ਸਬਰ ਵਾਲੇ ਡਰਾਈਵਰ ਸਰਦੀਆਂ ਦੀਆਂ ਚੁਨੌਤੀਆਂ ਤੋਂ ਪਾਰ ਪਾ ਲੈਣਗੇ

Avatar photo
ਇੱਕ ਮਾਹਰ ਕਹਿੰਦਾ ਹੈ ਕਿ ਟਰਿੱਪ ਤੋਂ ਪਹਿਲਾਂ ਜਾਂਚ ਕਰਨ ਵਿੱਚ 25 ਤੋਂ 30 ਮਿੰਟ ਲਗਦੇ ਹਨ। ਤਸਵੀਰ : ਲੀਓ ਬਾਰੋਸ

ਸਰਦੀਆਂ ਨੇ ਦਸਤਕ ਦੇ ਹੀ ਦਿੱਤੀ ਹੈ ਅਤੇ ਸਫ਼ਰ ਤੋਂ ਪਹਿਲਾਂ ਜਾਂਚ (ਪ੍ਰੀ ਟਰਿੱਪ ਇੰਸਪੈਕਸ਼ਨ, ਪੀ.ਟੀ.ਆਈ.) ਹਰ ਕਿਸੇ ਨੂੰ ਸੜਕ ’ਤੇ ਸੁਰੱਖਿਅਤ ਰੱਖੇਗੀ।

ਓਂਟਾਰੀਓ ਸੇਫਟੀ ਲੀਗ ਦੇ ਸਾਇਨਿੰਗ ਅਥਾਰਟੀ ਨੇ ਕਿਹਾ ਕਿ ਇੱਕ ਡਰਾਈਵਰ ਨੂੰ ਕਦੇ ਪੀ.ਟੀ.ਆਈ. ’ਤੇ ਸਮਝੌਤਾ ਨਹੀਂ ਕਰਨਾ ਚਾਹੀਦਾ, ਜਿਸ ’ਤੇ 25 ਤੋਂ 30 ਮਿੰਟਾਂ ਤੋਂ ਵੱਧ ਨਹੀਂ ਲੱਗਣੇ ਚਾਹੀਦੇ।

ਰਾਮਪਾਲ ਢਿੱਲੋਂ

ਏਅਰ ਬ੍ਰੇਕਸ ਅਤੇ ਖ਼ਤਰਨਾਕ ਵਸਤਾਂ ਬਾਰੇ ਡਰਾਈਵਰਾਂ ਨੂੰ ਸਿਖਲਾਈ ਪ੍ਰਦਾਨ ਕਰਨ ਲਈ ਟਰੱਕਿੰਗ ਉਦਯੋਗ ’ਚ 1985 ਤੋਂ ਕੰਮ ਕਰ ਰਹੇ ਰਾਮਪਾਲ ਢਿੱਲੋਂ ਨੇ ਕਿਹਾ ਕਿ ਸੁਰੱਖਿਅਤ ਡਰਾਈਵਰ ਉਹੀ ਵਿਅਕਤੀ ਹੈ ਜਿਸ ਅੰਦਰ ਪਹਿਲਾਂ ਤੋਂ ਹੀ ਹਰ ਸਮੇਂ ਕੁੱਝ ਨਵਾਂ ਸਿੱਖਣ ਦੀ ਲਲਕ ਹੋਵੇ। ਉਨ੍ਹਾਂ ਕਿਹਾ, ‘‘ਜਦੋਂ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਨੇ ਸਾਰਾ ਕੁੱਝ ਸਿੱਖ ਲਿਆ ਹੈ, ਉਦੋਂ ਉਨ੍ਹਾਂ ਦਾ ਸਫ਼ਰ ਖ਼ਤਮ ਹੈ।’’

