ਸੀ.ਟੀ.ਏ. ਨੇ ਫ਼ੈਡਰਲ ਸਰਕਾਰ ਤੋਂ ਟੈਕਸਾਂ ‘ਚ ਰਾਹਤ ਦੇਣ ਦੀ ਕੀਤੀ ਅਪੀਲ

Avatar photo

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਸਰਕਾਰ ਨੂੰ ਇੱਕ ਵਾਰੀ ਫਿਰ ਤਨਖ਼ਾਹ ਟੈਕਸ ਅਤੇ ਟਰੱਕ ਡਰਾਈਵਰਾਂ ਦੇ ਭੋਜਨ ‘ਤੇ ਹੁੰਦੇ ਖ਼ਰਚ ਵਿੱਚ ਰਾਹਤ ਦੇਣ ਦੀ ਅਪੀਲ ਕੀਤੀ ਹੈ। ਇਹ ਅਪੀਲ ਮਈ ‘ਚ ਹੋਈ ਹਾਊਸ ਆਫ਼ ਕਾਮਨਜ਼ ਸਟੈਂਡਿੰਗ ਕਮੇਟੀ ਸਾਹਮਣੇ ਹਾਜ਼ਰ ਹੋਣ ਦੌਰਾਨ ਕੀਤੀ ਗਈ।

ਇਸ ਦੌਰਾਨ ਤਨਖ਼ਾਹ ਟੈਕਸ ਜਮਾ ਕਰਵਾਉਣ ਨੂੰ ਤਿੰਨ ਮਹੀਨੇ ਅੱਗੇ ਪਾਉਣ ਦੀ ਅਪੀਲ ਕੀਤੀ ਗਈ ਹੈ ਜਿਸ ਨੂੰ ਕਿ ਵਿਆਜ-ਮੁਕਤ ਕਿਸ਼ਤਾਂ ‘ਚ 12-18 ਮਹੀਨਿਆਂ ਅੰਦਰ ਜਮ੍ਹਾਂ ਕਰਵਾਇਆ ਜਾ ਸਕਦਾ ਹੈ ਅਤੇ ਟਰੱਕ ਡਰਾਈਵਰਾਂ ਲਈ ਭੋਜਨ ਭੱਤੇ ਨੂੰ ਵੀ ਵਧਾਉਣ ਦੀ ਅਪੀਲ ਕੀਤੀ ਗਈ ਹੈ।

ਇਸ ਰਾਹਤ ਲਈ ਟੀਮਸਟਰ ਕੈਨੇਡਾ, ਓਨਰ-ਆਪਰੇਟਰ ਇੰਡੀਪੈਂਡੈਂਟ ਡਰਾਈਵਰਸ ਐਸੋਸੀਏਸ਼ਨ (ਓ.ਓ.ਆਈ.ਡੀ.ਏ.), ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ਼ ਕੈਨੇਡਾ (ਪੀ.ਐਮ.ਟੀ.ਸੀ.), ਅਤੇ ਵੂਮੈਨਜ਼ ਟਰੱਕਿੰਗ ਫ਼ੈਡਰੇਸ਼ਨ ਆਫ਼ ਕੈਨੇਡਾ (ਡਬਲਿਊ.ਟੀ.ਐਫ਼.ਸੀ.) ਨੇ ਮਿਲ ਕੇ ਆਵਾਜ਼ ਚੁੱਕੀ ਹੈ।

ਜਿੱਥੇ ਸੀ.ਟੀ.ਏ. ਦੇ ਕੈਰੀਅਰਸ ਨੇ ਮਾਰਚ ਦੇ ਅਖ਼ੀਰ ਅਤੇ ਅਪ੍ਰੈਲ ਦੀ ਸ਼ੁਰੂਆਤ ‘ਚ ਆਮਦਨ ‘ਚ 27% ਦੀ ਕਮੀ ਦਰਜ ਕੀਤੀ ਸੀ, ਉਥੇ ਹੁਣ ਇਹ 35% ਦੇ ਲਗਭਗ ਹੋ ਗਈ ਹੈ। ਉਨ੍ਹਾਂ ਕਿਹਾ ਕਿ 37% ਫ਼ਲੀਟਾਂ ਨੂੰ ਅਗਲੇ ਤਿੰਨ ਮਹੀਨਿਆਂ ਦੌਰਾਨ ਆਪਣਾ ਕੰਮਕਾਜ ਚਾਲੂ ਰੱਖਣ ‘ਤੇ ‘ਗੰਭੀਰ ਚਿੰਤਾਵਾਂ’ ਹਨ। ਸਰਵੇ ਅਧੀਨ 63 ਫ਼ੀਸਦੀ ਫ਼ਲੀਟਸ ਨੇ ਕਿਹਾ ਕਿ ਉਨ੍ਹਾਂ ਦੇ ਗ੍ਰਾਹਕਾਂ ਨੇ ਅਦਾਇਗੀਆਂ ‘ਚ ਦੇਰ ਕਰਨ ਲਈ ਕਿਹਾ ਹੈ ਜਾਂ ਅਦਾਇਗੀ ਅਜੇ ਬਾਕੀ ਹੈ।