ਵੋਲਵੋ ਨੇ ਬਿਜਲਈਕਰਨ ਲਈ ਆਪਣੀ ਰਣਨੀਤੀ ਉਜਾਗਰ ਕੀਤੀ

Avatar photo
(ਤਸਵੀਰ: ਵੋਲਵੋ ਟਰੱਕਸ ਉੱਤਰੀ ਅਮਰੀਕਾ)

ਵੋਲਵੋ ਟਰੱਕਸ ਨੇ ਐਲਾਨ ਕੀਤਾ ਹੈ ਕਿ ਉਹ ਅਮਰੀਕਾ ਅਤੇ ਕੈਨੇਡਾ ‘ਚ 3 ਦਸੰਬਰ ਨੂੰ ਆਪਣਾ ਵੀ.ਐਨ.ਆਰ. ਇਲੈਕਟ੍ਰਿਕ ਪੇਸ਼ ਕਰੇਗਾ।

ਟਰੱਕ ਦਾ ਉਤਪਾਦਨ 2021 ਦੀ ਸ਼ੁਰੂਆਤ ‘ਚ ਵੋਲਵੋ ਦੇ ਡਬਲਿਨ ਨਿਰਮਾਣ ਪਲਾਂਟ ‘ਚ ਸ਼ੁਰੂ ਹੋ ਜਾਵੇਗਾ।

ਵੋਲਵੋ ਟਰੱਕਸ ਉੱਤਰੀ ਅਮਰੀਕਾ ਦੇ ਪ੍ਰੈਜ਼ੀਡੈਂਟ ਪੀਟਰ ਵੂਰਹੋਵ ਨੇ ਕਿਹਾ, ”ਵੋਲਵੋ ਟਰੱਕਸ ਆਵਾਜਾਈ ਉਦਯੋਗ ਨੂੰ ਉੱਨਤ ਬਿਜਲੀ ‘ਤੇ ਚੱਲਣ ਵਾਲੀਆਂ ਗੱਡੀਆਂ ਰਾਹੀਂ ਜ਼ਿਆਦਾ ਟਿਕਾਊ ਬਦਲ ਵੱਲ ਲੈ ਕੇ ਜਾਣ ਲਈ ਅਗਵਾਈ ਕਰਨ ਪ੍ਰਤੀ ਵਚਨਬੱਧ ਹੈ। ਅਸੀਂ ਵੋਲਵੋ ਵੀ.ਐਨ.ਆਰ. ਇਲੈਕਟ੍ਰਿਕ ਨੂੰ ਕੁੱਝ ਹਫ਼ਤਿਆਂ ਬਾਅਦ ਬਾਜ਼ਾਰ ‘ਚ ਲਿਆਉਣ ਪ੍ਰਤੀ ਬਹੁਤ ਉਤਸ਼ਾਹਿਤ ਹਾਂ।”

ਵੋਲਵੋ ਨੇ ਆਪਣੇ ਕੈਪੀਟਲ ਮਾਰਕੀਟਸ ਦਿਵਸ ਮੌਕੇ ਇਲੈਕਟ੍ਰਿਕ ਗੱਡੀਆਂ ਬਾਰੇ ਆਪਣੀਆਂ ਉਤਸ਼ਾਹੀ ਯੋਜਨਾਵਾਂ ਦਾ ਐਲਾਨ ਕੀਤਾ, ਨਾਲ ਹੀ ਯੂਰਪੀ ਬਾਜ਼ਾਰ ਲਈ 2021 ‘ਚ ਇਲੈਕਟ੍ਰਿਕ ਹੈਵੀ-ਡਿਊਟੀ ਟਰੱਕਾਂ ਦੀ ਪੂਰੀ ਲੜੀ ਦਾ ਵੀ ਐਲਾਨ ਕੀਤਾ ਗਿਆ। ਕੰਪਨੀ ਨੇ ਕਿਹਾ ਕਿ ਉਹ ਇਸ ਦਹਾਕੇ ਦੇ ਦੂਜੇ ਅੱਧ ‘ਚ ਹਾਈਡ੍ਰੋਜਨ ਫ਼ਿਊਲ ਸੈੱਲ ਵਾਲੇ ਟਰੱਕਾਂ ਦੀ ਵਿਕਰੀ ਸ਼ੁਰੂ ਕਰ ਦੇਵੇਗਾ ਅਤੇ 2040 ਤਕ ਉਸ ਕੋਲ ਪੈਟਰੋਲੀਅਮ ਉਤਪਾਦਾਂ ਤੋਂ ਬਿਲਕੁਲ ਮੁਕਤ ਗੱਡੀਆਂ ਹੀ ਹੋਣਗੀਆਂ।

ਵੋਲਵੋ ਟਰੱਕਸ ਕਾਰਪੋਰੇਸ਼ਨ ਦੇ ਪ੍ਰੈਜ਼ੀਡੈਂਟ ਰੋਜਰ ਐਲਮ ਨੇ ਕਿਹਾ, ”ਹੈਵੀ ਡਿਊਟੀ ਇਲੈਕਟ੍ਰਿਕ ਟਰੱਕਾਂ ਦੀ ਗਿਣਤੀ ਤੇਜ਼ੀ ਨਾਲ ਵਧਾ ਕੇ ਅਸੀਂ ਆਪਣੇ ਗ੍ਰਾਹਕਾਂ ਅਤੇ ਟਰਾਂਸਪੋਰਟ ਖ਼ਰੀਦਦਾਰਾਂ ਦੀ ਮੱਦਦ ਕਰਨੀ ਚਾਹੁੰਦੇ ਹਾਂ ਤਾਂ ਕਿ ਉਹ ਆਪਣੀ ਤਰੱਕੀ ਦੇ ਟੀਚੇ ਸਰ ਕਰ ਸਕਣ। ਅਸੀਂ ਆਪਣੇ ਉਦਯੋਗ ਨੂੰ ਟਿਕਾਊ ਭਵਿੱਖ ਵਲ ਲੈ ਕੇ ਜਾਣ ਲਈ ਵਚਨਬੱਧ ਹਾਂ।”

