ਸ਼ਿੱਪਰਸ ਨੂੰ ਨਿਯਮਾਂ ਦੀ ਪਾਲਣਾ ਨਾ ਕਰਨ ਦੀ ਕੀਮਤ ਚੁਕਾਉਣ ਪ੍ਰਤੀ ਸਿੱਖਿਅਤ ਕਰੇਗਾ ਸੀ.ਟੀ.ਏ.

Avatar photo

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਇੱਕ ਵਿਸ਼ਾਲ ਜਾਗਰੂਕਤਾ ਮੁਹਿੰਮ ਚਲਾ ਰਹੀ ਹੈ ਜਿਸ ‘ਚ ਸ਼ਿੱਪਰ ਅਤੇ ਰਿਸੀਵਰਸ ਨੂੰ ਆਵਾਜਾਈ ਸੇਵਾਵਾਂ ਦੇਣ ਵਾਲਿਆਂ ਦੀ ਚੋਣ ਕਰਨ ਦੌਰਾਨ ‘ਨਿਯਮਾਂ ਦੀ ਪਾਲਣਾ ਕਰਨ ਦੀ ਕੀਮਤ’ ਵੀ ਧਿਆਨ ‘ਚ ਰੱਖਣ ਲਈ ਕਿਹਾ ਜਾਵੇਗਾ।

ਸੋਸ਼ਲ ਮੀਡੀਆ ਮੁਹਿੰਮ ਨਾਲ ਜੁੜਿਆ ਇਹ ਪ੍ਰੋਗਰਾਮ ਆਵਾਜਾਈ ਸੇਵਾਵਾਂ ਖ਼ਰੀਦਣ ਵਾਲਿਆਂ ਨੂੰ ਇਹ ਯਕੀਨੀ ਕਰਨ ਲਈ ਕਹਿੰਦੇ ਹਨ ਕਿ ਕੈਰੀਅਰ ਟੈਕਸ ਭਰਨ ‘ਚ ਧੋਖਾਧੜੀ, ਸੁਰੱਖਿਆ ਨਾਲ ਸਮਝੌਤਾ ਜਾਂ ਜਾਣਬੁੱਝ ਕੇ ਵਾਤਾਵਰਣ ਨੂੰ ਗੰਧਲਾ ਨਾ ਕਰਦੇ ਹੋਣ।

ਸੀ.ਟੀ.ਏ. ਡਰਾਈਵਰ ਇੰਕ. ਦੀ ਜਨਤਕ ਤੌਰ ‘ਤੇ ਵਿਰੋਧੀ ਰਹੀ ਹੈ ਜੋ ਕਿ ਇੱਕ ਅਜਿਹਾ ਕਾਰੋਬਾਰੀ ਮਾਡਲ ਹੈ ਜਿਸ ਅਧੀਨ ਮੁਲਾਜ਼ਮਾਂ ਨੂੰ ਆਜ਼ਾਦ ਠੇਕੇਦਾਰਾਂ ਵਜੋਂ ਕੁਵਰਗੀਕ੍ਰਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸੀ.ਟੀ.ਏ. ਪ੍ਰਦੂਸ਼ਣ ਨਿਯਮਾਂ ਦੀ ਡਿਲੀਟ ਕਿੱਟਾਂ ਨਾਲ ਉਲੰਘਣਾ ਕਰਨ ਵਰਗੇ ਮੁੱਦਿਆਂ ਦੀ ਵੀ ਸਖ਼ਤ ਵਿਰੋਧੀ ਹੈ।

ਸੀ.ਟੀ.ਏ. ਦੇ ਪ੍ਰੈਜ਼ੀਡੈਂਟ ਸਟੀਫ਼ਨ ਲੈਸਕੋਅਸਕੀ ਨੇ ਪ੍ਰੈੱਸ ਦੇ ਨਾਂ ਜਾਰੀ ਇੱਕ ਬਿਆਨ ‘ਚ ਕਿਹਾ, ”ਆਵਾਜਾਈ ਸੇਵਾਵਾਂ ਦੀ ਲਾਗਤ ‘ਚ ਕਾਨੂੰਨ ਪਾਲਣਾ ਦੀ ਲਾਗਤ ਵੀ ਸ਼ਾਮਲ ਹੁੰਦੀ ਹੈ। ਇਸ ‘ਚ ਮਜ਼ਦੂਰੀ, ਟੈਕਸ, ਸੁਰੱਖਿਆ ਅਤੇ ਵਾਤਾਵਰਣ ਲਾਗਤਾਂ ਸ਼ਾਮਲ ਹਨ। ਆਵਾਜਾਈ ਦੀ ਕੀਮਤ ‘ਚੋਂ ਇਨ੍ਹਾਂ ਲਾਗਤਾਂ ਨੂੰ ਹਟਾਉਣ ਨਾਲ ਤੁਹਾਡੀ ਆਵਾਜਾਈ ਦੀ ਕੀਮਤ ਘੱਟ ਜਾਂਦੀ ਹੈ। ਇਸ ‘ਚ ਕੋਈ ਗੁੰਝਲਦਾਰ ਗੱਲ ਨਹੀਂ।”