ਬੋਲਟਨ, ਓਂਟਾਰੀਓ ਵਿਖੇ ਟ੍ਰਾਈਲਿੰਕ ਲੋਜਿਸਟਿਕਸ ਦੇ ਸਹਿ-ਮਾਲਕ ਹਰਬ ਲਿੱਧੜ ਨੇ ਕਿਹਾ ਕਿ ਪੀ.ਟੀ.ਆਈ. ਬਹੁਤ ਮਹੱਤਵਪੂਰਨ ਹੈ। ‘‘ਇਹ ਡਰਾਈਵਰਾਂ ਦੇ ਸੜਕ ’ਤੇ ਉਤਰਨ ਤੋਂ ਪਹਿਲਾਂ ਕਈ ਸਮੱਸਿਆਵਾਂ ਦਾ ਹੱਲ ਕਰ ਦਿੰਦਾ ਹੈ ਅਤੇ ਹਰ ਕਿਸੇ ਨੂੰ ਸੁਰੱਖਿਅਤ ਰੱਖਦਾ ਹੈ।’’ ਉਨ੍ਹਾਂ ਨੇ ਸਫ਼ਰ ਤੋਂ ਬਾਅਦ ਦੀ ਜਾਂਚ ’ਤੇ ਵੀ ਜ਼ੋਰ ਦਿੰਦਿਆਂ ਕਿਹਾ, ‘‘ਜਦੋਂ ਕੋਈ ਨੁਕਸ ਮਿਲ ਜਾਂਦਾ ਹੈ ਤਾਂ ਇਸ ਨਾਲ ਹਰ ਕਿਸੇ ਦੇ ਸਮੇਂ ਦੀ ਬਚਤ ਹੁੰਦੀ ਹੈ।’’

ਮਈ 4-6 ਦੌਰਾਨ ਹੋਏ ਇੰਟਰਨੈਸ਼ਨਲ ਰੋਡਚੈੱਕ ਬਲਿਟਜ਼ ਦੌਰਾਨ ਕੈਨੇਡੀਅਨ ਇਨਫ਼ੋਰਸਮੈਂਟ ਟੀਮਾਂ ਨੇ ਜਾਂਚ ਕੀਤੀਆਂ 27.2% ਗੱਡੀਆਂ ਨੂੰ ਸੇਵਾ ਤੋਂ ਬਾਹਰ ਕਰ ਦਿੱਤਾ ਸੀ, ਜਦਕਿ ਅਮਰੀਕਾ ’ਚ ਇਹ ਦਰ 20.9% ਰਹੀ। ਇਹ ਅੰਕੜਾ ਚਿੰਤਾ ਦਾ ਵਿਸ਼ਾ ਹੈ।

ਘਾਤਕ ਟੱਕਰਾਂ ਦੀ ਗਿਣਤੀ ਆਸਮਾਨ ਛੂਹ ਰਹੀ ਹੈ। 1 ਜਨਵਰੀ ਤੋਂ 30 ਜੂਨ ਵਿਚਕਾਰ ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓ.ਪੀ.ਪੀ.) ਨੂੰ 32 ਘਾਤਕ ਟੱਕਰਾਂ ਦੀ ਸੂਚਨਾ ਮਿਲੀ ਜਿਸ ’ਚ ਕਮਰਸ਼ੀਅਲ ਮੋਟਰ ਵਹੀਕਲ (ਸੀ.ਐਮ.ਵੀ.) ਸ਼ਾਮਲ ਸਨ, ਜਦਕਿ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਇਹ ਗਿਣਤੀ 23 ਸੀ।

2021 ਦੇ ਦੂਜੇ ਅੱਧ ’ਚ ਦਾਖ਼ਲ ਹੁੰਦਿਆਂ, ਸੀ.ਐਮ.ਵੀ. ਦੀ ਸ਼ਮੂਲੀਅਤ ਵਾਲੀਆਂ 2,956 ਟੱਕਰਾਂ ਹੋਈਆਂ, ਜੋ ਕਿ 2020 ਤੋਂ 9% ਵੱਧ ਸਨ ਅਤੇ ਇਸ ਸਾਲ ਓ.ਪੀ.ਪੀ. ਦੀ ਗਸ਼ਤ ਵਾਲੀਆਂ ਸੜਕਾਂ ’ਤੇ ਹੋਏ ਕੁੱਲ ਹਾਦਸਿਆਂ ਦਾ 13% ਬਣਦੇ ਹਨ।

