸੀਂ ਉਨ੍ਹਾਂ ਵਿਰੁੱਧ ਲੜੇ ਹਾਂ। ਇਸ ਕੰਪਨੀ ਨੂੰ ਅਜੇ ਤੱਕ ਕੋਈ ਅਦਾਇਗੀ ਕਰਨ ਦੇ ਹੁਕਮ ਜਾਰੀ ਨਹੀਂ ਕੀਤੇ ਗਏ ਹਨ। ਉਹ ਕਿਸੇ ਵੀ ਚੀਜ਼ ਦੀ ਉਲੰਘਣਾ ਨਹੀਂ ਕਰ ਰਹੇ।’’

ਕਾਨੀਆ ਨੇ ਕਿਹਾ ਕਿ ਕੰਪਨੀ ਇਨ੍ਹਾਂ ਕੇਸਾਂ ਨੂੰ ਲੜ ਰਹੀ ਹੈ ਕਿਉਂਕਿ ਜੇਕਰ ਇਨ੍ਹਾਂ ਨੂੰ ਮੁਲਾਜ਼ਮ ਬਣਾ ਦਿੱਤਾ ਗਿਆ ਤਾਂ ਇਨ੍ਹਾਂ ਲੋਕਾਂ ਨੂੰ ਬਹੁਤ ਜ਼ਿਆਦਾ ਅਦਾਇਗੀ ਕਰਨੀ ਪਵੇਗੀ।

ਉਨ੍ਹਾਂ ਕਿਹਾ, ‘‘ਸਾਡੀ ਸਥਿਤੀ ਇਹ ਹੈ ਕਿ ਉਹ ਪ੍ਰਦਰਸ਼ਨਕਾਰੀ ਗ਼ਲਤ ਕਰ ਰਹੇ ਹਨ। ਕਾਰਗੋ ਕਾਊਂਟੀ ਕੋਲ ਕਾਨੂੰਨ ਅਨੁਸਾਰ ਸੀ.ਐਲ.ਬੀ. ਪ੍ਰਕਿਰਿਆ ਦੀ ਪਾਲਣਾ ਕਰਨ ਦਾ ਹੱਕ ਹੈ, ਉਨ੍ਹਾਂ ਦੀਆਂ ਅਪੀਲਾਂ ਚੱਲ ਰਹੀਆਂ ਹਨ। ਉਹ ਕਾਨੂੰਨ ਪ੍ਰਕਿਰਿਆ ਦੀ ਪਾਲਣਾ ਕਰ ਰਹੇ ਹਨ।’’

ਡਬਲਿਊ.ਏ.ਸੀ. ਦੇ ਲਾਡ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਕੁਵਰਗੀਕ੍ਰਿਤ ਕੀਤਾ ਗਿਆ ਹੈ। ‘‘ਜੇਕਰ ਤੁਸੀਂ ਕਾਨੂੰਨ ਵੱਲ ਵੇਖੋ, ਤਾਂ ਇਹ ਬਹੁਤ ਸਾਫ਼ ਹੈ ਕਿ ਤੁਸੀਂ ਵਰਕਰ ਨੂੰ ਅਤੇ ਸੁਤੰਤਰ ਠੇਕੇਦਾਰ ਨੂੰ ਕਿਸ ਤਰ੍ਹਾਂ ਪਰਿਭਾਸ਼ਿਤ ਕਰੋਗੇ।’’

ਉਨ੍ਹਾਂ ਕਿਹਾ ਕਿ ਰੁਜ਼ਗਾਰਦਾਤਾ ਹੀ ਇਹ ਤੈਅ ਕਰਦਾ ਹੈ ਕਿ ਉਨ੍ਹਾਂ ਨੂੰ ਕਿੰਨੀ ਤਨਖ਼ਾਹ ਮਿਲੇਗੀ, ਉਹ ਕਦੋਂ ਕੰਮ ਕਰਨਗੇ, ਉਹ ਕਿਸ ਤਰ੍ਹਾਂ ਕੰਮ ਕਰਨਗੇ ਅਤੇ ਉਹੀ ਕੰਮ ਕਰਨ ਦੇ ਔਜ਼ਾਰ ਮੁਹੱਈਆ ਕਰਵਾਉਂਦਾ ਹੈ।

