ਵੋਲਵੋ ਨੇ ਵੀ.ਐਨ.ਆਰ. ਇਲੈਕਟ੍ਰਿਕ ਟਰੱਕਾਂ ਦੀਆਂ ਯੋਜਨਾਵਾਂ ਨੂੰ ਅੱਗੇ ਵਧਾਇਆ

Avatar photo
ਵੀ.ਐਨ.ਆਰ. ਇਲੈਕਟ੍ਰਿਕ 455 ਐਚ.ਪੀ. ਅਤੇ 4,051 ਪਾਊਂਡ -ਫ਼ੁੱਟ ਟੌਰਕ ਦਿੰਦਾ ਹੈ, ਜੋ ਕਿ ਦੋ ਆਈ-ਸ਼ਿਫ਼ਟ ਟਰਾਂਸਮਿਸ਼ਨ ਦੇ ਗੇਅਰਾਂ ਰਾਹੀਂ ਘੱਟ-ਵੱਧ ਕੀਤੀ ਜਾ ਸਕਦੀ ਹੈ। (ਤਸਵੀਰ: ਵੋਲਵੋ ਟਰੱਕਸ ਉੱਤਰੀ ਅਮਰੀਕਾ)

ਵੋਲਵੋ ਟਰੱਕਸ ਉੱਤਰੀ ਅਮਰੀਕਾ ਨੇ ਆਪਣੀਆਂ ਬੈਟਰੀ-ਇਲੈਕਟ੍ਰਿਕ ਟਰੱਕਾਂ ਯੋਜਨਾਵਾਂ ਨੂੰ ਅੱਗੇ ਵਧਾਇਆ ਹੈ। ਵੀ.ਐਨ.ਆਰ. ਇਲੈਕਟ੍ਰਿਕ ਦਾ ਉਤਪਾਦਨ ਰਸਮੀ ਤੌਰ ‘ਤੇ 2021 ਦੀ ਸ਼ੁਰੂਆਤ ‘ਚ ਸ਼ੁਰੂ ਹੋ ਜਾਵੇਗਾ।

ਲੰਮੇ ਚੱਲਣ ਵਾਲੇ ਸਫ਼ਰ ‘ਚ ਇਸ ਨੂੰ ਮਹੱਤਵਪੂਰਨ ਕਦਮ ਦੱਸਦਿਆਂ ਵੋਲਵੋ ਟਰੱਕਸ ਉੱਤਰੀ ਅਮਰੀਕਾ ਦੇ ਪ੍ਰੈਜ਼ੀਡੈਂਟ ਪੀਟਰ ਵੂਰਹੋਵ ਨੇ ਕਿਹਾ, ”ਸਾਡੇ ਲਈ ਅਤੇ ਸਾਡੇ ਗ੍ਰਾਹਕਾਂ ਲਈ ਇਹ ਇਤਿਹਾਸਕ ਦਿਨ ਹੈ।”

ਸ਼ੁਰੂਆਤ ‘ਚ ਇਸ ਨੂੰ ਲੋਕਲ ਅਤੇ ਰੀਜਨਲ ਹੌਲ ਦੇ ਕੰਮਾਂ ‘ਚ ਭੋਜਨ ਅਤੇ ਪੀਣਯੋਗ ਪਦਾਰਥਾਂ ਦੇ ਫ਼ਲੀਟਸ ਵੱਲੋਂ ਪਿੱਕਅਪ ਅਤੇ ਡਿਲੀਵਰੀ ਲਈ ਵਰਤਿਆ ਜਾਵੇਗਾ।

ਇਸ ਲਾਈਨਅੱਪ ‘ਚ ਤਿੰਨ ਤਰ੍ਹਾਂ ਦੀ ਬਣਤਰ ਸ਼ਾਮਲ ਹੋਵੇਗੀ- ਇੱਕ ਸਿੰਗਲ ਐਕਸਲ ਸਟਰੇਟ ਟਰੱਕ, ਅਤੇ 4×2 ਅਤੇ 6×4 ਟਰੈਕਟਰ।

