ਸਵੱਛ ਫ਼ਿਊਲ ਮਾਨਕਾਂ ’ਚ ਦੇਰੀ ਕਰੇਗੀ ਫ਼ੈਡਰਲ ਸਰਕਾਰ

ਟਰੂਡੋ ਸਰਕਾਰ ਗੈਸੋਲੀਨ ਅਤੇ ਡੀਜ਼ਲ ’ਤੇ ਨਵੇਂ ਉਤਸਰਜਨ ਮਾਨਕ ਲਾਗੂ ਕਰਨ ’ਚ ਇੱਕ ਹੋਰ ਸਾਲ ਦੀ ਦੇਰੀ ਕਰ ਰਹੀ ਹੈ, ਪਰ ਨਾਲ ਹੀ ਇਸ ਨੇ ਤੇਲ ਅਤੇ ਗੈਸ ਖੇਤਰ ਨੂੰ 2030 ਤੱਕ ਫ਼ਿਊਲ ਉਤਸਰਜਨ ’ਚ ਵੱਧ ਕਟੌਤੀ ਕਰਨ ਦੀ ਮੰਗ ਕੀਤੀ ਹੈ।

ਕੈਬਿਨੇਟ ਨੇ ਸਵੱਛ ਫ਼ਿਊਲ ਮਾਨਕਾਂ ਲਈ ਮੁਕੰਮਲ ਰੈਗੂਲੇਸ਼ਨਾਂ ਨੂੰ ਪਿਛਲੇ ਹਫ਼ਤੇ ਮਨਜ਼ੂਰੀ ਦੇ ਦਿੱਤੀ ਅਤੇ ਕੈਨੇਡੀਅਨ ਪ੍ਰੈੱਸ ਨੇ 6 ਜੁਲਾਈ ਨੂੰ ਪ੍ਰਕਾਸ਼ਨਾ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਪ੍ਰਾਪਤ ਕਰ ਲਿਆ।

fuel tank
(Photo: istock)

ਸਵੱਛ ਫ਼ਿਊਲ ਮਾਨਕਾਂ ਨੂੰ ਪਹਿਲਾਂ 2016 ’ਚ ਲਿਆਉਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਇਨ੍ਹਾਂ ਨੂੰ ਇਸ ਸਾਲ ਲਾਗੂ ਕੀਤਾ ਜਾਣਾ ਸੀ, ਪਰ ਮੁਕੰਮਲ ਰੈਗੂਲੇਸ਼ਨਾਂ ’ਚ ਕਿਹਾ ਗਿਆ ਹੈ ਕਿ ਹੁਣ ਇਨ੍ਹਾਂ ਨੂੰ ਦਸੰਬਰ 2023 ’ਚ ਲਾਗੂ ਕੀਤਾ ਜਾਵੇਗਾ।

ਨਵੇਂ ਨਿਯਮਾਂ ’ਚ ਕਿਹਾ ਗਿਆ ਹੈ ਕਿ ਅਗਲੇ ਸਾਲ ਦੇ ਅਖ਼ੀਰ ਤਕ ਗੈਸੋਲੀਨ ਅਤੇ ਡੀਜ਼ਲ ਦੀ ਉਤਸਰਜਨ ਤੀਬਰਤਾ ’ਚ 3.5 ਫ਼ੀਸਦੀ ਤੋਂ ਵੱਧ ਕਮੀ ਆਉਣੀ ਚਾਹੀਦੀ ਹੈ, ਅਤੇ 2030 ਤੱਕ, ਉਤਸਰਜਨ ’ਚ 15 ਫ਼ੀਸਦੀ ਦੀ ਕਮੀ ਆਉਣੀ ਚਾਹੀਦੀ ਹੈ।

2020 ’ਚ, ਫ਼ੈਡਰਲ ਸਰਕਾਰ ਨੇ ਕਿਹਾ ਸੀ ਕਿ ਤੇਲ ਅਤੇ ਗੈਸ ਕੰਪਨੀਆਂ ਵੱਲੋਂ ਮਹਾਂਮਾਰੀ ਕਰਕੇ ਆਮਦਨ ’ਚ ਕਮੀ ਤੋਂ ਬਾਹਰ ਨਿਕਲਣ ਤੱਕ ਉਹ ਸ਼ੁਰੂਆਤੀ ਸਾਲਾਂ ’ਚ ਮਾਨਕਾਂ ’ਚ ਨਰਮਾਈ ਰੱਖੇਗੀ।

ਪਰ ਹੁਣ ਵਾਤਾਵਰਣ ਮੰਤਰੀ ਸਟੀਵਨ ਗਿੱਲਬੋ ਦੇ ਦਫ਼ਤਰ ਦਾ ਕਹਿਣਾ ਹੈ ਕਿ ਕੰਪਨੀਆਂ ਰਿਕਾਰਡ ਲਾਭ ਕਮਾ ਰਹੀਆਂ ਹਨ।