ਲਿੱਧੜ ਨੇ ਕਿਹਾ ਕਿ ਸਬਰ ਹੀ ਸੁਰੱਖਿਅਤ ਡਰਾਈਵਿੰਗ ਦੀ ਕੁੰਜੀ ਹੈ। ਉਨ੍ਹਾਂ ਕਿਹਾ, ‘‘ਜੋ ਡਰਾਈਵਰ ‘ਮੈਨੂੰ ਕੰਮ ਦਿਓ’ ਕਹਿੰਦੇ ਇੱਧਰ-ਉਧਰ ਭੱਜਦੇ ਫਿਰਦੇ ਹਨ ਉਹੀ ਅਸੁਰੱਖਿਅਤ ਹਨ। ਜੋ ਹੌਲੀ ਅਤੇ ਸਬਰ ਨਾਲ ਚਲਾਉਂਦੇ ਹਨ ਉਹ ਸੁਰੱਖਿਅਤ ਡਰਾਈਵਰ ਹਨ।’’ ਟ੍ਰਾਈਲਿੰਕ ਦੇ ਸਹਿ ਮਾਲਕ ਜੀਤ ਜੰਜੂਆ ਨੇ ਕਿਹਾ ਕਿ ਕਈ ਨਵੇਂ ਡਰਾਈਵਰਾਂ ’ਚ ਸਬਰ ਦੀ ਕਮੀ ਹੁੰਦੀ ਹੈ।

ਗੁਰਬਿੰਦਰ ਹੇਅਰ

ਡੈਲਟਾ, ਬੀ.ਸੀ. ’ਚ ਅਰਸ਼ ਗਿੱਲ ਟਰੱਕਿੰਗ ’ਚ ਕੰਮ ਕਰਨ ਵਾਲੇ ਗੁਰਬਿੰਦਰ ਹੇਅਰ ਨੇ ਕਿਹਾ ਕਿ ਆਪਣੀ ਗਤੀ ਮੌਸਮ ਦੇ ਹਾਲਾਤ ਅਨੁਸਾਰ ਰੱਖੋ। ਜ਼ਿਆਦਾ ਜ਼ੋਰ ਨਾਲ ਬ੍ਰੇਕ ਨਾ ਲਾਓ, ਨਹੀਂ ਤਾਂ ਟਰੱਕ ਜੈਕਨਾਈਫ਼ ਹੋ ਜਾਵੇਗਾ।

ਹੇਅਰ ਨੇ ਕਿਹਾ, ‘‘ਪੇਸ਼ੇਵਰ ਰਵੱਈਆ ਅਤੇ ਕੰਮ ਪ੍ਰਤੀ ਸਾਕਾਰਾਤਮਕ ਪਹੁੰਚ ਹੀ ਸੁਰੱਖਿਅਤ ਡਰਾਈਵਰ ਬਣਾਉਂਦੇ ਹਨ।’’

ਡਰਾਈਵਰਾਂ ਨੂੰ ਆਪਣੇ ਟਾਇਰਾਂ ਦੀ ਨਿਰੰਤਰ ਰੂਪ ’ਚ ਜਾਂਚ ਕਰਨੀ ਚਾਹੀਦੀ ਹੈ ਅਤੇ ਸਰਦੀਆਂ ਦੌਰਾਨ ਚੇਨਾਂ ਚੰਗੀ ਸਥਿਤੀ ’ਚ ਹੋਣੀਆਂ ਚਾਹੀਦੀਆਂ ਹਨ। ਹੇਅਰ ਨੇ ਕਿਹਾ, ‘‘ਆਪਣੀ ਮੰਜ਼ਿਲ ਤਕ ਪਹੁੰਚਣ ਲਈ ਸਮੇਂ ਤੋਂ ਪਹਿਲਾਂ ਹੀ ਚੱਲੋ, ਤਾਂ ਕਿ ਜੇਕਰ ਮੌਸਮ ਅਤੇ ਸੜਕ ਦੇ ਹਾਲਾਤ ਕਰਕੇ ਦੇਰੀ ਹੋ ਜਾਵੇ ਤਾਂ ਵੀ ਤੁਸੀਂ ਆਪਣੀ ਡਿਲੀਵਰੀ ਸੁਰੱਖਿਅਤ ਅਤੇ ਸਮੇਂ ਅਨੁਸਾਰ ਕਰ ਸਕੋ।’’

ਉਨ੍ਹਾਂ ਨੇ ਡਰਾਈਵਰਾਂ ਨੂੰ ਟਰੱਕਾਂ ਅੰਦਰ ਵਾਧੂ ਭੋਜਨ ਅਤੇ ਕੱਪੜੇ ਵੀ ਰੱਖਣ, ਫ਼ਲੈਸ਼ਲਾਈਟ ਨੂੰ ਚਾਰਜ ਰੱਖਣ ਜਾਂ ਫ਼ਾਲਤੂ ਬੈਟਰੀਆਂ ਰੱਖਣ ਲਈ ਵੀ ਕਿਹਾ। ਉਹ ਹਮੇਸ਼ਾ ਆਪਣੇ ਨਾਲ ਦੋ ਫ਼ੋਨ ਅਤੇ ਦੋ ਚਾਰਜਿੰਗ ਕੇਬਲ ਵੀ ਰੱਖਦੇ ਹਨ।

