ਸਿੱਖ ਕਮਿਊਨਿਟੀ ਨੇ ਫਸੇ ਹੋਏ ਡਰਾਈਵਰਾਂ ਲਈ ਲੰਗਰ ਲਾਇਆ, ਬੀ.ਸੀ. ਫ਼ਲੱਡ ਏਡ ਲਈ ਪੈਸੇ ਜੁਟਾਏ

Avatar photo

ਹੜ੍ਹਾਂ ਕਾਰਨ ਸੜਕਾਂ ਅਤੇ ਪੁਲਾਂ ਦੇ ਵਹਿ ਜਾਣ ਮਗਰੋਂ ਸਿੱਖ ਭਾਈਚਾਰੇ ਨੇ ਬੀ.ਸੀ. ਪ੍ਰੋਵਿੰਸ ’ਚ ਫਸੇ ਟਰੱਕ ਡਰਾਈਵਰਾਂ ਲਈ ਰਾਹਤ ਦਾ ਹੱਥ ਵਧਾਇਆ ਹੈ। ਉਨ੍ਹਾਂ ਨੇ ਇਸ ਬਿਪਤਾ ਕਰਕੇ ਪ੍ਰਭਾਵਿਤ ਹੋਰਨਾਂ ਲਈ ਵੀ ਮੱਦਦ ਦਾ ਹੱਥ ਵਧਾਇਆ ਹੈ।

ਕੈਮਲੂਪਸ, ਬੀ.ਸੀ. ਵਿਖੇ ਸਥਿਤ ਕੈਮਲੂਪਸ ਗੁਰਦੁਆਰਾ ਸਾਹਿਬ ਸੁਸਾਇਟੀ ਦੇ ਪ੍ਰਧਾਨ ਦਲਬੀਰ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਦੇ ਸੰਗਠਨ ਨੇ ਖੇਤਰ ਦੇ 400 ਟਰੱਕਰਸ ਦੀ ਮੱਦਦ ਕੀਤੀ ਹੈ।

ਉਨ੍ਹਾਂ ਕਿਹਾ, ‘‘ਹੜ੍ਹਾਂ ਕਰਕੇ ਸੜਕਾਂ ’ਤੇ ਫਸੇ ਕੁੱਝ ਟਰੱਕਰਸ ਹੁਣ ਅੱਗੇ ਵਧਣ ਲੱਗੇ ਹਨ। ਹਾਲਾਤ ਅਜੇ ਵੀ ਚੰਗੇ ਨਹੀਂ ਹਨ ਪਰ ਪਹਿਲਾਂ ਨਾਲੋਂ ਬਿਹਤਰ ਹੋ ਰਹੇ ਹਨ।’’

ਕੈਮਲੂਪਸ, ਬੀ.ਸੀ. ’ਚ ਸਥਿਤ ਕੈਮਲੂਪਸ ਗੁਰਦੁਆਰਾ ਸਾਹਿਬ ਸੁਸਾਇਟੀ ਵਿਖੇ ਵਲੰਟੀਅਰ ਭੋਜਨ ਤਿਆਰ ਕਰਦੇ ਹੋਏ। (ਕੈਮਲੂਪਸ ਗੁਰਦੁਆਰਾ ਸਾਹਿਬ ਸੁਸਾਇਟੀ)

ਕੁੱਝ ਡਰਾਈਵਰ 30, 40 ਜਾਂ 50 ਦੇ ਗਰੁੱਪ ’ਚ ਫਸੇ ਹੋਏ ਸਨ। ਗਿੱਲ ਨੇ ਕਿਹਾ, ‘‘ਅਸੀਂ ਜੋ ਕੁੱਝ ਵੀ ਕਰ ਸਕਦੇ ਸੀ ਕੀਤਾ। ਅਸੀਂ ਗੁਰਦੁਆਰੇ ’ਚ ਭੋਜਨ ਪਕਾਇਆ ਅਤੇ ਉਨ੍ਹਾਂ ਤੱਕ ਪਹੁੰਚਾਇਆ, ਜਿੱਥੇ ਵੀ ਉਹ ਫਸੇ ਹੋਏ ਸਨ। ਉਨ੍ਹਾਂ ਨੂੰ ਜੋ ਵੀ ਚਾਹੀਦਾ ਸੀ, ਅਸੀਂ ਉਨ੍ਹਾਂ ਤੱਕ ਪੁੱਜਦਾ ਕੀਤਾ।’’