ਪਾਵਰ ਚਾਰਜਿੰਗ

ਇਲੈਕਟ੍ਰਿਕ ਗੱਡੀਆਂ ਨੂੰ ਚਲਾਉਣ ਲਈ ਇਲੈਕਟ੍ਰਿਕ ਮੋਟਰਾਂ ਦਾ ਇੱਕ ਜੋੜਾ ਹੈ ਜੋ ਕਿ 455 ਐਚ.ਪੀ. ਅਤੇ 4,051 ਪਾਊਂਡ -ਫ਼ੁੱਟ ਟੌਰਕ ਦਿੰਦਾ ਹੈ, ਜੋ ਕਿ ਦੋ ਆਈ-ਸ਼ਿਫ਼ਟ ਟਰਾਂਸਮਿਸ਼ਨ ਦੇ ਗੇਅਰਾਂ ਰਾਹੀਂ ਘੱਟ-ਵੱਧ ਕੀਤੀ ਜਾ ਸਕਦੀ ਹੈ।

ਗੱਡੀ ਨੂੰ ਪੂਰੀ ਤਰ੍ਹਾਂ ਚਾਰਜ ਕਰਨ ਤੋਂ ਬਾਅਦ 240 ਕਿਲੋਮੀਟਰ ਤਕ ਚਲਾਇਆ ਜਾ ਸਕਦਾ ਹੈ, ਜੋ ਕਿ ਇਸ ਦੀ ਸੰਰਚਨਾ ‘ਤੇ ਨਿਰਭਰ ਕਰੇਗਾ।

ਇਲੈਕਟ੍ਰਿਕ ਗੱਡੀਆਂ ਬਾਰੇ ਸੀਨੀਅਰ ਪ੍ਰੋਡਕਟ ਮੈਨੇਜਰ ਜੌਨ ਮੂਰ ਨੇ ਕਿਹਾ ਕਿ ਇਸ ਦੀ ਰੇਂਜ ਨੂੰ ਨਵੀਨੀਕ੍ਰਿਤ ਬ੍ਰੇਕਿੰਗ ਰਾਹੀਂ 15% ਤਕ ਵਧਾਇਆ ਜਾ ਸਕਦਾ ਹੈ। 264 ਕਿਲੋਵਾਟ ਆਵਰ ਦੀ ਬੈਟਰੀ ਨੂੰ 150-ਕਿਲੋਵਾਟ ਦੇ ਚਾਰਜਰ ਨਾਲ 70 ਮਿੰਟਾਂ ‘ਚ 80% ਤਕ ਚਾਰਜ ਕੀਤਾ ਜਾ ਸਕਦਾ ਹੈ।

ਕੁਨੈਕਸ਼ਨ ਕਰਨ ਲਈ ਸੀ.ਸੀ.ਐਸ.1 ਜਾਂ ਸੀ.ਸੀ.ਐਸ.2 ਕੁਨੈਕਟਰ ਪ੍ਰਯੋਗ ਕੀਤਾ ਜਾ ਸਕਦਾ ਹੈ।

ਵੋਲਵੋ ਦੇ ਅਧਿਕਾਰੀਆਂ ਨੇ ਕਿਹਾ ਕਿ ਠੰਢਾ ਮੌਸਮ ਬੈਟਰੀ ਦੀ ਰੇਂਜ ਨੂੰ ਪ੍ਰਭਾਵਤ ਕਰ ਸਕਦਾ ਹੈ, ਪਰ ਇਸ ਸਮੱਸਿਆ ਨੂੰ ਗਲਾਇਕੋਲ ਸਰਕਿਟ ਰਾਹੀਂ ਹੱਲ ਕੀਤਾ ਜਾ ਸਕਦਾ ਹੈ ਜੋ ਕਿ ਜ਼ਰੂਰਤ ਪੈਣ ‘ਤੇ ਗਰਮਾਹਟ ਦਿੰਦਾ ਹੈ।

ਵੋਲਵੋ ਟਰੱਕਸ ਉੱਤਰੀ ਅਮਰੀਕਾ ਦੇ ਇਲੈਕਟ੍ਰਿਕ ਵਹੀਕਲਜ਼ ਦੇ ਡਾਇਰੈਕਟਰ ਬਰੈੱਟ ਪੋਪ ਨੇ ਕਿਹਾ ਕਿ ਬੈਟਰੀਆਂ ਨਾਲ ਇਹ ਟਰੱਕ ਆਪਣੀਆਂ ਡੀਜ਼ਲ ਹਮਰੁਤਬਾ ਗੱਡੀਆਂ ਤੋਂ 4,000 ਪਾਊਂਡ ਭਾਰੇ ਹਨ।

