ਵਿੰਡਸਰ ਨੇ ਗ਼ੈਰਕਾਨੂੰਨੀ ਟਰੱਕ ਯਾਰਡਾਂ ਵਿਰੁੱਧ ਸ਼ਿਕੰਜਾ ਕੱਸਿਆ

Avatar photo

ਵਿੰਡਸਰ ਸ਼ਹਿਰ ਟਰੱਕ ਯਾਰਡਾਂ ਬਾਰੇ ਆਪਣੇ ਜ਼ੋਨਿੰਗ ਨਿਯਮਾਂ ਨੂੰ ਸਖ਼ਤ ਬਣਾ ਰਿਹਾ ਹੈ ਤਾਂ ਕਿ ਇਸ ਦੀ ਸਰਹੱਦ ਨੇੜਲੀ ਸਥਿਤੀ ਅਤੇ ਸੇਵਾ ਦੇ ਘੰਟੇ ਰੈਗੂਲੇਸ਼ਨ ਕਰਕੇ ਪੈਦਾ ਹੋਈ ਅਨੋਖੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ।

(ਤਸਵੀਰ: ਆਈਸਟਾਕ)

ਇਹ ਸਮੱਸਿਆ ਗ਼ੈਰਕਾਨੂੰਨੀ ਟਰੱਕ ਯਾਰਡਾਂ ਨਾਲ ਸੰਬੰਧਤ ਸ਼ਿਕਾਇਤਾਂ ਤੋਂ ਸ਼ੁਰੂ ਹੋਈ ਹੈ ਜੋ ਕਿ ਪਿਛਲੇ ਇੱਕ ਦਹਾਕੇ ’ਚ ਪੂਰੇ ਸ਼ਹਿਰ ਅੰਦਰ ਪੈਦਾ ਹੋ ਚੁੱਕੇ ਹਨ। ਕਾਨੂੰਨੀ ਏਜੰਸੀਆਂ ਵੱਲੋਂ ਦੋ ਸਾਲ ਪਹਿਲਾਂ ਕੀਤੀ ਗਈ ਇੱਕ ਜਾਂਚ ਦੌਰਾਨ 26 ਅਜਿਹੇ ਯਾਰਡ ਮਿਲੇ ਸਨ ਜਿੱਥੇ ਕਿ ਹਰ ਇੱਕ ਯਾਰਡ ’ਚ ਤਕਰੀਬਨ ਇੱਕ ਦਰਜਨ ਤੋਂ ਘੱਟ ਤੋਂ ਲੈ ਕੇ 100 ਤਕ ਟਰੱਕ ਖੜ੍ਹੇ ਸਨ।

ਸਰਕਾਰੀ ਰੀਪੋਰਟ ਅਨੁਸਾਰ ਉਲੰਘਣਾਵਾਂ ’ਚ ਗੰਦਗੀ ਭਰਪੂਰ, ਪੇਵਮੈਂਟ ਤੋਂ ਬਗ਼ੈਰ ਲਾਟ, ਡਰੇਨੇਜ, ਲਾਈਟਿੰਗ ਅਤੇ ਵਾਟਰ ਪਰੂਫ਼ਿੰਗ ਅਤੇ ਸ਼ੋਰ-ਸ਼ਰਾਬੇ ਵਾਲੀਆਂ ਥਾਵਾਂ ਸ਼ਾਮਲ ਸਨ ‘‘ਜਿੱਥੇ ਟਰੱਕ ਅਤੇ ਟਰੈਕਟਰ-ਟਰੇਲਰ ਚਲ ਰਹੇ ਸਨ, ਸਟੋਰ ਕੀਤੇ ਜਾ ਰਹੇ ਸਨ ਜਾਂ ਪਾਰਕ ਕੀਤੇ ਜਾ ਰਹੇ ਸਨ।’’ ਸਾਰੇ ਜਾਇਦਾਦ ਮਾਲਕਾਂ ਨੂੰ ਜ਼ੋਨਿੰਗ ਉਲੰਘਣਾਵਾਂ ਅਤੇ ਹੁਕਮਾਂ ਦੀ ਤਾਮੀਲ ਕਰਨ ਤੋਂ ਇਨਕਾਰ ਕਰਨ ਲਈ ਤਿੰਨ ਦੋਸ਼ ਆਇਦ ਕਰਨ ਦੇ ਆਰਡਰ ਮਿਲੇ ਸਨ। ਯਾਰਡ ਪੂਰੇ ਵਿੰਡਸਰ ’ਚ ਫੈਲੇ ਹੋਏ ਸਨ, ਪਰ ਜ਼ਿਆਦਾਤਰ ਇੰਡਸਟ੍ਰੀਅਲ ਏਰੀਆ ’ਚ ਸਨ ਅਤੇ ਕੁੱਝ ਰਿਹਾਇਸ਼ੀ ਇਲਾਕਿਆਂ ਦੇ ਨੇੜੇ ਵੀ ਸਨ।