ਕੁੱਝ ਡਰਾਈਵਰ ਗੁਰਦੁਆਰੇ ਤੱਕ ਆਏ ਅਤੇ ਆਪਣੇ ਸਾਥੀਆਂ ਲਈ ਵੀ ਭੋਜਨ ਲੈ ਕੇ ਗਏ। ਗਿੱਲ ਨੇ ਕਿਹਾ ਕਿ ਇਲਾਕੇ ਦੇ ਪੂਰੇ ਸਿੱਖ ਭਾਈਚਾਰੇ ਨੇ ਮੱਦਦ ਲਈ ਹੱਥ ਵਧਾਇਆ।

Volunteers pack meals
ਵੈਨਕੂਵਰ, ਬੀ.ਸੀ. ਵਿਖੇ ਗੁਰੂ ਨਾਨਕਜ਼ ਫ਼੍ਰੀ ਕਿਚਨ ’ਚ ਜ਼ਰੂਰਤਮੰਦਾਂ ਲਈ ਭੋਜਨ ਤਿਆਰ ਕਰਦੇ ਵਲੰਟੀਅਰ। (ਤਸਵੀਰ: ਗੁਰੂ ਨਾਨਕਜ਼ ਫ਼੍ਰੀ ਕਿਚਨ)

ਕੁੱਝ ਦਿਨ ਪਹਿਲਾਂ ਵੈਨਕੂਵਰ ’ਚ ਗੁਰੂ ਨਾਨਕਜ਼ ਫ਼੍ਰੀ ਕਿਚਨ ’ਚ ਵੱਡੀ ਮਾਤਰਾ ’ਚ ਭੋਜਨ ਪਕਾਇਆ ਗਿਆ। ਹੜ੍ਹਾਂ ਕਰਕੇ ਪ੍ਰਭਾਵਤ ਲੋਕਾਂ ਨੂੰ ਭੋਜਨ ਅਤੇ ਰਸਦ ਹੈਲੀਕਾਪਟਰ ਰਾਹੀਂ ਪਹੁੰਚਾਈ ਗਈ।

ਇੱਕ ਵਲੰਟੀਅਰ ਇੰਦੀ ਪੰਛੀ ਨੇ ਕਿਹਾ ਕਿ ਚੈਰਿਟੀ ’ਚ 400 ਤੋਂ ਜ਼ਿਆਦਾ ਵਲੰਟੀਅਰ ਸ਼ਾਮਲ ਸਨ, ਜਿਨ੍ਹਾਂ ’ਚ ਸਿੱਖ ਧਰਮ ਤੋਂ ਇਲਾਵਾ ਹੋਰਨਾਂ ਧਰਮਾਂ ਦੇ ਲੋਕ ਵੀ ਸ਼ਾਮਲ ਸਨ, ਜੋ ਕਿ ਸਾਰੇ ਪਿਛੋਕੜਾਂ ਨਾਲ ਸੰਬੰਧਤ ਸਨ।

ਕੁੱਝ ਵਿਅਕਤੀਆਂ ਦੀ ਮੱਦਦ ਨਾਲ ਹੈਲੀਕਾਪਟਰ ਦਾ ਪ੍ਰਬੰਧ ਕੀਤਾ ਗਿਆ ਅਤੇ ਵਲੰਟੀਅਰਾਂ ਨੇ ਪ੍ਰਭਾਵਤ ਭਾਈਚਾਰਿਆਂ ਤੱਕ ਗੱਡੀਆਂ ਨਾਲ ਭੋਜਨ ਵੰਡਿਆ।

ਉਨ੍ਹਾਂ ਕਿਹਾ, ‘‘ਅਸੀਂ ਗੁਰੂ ਨਾਨਕ ਦੇ ‘ਸਾਰਿਆਂ ਨੂੰ ਪਿਆਰ ਕਰੋ, ਸਾਰਿਆਂ ਲਈ ਭੋਜਨ ਦਿਓ’ ਦੇ ਸਿਧਾਂਤ ਨੂੰ ਮੰਨਦੇ ਹਾਂ। ਸਾਡਾ ਟੀਚਾ ਜ਼ਰੂਰਤਮੰਦਾਂ ਨੂੰ ਭੋਜਨ ਦੇਣਾ ਹੈ, ਜਿਨ੍ਹਾਂ ’ਚ ਟਰੱਕ ਡਰਾਈਵਰ ਅਤੇ ਹੜ੍ਹਾਂ ਕਰਕੇ ਫਸੇ ਲੋਕ ਵੀ ਸ਼ਾਮਲ ਹਨ।’’