ਵਿਸ਼ੇਸ਼ ਅਮਲਾਂ ‘ਚ ਸਿੰਗਲ-ਐਕਸਲ ਸਟਰੇਟ ਟਰੱਕ ਦੀ ਭਾਰ ਰੇਟਿੰਗ 33,200 ਪਾਊਂਡ ਹੋਵੇਗੀ। 6×4 ‘ਚ 66,000 ਪਾਊਂਡ ਗਰੌਸ ਕੰਬੀਨੇਸ਼ਨ ਵੇਟ ਰੇਟਿੰਗ ਹੋਵੇਗੀ, ਅਤੇ 6×2 ਦੀ ਜੀ.ਸੀ.ਡਬਲਿਊ.ਆਰ. 82,000 ਪਾਊਂਡ ਹੋਵੇਗੀ।

ਯੂਰੋਪੀਅਨ ਤਜ਼ਰਬਾ

ਇਲੈਕਟ੍ਰਿਕ ਮੰਚ ਮੁੱਖ ਤੌਰ ‘ਤੇ ਵੋਲਵੋ ਐਫ਼.ਈ. ਇਲੈਕਟ੍ਰਿਕ ਟਰੱਕਾਂ ਦੀ ਤਕਨਾਲੋਜੀ ‘ਤੇ ਨਿਰਭਰ ਹੈ, ਪਰ ਇਸ ਨੂੰ ਉੱਤਰੀ ਅਮਰੀਕੀ ਬਾਜ਼ਾਰ ਦੀਆਂ ਵਿਸ਼ੇਸ਼ ਜ਼ਰੂਰਤਾਂ ਲਈ ਅਪਣਾਇਆ ਗਿਆ ਸੀ।

ਵੋਲਵੋ ਨੇ ਇਸ ਲਾਈਨਅੱਪ ਨੂੰ ਜਾਰੀ ਕਰਨ ਬਾਰੇ ਕੋਈ ਲੁਕੇਵਾਂ ਨਹੀਂ ਰੱਖਿਆ ਹੈ। ਇਹ ਉਨ੍ਹਾਂ ਪਹਿਲੇ ਓ.ਈ.ਐਮ. ‘ਚ ਸ਼ਾਮਲ ਹੈ ਜੋ ਕਿ ਬੈਟਰੀ-ਇਲੈਕਟ੍ਰਿਕ ਕਮਰਸ਼ੀਅਲ ਟਰੱਕਾਂ ਦੇ ਉਤਪਾਦਨ ਪ੍ਰਤੀ ਸਮਰਪਿਤ ਹਨ ਅਤੇ ਆਪਣੇ ਟੀਚੇ ਬਾਰੇ ਦਸੰਬਰ 2018 ‘ਚ ਐਲਾਨ ਕਰ ਦਿੱਤਾ ਸੀ।

ਡਰਾਈਵਰਾਂ ਲਈ ਕੈਬ ਡੀਜ਼ਲ ਨਾਲ ਚੱਲਣ ਵਾਲੇ ਵੀ.ਐਨ.ਆਰ. ਵਾਂਗ ਹੀ ਰਹੇਗੀ, ਪਰ ਕੁੱਝ ਫ਼ਰਕ ਹਨ। ਪਾਵਰ ਮੀਟਰ ਦੀ ਥਾਂ ਟੈਕੋਮੀਟਰ ਨੇ ਲੈ ਲਈ ਹੈ, ਨਵੀਨੀਕ੍ਰਿਤ ਬ੍ਰੇਕ ਕੰਟਰੋਲਰ ਸਟਾਲਕ-ਮਾਊਂਟਡ ਹੈ ਅਤੇ ਪੂਰੀ ਗੱਡੀ ਬਹੁਤ ਘੱਟ ਆਵਾਜ਼ ਕਰਦੀ ਹੈ। (ਤਸਵੀਰ: ਵੋਲਵੋ ਟਰੱਕਸ ਉੱਤਰੀ ਅਮਰੀਕਾ)

ਇਹ ਇਲੈਕਟ੍ਰਿਕ ਗੱਡੀਆਂ ਨਾਲ ਇਸ ਤੋਂ ਵੀ ਕਾਫ਼ੀ ਪਹਿਲਾਂ ਤੋਂ ਜੁੜਿਆ ਹੋਇਆ ਹੈ। ਇਲੈਕਟ੍ਰਿਕ ਬੱਸਾਂ ਦਾ ਉਤਪਾਦਨ ਇਹ ਇੱਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਕਰਦਾ ਆ ਰਿਹਾ ਹੈ ਅਤੇ ਪੂਰੀ ਦੁਨੀਆਂ ‘ਚ ਇਸ ਦੀਆਂ 5,000 ਅਜਿਹੀਆਂ ਬੱਸਾਂ ਸੜਕਾਂ ‘ਤੇ ਚਲ ਰਹੀਆਂ ਹਨ।

