ਵੋਲਵੋ, ਡਾਈਮਲਰ ਨੇ ਫ਼ਿਊਲ-ਸੈੱਲ ਲਈ ਸਾਂਝਾ ਉੱਦਮ ਸ਼ੁਰੂ ਕੀਤਾ

Avatar photo
ਟੀਚਾ ਨਵੀਂ ਕੰਪਨੀ ਨੂੰ ਫ਼ਿਊਲ ਸੈੱਲ ਦੇ ਨਿਰਮਾਣ ‘ਚ ਆਲਮੀ ਮੋਢੀ ਬਣਾਉਣਾ ਹੈ। (ਤਸਵੀਰ: ਡਾਇਮਲਰ ਟਰੱਕਸ ਏ.ਜੀ.)

ਵੋਲਵੋ ਗਰੁੱਪ ਅਤੇ ਡਾਇਮਲਰ ਟਰੱਕ ਏ.ਜੀ. ਨੇ ਲੰਮੇ ਸਮੇਂ ਤਕ ਚੱਲ ਸਕਨ ਵਾਲੀ ਆਵਾਜਾਈ ਵੱਲ ਵੱਡੀ ਪੁਲਾਂਘ ਪੁੱਟੀ ਹੈ।

ਦੋਹਾਂ ਕੰਪਨੀਆਂ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਹੈਵੀ-ਡਿਊਟੀ ਟਰੱਕਾਂ ‘ਚ ਪ੍ਰਯੋਗ ਲਈ ਫ਼ਿਊਲ-ਸੈੱਲ ਸਿਸਟਮਾਂ ਦਾ ਵਿਕਾਸ, ਉਤਪਾਦਨ ਅਤੇ ਵਿਕਰੀ ਲਈ ਸਾਂਝਾ ਉੱਦਮ ਸਥਾਪਤ ਕਰਨਗੇ।

ਵੋਲਵੋ ਅਤੇ ਡਾਇਮਲਰ ਦਾ ਇਸ ਸਾਂਝੇ ਉੱਦਮ, ਡਾਇਮਲਰ ਟਰੱਕਸ ਫ਼ਿਊਲ ਸੈੱਲ ‘ਚ ਬਰਾਬਰ ਦਾ ਹਿੱਸਾ ਹੋਵੇਗਾ। ਵੋਲਵਾ ਦਾ ਅੰਦਾਜ਼ਨ ਹਿੱਸਾ 600 ਮਿਲੀਅਨ ਯੂਰੋ (ਲਗਭਗ 700 ਮਿਲੀਅਨ ਅਮਰੀਕੀ ਡਾਲਰ) ਹੋਵੇਗਾ।

ਟੀਚਾ ਨਵੀਂ ਕੰਪਨੀ ਨੂੰ ਫ਼ਿਊਲ ਸੈੱਲ ਦੇ ਮਾਮਲੇ ‘ਚ ਪ੍ਰਮੁੱਖ ਆਲਮੀ ਨਿਰਮਾਤਾ ਬਣਾਉਣਾ ਹੋਵੇਗਾ। ਇਸ ਦਾ ਟੀਚਾ ਤਿੰਨ ਸਾਲਾਂ ਤਕ ਫ਼ਿਊਲ-ਸੈੱਲ ਵਾਲੇ ਟਰੱਕਾਂ ਦੀ ਗ੍ਰਾਹਕਾਂ ਕੋਲ ਜਾਂਚ ਲਈ ਬਣਾਉਣਾ ਹੈ ਅਤੇ ਇਸ ਦਹਾਕੇ ਦੇ ਦੂਜੇ ਅੱਧ ‘ਚ ਇਨ੍ਹਾਂ ਦਾ ਲੜੀਵਾਰ ਉਤਪਾਦਨ ਸ਼ੁਰੂ ਕਰਨਾ ਹੈ।

ਡਾਇਮਲਰ ਟਰੱਕ ਬੋਰਡ ਦੇ ਚੇਅਰਮੈਨ ਮਾਰਟਿਨ ਡੌਮ ਨੇ ਕਿਹਾ, ”ਡਾਇਮਲਰ ਟਰੱਕਸ ਏ.ਜੀ. ਵਿਖੇ ਸਾਡੇ ਲਈ ਅਤੇ ਸਾਡੇ ਭਾਈਵਾਲ, ਵੋਲਵੋ ਗਰੁੱਪ ਲਈ ਭਵਿੱਖ ‘ਚ ਕਾਰਬਨ ਡਾਈਆਕਸਾਈਡ ਤੋਂ ਮੁਕਤ ਆਵਾਜਾਈ ਪ੍ਰਾਪਤ ਕਰਨ ਲਈ ਹਾਈਡਰੋਜਨ-ਅਧਾਰਤ ਫ਼ਿਊਲ-ਸੈੱਲ ਪ੍ਰਮੁੱਖ ਟੈਕਨਾਲੋਜੀ ਹੈ।”

”ਅਸੀਂ ਦੋਵੇਂ ਸੜਕੀ ਆਵਾਜਾਈ ਅਤੇ ਹੋਰ ਖੇਤਰਾਂ ‘ਚ ਕਾਰਬਨ ਮੁਕਤੀ ਲਈ ਅਤੇ ਇੱਕ ਖ਼ੁਸ਼ਹਾਲ ਸਾਂਝੀ ਕੰਪਨੀ ਬਣਾਉਣ ਲਈ ਪੈਰਿਸ ਜਲਵਾਯੂ ਸਮਝੌਤੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹਾਂ, ਜੋ ਕਿ ਵੱਡੀ ਮਾਤਰਾ ‘ਚ ਫ਼ਿਊਲ-ਸੈੱਲ ਸਿਸਟਮ ਪੈਦਾ ਕਰੇਗੀ।”