ਚੈਰਿਟੀ ’ਚ ਬਹੁਤ ਸਾਰੇ ਮਾਹਰ ਰਸੋਈਏ ਅਤੇ ਗੱਡੀਆਂ ਹਨ। ਪੰਛੀ ਨੇ ਕਿਹਾ, ‘‘ਕੋਈ ਵੀ ਪੈਸੇ ਲੈ ਕੇ ਕੰਮ ਨਹੀਂ ਕਰ ਰਿਹਾ, ਇਹ ਸਾਰੇ ਵਲੰਟੀਅਰ ਹਨ। ਸਿੱਖਾਂ ਦੀ ਦਿਆਲਤਾ ਕਰਕੇ ਸਾਡੇ ਕੋਲ ਭੋਜਨ ਲਈ ਬਹੁਤ ਸਾਰਾ ਦਾਨ ਵੀ ਆਇਆ। ਅਸੀਂ ਦੋ ਘੰਟਿਆਂ ਅੰਦਰ 800-900 ਲੋਕਾਂ ਨੂੰ ਖਾਣਾ ਖੁਆ ਸਕਦੇ ਹਾਂ।’’

ਪੂਰੇ ਦੇਸ਼ ਅੰਦਰ, ਓਂਟਾਰੀਓ ਸਿੱਖਜ਼ ਐਂਡ ਗੁਰਦੁਆਰਾ ਕੌਂਸਲ ਦੀ ਵੀਰਵਾਰ ਰਾਤ ਨੂੰ ਬੈਠਕ ਹੋਈ ਜਿਸ ’ਚ ਦਾਨ ਇਕੱਠਾ ਕਰਨ ਦਾ ਫ਼ੈਸਲਾ ਕੀਤਾ ਗਿਆ। ਇਹ ਫ਼ੰਡ ਬੀ.ਸੀ. ’ਚ ਸਰਗਰਮ ਖ਼ਾਲਸਾ ਏਡ ਅਤੇ ਗੁਰੂ ਨਾਨਕਜ਼ ਫ਼੍ਰੀ ਕਿਚਨ ਵਰਗੇ ਸੰਗਠਨਾਂ ਨੂੰ ਭੇਜੇ ਜਾਣਗੇ।

ਇੰਦਰਜੀਤ ਸਿੰਘ ਜਗਰਾਓਂ ਨੇ ਕਿਹਾ ਕਿ ਗੁਰਦੁਆਰਿਆਂ ਦੇ ਪ੍ਰਤੀਨਿਧੀ ਬੈਠਕ ’ਚ ਸ਼ਾਮਲ ਸਨ।

ਉਨ੍ਹਾਂ ਕਿਹਾ, ‘‘ਅੱਜ (ਸ਼ੁੱਕਰਵਾਰ) ਨੂੰ ਗੁਰੂ ਨਾਨਕ ਦਾ ਜਨਮ ਦਿਹਾੜਾ ਹੈ ਅਤੇ ਬਹੁਤ ਸਾਰੇ ਲੋਕ ਗੁਰਦੁਆਰਿਆਂ ’ਚ ਆਉਣਗੇ। ਮੰਚਾਂ ਤੋਂ ਦਾਨ ਇਕੱਠਾ ਕਰਨ ਦਾ ਐਲਾਨ ਕੀਤਾ ਜਾਵੇਗਾ। ਅਸੀਂ ਸਨਿੱਚਰਵਾਰ ਅਤੇ ਐਤਵਾਰ ਨੂੰ ਦਾਨ ਇਕੱਠਾ ਕਰਾਂਗੇ।’’

ਸਿੱਖ ਮੋਟਰਸਾਈਕਲ ਕਲੱਬ ਆਫ਼ ਓਂਟਾਰੀਓ ਦੇ ਪ੍ਰਧਾਨ ਜਗਰਾਓਂ ਨੇ ਕਿਹਾ ਕਿ ਹਫ਼ਤੇ ਦੇ ਅਖ਼ੀਰ ’ਚ ਬਾਈਕਰਸ ਵੀ ਪ੍ਰਭਾਵਤ ਲੋਕਾਂ ਲਈ ਦਾਨ ਇਕੱਠਾ ਕਰਨ ’ਚ ਮੱਦਦ ਕਰ ਰਹੇ ਹਨ।