ਯੋਜਨਾਵਾਂ ਇੱਥੇ ਤਕ ਹੀ ਸੀਮਤ ਨਹੀਂ ਹਨ। ਵੋਲਵੋ ਇੱਕ ਅਜਿਹੀ ਉਤਪਾਦ ਲੜੀ ਲਈ ਸਮਰਪਿਤ ਹੈ ਜੋ ਕਿ 2040 ਤਕ ਪੈਟਰੋਲੀਅਮ ਉਤਪਾਦਾਂ ਤੋਂ ਪੂਰੀ ਤਰ੍ਹਾਂ ਮੁਕਤ ਹੋਵੇ। ਲੰਮੀ ਦੂਰੀ ਤਕ ਚੱਲਣ ਵਾਲੀਆਂ ਗੱਡੀਆਂ ਇਸ ਦੀਆਂ ਯੋਜਨਾਵਾਂ ‘ਚ ਹਾਈਡ੍ਰੋਜਨ ਫ਼ਿਊਲ ਸੈੱਲ ਸ਼ਾਮਲ ਹਨ, ਜੋ ਕਿ ਡਾਇਮਲਰ ਨਾਲ ਸਾਂਝੇਦਾਰੀ ਕਰਕੇ ਵਿਕਸਤ ਕੀਤੇ ਜਾ ਰਹੇ ਹਨ।

ਰਣਨੀਤੀ, ਮਾਰਕੀਟਿੰਗ ਅਤੇ ਬਰਾਂਡ ਪ੍ਰਬੰਧਨ ਦੇ ਵਾਇਸ-ਪ੍ਰੈਜ਼ੀਡੈਂਟ ਮੈਗਨਸ ਕੋਇਕ ਨੇ ਕਿਹਾ ਕਿ ਕੁਦਰਤੀ ਗੈਸ ਅਤੇ ਸੰਪੀੜਤ ਕੁਦਰਤੀ ਗੈਸ ਪ੍ਰਤੀ ਸਮਰਪਣ ਵੀ ਜਾਰੀ ਹੈ।

ਪ੍ਰੀ-ਪ੍ਰੋਡਕਸ਼ਨ ਟਰੱਕ

ਇਸ ਵੇਲੇ ਸੜਕ ‘ਤੇ 70 ਪ੍ਰੀ-ਪ੍ਰੋਡਕਸ਼ਨ ਵੀ.ਐਨ.ਆਰ. ਇਲੈਕਟ੍ਰਿਕ ਟਰੱਕ ਚਲ ਰਹੇ ਹਨ ਜਿਨ੍ਹਾਂ ਦਾ ਉਤਪਾਦਨ ਲੋਅ ਇੰਪੈਕਟ ਗ੍ਰੀਨ ਹੈਵੀ ਟਰਾਂਸਪੋਰਟ ਸਲਿਊਸ਼ਨਜ਼ (ਵੋਲਵੋ ਲਾਈਟਸ) ਨਾਮਕ ਪ੍ਰਾਜੈਕਟ ਹੇਠ ਕੀਤਾ ਗਿਆ ਹੈ। ਇਸ ਪ੍ਰਾਜੈਕਟ ਨੂੰ ਅਮਰੀਕੀ ਵਾਤਾਵਰਣ ਸੁਰੱਖਿਆ ਏਜੰਸੀ ਅਤੇ ਸਾਊਥ ਕੋਸਟ ਏਅਰ ਕੁਆਲਿਟੀ ਮੈਨੇਜਮੈਂਟ ਡਿਸਟ੍ਰਿਕਟ ਤੋਂ 1.7 ਮਿਲੀਅਨ ਡਾਲਰ ਦੀ ਮੱਦਦ ਪ੍ਰਾਪਤ ਹੈ।

ਵੋਲਵੋ ਦੇ ਅਧਿਕਾਰੀਆਂ ਨੇ ਲਾਂਚ ਦੌਰਾਨ ਕਈ ਵਾਰੀ ਜ਼ੋਰ ਦੇ ਕੇ ਕਿਹਾ ਹੈ ਕਿ ਸ਼ੁਰੂਆਤੀ ਗੱਡੀਆਂ ਨੂੰ ਜਾਰੀ ਕਰਨਾ ਵਿੱਤੀ ਮੱਦਦ ‘ਤੇ ਨਿਰਭਰ ਕਰੇਗਾ।