ਢਿੱਲੋਂ ਨੇ ਕਿਹਾ ਕਿ ਹਰ ਕਿਸੇ ਨੂੰ ਮੌਸਮ ਦੇ ਹਾਲਤ ਅਨੁਸਾਰ ਹੀ ਡਰਾਈਵ ਕਰਨਾ ਚਾਹੀਦਾ ਹੈ। ਡਰਾਈਵਰਾਂ ਨੂੰ ਨਿਰੰਤਰ ਟਰੱਕ ਦੇ ਆਲੇ-ਦੁਆਲੇ ਦੇ ਖੇਤਰ ’ਤੇ ਨਜ਼ਰ ਮਾਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਕਈ ਨੌਜੁਆਨ ਡੈਸ਼ਬੋਰਡ ’ਤੇ ਫ਼ੋਨ ਰੱਖ ਕੇ ਫ਼ਿਲਮਾਂ ਜਾਂ ਸੋਸ਼ਲ ਮੀਡੀਆ ਵੇਖਦੇ ਰਹਿੰਦੇ ਹਨ।’’ ਉਨ੍ਹਾਂ ਕਿਹਾ ਕਿ ਧਿਆਨ ਭਟਕਾਉਣ ਵਾਲੀਆਂ ਅਜਿਹੀਆਂ ਗੱਲਾਂ ਕਰਕੇ ਹੀ ਟੱਕਰਾਂ ਹੁੰਦੀਆਂ ਹਨ।

ਸੱਜਿੳਂ: ਹਰਬ ਲਿੱਧੜ, ਜੀਤ ਜੰਜੂਆ, ਸਹਿ-ਮਾਲਕ ਟ੍ਰਾਈਲਿੰਕ ਲੋਜਿਸਟਿਕਸ ਅਤੇ ਉਨ੍ਹਾਂ ਦੇ ਨਾਲ ਲਖਵੀਰ ਲਿੱਧੜ (ਆਪਰੇਸ਼ਨਜ਼ ਮੈਨੇਜਰ) ਬੋਲਟਨ, ਓਂਟਾਰੀਓ ਵਿਖੇ ਆਪਣੇ ਯਾਰਡ ’ਚ। ਤਸਵੀਰ: ਲੀਓ ਬਾਰੋਸ

ਲਿੱਧੜ ਨੇ ਕਿਹਾ ਕਿ ਟ੍ਰਾਈਲਿੰਕ ਆਪਣੇ ਹਰ ਡਰਾਈਵਰ ਲਈ ਪ੍ਰੀ-ਵਿੰਟਰ ਸਿਖਲਾਈ ਸੈਸ਼ਨ ਕਰਵਾਉਂਦਾ ਹੈ। ਇੰਡਸਟਰੀ ਦੇ ਮਾਹਰ ਕੰਪਨੀ ’ਚ ਜਾ ਕੇ ਹਦਾਇਤਾਂ ਤੇ ਟਿਪਸ ਮੁਹੱਈਆ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਡਰਾਈਵਰ ਜ਼ਿਆਦਾ ਤਜ਼ਰਬੇਕਾਰ ਹੁੰਦੇ ਜਾਂਦੇ ਹਨ ਉਹ ਸੁਰੱਖਿਆ ਦੀ ਅਣਦੇਖੀ ਕਰਦੇ ਹਨ।

ਜੰਜੂਆ ਨੇ ਕਿਹਾ ਕਿ ਰੀਫ਼ਰੈਸ਼ਰ ਕੋਰਸ ਡਰਾਈਵਰਾਂ ਨੂੰ ਸ਼ਾਂਤ ਕਰਨ ’ਚ ਮੱਦਦ ਕਰਦਾ ਹੈ, ਵਿਸ਼ੇਸ਼ ਕਰ ਕੇ ਜਦੋਂ ਉਹ ਕਈ ਵਾਰੀ ਸੜਕ ’ਤੇ ਗੁੱਸੇ ’ਚ ਆ ਜਾਂਦੇ ਹਨ।