ਸੀਨੀਅਰ ਸਿਟੀ ਯੋਜਨਾਕਰਤਾ ਅਤੇ ਰੀਪੋਰਟ ਦੇ ਲੇਖਕ ਐਡਮ ਸ਼ਿਮਜ਼ੈਕ ਨੇ ਕਿਹਾ, ‘‘ਇਹ ਅਜਿਹੀਆਂ ਥਾਵਾਂ ਸਨ ਜੋ ਕਿ ਰਾਤੋ-ਰਾਤ ਪੈਦਾ ਹੋ ਗਈਆਂ ਜਿੱਥੇ ਕਿ ਜ਼ਮੀਨ ਦੇ ਇੱਕ ਟੁਕੜੇ ’ਤੇ ਟਰੈਕਟਰ ਅਤੇ ਟਰੇਲਰ ਪਾਰਕ ਸਨ। ਕੋਈ ਫ਼ਰਸ਼ ਨਹੀਂ ਸੀ, ਨਾ ਹੀ ਵਾੜ ਲੱਗੀ ਸੀ, ਕੁੱਝ ਨਹੀਂ ਸੀ। ਕਈ ਥਾਵਾਂ ’ਤੇ ਕਰਬ ਕੱਟ ਵੀ ਨਹੀਂ ਸੀ, ਇਸ ਲਈ ਇਹ ਜ਼ਮੀਨ ਤੋਂ ਸਿੱਧਾ ਸੜਕ ’ਤੇ ਆ ਜਾਂਦੇ ਸਨ।’’

ਸ਼ਿਮਜ਼ੈਕ ਨੇ ਕਿਹਾ ਕਿ ਉਲੰਘਣਾਵਾਂ ਦਾ ਆਕਾਰ ਜਾਂ ਥਾਂ ਨਾਲ ਸੰਬੰਧ ਨਹੀਂ ਹੈ। ਇਹ ਛੋਟੇ ਯਾਰਡ ਵੀ ਹੋ ਸਕਦੇ ਹਨ। ਪਰ ਧੂੜ-ਮਿੱਟੀ ਅਤੇ ਗੰਦਗੀ ਤੇ ਚਿੱਕੜ ਨਾਲ ਪੈਦਾ ਹੋਣ ਵਾਲੀ ਬਦਬੂ ਸਮੱਸਿਆਵਾਂ ਪੈਦਾ ਕਰਦੀ ਹੈ। ਵਿਸ਼ੇਸ਼ ਕਰ ਕੇ ਉਹ ਯਾਰਡ ਜੋ ਕਿ ਹੋਰਨਾਂ ਕਾਰੋਬਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਨੇੜੇ ਹਨ।