ਲਾਡ ਨੇ ਕਿਹਾ, ‘‘ਕਰਾਰ ਖ਼ਤਮ ਹੋ ਜਾਵੇਗਾ, ਕਿਉਂਕਿ ਉਹ ਆਜ਼ਾਦ ਠੇਕੇਦਾਰ ਨਹੀਂ ਹਨ। ਭਾਵੇਂ ਮੈਂ ਕਿਤੇ ਵੀ ਹਸਤਾਖ਼ਰ ਕਰ ਦੇਵਾਂ। ਜੇਕਰ ਤੁਸੀਂ ਮੈਨੂੰ ਸੁਤੰਤਰ ਠੇਕੇਦਾਰ ਵਜੋਂ ਭਰਤੀ ਕਰਦੇ ਹੋ ਪਰ ਮੈਂ ਅਸਲ ’ਚ ਵਰਕਰ ਹਾਂ, ਤਾਂ ਕਰਾਰ ਖ਼ਤਮ ਹੋ ਜਾਂਦਾ ਹੈ।’’

ਕੰਪਨੀ ਦੇ ਮਾਲਕ ਸਿੱਧੂ ਨੇ ਕਿਹਾ ਕਿ ਜ਼ਿਆਦਾਤਰ ਡਰਾਈਵਰ ਆਜ਼ਾਦ ਠੇਕੇਦਾਰ ਬਣਨਾ ਚਾਹੁੰਦੇ ਹਨ – ਪਹਿਲਾ ਤਾਂ ਟੈਕਸ ਲਾਭ ਪ੍ਰਾਪਤ ਕਰਨ ਲਈ ਅਤੇ ਦੂਜਾ ਕਿਉਂਕਿ ਉਨ੍ਹਾਂ ਦੀ ਆਮਦਨ ਜ਼ਿਆਦਾ ਹੋਣ ਵਾਲੀ ਹੈ। ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ ਨੂੰ ਮੁਲਾਜ਼ਮ ਬਣਨ ਲਈ ਉਤਸ਼ਾਹਿਤ ਕਰਦੇ ਹਾਂ।’’

ਕਾਨੀਆ ਨੇ ਕਿਹਾ ਕਿ ਜੇਕਰ ਲੋਕਾਂ ਨੂੰ ਕਰਾਰ ਸਮਝ ’ਚ ਨਹੀਂ ਆਉਂਦਾ ਤਾਂ ਉਨ੍ਹਾਂ ਨੂੰ ਇਸ ’ਤੇ ਹਸਤਾਖ਼ਰ ਨਹੀਂ ਕਰਨੇ ਚਾਹੀਦੇ, ਉਨ੍ਹਾਂ ਨੂੰ ਵਕੀਲ ਕੋਲ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ, ‘‘ਜੇਕਰ ਕਰਾਰ ’ਚ ਕਿਹਾ ਜਾਂਦਾ ਹੈ ਕਿ ਉਹ ਆਪਣੀ ਗ਼ਲਤੀ ਦੇ ਹਾਦਸਿਆਂ ਲਈ ਕੁੱਝ ਹੱਦ ਤੱਕ ਜ਼ਿੰਮੇਵਾਰ ਹਨ ਤਾਂ ਉਨ੍ਹਾਂ ਨੇ ਮੁਲਾਜ਼ਮਾਂ ਤੋਂ ਜ਼ਿਆਦਾ ਪੈਸਾ ਲੈਣ ਦੇ ਹਿੱਸੇ ਵਜੋਂ ਜ਼ੋਖ਼ਮ ਚੁੱਕਿਆ ਹੈ। ਲੋਕਾਂ ਨੂੰ ਪੈਸਾ ਕਮਾਉਣ ਲਈ ਅਜਿਹੇ ਫ਼ੈਸਲੇ ਕਰਨੇ ਪੈਂਦੇ ਹਨ। ਬਹੁਤ ਸਾਰੇ ਡਰਾਈਵਰ ਆਜ਼ਾਦ ਠੇਕੇਦਾਰ ਬਣਨਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਮਜਬੂਰ ਨਹੀਂ ਕੀਤਾ ਜਾਂਦਾ।’’

ਡਰਾਈਵਰ ਅਮਰੀਸ਼ ਦੱਤਾ, ਜੋ ਕਿ ਤਾਜ਼ਾ ਪ੍ਰਦਰਸ਼ਨਾਂ ਨਾਲ ਸੰਬੰਧਤ ਨਹੀਂ ਹਨ, ਨੇ ਕਿਹਾ ਕਿ ਮਹਾਂਮਾਰੀ ਦੇ ਫੈਲਣ ਸਮੇਂ ਓਂਟਾਰੀਓ-ਅਧਾਰਤ ਕੰਪਨੀ ਨੇ ਉਨ੍ਹਾਂ ਦੀਆਂ ਤਨਖ਼ਾਹਾਂ ਰੋਕ ਲਈਆਂ ਸਨ। ਦੋ ਬੱਚਿਆਂ ਦਾ ਇਹ ਪਿਤਾ ਬਰੈਂਪਟਨ ’ਚ ਰਹਿੰਦਾ ਹੈ, ਜਿਸ ਦਾ ਕਹਿਣਾ ਹੈ ਕਿ ਮੁੱਦਾ ਤੀਜੀ ਧਿਰ ਦੇ ਵਿਚੋਲਗੀ ਕਰਨ ਅਤੇ ਉਨ੍ਹਾਂ ਦੇ ਭਾਈਚਾਰੇ ਵੱਲੋਂ ਪਾਏ ਸਖ਼ਤ ਦਬਾਅ ਤੋਂ ਬਾਅਦ ਹੀ ਹੱਲ ਹੋਇਆ।