ਗਿੱਲੇ ਅਤੇ ਬਰਫ਼ਬਾਰੀ ਵਾਲੇ ਹਾਲਾਤ ’ਚ, ਟਰੱਕ ਬਹੁਤ ਸਾਰੀ ਬਰਫ਼, ਚਿੱਕੜ ਅਤੇ ਪਾਣੀ ਦੇ ਛਿੱਟੇ ਮਾਰਦੇ ਹਨ। ਢਿੱਲੋਂ ਨੇ ਡਰਾਈਵਰਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਗੱਡੀ ਹੌਲੀ ਚਲਾਉਣ ਅਤੇ ਹੋਰ ਗੱਡੀਆਂ ਨੂੰ ਲੰਘਣ ਦੇਣ। ਕਦੇ ਵੀ ਗਤੀ ਤੇਜ਼ ਨਹੀਂ ਕਰਨੀ ਚਾਹੀਦੀ, ਇਸ ਨਾਲ ਕਾਰ ਡਰਾਈਵਰਾਂ ਦੀ ਦ੍ਰਿਸ਼ਟਤਾ ’ਚ ਕਮੀ ਆ ਸਕਦੀ ਹੈ ਅਤੇ ਹਾਦਸਾ ਵਾਪਰ ਸਕਦਾ ਹੈ।

ਓਨਰ ਆਪਰੇਟਰ ਹੇਅਰ ਕਹਿੰਦੇ ਹਨ ਕਿ ਜਦੋਂ ਮੌਸਮ ਖ਼ਰਾਬ ਹੁੰਦਾ ਹੈ, ਅਤੇ ਸੜਕ ਦੇ ਹਾਲਾਤ ਔਖੇ ਹੋਣ ਤਾਂ ਸਭ ਤੋਂ ਸੁਰੱਖਿਅਤ ਚੀਜ਼ ਰੁਕ ਜਾਣਾ ਹੀ ਹੁੰਦਾ ਹੈ।

ਜੰਜੂਆ ਨੇ ਕਿਹਾ, ‘‘ਜੇਕਰ ਹਾਲਾਤ ਖ਼ਰਾਬ ਹਨ ਤਾਂ ਟਰੱਕ ਨੂੰ ਪਾਰਕ ਕਰ ਦਿਓ।’’

ਉਨ੍ਹਾਂ ਕਿਹਾ, ‘‘ਪਛਤਾਉਣ ਦੀ ਬਜਾਏ ਸੁਰੱਖਿਅਤ ਰਹਿਣਾ ਹਮੇਸ਼ਾ ਚੰਗਾ ਹੁੰਦਾ ਹੈ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਡਰਾਈਵਰ ਗੱਡੀ ਨੂੰ ਪਾਰਕ ਕਰ ਦਿੰਦੇ ਹਨ, ਡਿਸਪੈਚ ਨੂੰ ਕਾਲ ਕਰਦੇ ਹਨ ਅਤੇ ਕਹਿ ਦਿੰਦੇ ਹਨ ਕਿ ਮੌਸਮ ਬਹੁਤ ਖ਼ਰਾਬ ਹੈ। ਟ੍ਰਾਈਲਿੰਕ ਆਪਣੇ ਡਰਾਈਵਰਾਂ ਦਾ ਰਸਤਾ ਬਦਲ ਦਿੰਦਾ ਹੈ ਜਾਂ ਉਨ੍ਹਾਂ ਨੂੰ ਕਹਿੰਦਾ ਹੈ ਕਿ ਕਿਸੇ ਸੁਰੱਖਿਅਤ ਥਾਂ ’ਤੇ ਗੱਡੀ ਪਾਰਕ ਕਰ ਦਿਓ ਜਦੋਂ ਤਕ ਕਿ ਮੌਸਮ ਠੀਕ ਨਹੀਂ ਹੁੰਦਾ।

ਟਰਿੱਪ ਦੇ ਜਾਣ ਤੋਂ ਪਹਿਲਾਂ ਇੱਕ ਡਰਾਈਵਰ ਇੰਜਣ ਦੇ ਤੇਲ ਦੇ ਪੱਧਰ ਦੀ ਜਾਂਚ ਕਰਦਾ ਹੋਇਆ। ਤਸਵੀਰ : ਲੀਓ ਬਾਰੋਸ