ਸ਼ਹਿਰ ਦੇ ਜਾਂਚ ਬਾਰੇ ਮੈਨੇਜਰ ਅਤੇ ਡਿਪਟੀ ਚੀਫ਼ ਬਿਲਡਿੰਗ ਅਫ਼ਸਰ ਰੋਬ ਵਾਨੀ ਨੇ ਕਿਹਾ ਕਿ ਹਰ ਸਾਈਟ ਦੀਆਂ ਸਮੱਸਿਆਵਾਂ ਵੱਖੋ-ਵੱਖ ਹੁੰਦੀਆਂ ਹਨ। ਸਭ ਤੋਂ ਵੱਧ ਸ਼ਿਕਾਇਤ ਧੂੜ-ਮਿੱਟੀ ਦੀ ਹੁੰਦੀ ਹੈ। ਹੋਰਨਾਂ ਸ਼ਿਕਾਇਤਾਂ ’ਚ ਰੈਫ਼ਰੀਜਿਰੇਸ਼ਨ ਇਕਾਈਆਂ ਦੇ 24 ਘੰਟੇ ਚਲਦੇ ਰਹਿਣਾ, ‘ਸਾਰੀ ਰਾਤ’ ਬੈਕਅੱਪ ਬੀਪਰ ਵਜਦੇ ਰਹਿਣਾ ਅਤੇ ਟਰੈਕਟਰਾਂ ਨਾਲ ਜੁੜੇ ਟਰੇਲਰਾਂ ਦੇ ਮਾਮਲੇ ’ਚ ਆਪਸ ’ਚ ਖਹਿਣ ਦੀਆਂ ਆਵਾਜ਼ਾਂ ਸ਼ਾਮਲ ਹਨ। ਪਾਣੀ ਦੀ ਨਿਕਾਸੀ ਵੀ ਚਿੰਤਾ ਦਾ ਵਿਸ਼ਾ ਹੈ ਜੋ ਕਿ ਸਟ੍ਰੋਮ ਡਰੇਨ ਅਤੇ ਖੁੱਲ੍ਹੇ ਖੱਡਿਆਂ ’ਚ ਡਿੱਗਦਾ ਰਹਿੰਦਾ ਹੈ।

ਵਾਨੀ ਨੇ ਕਿਹਾ ਕਿ ਬਹੁਤ ਸਾਰੀਆਂ ਸਾਈਟਸ ਸਾਬਕਾ ਢਾਹੀਆਂ ਗਈਆਂ ਉਦਯੋਗਿਕ ਜਾਇਦਾਦਾਂ ’ਤੇ ਸਥਿਤ ਸਨ ਜਿੱਥੇ ਲਾਟਸ ਦੁਆਲੇ ਅਜੇ ਵੀ ਚਾਰਦੀਵਾਰੀ ਹੈ। ਜਾਇਦਾਦਾਂ ਦੀ ਮਲਕੀਅਤ ਅਕਸਰ ਇੰਡਸਟ੍ਰੀਅਲ ਜ਼ਮੀਨ ਮਾਲਕਾਂ ਕੋਲ ਹੁੰਦੀ ਹੈ ਜੋ ਕਿ ਇਸ ਥਾਂ ਨੂੰ ਟਰੱਕਰਸ ਨੂੰ ਕਿਰਾਏ ’ਤੇ ਦੇ ਦਿੰਦੇ ਹਨ।

ਵਾਨੀ ਨੇ ਕਿਹਾ ਕਿ ਸਮੱਸਿਆ ਦੇ ਹੱਲ ਲਈ, ‘‘ਅਸੀਂ ਜਾਇਦਾਦ ਦੇ ਮਾਲਕ ਦੇ ਨਾਲ ਹੀ ਆਪਰੇਟਰ ਨਾਲ ਮਿਲ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ।’’ ਇੱਥੋਂ ਦੀਆਂ ਜ਼ਿਆਦਾਤਰ ਕਾਨੂੰਨੀ ਉਲੰਘਣਾਵਾਂ ਅਦਾਲਤ ਤਕ ਨਹੀਂ ਪਹੁੰਚਦੀਆਂ। ਜੁਰਮਾਨਾ 50,000 ਡਾਲਰ ਤਕ ਦਾ ਹੋ ਸਕਦਾ ਹੈ।

ਕੰਮ ਚਲਾਊ ਯਾਰਡ ਅਤੇ ਰਵਾਇਤੀ ਕਾਨੂੰਨੀ ਟਰਮੀਨਲਾਂ ’ਚ ਫ਼ਰਕ ਇਹ ਹੁੰਦਾ ਹੈ ਕਿ ਰਵਾਇਤੀ ਟਰਮੀਨਲਾਂ ’ਚ ਸਾਈਟ ’ਤੇ ਇਮਾਰਤਾਂ ਹੁੰਦੀਆਂ ਹਨ, ਜਦਕਿ ਗ਼ੈਰਕਾਨੂੰਨੀ ਲਾਟ ’ਚ ਨਹੀਂ। ਇਹ ਆਪਣੇ-ਆਪ ’ਚ ਇੱਕ ਕਾਨੂੰਨ ਦੀ ਉਲੰਘਣਾ ਹੈ। ਹਾਲਾਂਕਿ ਭਵਿੱਖ ’ਚ ਸ਼ਹਿਰ ਅਜਿਹੇ ਲਾਟ ਦੀ ਇਜਾਜ਼ਤ ਇਸ ਸ਼ਰਤ ’ਤੇ ਦੇ ਸਕਦਾ ਹੈ ਕਿ ਉਹ ਜ਼ੋਨਿੰਗ ਮਾਨਕਾਂ ਨੂੰ ਪੂਰਾ ਕਰਨ। ਇਸ ਬਾਰੇ ਨਵਾਂ ਕਾਨੂੰਨ ਇਸ ਬਸੰਤ ਦੇ ਮੌਸਮ ’ਚ ਪਾਸ ਹੋਣ ਦੀ ਉਮੀਦ ਹੈ।

