ਸਸਕੈਚਵਨ ਦੇ ਆਰਾਮ ਘਰ ਮੁੜ ਖੁੱਲ੍ਹੇ

Avatar photo

ਸਸਕੈਚਵਨ ਟਰੱਕਿੰਗ ਐਸੋਸੀਏਸ਼ਨ (ਐਸ.ਟੀ.ਏ.) ਨੇ ਸੂਬਾ ਸਰਕਾਰ ਵੱਲੋਂ ਇਸ ਦੇ ਨੌਂ ਆਰਾਮ ਘਰਾਂ ਨੂੰ ਬੰਦ ਕਰਨ ਦਾ ਫ਼ੈਸਲਾ ਪਲਟਣ ਦੀ ਤਾਰੀਫ਼ ਕੀਤੀ ਹੈ।

ਸਸਕੈਚਵਨ ਦੇ ਹਾਈਵੇਜ਼ ਅਤੇ ਮੁਢਲਾ ਢਾਂਚਾ ਮੰਤਰਾਲੇ ਨੇ ਸੰਕੇਤ ਦਿੱਤਾ ਸੀ ਕਿ ਇਹ ਆਰਾਮ ਘਰ ਆਮ ਜਨਤਾ ਲਈ ਬੰਦ ਹੋ ਜਾਣਗੇ। ਹਾਲਾਂਕਿ ਇਸ ਐਲਾਨ ਦਾ ਕਈ ਪਾਸਿਆਂ ਤੋਂ ਵਿਰੋਧ ਹੋਇਆ ਸੀ ਜਿਸ ਕਾਰਨ ਇਸ ਫ਼ੈਸਲੇ ਨੂੰ ਪਲਟਣਾ ਪੈ ਗਿਆ।

ਇਹ ਆਰਾਮ ਘਰ ਟਰਾਂਸ-ਕੈਨੇਡਾ ਹਾਈਵੇ, ਹਾਈਵੇ 7 ਅਤੇ ਹਾਈਵੇ 9 ‘ਤੇ ਸਥਿਤ ਹਨ। ਇਨ੍ਹਾਂ ‘ਚੋਂ ਦੋ ਆਰਾਮ ਘਰ ਸਿਰਫ਼ ਸੈਮੀ ਟਰੱਕਾਂ ਲਈ ਹਨ।

ਐਸ.ਟੀ.ਏ. ਦੀ ਕਾਰਜਕਾਰੀ ਡਾਇਰੈਕਟਰ ਸੁਜ਼ੈਨ ਈਵਾਰਟ ਨੇ ਕਿਹਾ ਕਿ ਐਸੋਸੀਏਸ਼ਨ ਇਸ ਐਲਾਨ ਤੋਂ ਖ਼ੁਸ਼ ਹੈ ਕਿ ਆਰਾਮ ਘਰ ਖੁੱਲ੍ਹੇ ਰਹਿਣਗੇ।

ਹੁਣ ਐਸ.ਟੀ.ਏ. ਵੀ ਉਸ ਕਮੇਟੀ ਦਾ ਹਿੱਸਾ ਹੋਵੇਗੀ ਜੋ ਸੂਬੇ ‘ਚ ਆਰਾਮ ਘਰਾਂ ਦੇ ਭਵਿੱਖ ਬਾਰੇ ਸਰਕਾਰ ਨੂੰ ਜਾਣਕਾਰੀ ਦੇਵੇਗੀ।

ਐਸ.ਟੀ.ਏ. ਨੇ ਹੋਰ ਸੂਬਾਈ ਟਰੱਕਿੰਗ ਐਸੋਸੀਏਸ਼ਨਾਂ ਨਾਲ ਲੰਮੇ ਸਮੇਂ ਤੋਂ ਕਾਰੋਬਾਰੀ ਡਰਾਈਵਰਾਂ ਲਈ ਹੋਰ ਆਰਾਮ ਘਰਾਂ ਦੀ ਵਕਾਲਤ ਕੀਤੀ ਹੈ, ਵਿਸ਼ੇਸ਼ ਕਰ ਕੇ ਜਦੋਂ ਕੈਨੇਡਾ ਅੰਦਰ 2021 ਤੋਂ ਬਾਅਦ ਇਲੈਕਟ੍ਰਾਨਿਕ ਲਾਗਿੰਗ ਡਿਵਾਇਸ ਲਾਉਣਾ ਲਾਜ਼ਮੀ ਹੋਣ ਜਾ ਰਿਹਾ ਹੈ।