ਸੀ.ਟੀ.ਏ. ਦਾ ਟਰੱਕਰਸ ਨੂੰ ਨੁਕਤਾ, ਜੁਰਮਾਨੇ ਤੋਂ ਬਚਣ ਲਈ ਅਰਾਈਵਕੈਨ ਦਾ ਡਾਟਾ ਇਲੈਕਟ੍ਰਾਨਿਕ ਤਰੀਕੇ ਨਾਲ ਜਮ੍ਹਾਂ ਕਰਵਾਓ

Avatar photo

ਬਾਰਡਰ ਸਰਵੀਸਿਜ਼ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਜੋ ਟਰੱਕ ਡਰਾਈਵਰ ਕੈਨੇਡਾ ’ਚ ਦਾਖ਼ਲ ਹੋਣ ਸਮੇਂ ਲਾਜ਼ਮੀ ਅਰਾਈਵਕੈਨ ਡਾਟਾ ਨੂੰ ਇਲੈਕਟ੍ਰਾਨਿਕ ਤਰੀਕੇ ਨਾਲ ਜਮ੍ਹਾਂ ਨਹੀਂ ਕਰਵਾਉਂਦੇ, ਉਨ੍ਹਾਂ ਨੂੰ ਆਉਣ ਵਾਲੇ ਸਮੇਂ ’ਚ ਜੁਰਮਾਨਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

(ਤਸਵੀਰ : ਆਈਸਟਾਕ)

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਦਾ ਕਹਿਣਾ ਹੈ ਕਿ ਜ਼ੁਬਾਨੀ ਐਲਾਨ ਕਰਨ ਦਾ ਬਦਲ ਬਾਰਡਰ ’ਤੇ ਆਰਜ਼ੀ ਵਿਕਲਪ ਹੀ ਸੀ, ਕਿਉਂਕਿ ਕੈਨੇਡਾ ਸਰਕਾਰ ਉਦਯੋਗ ਨੂੰ ਲਗਾਤਾਰ ਚੌਕਸ ਕਰਦੀ ਆ ਰਹੀ ਹੈ ਕਿ ਬਾਰਡਰ ’ਤੇ ਕਾਨੂੰਨ ਨੂੰ ਪੜਾਅਵਾਰ ਤਰੀਕੇ ਨਾਲ ਲਾਗੂ ਕਰਨਾ ਜਾਰੀ ਹੈ ਅਤੇ ਪ੍ਰਯੋਗਕਰਤਾਵਾਂ ਨੂੰ ਛੇਤੀ ਤੋਂ ਛੇਤੀ ਇਲੈਕਟ੍ਰਾਨਿਕ ਮੰਚਾਂ ਨੂੰ ਅਪਣਾ ਕੇ ਕਾਨੂੰਨ ਦੀ ਤਾਮੀਲ ਕਰਨ ਦੇ ਯੋਗ ਬਣਨਾ ਚਾਹੀਦਾ ਹੈ।

ਕੈਨੇਡਾ ਦੀ ਜਨਤਕ ਸਿਹਤ ਏਜੰਸੀ (ਪੀ.ਐਚ.ਸੀ.ਏ.) ਵੱਲੋਂ ਕੈਨੇਡਾ ਅੰਦਰ ਆਉਣ ਵਾਲੇ ਸਾਰੇ ਯਾਤਰੀਆਂ ਲਈ ਜਾਰੀ ਅਰਾਈਵਕੈਨ ਨੀਤੀ ਫ਼ਰਵਰੀ ਦੌਰਾਨ ਅਮਲ ’ਚ ਆਈ ਸੀ, ਜਿਨ੍ਹਾਂ ’ਚ ਟਰੱਕ ਡਰਾਈਵਰਾਂ ਵਰਗੇ ਜ਼ਰੂਰੀ ਸੇਵਾਵਾਂ ਦੇਣ ਵਾਲੇ ਕਾਮੇ ਵੀ ਸ਼ਾਮਲ ਹਨ। ਇਹ ਐਪ ਬਾਰਡਰ ਟੱਪਣ ਵਾਲਿਆਂ ਨੂੰ ਇਲੈਕਟ੍ਰਾਨਿਕ ਤਰੀਕੇ ਨਾਲ ਸਮਾਰਟਫ਼ੋਨ ਜਾਂ ਡੈਸਕਟਾਪ ਕੰਪਿਊਟਰ ਰਾਹੀਂ ਆਪਣੇ ਅੰਕੜੇ ਦੇਸ਼ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਭੇਜਣ ਦੀ ਸਮਰੱਥਾ ਦਿੰਦੀ ਹੈ, ਜਿਨ੍ਹਾਂ ’ਚ ਉਨ੍ਹਾਂ ਦੀ ਸਿਹਤ ਦੀ ਸੂਚਨਾ ਸ਼ਾਮਲ ਹੁੰਦੀ ਹੈ।

ਜਿਨ੍ਹਾਂ ਸਰਹੱਦ ਪਾਰ ਕਰਨ ਵਾਲਿਆਂ ਕੋਲ ਇਲੈਕਟ੍ਰਾਨਿਕ ਤਰੀਕੇ ਨਾਲ ਅੰਕੜੇ ਸਾਂਝੇ ਕਰਨ ਲਈ ਸਮਾਰਟਫ਼ੋਨ ਜਾਂ ਕੰਪਿਊਟਰ ਨਹੀਂ ਹੈ ਉਨ੍ਹਾਂ ਲਈ ਸੀ.ਟੀ.ਏ. ਨੇ ਕੈਨੇਡਾ ਸਰਕਾਰ ਨਾਲ ਮਿਲ ਕੇ ਅੰਕੜਿਆਂ ਦਾ ਜ਼ੁਬਾਨੀ ਐਲਾਨ ਦਾ ਇੱਕ ਆਰਜ਼ੀ ਹੱਲ ਕੱਢਿਆ ਸੀ।