ਦੱਤਾ ਨੇ ਕਿਹਾ, ‘‘ਹਰ ਡਰਾਈਵਰ ਅਤੇ ਓਨਰ-ਆਪਰੇਟਰ ਨੂੰ ਯਕੀਨੀ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਰੁਜ਼ਗਾਰ ਸਮਝੌਤੇ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰ ਲੈਣ।’’ ਦੱਤਾ ਹੁਣ ਕਿਸੇ ਹੋਰ ਫ਼ਲੀਟ ਲਈ ਕੰਮ ਕਰ ਰਹੇ ਹਨ ਅਤੇ ਹੁਣ ਆਪਣੇ ਨਾਲ ਹੋ ਰਹੇ ਵਤੀਰੇ ਅਤੇ ਅਦਾਇਗੀ ਤੋਂ ਖ਼ੁਸ਼ ਹਨ। ‘‘ਉਨ੍ਹਾਂ ਕਿਹਾ ਕਿ ਇਹ ਟਰਿੱਪ ’ਤੇ ਜਾਣ ਤੋਂ ਪਹਿਲਾਂ ਗੱਡੀ ਦੀ ਜਾਂਚ ਵਾਂਗ ਹੀ ਕਿਸੇ ਫ਼ਲੀਟ ’ਚ ਕੰਮ ’ਤੇ ਲੱਗਣ ਤੋਂ ਪਹਿਲਾਂ ਇਹ ਜਾਂਚ ਵੀ ਜ਼ਰੂਰ ਕਰ ਲੈਣੀ ਚਾਹੀਦੀ ਹੈ।’’

ਕਾਨੀਆ ਨੇ ਕਿਹਾ ਕਿ ਇਹ ਪ੍ਰਦਰਸ਼ਨ ਗ਼ਲਤ ਅਤੇ ਮਾਣਹਾਨੀ ਕਰਨ ਵਾਲੇ ਹਨ ਕਿਉਂਕਿ ਪ੍ਰਦਰਸ਼ਨਕਾਰੀ ਲੋਕਾਂ ਨੂੰ ਕਹਿ ਰਹੇ ਹਨ ਕਿ ਇਹ ਚੋਰ ਹਨ। ਉਨ੍ਹਾਂ ਕਿਹਾ, ‘‘ਉਹ ਕਾਰਪੋਰੇਟ ਦਾ ਪਰਦਾ ਚੁੱਕ ਰਹੇ ਹਨ ਅਤੇ ਕੰਪਨੀ ਦੇ ਮਾਲਕਾਂ ਵਿਰੁੱਧ ਨਿੱਤਰ ਪਏ ਹਨ, ਉਨ੍ਹਾਂ ਨੇ ਇਨ੍ਹਾਂ ਦੇ ਘਰ ਬਾਹਰ ਵੀ ਪ੍ਰਦਰਸ਼ਨ ਕੀਤਾ।’’

ਲਾਡ ਨੇ ਕਿਹਾ ਕਿ ਉਨ੍ਹਾਂ ਦੇ ਗਰੁੱਪ ਨੇ ਕੰਪਨੀ ਦੇ ਮਾਲਕ ਦੇ ਘਰ ਬਾਹਰ ਕੀਤੇ ਪ੍ਰਦਰਸ਼ਨ ’ਚ ਹਿੱਸਾ ਨਹੀਂ ਲਿਆ ਸੀ।

ਕਾਨੀਆ ਚਾਹੁੰਦਾ ਹੈ ਕਿ ਪ੍ਰਦਰਸ਼ਨਕਾਰੀ ਕਾਨੂੰਨੀ ਸਿਸਟਮ ਨੂੰ ਅਪਨਾਉਣ। ਉਨ੍ਹਾਂ ਕਿਹਾ, ‘‘ਅਸੀਂ ਸੀ.ਐਲ.ਬੀ. ਦੇ ਫ਼ੈਸਲੇ ਦਾ ਮਾਣ ਕਰਾਂਗੇ।’’

ਪ੍ਰਦਰਸ਼ਨ ਕਰੀਏ ਹੀ ਕਿਉਂ ਜੇ ਕਾਨੂੰਨੀ ਪ੍ਰਕਿਰਿਆ ਚਲ ਰਹੀ ਹੈ?