ਵੋਲਵੋ ਨੇ ਵੀ.ਐਨ.ਆਰ. ਇਲੈਕਟ੍ਰਿਕ ਦੇ ਭਰੋਸੇਮੰਦ ਅਤੇ ਵਿੱਤੀ ਪੱਖੋਂ ਸਫਲ ਹੋਣ ਦਾ ਸਿਹਰਾ 2019 ‘ਚ ਦੱਖਣੀ ਕੈਲੇਫ਼ੋਰਨੀਆ ‘ਚ ਸ਼ੁਰੂ ਕੀਤੇ ਲਾਈਟਸ ਪ੍ਰਾਜੈਕਟ ਨੂੰ ਦਿੱਤਾ।

ਵੂਰਹੋਵ ਨੇ ਕਿਹਾ, ”ਸਾਨੂੰ ਇਸ ਨਵੀਂ ਤਕਨਾਲੋਜੀ ਨੂੰ ਬਾਜ਼ਾਰ ‘ਚ ਪੇਸ਼ ਕਰਨ ਪ੍ਰਤੀ ਆਪਣੇ ‘ਤੇ ਪੂਰਾ ਆਤਮਵਿਸ਼ਵਾਸ ਹੈ।”

ਕੌਮਾਂਤਰੀ ਪੱਧਰ ‘ਤੇ ਵੋਲਵੋ ਦੀ ਯੋਜਨਾ ਹੈ ਕਿ ਉਸ ਦੀਆਂ ਗੱਡੀਆਂ ਦੀ ਕੁੱਲ ਵਿਕਰੀ ‘ਚੋਂ 35% ਇਲੈਕਟ੍ਰਿਕ ਹੋਣਗੀਆਂ ਅਤੇ ਗਰੁੱਪ ਨੂੰ ਘੱਟ ਤੋਂ ਘੱਟ 50% ਆਮਦਨ ਸੇਵਾਵਾਂ ਤੋਂ ਹੋਵੇਗੀ। ਵੋਲਵੋ ਦਾ ਕਹਿਣਾ ਹੈ ਕਿ ਬਿਜਲੀ ‘ਤੇ ਚੱਲਣ ਵਾਲੀਆਂ ਗੱਡੀਆਂ ‘ਚ ਕੁੱਲ ਗੱਡੀਆਂ ਅਤੇ ਸੇਵਾਵਾਂ ਤੋਂ ਪ੍ਰਾਪਤ ਆਮਦਨ ਨੂੰ ਆਪਣੇ ਜੀਵਨਕਾਲ ਦੌਰਾਨ 50% ਤੋਂ ਵੱਧ ਕਰਨ ਦੀ ਸਮਰਥਾ ਹੈ।

ਵੋਲਵੋ ਗਰੁੱਪ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਮਾਰਟਿਨ ਲੁੰਡਸਟਡ ਨੇ ਕਿਹਾ, ”ਰੀਫ਼ਿਊਜ਼ ਅਤੇ ਸ਼ਹਿਰੀ ਵੰਡ ਲਈ ਮੀਡੀਅਮ-ਡਿਊਟੀ ਇਲੈਕਟ੍ਰਿਕ ਟਰੱਕਾਂ ਦਾ ਉਤਪਾਦਨ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ ਅਸੀਂ ਖੇਤਰੀ ਆਵਾਜਾਈ ਤੇ ਉਸਾਰੀ ਅਮਲਾਂ ਲਈ ਹੈਵੀ-ਡਿਊਟੀ ਟਰੱਕਾਂ ਦੇ ਬਾਜ਼ਾਰੀਕਰਨ ‘ਚ ਤੇਜ਼ ਗਤੀ ਲਿਆਉਣ ‘ਤੇ ਜ਼ੋਰ ਦੇ ਰਹੇ ਹਾਂ। ਇਨ੍ਹਾਂ ਗੱਡੀਆਂ ਦੀ ਪੂਰੀ ਲੜੀ ਨਾਲ ਅਸੀਂ ਆਪਣੀਆਂ ਗੱਡੀਆਂ ਜ਼ਿਆਦਾ ਕਿਸਮ ਦੇ ਗਾਹਕਾਂ ਤਕ ਪਹੁੰਚਾ ਸਕਦੇ ਹਾਂ ਜਦੋਂ ਬਾਜ਼ਾਰ ਦੇ ਹਾਲਾਤ ਅਤੇ ਮਲਕੀਅਤ ਦੀ ਕੁਲ ਲਾਗਤ ਬਿਜਲਈਕ੍ਰਿਤ ਸਲਿਊਸ਼ਨਜ਼ ਦੇ ਹੱਕ ‘ਚ ਚਲੀ ਜਾਵੇਗੀ। ਅਸੀਂ ਇਹ ਆਪਣੇ ਗ੍ਰਾਹਕਾਂ, ਸਮਾਜ ਅਤੇ ਮਾਲਕਾਂ ਲਈ ਲਾਗਤ ਘੱਟ ਕਰਨ ਵਜੋਂ ਕਰ ਰਹੇ ਹਾਂ।”