ਵੋਲਵੋ, ਇਸੁਜ਼ੂ ਨੇ ਰਣਨੀਤਕ ਭਾਈਵਾਲੀ ਬਣਾਈ

Avatar photo
ਇਸ ਭਾਈਵਾਲੀ ਨਾਲ ਯੂ.ਡੀ. ਟਰੱਕਸ ਅਤੇ ਇਸੁਜ਼ੂ ਮੋਟਰਸ ਲਈ ਜਾਪਾਨ ਅਤੇ ਪੂਰੇ ਕੌਮਾਂਤਰੀ ਬਾਜ਼ਾਰ ਲਈ ਮਜ਼ਬੂਤ ਹੈਵੀ-ਡਿਊਟੀ ਟਰੱਕ ਕਾਰੋਬਾਰ ਦੇ ਹਾਲਾਤ ਬਣਗੇ। (ਤਸਵੀਰ: ਵੋਲਵੋ ਗਰੁੱਪ)

ਵੋਲਵੋ ਗਰੁੱਪ ਅਤੇ ਇਸੁਜ਼ੂ ਮੋਟਰਸ ਨੇ ਕਮਰਸ਼ੀਅਲ ਗੱਡੀਆਂ ਵਿਚਕਾਰ ਰਣਨੀਤਕ ਭਾਈਵਾਲੀ ਬਣਾਉਣ ਲਈ ਬੱਝਵੇਂ ਸਮਝੌਤੇ ‘ਤੇ ਹਸਤਾਖ਼ਰ ਕੀਤੇ ਹਨ ਤਾਂ ਕਿ ਉਦਯੋਗ ਦੇ ਚਲ ਰਹੇ ਰੂਪਾਂਤਰਣ ਨਾਲ ਪੈਦਾ ਹੋਏ ਮੌਕਿਆਂ ਦਾ ਫ਼ਾਇਦਾ ਲਿਆ ਜਾ ਸਕੇ।

ਦੋਹਾਂ ਕੰਪਨੀਆਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਹਸਤਾਖ਼ਰ ਕੀਤੇ ਗਏ ਸਮਝੌਤੇ ‘ਚ ਇਸੁਜ਼ੂ ਮੋਟਰਸ ਵੱਲੋਂ ਵੋਲਵੋ ਗਰੁੱਪ ਕੋਲੋਂ ਯੂ.ਡੀ. ਟਰੱਕਸ ਦੀ 243 ਬਿਲੀਅਨ ਜਾਪਾਨੀ ਯੈਨ (ਲਗਭਗ 2.3 ਬਿਲੀਅਨ ਡਾਲਰ) ‘ਚ ਪ੍ਰਾਪਤੀ ਵੀ ਸ਼ਾਮਲ ਹੈ।

ਯੂ.ਡੀ. ਟਰੱਕਸ ਅਤੇ ਇਸੁਜ਼ੂ ਮੋਟਰਸ ਲਈ ਮਜ਼ਬੂਤ ਹੈਵੀ-ਡਿਊਟੀ ਟਰੱਕ ਕਾਰੋਬਾਰ ਲਈ ਜਾਪਾਨ ਅਤੇ ਪੂਰੇ ਕੌਮਾਂਤਰੀ ਬਾਜ਼ਾਰ ਅੰਦਰ ਬਿਹਤਰੀਨ ਲੰਮੇ-ਸਮੇਂ ਦੀਆਂ ਹਦਾਇਤਾਂ ਤਿਆਰ ਕਰਨਾ ਹੀ ਇਸ ਸਾਂਝੇਦਾਰੀ ਦਾ ਇੱਕ ਟੀਚਾ ਹੈ।

ਦੋਵੇਂ ਕੰਪਨੀਆਂ ਸਾਂਝਾ ਦਫ਼ਤਰ ਕਾਇਮ ਕਰਨਗੀਆਂ ਜੋ ਜਾਪਾਨ ਅਤੇ ਸਵੀਡਨ ‘ਚ ਸਥਿਤ ਹੋਣਗੇ, ਜਿਨ੍ਹਾਂ ਦਾ ਸੰਚਾਲਨ ਇੱਕ ਬੋਰਡ ਵੱਲੋਂ ਕੀਤਾ ਜਾਵੇਗਾ ਜਿਸ ‘ਚ ਇਸੁਜ਼ੂ ਮੋਟਰਸ ਦੇ ਪ੍ਰੈਜ਼ੀਡੈਂਟ, ਵੋਲਵੋ ਗਰੁੱਪ ਦੇ ਸੀ.ਈ.ਓ. ਅਤੇ ਦੋਹਾਂ ਗਰੁੱਪਾਂ ਦੇ ਹੋਰ ਪ੍ਰਮੁੱਖ ਕਾਰਜਕਾਰੀ ਸ਼ਾਮਲ ਹੋਣਗੇ।