ਵਾਨੀ ਨੇ ਕਿਹਾ, ‘‘ਸਰਵੇਖਣ ਦੀਆਂ ਕਈ ਗੱਲਾਂ ’ਚੋਂ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਾਇਦ ਉਦਯੋਗ ਨੂੰ ਇਸ ਦੀ ਜ਼ਰੂਰਤ ਹੈ – ਉਨ੍ਹਾਂ ਨੂੰ ਕਿਸੇ ਇਮਾਰਤ ਦੀ ਜ਼ਰੂਰਤ ਨਹੀਂ।’’

ਆਰਜ਼ੀ ਯਾਰਡਾਂ ਦਾ ਮੁੱਦਾ ਸਿਰਫ਼ ਵਿੰਡਸਰ ਤਕ ਸੀਮਤ ਨਹੀਂ ਹੈ। ਆਪਣੇ ਸਰਵੇਖਣ ’ਚ, ਸ਼ਿਮਜ਼ੈਕ ਨੂੰ ਹਾਈਵੇ 401 ਦੇ ਨਾਲ-ਨਾਲ ਸਮੱਸਿਆਵਾਂ ਦੇ ਹੋਰਨਾਂ ਖੇਤਰਾਂ ਬਾਰੇ ਵੀ ਪਤਾ ਲੱਗਾ ਹੈ, ਜਿਵੇਂ ਕਿ ਮਿਲਟਨ।

ਉਨ੍ਹਾਂ ਕਿਹਾ, ‘‘ਪਰ ਇੱਥੇ ਫ਼ਰਕ ਇਹ ਹੈ ਕਿ ਉੱਥੇ ਉਹ ਇੰਡਸਟ੍ਰੀਅਲ ਏਰੀਆ ’ਚ ਹਨ, ਉੱਥੇ ਸੰਵੇੇਦਨਸ਼ੀਲ ਜ਼ਮੀਨ ਪ੍ਰਯੋਗ ਦੀ ਸਮੱਸਿਆ ਨਹੀਂ ਹੈ।’’ 200,000 ਲੋਕਾਂ ਦੀ ਰਿਹਾਇਸ਼ ਵਾਲਾ ਸ਼ਹਿਰ ਵਿੰਡਸਰ, ਪੁਰਾਣਾ ਹੈ ਅਤੇ ਮੁਕਾਬਲਤਨ ਛੋਟਾ ਹੈ, ਵਿਸ਼ੇਸ਼ ਕਰਕੇ ਇਸ ਦੇ ਇੰਡਸਟ੍ਰੀਅਲ ਜ਼ੋਨ।

ਸ਼ਿਮਜ਼ੈਕ ਨੇ ਕਿਹਾ, ‘‘ਵਿੰਡਸਰ ’ਚ ਇੰਡਸਟ੍ਰੀਅਲ ਜ਼ੋਨ 100 ਸਾਲ ਪਹਿਲਾਂ ਵਿਕਸਤ ਹੋਏ ਸਨ।’’ ਉਦਾਹਰਣ ਵਜੋਂ ਫ਼ੋਰਡ ਮੋਟਰ ਕੰਪਨੀ ਦੇ ਇੰਜਣ ਪਲਾਂਟ ਵਰਗੀਆਂ ਵੱਡੀਆਂ ਕੰਪਨੀਆਂ ਦੁਆਲੇ ਲੋਕਾਂ ਦੀ ਰਿਹਾਇਸ਼ ਹੈ।