ਅਲਾਇੰਸ ਨੇ ਪਿੱਛੇ ਜਿਹੇ ਇੱਕ ਸਿਖਲਾਈ ਪੈਕੇਜ ਵੀ ਬਣਾਇਆ ਸੀ, ਜਿਸ ’ਚ ਕੰਪਨੀਆਂ ਨੂੰ ਆਪਣੇ ਡਰਾਈਵਰਾਂ ਨੂੰ ਅਰਾਈਵਕੈਨ ਐਪ ਦਾ ਪ੍ਰਯੋਗ ਕਰਨਾ ਸਿਖਾਉਣ ਲਈ ਸਿਖਲਾਈ ਵੀਡੀਓ, ਚਿੱਤਰ ਅਤੇ ਸਵਾਲ-ਜਵਾਬ ਦਸਤਾਵੇਜ਼ ਸ਼ਾਮਲ ਸੀ।

ਫ਼ੈਡਰਲ ਸਰਕਾਰ ਲਗਾਤਾਰ ਇਸ ਗੱਲ ’ਤੇ ਜ਼ੋਰ ਦਿੰਦੀ ਆ ਰਹੀ ਹੈ ਕਿ ਬਾਰਡਰ ’ਤੇ ਜ਼ੁਬਾਨੀ ਐਲਾਨ ਕਰਕੇ ਸੂਚਨਾ ਸਾਂਝੀ ਕਰਨ ਦੇ ਤਰੀਕੇ ਨੂੰ ਕਿਸੇ ਵੀ ਸਮੇਂ ਅਰਾਈਵਕੈਨ ਨਾਲ ਬਦਲ ਦਿੱਤਾ ਜਾ ਸਕਦਾ ਹੈ, ਅਤੇ ਬਹੁਤ ਛੇਤੀ ਹੀ ਇਲੈਕਟ੍ਰਾਨਿਕ ਤਰੀਕੇ ਨਾਲ ਅੰਕੜੇ ਸਾਂਝੇ ਕਰਨਾ ਲਾਜ਼ਮੀ ਕਰ ਦਿੱਤਾ ਜਾਵੇਗਾ।

ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ (ਸੀ.ਬੀ.ਐਸ.ਏ.) ਨੇ ਸੀ.ਟੀ.ਏ. ਨੂੰ ਕਿਹਾ ਹੈ ਕਿ ਟਰੱਕਿੰਗ ਖੇਤਰ ’ਚ ਬਾਰਡਰ ਟੱਪਣ ਤੋਂ ਪਹਿਲਾਂ ਅਰਾਈਵਕੈਨ ਰਾਹੀਂ ਅਗਾਊਂ ਤਰੀਕੇ ਨਾਲ ਆਪਣੇ ਅੰਕੜੇ ਜਮ੍ਹਾਂ ਕਰਵਾਉਣ ਵਾਲਿਆਂ ਦੀ ਦਰ 12% ਹੈ ਜੋ ਕਿ ਚਿੰਤਾ ਦਾ ਕਾਰਨ ਹੈ।

ਜੋ ਡਰਾਈਵਰ ਸਮਾਰਟਫ਼ੋਨ ਨਹੀਂ ਰਖਦੇ ਜਾਂ ਜੋ ਤਕਨਾਲੋਜੀ ਦਾ ਪ੍ਰਯੋਗ ਕਰਨਾ ਨਹੀਂ ਜਾਣਦੇ ਉਹ ਡੈਸਕਟਾਪ ਕੰਪਿਊਟਰ ਰਾਹੀਂ ਅਰਾਈਵਕੈਨ ਸੂਚਨਾ ਸਾਂਝੀ ਕਰ ਸਕਦੇ ਹਨ। ਇਸ ਨੂੰ ਹੋਰ ਲਚੀਲਾ ਬਣਾਉਣ ਲਈ ਡਰਾਈਵਰ ਆਪਣੀ ਟਰਿੱਪ ’ਤੇ ਜਾਣ ਤੋਂ 365 ਦਿਨ ਪਹਿਲਾਂ ਤਕ ਆਪਣੇ ਅਰਾਈਵਕੈਨ ਅੰਕੜਿਆਂ ਨੂੰ ਜਮ੍ਹਾਂ ਕਰਵਾ ਸਕਦੇ ਹਨ।

ਸੀ.ਟੀ.ਏ. ਸਰਹੱਦ ਨੂੰ ਦਿਨ ’ਚ ਕਈ ਵਾਰੀ ਟੱਪਣ ਵਾਲੇ ਡਰਾਈਵਰਾਂ ਦੇ ਮੁੱਦੇ ’ਤੇ ਵੀ ਫ਼ੈਡਰਲ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ। ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਇਸ ਮੁੱਦੇ ਦੇ ਹੱਲ ਲਈ ਚਰਚਾ ਚਲ ਰਹੀ ਹੈ, ਅਤੇ ਆਉਣ ਵਾਲੇ ਹਫ਼ਤਿਆਂ ’ਚ ਇਸ ਦਾ ਹੱਲ ਕੱਢ ਲਿਆ ਜਾਵੇਗਾ।