ਵੋਲਵੋ ਗਰੁੱਪ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਮਾਰਟਿਨ ਲੁੰਡਸਟਡ ਨੇ ਕਿਹਾ, ”ਇਸ ਰਣਨੀਤਕ ਸਾਂਝੇਦਾਰੀ ਤੋਂ ਮੈਨੂੰ ਬਹੁਤ ਉਮੀਦਾਂ ਹੈ, ਜੋ ਕਿ ਵੋਲਵੋ ਅਤੇ ਇਸੁਜ਼ੂ ਮੋਟਰਸ ਨੂੰ ਆਪਣੇ ਸੰਬੰਧਤ ਬਾਜ਼ਾਰਾਂ ਅਤੇ ਖੇਤਰਾਂ ‘ਚ ਹੋਰ ਵੀ ਜ਼ਿਆਦਾ ਮੁਕਾਬਲੇਬਾਜ਼ ਬਣਾਏਗਾ।”

”ਮੈਨੂੰ ਯਕੀਨ ਹੈ ਕਿ ਯੂ.ਡੀ. ਟਰੱਕਸ ਵੋਲਵੋ ਗਰੁੱਪ ਅਤੇ ਇਸੁਜ਼ੂ ਮੋਟਰਸ ਵਿਚਕਾਰ ਇੱਕ ਪੁਲ ਦਾ ਕੰਮ ਕਰੇਗਾ ਅਤੇ ਰਣਨੀਤਕ ਸਾਂਝੇਦਾਰੀ ਅਜਿਹੇ ਹਾਲਾਤ ਪੈਦਾ ਕਰੇਗਾ ਜਿਸ ਨਾਲ ਇਸੁਜ਼ੂ ਮੋਟਰਸ ਅੰਦਰ ਯੂ.ਡੀ. ਟਰੱਕਸ ਨਵੇਂ ਪੱਧਰ ‘ਤੇ ਵਿਕਸਤ ਹੁੰਦਾ ਰਹੇਗਾ।”

ਇਸੁਜ਼ੂ ਮੋਟਰਸ ਦੇ ਪ੍ਰੈਜ਼ੀਡੈਂਟ ਅਤੇ ਪ੍ਰਤੀਨਿਧੀ ਨਿਰਦੇਸ਼ਕ ਮਾਸਾਨੋਰੀ ਕਾਟਯਾਮਾ ਨੇ ਕਿਹਾ ਕਿ ਕੋਵਿਡ-19 ਦੀ ਸਥਿਤੀ ਨੇ ਸਾਂਝੇਦਾਰੀ ਨੂੰ ਹੋਰ ਵੀ ਜ਼ਿਆਦਾ ਕੀਮਤੀ ਬਣਾ ਦਿੱਤਾ ਹੈ ਅਤੇ ਇਸੁਜ਼ੂ ਤੇ ਵੋਲਵੋ ਗਰੁੱਪ ਵਿਚਕਾਰ ਮਜ਼ਬੂਤ, ਲਾਹੇਵੰਦ ਰਿਸ਼ਤਾ ਕਾਇਮ ਕੀਤਾ ਹੈ।

”ਇਸ ਲੰਮੇ ਸਮੇਂ ਦੀ ਸਾਂਝੇਦਾਰੀ ‘ਚ ਕਈ ਉਤਪਾਦ, ਤਕਨਾਲੋਜੀਆਂ ਅਤੇ ਖੇਤਰ ਸ਼ਾਮਲ ਹੋਣਗੇ, ਜੋ ਕਿ ਸੇਵਾਵਾਂ ਬਿਹਤਰ ਬਣਾਉਣ ਅਤੇ ਗ੍ਰਾਹਕਾਂ ਦੀ ਤਸੱਲੀ ਮਜ਼ਬੂਤ ਕਰਨ ਸਮੇਤ ਲੌਜਿਸਟਿਕਸ ਉਦਯੋਗ ਲਈ ਯੋਗਦਾਨ ਦੇਣਗੇ।”