ਸੀ.ਬੀ.ਪੀ. ਨੇ ਟਰੱਕ ‘ਚੋਂ ਜ਼ਬਤ ਕੀਤੀ 225 ਕਿੱਲੋ ਭੰਗ

Avatar photo

ਯੂ.ਐਸ. ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ.) ਦੇ ਅਫ਼ਸਰਾਂ ਨੇ ਕੈਨੇਡਾ ਤੋਂ ਆ ਰਹੇ ਇੱਕ ਟਰੱਕ ‘ਚੋਂ 225 ਕਿੱਲੋ ਭੰਗ ਜ਼ਬਤ ਕੀਤੀ ਹੈ। ਇਹ ਕਾਰਵਾਈ ਡਿਟਰੋਇਟ ਵਿਖੇ ਫ਼ੋਰਟ ਸਟ੍ਰੀਟ ਕਾਰਗੋ ਫ਼ੈਸਿਲਿਟੀ ‘ਚ ਕੀਤੀ ਗਈ ਹੈ।

ਇਸ ਨੇ ਕਿਹਾ ਕਿ ਡਰਾਈਵਰ, ਜਿਸ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ ਹੈ, ਨੂੰ ਵਾਪਸ ਕੈਨੇਡਾ ਭੇਜ ਦਿੱਤਾ ਗਿਆ। ਟਰੱਕ ਨੂੰ ਇੰਪਾਊਂਡ ਕਰ ਲਿਆ ਗਿਆ ਹੈ ਅਤੇ ਇਸ ‘ਤੇ 5,000 ਡਾਲਰ ਦਾ ਜੁਰਮਾਨਾ ਲਾਇਆ ਗਿਆ ਹੈ।

ਪੀਟ ਮੌਸ ਵਜੋਂ ਦਰਸਾਏ ਗਏ ਕਾਰਗੋ ‘ਚੋਂ ਭੰਗ ਮਿਲੀ। (ਤਸਵੀਰ : ਸੀ.ਬੀ.ਪੀ.)

ਪੀਟ ਮੌਸ ਵਜੋਂ ਦੱਸੇ ਗਏ ਕਾਰਗੋ ‘ਚੋਂ ਭੰਗ ਨੂੰ ਸੋਮਵਾਰ ਨੂੰ ਬਰਾਮਦ ਕੀਤਾ ਗਿਆ।

ਏਜੰਸੀ ਨੇ ਕਿਹਾ ਕਿ ਟਰੱਕ ਦੇ ਐਕਸ-ਰੇ ਤੋਂ ਬਾਅਦ ਸ਼ੱਕ ਪੈਣ ‘ਤੇ ਟਰੱਕ ਦੀ ਮੁੜ ਜਾਂਚ ਕੀਤੀ ਗਈ।

ਇਹ ਵੀ ਕਿਹਾ ਗਿਆ ਕਿ ਜਦੋਂ ਸੁੰਘਣ ਵਾਲੇ ਕੁੱਤਿਆਂ ਸਮੇਤ ਅਫ਼ਸਰਾਂ ਨੇ ਖ਼ੁਦ ਟਰੱਕ ਦੀ ਤਲਾਸ਼ੀ ਲਈ ਤਾਂ 205 ਕਿੱਲੋ ਦੀ ਇਹ ਨਸ਼ੀਲੀ ਸਮੱਗਰੀ ਮਿਲੀ ਜੋ ਕਿ ਅਸਲ ਕਾਰਗੋ ਵਿਚਕਾਰ 13 ਡੱਬਿਆਂਅੰਦਰ ਲੁਕੋ ਕੇ ਰੱਖੀ ਗਈ ਸੀ।

ਏਜੰਸੀ ਨੇ ਕਿਹਾ ਕਿ ਟਰੈਕਟਰ ਦੀ ਕੈਬ ‘ਚੋਂ ਵਿਅਕਤੀਗਤ ਪ੍ਰਯੋਗ ਲਈ ਟੀ.ਐਚ.ਸੀ. ਟਾਫ਼ੀਆਂ ਵੀ ਬਰਾਮਦ ਕੀਤੀਆਂ ਗਈਆਂ।

ਭੰਗ ‘ਚ ਟੀ.ਐਚ.ਸੀ. ਜਾਂ ਟੈਟਰਾਹਾਈਡਰੋ ਕੈਨਾਬੀਓਲ ਮੁੱਖ ਨਸ਼ੀਲਾ ਤੱਤ ਹੈ।

ਮਿਸ਼ੀਗਨ ‘ਚ ਦਾਖ਼ਲੇ ਦੀ ਹਰ ਥਾਂ ‘ਤੇ ਪਹਿਰਾ ਦੇਣ ਵਾਲੇ ਡਿਟਰੋਇਟ ਫ਼ੀਲਡ ਦਫ਼ਤਰ ਨੂੰ ਕੋਵਿਡ-19 ਦੇ ਪ੍ਰਸਾਰ ਨਾਲ ਸੰਬੰਧਤ ਯਾਤਰਾ ਦੀਆਂ ਪਾਬੰਦੀਆਂ ਤੋਂ ਬਾਅਦ ਨਸ਼ੀਲੀਆਂ ਦਵਾਈਆਂ ਦੀ ਬਰਾਮਦੀ ‘ਚ ਵੱਡਾ ਵਾਧਾ ਵੇਖਣ ਨੂੰ ਮਿਲਿਆ ਹੈ।

ਇਸ ਸਾਲ, ਦਫ਼ਤਰ ਨੇ ਪੂਰੇ ਸੂਬੇ ‘ਚ ਦਾਖ਼ਲੇ ਵਾਲੀਆਂ ਥਾਵਾਂ ਤੋਂ 5 ਟਨ ਤੋਂ ਵੱਧ ਭੰਗ ਜ਼ਬਤ ਕੀਤੀ ਹੈ।