ਇਸ ਨਾਲ ਸੰਬੰਧਤ ਇੱਕ ਦਸਤਾਵੇਜ਼ ‘ਚ ਕੁੱਝ ਕੈਰੀਅਰਾਂ ਵੱਲੋਂ ਈ.ਐਲ.ਡੀ. ਅੰਕੜਿਆਂ ਨੂੰ ਜਿਸ ਤਰ੍ਹਾਂ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਉਸ ਬਾਰੇ ਚਿੰਤਾਵਾਂ ਪ੍ਰਗਟ ਕੀਤੀਆਂ ਗਈਆਂ ਹਨ। ਇਹ ਸਭ ਕੈਰੀਅਰਸ ਲਈ ਬੀਮਾ ਕਰਨ ਦੀ ਘੱਟ ਕੀਮਤ ਅਤੇ ਸ਼ਿੱਪਰਜ਼ ਦੀਆਂ ਗਤੀਵਿਧੀਆਂ ਦੇ ਜ਼ੋਖ਼ਮ ਨੂੰ ਘਟਾ ਕੇ ਪੇਸ਼ ਕਰਨ ਲਈ ਕੀਤਾ ਜਾਂਦਾ ਹੈ।

ਇਸ ਦਸਤਾਵੇਜ਼ ‘ਚ ਕਿਹਾ ਗਿਆ ਹੈ, ”ਪਿਛਲੇ ਕੁੱਝ ਸਮੇਂ ਤੋਂ ਸਾਰਿਆਂ ਨੂੰ ਪਤਾ ਹੈ ਕਿ ਡਰਾਈਵਰਾਂ ਦੇ ਕੁਵਰਗੀਕਰਨ ਅਤੇ ਸੁਰੱਖਿਆ ਨੂੰ ਅਣਗੌਲਿਆ ਕਰਨ ‘ਚ ਆਪਸੀ ਸੰਬੰਧ ਹੈ। ਪਿੱਛੇ ਜਿਹੇ ਸਾਹਮਣੇ ਆਏ ਅੰਕੜੇ ਦੱਸਦੇ ਹਨ ਕਿ ਜੋ ਕੈਰੀਅਰ ਕੰਮਕਾਜ ਦੀਆਂ ਥਾਵਾਂ ‘ਤੇ ਸੁਰੱਖਿਆ ਅਤੇ ਬੀਮਾ ਬੋਰਡ (ਡਬਲਿਊ.ਐਸ.ਆਈ.ਬੀ.) ਰਾਹੀਂ ਓਂਟਾਰੀਓ ‘ਚ ਡਰਾਈਵਰ ਇੰਕ. ਪ੍ਰਯੋਗ ਕਰਨ ਦੇ ਦੋਸ਼ੀ ਪਾਏ ਹਨ ਉਨ੍ਹਾਂ ਦਾ ਸੜਕ ‘ਤੇ ਸੁਰੱਖਿਆ ਕਾਰਗੁਜ਼ਾਰੀ ਪ੍ਰਤੀ ਰੀਕਾਰਡ ਵੀ ਮਾੜਾ ਹੁੰਦਾ ਹੈ ਅਤੇ ਉਹ ਕੰਮ ਦੇ ਘੰਟੇ, ਗਤੀ ਤੇ ਗੱਡੀ ਦੇ ਰੱਖ-ਰਖਾਅ ਦੇ ਮਾਮਲੇ ‘ਚ ਨਿਯਮਾਂ ਦੀ ਪਾਲਣਾ ਨਹੀਂ ਕਰਦੇ।”