ਢਿੱਲੋਂ ਨੇ ਕਿਹਾ ਕਿ ਜਦੋਂ ਤੁਹਾਨੂੰ ਦਿਸਦਾ ਹੈ ਕਿ ਸੜਕ ਤੇ ਰੌਸ਼ਨੀ ਦਾ ਫੈਲਾਅ ਹੈ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਕਾਲੀ ਬਰਫ਼ ਸੜਕ ’ਤੇ ਮੌਜੂਦ ਹੋ ਸਕਦੀ ਹੈ। ਉਨ੍ਹਾਂ ਕਿਹਾ, ‘‘ਡਰਾਈਵਰ ਭਾਵੇਂ ਕਿੰਨਾ ਵੀ ਤਜ਼ਰਬੇਕਾਰ ਕਿਉਂ ਨਾ ਹੋਵੇ, ਉਸ ਨੂੰ ਆਪਣੇ ਫ਼ੋਰ-ਵੇ ਫ਼ਲੈਸ਼ਰ ਜਗਾਉਣੇ ਚਾਹੀਦੇ ਹਨ ਅਤੇ ਨੇੜਲੀ ਸੁਰੱਖਿਅਤ ਥਾਂ ’ਤੇ ਰੁਕ ਜਾਣਾ ਚਾਹੀਦਾ ਹੈ।’’

ਉਸ ਵੇਲੇ ਵੀ ਧਿਆਨ ਦੇਣਾ ਚਾਹੀਦਾ ਹੈ ਜਦੋਂ ਤੁਹਾਡਾ ਟਰੇਲਰ ਲੋਡ ਕੀਤਾ ਜਾ ਰਿਹਾ ਹੋਵੇ। ਢਿੱਲੋਂ ਨੇ ਕਿਹਾ, ‘‘ਇਹ ਯਕੀਨੀ ਕਰੋ ਕਿ ਲੋਡ ਕਿਸੇ ਸਟਰੈਪ ਜਾਂ ਲੋਡ ਬਾਰ ਨਾਲ ਸੁਰੱਖਿਅਤ ਹੈ ਅਤੇ ਕੋਈ ਲਾਪਰਵਾਹੀ ਨਾ ਕਰੋ। ਖ਼ੁਦ ਵੇਖ ਕੇ ਜਾਂਚ ਕਰੋ।’’

ਟ੍ਰਾਈਲਿੰਕ ਦੇ ਲਿੱਧੜ ਨੇ ਕਿਹਾ ਕਿ ਉਨ੍ਹਾਂ ਨੂੰ ਉਦੋਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਲੋਡ ਸ਼ਿੱਪਰ ਲੋਕੇਸ਼ਨ ’ਤੇ ਖਿਸਕ ਕੇ ਟੁੱਟ-ਭੱਜ ਦਾ ਸ਼ਿਕਾਰ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਡਰਾਈਵਰ ਇਨ੍ਹਾਂ ਹਾਦਸਿਆਂ ਦੀਆਂ ਤਸਵੀਰਾਂ ਲੈ ਕੇ ਅਤੇ ਵੀਡੀਓ ਬਣਾ ਕੇ ਹੋਰਨਾਂ ਡਰਾਈਵਰਾਂ ਨੂੰ ਵਿਖਾਉਂਦੇ ਹਨ, ਤਾਂ ਕਿ ਉਹ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਰੋਕਣ ਲਈ ਧਿਆਨ ਰੱਖ ਸਕਣ।

ਤਾਪਮਾਨ ਘਟਣ ਅਤੇ ਸੜਕਾਂ ਦੇ ਫਿਸਲਵੀਆਂ ਹੋਣ ਦੇ ਨਾਲ ਹੀ ਚੰਗੀ ਤਰ੍ਹਾਂ ਜਾਂਚ, ਹਾਲਾਤ ਅਨੁਸਾਰ ਡਰਾਈਵਿੰਗ ਅਤੇ ਸਥਿਤੀ ਅਨੁਸਾਰ ਰੁਕਣ ਦਾ ਫ਼ੈਸਲਾ, ਹਰ ਕਿਸੇ ਨੂੰ ਸੁਰੱਖਿਅਤ ਰੱਖੇਗਾ ਅਤੇ ਫ਼ਰੇਟ ਨੂੰ ਸਮੇਂ ਸਿਰ ਮੰਜ਼ਿਲ ਤਕ ਪਹੁੰਚਾਏਗਾ।

 

ਲੀਓ ਬਾਰੋਸ ਵੱਲੋਂ