ਵੂਰਹੋਵ ਨੇ ਕਿਹਾ, ”ਇਲੈਕਟ੍ਰਿਕ ਟਰੱਕ ਕੀਮਤ ਦੇ ਮਾਮਲੇ ‘ਚ ਡੀਜ਼ਲ ਟਰੱਕਾਂ ਤੋਂ ਮਹਿੰਗੇ ਹਨ ਅਤੇ ਇਨ੍ਹਾਂ ਨੂੰ ਵੇਚਣ ਲਈ ਸਾਨੂੰ ਵਿੱਤੀ ਮੱਦਦ ਦੇ ਢਾਂਚੇ ਦੀ ਜ਼ਰੂਰਤ ਹੈ।”

ਮੁਰੰਮਤ ਅਤੇ ਵਿੱਤ

ਅਪਟਾਈਮ ਅਤੇ ਕਸਟਮਰ ਸਪੋਰਟ ਦੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਮਾਰਕ ਕਰੀ ਨੇ ਕਿਹਾ ਕਿ ਮੌਜੂਦਾ ਮੁਰੰਮਤ ਕਾਰਜਾਂ ਤੋਂ ਇਲਾਵਾ ਵੋਲਵੋ ਗੋਲਡ ਕਾਂਟਰੈਕਟ ਦੇ ਰੂਪ ‘ਚ ਵੀ ਸਪੋਰਟ ਦਿੱਤੀ ਜਾਵੇਗੀ – ਇੱਕ ਮਾਨਕ ਪੇਸ਼ਕਸ਼ ਜਿਸ ‘ਚ ਪ੍ਰੀਵੈਂਟਿਵ ਅਤੇ ਸੂਚੀਬੱਧ ਮੁਰੰਮਤ, ਟੋਇੰਗ ਅਤੇ ਇਲੈਕਟ੍ਰੋਮੋਬਿਲਟੀ ਮੁਰੰਮਤ ਸ਼ਾਮਲ ਹੋਵੇਗੀ।

264 ਕਿਲੋਵਾਟ ਆਵਰ ਦੀ ਬੈਟਰੀ ਨੂੰ 150-ਕਿਲੋਵਾਟ ਦੇ ਚਾਰਜਰ ਨਾਲ 70 ਮਿੰਟਾਂ ‘ਚ 80% ਤਕ ਚਾਰਜ ਕੀਤਾ ਜਾ ਸਕਦਾ ਹੈ। (ਤਸਵੀਰ: ਵੋਲਵੋ ਟਰੱਕਸ ਉੱਤਰੀ ਅਮਰੀਕਾ)

ਕੰਮ ਦੇ ਆਧਾਰ ‘ਤੇ ਬੈਟਰੀਆਂ ਨੂੰ ਅੱਠ ਸਾਲਾਂ ਤਕ ਚੱਲਣ ਲਈ ਬਣਾਇਆ ਗਿਆ ਹੈ।

ਵੋਲਵੋ ਵਿੱਤੀ ਸੇਵਾਵਾਂ ਦੇ ਕਰਿਸ ਰੋਬੈਕ ਨੇ ਕਿਹਾ ਕਿ ਵੋਲਵੋ ਵਿੱਤੀ ਸੇਵਾਵਾਂ ਰਾਹੀਂ ਟਰੱਕ ਨੂੰ ਛੇ ਸਾਲਾਂ ਤਕ ਕਰਜ਼ੇ ਜਾਂ ਲੀਜ਼ ਦੇ ਬਦਲ ‘ਤੇ ਫ਼ਾਈਨਾਂਸ ਕੀਤਾ ਜਾਵੇਗਾ।

ਵੂਰਹੋਵ ਨੇ ਕਿਹਾ, ”ਬਿਜਲੀ ਰਾਹੀਂ ਚੱਲਣ ਵਾਲੀ ਆਵਾਜਾਈ ‘ਚ ਦਿਲਚਸਪੀ ਰੱਖਣ ਵਾਲੇ ਗਾਹਕ ਅਤੇ ਡੀਲਰ ਆਪਣੀ ਯੂਟੀਲਿਟੀ ਕੰਪਨੀ ਨਾਲ ਗੱਲਬਾਤ ਕਰਨ ਕਿਉਂਕਿ ਕੰਮ ਵਾਲੀ ਥਾਂ ‘ਤੇ ਚਾਰਜਰ ਲਾਉਣ ‘ਚ ਕੁੱਝ ਸਮਾਂ ਲੱਗ ਸਕਦਾ ਹੈ।”