”ਜ਼ਰਾ ਸੋਚ ਕੇ ਵੇਖੋ: ਜੇਕਰ ਕੈਰੀਅਰ ਦਾ ਬਿਜ਼ਨੈਸ ਮਾਡਲ ਕਿਰਤ ਕਾਨੂੰਨਾਂ ਦੀ ਅਣਦੇਖੀ ‘ਤੇ ਬਣਾਇਆ ਗਿਆ ਹੈ ਤਾਂ ਕਿ ਲਾਗਤਾਂ ਘੱਟ ਲੱਗਣ ਅਤੇ ਬਾਜ਼ਾਰ ‘ਚ ਹਿੱਸਾ ਜ਼ਿਆਦਾ ਮਿਲੇ ਤਾਂ ਅਜਿਹਾ ਸੰਭਵ ਹੈ ਕਿ ਉਹ ਮਹੱਤਵਪੂਰਨ ਸੁਰੱਖਿਆ ਰੈਗੂਲੇਸ਼ਨਾਂ ਦੀ ਉਲੰਘਣਾ ਕਰਦੇ ਹੋਣਗੇ।”

ਸੀ.ਟੀ.ਏ. ਨੇ ਇਹ ਵੀ ਕਿਹਾ ਕਿ ਕਈ ਸ਼ਿੱਪਰਸ ਅਤੇ ਰਿਸੀਵਰਾਂ ਨੇ ਆਪਣੇ ਮਿਸ਼ਨ ਦਾ ਬਿਆਨ ਕਰਦਿਆਂ ਵਾਤਾਵਰਣ, ਕੰਮਕਾਜ ਵਾਲੀਆਂ ਥਾਵਾਂ ‘ਤੇ ਸੁਰੱਖਿਆ ਅਤੇ ਨਿਯਮਾਂ ਦੀ ਪਾਲਣਾ ਕਰਨ ਬਾਰੇ ਵਚਨਬੱਧਤਾ ਪ੍ਰਗਟ ਕੀਤੀ ਹੈ।

ਲੈਸਕੋਅਸਕੀ ਨੇ ਕਿਹਾ, ”ਸੀ.ਟੀ.ਏ. ਦੀ ਮੁਹਿੰਮ ਦਾ ਮੁੱਖ ਮੰਤਵ ਇਨ੍ਹਾਂ ਸੰਗਠਨਾਂ ਦੇ ਸੀ.ਈ.ਓ. ਨੂੰ ਇਸ ਗੱਲ ਲਈ ਹੱਲਾਸ਼ੇਰੀ ਦੇਣਾ ਹੈ ਕਿ ਉਨ੍ਹਾਂ ਦੀਆਂ ਵਸਤਾਂ ਸੁਰੱਖਿਅਤ ਅਤੇ ਨਿਯਮਾਂ ਦਾ ਪਾਲਣ ਕਰ ਰਹੇ ਟਰੱਕ ‘ਚ ਲਿਜਾਈਆਂ ਜਾ ਰਹੀਆਂ ਹਨ ਨਾ ਕਿ ਅਜਿਹੀਆਂ ਆਵਾਜਾਈ ਕੰਪਨੀਆਂ ਰਾਹੀਂ ਜਿਨ੍ਹਾਂ ਦੀ ਕਾਰੋਬਾਰੀ ਰਣਨੀਤੀ ਗ਼ੈਰਕਾਨੂੰਨੀ ਤਰੀਕੇ ਨਾਲ ਆਪਣੀਆਂ ਲਾਗਤਾਂ ਘੱਟ ਕਰਨ ਲਈ ਹੈ।”

ਐਸੋਸੀਏਸ਼ਨ ਅਜਿਹੇ ਕੈਰੀਅਰਾਂ ਨੂੰ ਹੱਲਾਸ਼ੇਰੀ ਦੇ ਰਹੀ ਹੈ ਕਿ ਉਹ ਗ੍ਰਾਹਕਾਂ ਨਾਲ ਆਪਣੀ ਮੁਹਿੰਮ ਬਾਰੇ ਸੂਚਨਾ ਸਾਂਝੀ ਕਰਨ ਅਤੇ ਪ੍ਰਮੁੱਖ ਸ਼ਿੱਪਰਜ਼ ਨਾਲ ਕੰਮ ਕਰ ਰਹੇ ਕਾਰਜਕਾਰੀਆਂ ਨਾਲ ਸੰਪਰਕ ਕਰਨ, ਵਿਸ਼ੇਸ਼ ਤੌਰ ‘ਤੇ ਉਹ ਜੋ ਕਾਰਪੋਰੇਟ ਦੇ ਅਕਸ ਲਈ ਜ਼ਿੰਮੇਵਾਰ ਹੋਣ।