ਟੈਕਨਾਲੋਜੀ ਵਿਕਾਸ, ਉਦਯੋਗੀਕਰਨ ਅਤੇ ਵੱਡੇ ਪੱਧਰ ‘ਤੇ ਗੱਡੀਆਂ ਦੇ ਉਤਪਾਦਨ ‘ਚ ਵੋਲਵੋ ਗਰੁੱਪ ਅਤੇ ਡਾਇਮਲਰ ਟਰੱਕ ਏ.ਜੀ. ਕੋਲ ਕਈ ਸਾਲਾਂ ਦਾ ਤਜ਼ਰਬਾ ਹੈ।

ਸਾਂਝਾ ਉੱਦਮ ਇਸ ਤੋਂ ਸ਼ੁਰੂ ਤੋਂ ਹੀ ਬਹੁਤ ਲਾਭ ਪ੍ਰਾਪਤ ਕਰੇਗਾ, ਜੋ ਕਿ ਉਨ੍ਹਾਂ ਅਨੁਸਾਰ ਸਟਾਰਟਅੱਪ ਲਈ ਅਨੋਖੀ ਸਥਿਤੀ ਹੈ।

ਡਾਇਮਲਰ ਟਰੱਕ ਏ.ਜੀ. (ਖੱਬੇ) ਦੇ ਮਾਰਟਿਨ ਡੌਮ ਅਤੇ ਵੋਲਵੋ ਗਰੁੱਪ ਦੇ ਮਾਰਟਿਨ ਲੁੰਡਸਟੱਡ। (ਤਸਵੀਰ: ਡਾਇਮਲਰ ਟਰੱਕਸ ਏ.ਜੀ.)

ਵੋਲਵੋ ਗਰੁੱਪ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਮਾਰਟਿਨ ਲੁੰਡਸਟਡ ਨੇ ਕਿਹਾ, ”ਭਵਿੱਖ ‘ਚ ਦੁਨੀਆਂ ਬੈਟਰੀ-ਇਲੈਕਟ੍ਰਿਕ ਅਤੇ ਫ਼ਿਊਲ-ਸੈੱਲ ਇਲੈਕਟ੍ਰਿਕ ਦੋਹਾਂ ਤਰ੍ਹਾਂ ਦੀਆਂ ਗੱਡੀਆਂ ‘ਤੇ ਚੱਲੇਗੀ, ਨਾਲ ਹੀ ਹੋਰ ਨਵਿਆਉਣਯੋਗ ਫ਼ਿਊਲ ਦਾ ਵੀ ਪ੍ਰਯੋਗ ਹੋਵੇਗਾ।”

”ਸਾਡੇ ਫ਼ਿਊਲ-ਸੈੱਲ ਸੰਯੁਕਤ ਉੱਦਮ ਨੂੰ ਕਾਇਮ ਕਰਨਾ ਉਸ ਦੁਨੀਆਂ ਨੂੰ ਰੂਪ ਦੇਣ ਵੱਲ ਮਹੱਤਵਪੂਰਨ ਕਦਮ ਹੈ ਜਿਸ ‘ਚ ਅਸੀਂ ਰਹਿਣਾ ਚਾਹੁੰਦੇ ਹਾਂ।”

ਕੰਪਨੀਆਂ ਨੇ ਕਿਹਾ ਕਿ ਫ਼ਿਊਲ-ਸੈੱਲ ਸਿਸਟਮ ਦਾ ਪ੍ਰਯੋਗ ਟਰੱਕਾਂ ਤੋਂ ਇਲਾਵਾ ਹੋਰਨਾਂ ਖੇਤਰਾਂ ‘ਚ ਵੀ ਕੀਤਾ ਜਾ ਸਕਦਾ ਹੈ।

ਇਸ ਸਾਂਝੇ ਉੱਦਮ ‘ਚ ਅਜਿਹਾ ਸਿਸਟਮ ਤਿਆਰ ਕੀਤਾ ਜਾਵੇਗਾ ਜਿਸ ਦੇ ਕਈ ਪੱਧਰ ਹੋਣ, ਜਿਨ੍ਹਾਂ ‘ਚ ਜੁੜਵਾਂ ਸਿਸਟਮ ਸ਼ਾਮਲ ਹੈ ਜੋ ਕਿ ਹੈਵੀ-ਡਿਊਟੀ ਲੋਂਗ-ਹੌਲ ਟਰੱਕਾਂ ਲਈ 300 ਕਿਲੋਵਾਟ ਦੀ ਨਿਰੰਤਰ ਬਿਜਲੀ ਦੇਵੇਗਾ।

ਕੰਪਨੀਆਂ ਨੇ ਕਿਹਾ ਕਿ ਹੈਵੀ-ਟਰੱਕ ਅਮਲਾਂ ਦੀਆਂ ਜ਼ਰੂਰਤਾਂ ਦੇ ਆਧਾਰ ‘ਤੇ, ਇਸ ਸਾਂਝੇ ਉੱਦਮ ਦੇ ਉਤਪਾਦ ਹੋਰ ਪ੍ਰਯੋਗਾਂ ਲਈ ਵੀ ਢੁਕਵੇਂ ਰਹਿਣਗੇ, ਜਿਵੇਂ ਕਿ ਸਥਿਰ ਬਿਜਲੀ ਉਤਪਾਦਨ।

ਇਸ ਕਰਾਰ ‘ਤੇ ਅਜੇ ਰੈਗੂਲੇਟਰਾਂ ਦੀ ਮੋਹਰ ਲੱਗਣੀ ਬਾਕੀ ਹੈ।