ਲਾਡ ਨੇ ਕਿਹਾ ਕਿ ਕਾਊਂਟੀ ਕਾਰਗੋ ਕਾਨੂੰਨੀ ਪ੍ਰਕਿਰਿਆ ’ਚ ਸਹਿਯੋਗ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਕੰਪਨੀ ਵਰਕਰਾਂ ਨੂੰ ਅਜਿਹੀ ਸਥਿਤੀ ਵੱਲ ਧੱਕ ਰਹੀ ਹੈ ਜਿੱਥੇ ਜੇਕਰ ਕੋਈ ਹਾਦਸਾ ਹੋ ਜਾਂਦਾ ਹੈ ਜਾਂ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਉਨ੍ਹਾਂ ਨੂੰ ਕਟੌਤੀਆਂ ਦਾ ਸਾਹਮਣਾ ਕਰਨਾ ਪਵੇਗਾ।

ਲਾਡ ਨੇ ਕਿਹਾ, ‘‘ਉਹ ਸਾਨੂੰ ਕਹਿੰਦੇ ਰਹਿੰਦੇ ਹਨ ਕਿ ਸ਼ਿਕਾਇਤ ਕਰੋ। ਹੁਣ ਮੈਂ ਇੱਕ ਤੋਂ ਬਾਅਦ ਇੱਕ ਸ਼ਿਕਾਇਤ ਹੀ ਦਾਖ਼ਲ ਕਰਦੀ ਰਹਾਂ, ਹਰ ਵਰਕਰ ਲਈ? ਕੰਪਨੀ ਇਸ ਤਰ੍ਹਾਂ ਨਹੀਂ ਚੱਲਣੀ ਚਾਹੀਦੀ।’’

ਉਨ੍ਹਾਂ ਕਿਹਾ ਕਿਹਾ ਟਰੱਕਿੰਗ ਉਦਯੋਗ ’ਚ ਤਨਖ਼ਾਹਾਂ ਨਾ ਦੇਣ ਦੀ ਮਹਾਂਮਾਰੀ ਹੈ। ‘‘ਅਸੀਂ ਸਿਰਫ਼ ਕਾਰਗੋ ਕਾਊਂਟੀ ਪਿੱਛੇ ਨਹੀਂ ਪਏ ਹੋਏ ਹਾਂ।’’

ਉਨ੍ਹਾਂ ਕਿਹਾ ਕਿ ਡਬਲਿਊ.ਏ.ਸੀ. ਨੇ ਕਈ ਟਰੱਕਿੰਗ ਕੰਪਨੀਆਂ ਦਾ ਦੌਰਾ ਕੀਤਾ, ਜਿਨ੍ਹਾਂ ਵਿਰੁੱਧ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਇਨ੍ਹਾਂ ’ਚ ਕਾਰਗੋ ਕਾਊਂਟੀ ਵੀ ਸ਼ਾਮਲ ਸੀ। ਉਨ੍ਹਾਂ ਨਾਲ ਗੱਲਬਾਤ ਕੀਤੀ ਗਈ, ਅਤੇ ਉਨ੍ਹਾਂ ਨੂੰ ਨਿਸ਼ਚਿਤ ਸਮੇਂ ਅੰਦਰ ਅਦਾਇਗੀ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ, ‘‘ਇਨ੍ਹਾਂ ’ਚੋਂ ਕੁੱਝ ਅਦਾਇਗੀ ਕਰਦੀਆਂ ਹਨ ਕੁੱਝ ਨਹੀਂ ਕਰਦੀਆਂ।’’

ਸਾਬਕਾ ਵਰਕਰਾਂ ਅਤੇ ਰੁਜ਼ਗਾਰਦਾਤਾਵਾਂ ਵਿਚਕਾਰ ਬਹਿਸ ਦਰਮਿਆਨ, ਇਹ ਮੁੱਦਾ ਪੰਜਾਬੀ ਟਰੱਕਿੰਗ ਭਾਈਚਾਰੇ ਦੇ ਸੋਸ਼ਲ ਮੀਡੀਆ ’ਤੇ ਵੀ ਭਖਿਆ ਪਿਆ ਹੈ। ਪੋਸਟਾਂ ਅਤੇ ਕੁਮੈਂਟਸ ਨਾਲ ਤਣਾਅ ਵਧਦਾ ਹੈ ਅਤੇ ਗੁੱਸਾ ਨਿਕਲਦਾ ਹੈ, ਜਿਸ ਨਾਲ ਅਸੰਤੁਸ਼ਟੀ ਦੀ ਅੱਗ ਹੋਰ ਭੜਕਦੀ ਹੈ।

ਲੀਓ ਬਾਰੋਸ ਵੱਲੋਂ