ਪਰ ਸ਼ਹਿਰ ਦੇ ਅਧਿਕਾਰੀਆਂ ਅਨੁਸਾਰ ਗ਼ੈਰਕਾਨੂੰਨੀ ਯਾਰਡਾਂ ਦਾ ਮੁੱਖ ਕਾਰਨ ਲਗਾਤਾਰ ਸਖ਼ਤ ਹੁੰਦੇ ਉਦਯੋਗ ਦੇ ਡਰਾਈਵਿੰਗ ਮਾਨਕ ਅਤੇ ਸ਼ਹਿਰ ਦਾ ਸਰਹੱਦ ਨੇੜੇ ਸਥਿਤ ਹੋਣਾ ਹੈ। ਇਹ ਸਮੱਸਿਆ ਇਸ ਸਾਲ ਜੂਨ ਦੇ ਮਹੀਨੇ ’ਚ ਹੋਰ ਵੀ ਗੰਭੀਰ ਹੋ ਸਕਦੀ ਹੈ ਜਦੋਂ ਕੈਨੇਡੀਅਨ ਇਲੈਕਟ੍ਰਾਨਿਕ ਲਾਗਿੰਗ ਡਿਵਾਇਸ (ਈ.ਐਲ.ਡੀ.) ਬਾਰੇ ਫ਼ਰਮਾਨ ਪਾਸ ਹੋਵੇਗਾ।

ਸ਼ਿਮਜ਼ੈਕ ਨੇ ਕਿਹਾ ਕਿ ਨਤੀਜੇ ਵਜੋਂ ਕੰਮ ਕਰਨ ਦੇ ਘੰਟੇ ਰੈਗੂਲੇਸ਼ਨ ਅਤੇ ਈ.ਐਲ.ਡੀ. ਦਾ ਪ੍ਰਯੋਗ ਵਧਣ ਨਾਲ, ‘‘ਵਿੰਡਸਰ ਕੁਦਰਤੀ ਤੌਰ ’ਤੇ ਠਹਿਰਨ ਦੀ ਥਾਂ ਬਣ ਜਾਵੇਗਾ। ਇੱਥੇ ਤੁਸੀਂ ਛੇ ਜਾਂ ਸੱਤ ਘੰਟਿਆਂ ਦੀ ਡਰਾਈਵਿੰਗ ਕਰਦੇ ਹੋ। ਤੁਸੀਂ ਵਿੰਡਸਰ ’ਚ ਰੁਕ ਜਾਓਗੇ, ਆਪਣਾ ਟਰੇਲਰ ਅਤੇ ਟਰੈਕਟਰ ਰਾਤ ਦੌਰਾਨ ਪਾਰਕ ਕਰੋਗੇ ਅਤੇ ਅਗਲੇ ਦਿਨ ਅਮਰੀਕਾ ਜਾਂ ਜਿੱਥੇ ਵੀ ਤੁਸੀਂ ਜਾ ਰਹੇ ਹੋ ਜਾਵੋਗੇ।’’

ਇੱਥੇ ਰੁਕਣ ਦਾ ਇੱਕ ਹੋਰ ਕਾਰਨ ਸਰਹੱਦ ਨੇੜੇ ਸਥਿਤ ਹੋਣਾ ਹੈ। ਵਿੰਡਸਰ-ਡਿਟਰੋਇਟ ਕੈਨੇਡਾ ਦੇ ਸਭ ਤੋਂ ਭੀੜ-ਭੜੱਕੇ ਵਾਲੇ ਕਮਰਸ਼ੀਅਲ ਕਰਾਸਿੰਗ ’ਚ ਸ਼ਾਮਲ ਹੈ ਜਿੱਥੇ 100 ਅਰਬ ਡਾਲਰ ਦਾ ਸਾਲਾਨਾ ਕਾਰੋਬਾਰ ਹੁੰਦਾ ਹੈ ਅਤੇ ਕੈਨੇਡਾ ਅਤੇ ਅਮਰੀਕਾ ਦੇ ਕੁੱਲ ਵਪਾਰ ਦਾ ਇੱਕ ਤਿਹਾਈ ਵਪਾਰ ਹੁੰਦਾ ਹੈ। ਵਿੰਡਸਰ ਗਰੇਟ ਲੇਕਸ ਸੇਂਟ ਲਾਅਰੈਂਸ ਸੀਅਵੇ ਸਿਸਟਮ ਦੇ ਵੀ ਵਿਚਕਾਰ ਸਥਿਤ ਹੈ ਜਿਸ ਦਾ ਸ਼ਿੱਪਿੰਗ ਪੋਰਟ ਕਾਫ਼ੀ ਸਰਗਰਮ ਹੈ।