ਸਰਬੋਤਮ ਫ਼ਲੀਟਸ ਦੀ ਸੂਚੀ ‘ਚ ਸ਼ਾਮਲ ਹੋਏ 6 ਕੈਨੇਡੀਅਨ ਫ਼ਲੀਟ

Avatar photo

ਟਰੱਕਲੋਡ ਕੈਰੀਅਰਸ ਐਸੋਸੀਏਸ਼ਨ (ਟੀ.ਸੀ.ਏ.) ਅਤੇ ਕੈਰੀਅਰਸਐੱਜ ਵੱਲੋਂ ਚਲਾਏ ਜਾਂਦੇ ਮੁਕਾਬਲੇ ‘ਚ ਛੇ ਕੈਨੇਡੀਅਨ ਫ਼ਲੀਟਸ ਨੇ ਵੀ 2021 ਦੀ ਬਿਹਤਰੀਨ ਫ਼ਲੀਟਸ ਸੂਚੀ ‘ਚ ਥਾਂ ਬਣਾ ਲਈ ਹੈ।

ਬਾਇਜ਼ਨ ਟਰਾਂਸਪੋਰਟ (ਵਿਨੀਪੈੱਗ, ਮੇਨੀਟੋਬਾ), ਚੈਲੰਜਰ (ਕੈਂਬਰਿਜ, ਓਂਟਾਰੀਓ), ਅਰਬ ਟਰਾਂਸਪੋਰਟ (ਨਿਊ ਹੈਮਬਰਗ, ਓਂਟਾਰੀਓ), ਫ਼ੋਰਟੀਗੋ ਫ਼ਰੇਟ ਸਰਵੀਸਿਜ਼ (ਇਟੋਬਿਕੋ, ਓਂਟਾਰੀਓ), ਟਰਾਂਸਪਰੋ ਫ਼ਰੇਟ ਸਿਸਟਮਜ਼ (ਮਿਲਟਨ, ਓਂਟਾਰੀਓ), ਅਤੇ ਵੈਲਿੰਗਟਨ ਮੋਟਰ ਫ਼ਰੇਟ (ਏਬਰਫ਼ੋਇਲ, ਓਂਟਾਰੀਓ) ਸਣੇ 20 ਪ੍ਰਮੁੱਖ ਫ਼ਲੀਟਸ ਦੀ ਸੂਚੀ ‘ਚ ਥਾਂ ਬਣਾਉਣ ‘ਚ ਕਾਮਯਾਬ ਰਹੇ।

ਮਿਸੀਸਾਗਾ, ਓਂਟਾਰੀਓ ਦੀ ਏਅਰਟਾਈਮ ਐਕਸਪ੍ਰੈੱਸ ਵੀ ਉਨ੍ਹਾਂ ਪੰਜ ਫ਼ਲੀਟਾਂ ‘ਚ ਸ਼ਾਮਲ ਰਹੀ ਜਿਨ੍ਹਾਂ ਨੂੰ ਭਵਿੱਖ ਲਈ ਵੇਖਣਯੋਗ ਕਰਾਰ ਦਿੱਤਾ ਗਿਆ ਹੈ।

ਮੁਕਾਬਲੇ ‘ਚ ਹਿੱਸਾ ਲੈਣ ਲਈ 10 ਜਾਂ ਇਸ ਤੋਂ ਵੱਧ ਟਰੱਕਾਂ ਵਾਲੇ ਉੱਤਰੀ ਅਮਰੀਕੀ ਫ਼ਲੀਟਸ ਦੀ ਨਾਮਜ਼ਦਗੀ ਕਿਸੇ ਕੰਪਨੀ ਡਰਾਈਵਰ ਜਾਂ ਓਨਰ-ਆਪਰੇਟਰ ਵੱਲੋਂ ਕੀਤੀ ਜਾਂਦੀ ਹੈ। ਫਿਰ ਇਨ੍ਹਾਂ ਨੂੰ ਕੁੱਲ ਮੁਆਵਜ਼ੇ, ਸਿਹਤ ਲਾਭ, ਕਾਰਗੁਜ਼ਾਰੀ ਪ੍ਰਬੰਧਨ, ਪੇਸ਼ੇਵਰ ਵਿਕਾਸ ਅਤੇ ਕੈਰੀਅਰ ਪਾਥ/ਅਡਵਾਂਸਮੈਂਟ ਵਰਗੀ ਯੋਗਤਾ ਦੇ ਆਧਾਰ ‘ਤੇ ਮੁਲਾਂਕਣ ਕਰ ਕੇ ਸ਼੍ਰੇਣੀਆਂ ‘ਚ ਵੰਡਿਆ ਜਾਂਦਾ ਹੈ। ਫ਼ਲੀਟਸ ਨਾਲ ਕੰਮ ਕਰਨ ਵਾਲੇ ਡਰਾਈਵਰਾਂ ਅਤੇ ਆਜ਼ਾਦ ਠੇਕੇਦਾਰਾਂ ਤੋਂ ਹੁੰਗਾਰਾ ਪ੍ਰਾਪਤ ਕਰਨ ਲਈ ਡਰਾਈਵਰ ਸਰਵੇਖਣ ਵੀ ਕੀਤਾ ਗਿਆ ਸੀ।

ਜੇਤੂਆਂ ਦੀ ਸੂਚੀ ਟੀ.ਸੀ.ਏ. ਦੀ ਟਰੱਕਲੋਡ2021 ਕਨਵੈਂਸ਼ਨ ‘ਚ ਕੀਤੀ ਜਾਵੇਗੀ ਜੋ ਕਿ 17-20 ਅਪ੍ਰੈਲ ਦੌਰਾਨ ਲਾਸ ਵੇਗਾਸ ‘ਚ ਹੋਵੇਗੀ।