ਸੜਕਾਂ ਦੀ ਹਾਲਤ ਬਾਰੇ ਅੰਕੜੇ ਨਸ਼ਰ ਕਰਨ ਨਾਲ ਮੌਸਮ ਨਾਲ ਸੰਬੰਧਤ ਹਾਦਸੇ 20% ਘਟੇ

ਖ਼ਰਾਬ ਮੌਸਮ ਅਤੇ ਸੜਕੀ ਹਾਲਾਤ ਦੀ ਭਵਿੱਖਬਾਣੀ ਕਰਨ ਵਾਲੀ ਤਕਨਾਲੋਜੀ ਦਾ ਪ੍ਰਯੋਗ ਕਰਨ ਵਾਲੀਆਂ ਟਰੱਕਿੰਗ ਕੰਪਨੀਆਂ ਨੇ ਮੌਸਮ ਨਾਲ ਸੰਬੰਧਤ ਹਾਦਸਿਆਂ ’ਚ 20% ਕਮੀ ਦਰਜ ਕੀਤੀ ਹੈ, ਜਿਸ ਨਾਲ ਔਸਤਨ 300 ਟਰੱਕਾਂ ਦੇ ਫ਼ਲੀਟ ਲਈ 100,000 ਡਾਲਰ ਦੀ ਬੱਚਤ ਹੋਈ ਹੈ।

ਵਿਨੀਪੈੱਗ, ਮੇਨੀਟੋਬਾ ਅਧਾਰਤ ਪੇਸ਼ਨਗੋਈ ਕੰਪਨੀ ਵੈਦਰਲੌਜਿਕਸ ਦੇ ਪ੍ਰੈਜ਼ੀਡੈਂਟ ਅਤੇ ਮੁੱਖ ਵਿਗਿਆਨੀ ਸਕੌਟ ਕੈਲਰ ਨੇ ਕਿਹਾ ਕਿ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏ.ਆਈ.) ਨੇ ਸੜਕੀ ਹਾਲਾਤ ਦੀ ਭਵਿੱਖਬਾਣੀ ਦੇਣ ’ਚ ਮੱਦਦ ਕੀਤੀ। ਇਸ ਕੰਪਨੀ ਨੇ ਤਕਨਾਲੋਜੀ ’ਤੇ ਛੇ ਮਹੀਨਿਆਂ ਦਾ ਪਰਖ ਪ੍ਰਾਜੈਕਟ ਚਲਾਇਆ ਸੀ।

ਆਮ ਮੌਸਮ ਭਵਿੱਖਬਾਣੀਆਂ ’ਚ ਤਾਪਮਾਨ ਅਤੇ ਮੀਂਹ ਜਾਂ ਬਰਫ਼ਬਾਰੀ ਹੋਣ ਬਾਰੇ ਪੇਸ਼ਨਗੋਈ ਕੀਤੀ ਜਾਂਦੀ ਹੈ। ਕੈਲਰ ਨੇ TruckNews.com ਨੂੰ ਕਿਹਾ, ‘‘ਇਸ ’ਚ ਇਹ ਨਹੀਂ ਦੱਸਿਆ ਜਾਂਦਾ ਕਿ ਸੜਕ ਫ਼ਿਸਲਵੀਂ ਹੋਵੇਗੀ ਜਾਂ ਇਸ ’ਤੇ ਬਰਫ਼ ਵਿਛੀ ਹੋਵੇਗੀ। ਅਸੀਂ ਮੌਸਮ ਦੀ ਭਵਿੱਖਬਾਣੀ ਨੂੰ ਲੈਂਦੇ ਹਾਂ ਅਤੇ ਏ.ਆਈ. ਦੀ ਮੱਦਦ ਨਾਲ ਇਸ ਤੋਂ ਸੜਕ ਦੀ ਹਾਲਤ ਬਾਰੇ ਭਵਿੱਖਬਾਣੀ ਕਰਦੇ ਹਾਂ। ਟਰੱਕਿੰਗ ਕੰਪਨੀਆਂ ਵੇਖ ਸਕਦੀਆਂ ਹਨ ਕਿ ਮੌਸਮ ਕਿਸ ਤਰ੍ਹਾਂ ਸੜਕ ਹਾਲਾਤ ਨੂੰ ਪ੍ਰਭਾਵਤ ਕਰ ਸਕਦਾ ਹੈ।’’

ਵੈਦਰਲੌਜਿਕਸ ਵੱਲੋਂ ਜਾਰੀ ਵ੍ਹਾਈਟ ਪੇਪਰ ਅਨੁਸਾਰ ਛੇ ਟਰੱਕਿੰਗ ਕੰਪਨੀਆਂ – ਆਰਨੋਲਡ ਬਰੋਸ ਟਰਾਂਸਪੋਰਟ, ਪੈਨਰ ਇੰਟਰਨੈਸ਼ਨਲ, ਟਰਾਂਸਐਕਸ, ਈਸੰਸ ਟਰਾਂਸਪੋਰਟੇਸ਼ਨ, ਕੋਨਰਜ਼ ਟਰਾਂਸਫ਼ਰ, ਅਤੇ ਸੀ.ਏ.ਟੀ.- ਜਿਨ੍ਹਾਂ ਕੋਲ ਕੁੱਲ 2,000 ਟਰੱਕ ਹਨ, ਨੇ ਪਰਖ ’ਚ ਹਿੱਸਾ ਲਿਆ ਜੋ ਕਿ 2021 ’ਚ ਪਤਝੜ ਦੇ ਮੌਸਮ ਤੋਂ 2022 ’ਚ ਬਸੰਤ ਦੇ ਮੌਸਮ ਤੱਕ ਚੱਲੀ।

ਇਸ ਐਪ ਨੂੰ ਕਿਸੇ ਵੀ ਟੈਲੀਮੈਟਿਕਸ ਪ੍ਰਦਾਨਕਰਤਾ ਨਾਲ ਏਕੀਕ੍ਰਿਤ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਆਵਾਜਾਈ ਪ੍ਰਯੋਗਕਰਤਾਵਾਂ ਦੀ ਜ਼ਰੂਰਤ ਅਨੁਸਾਰ ਬਣਾਇਆ ਗਿਆ ਹੈ।

Picture of trucks on a snowy road
(ਤਸਵੀਰ: ਵੈਦਰਲੌਜਿਕਸ)

ਵੈਦਰਲੋਜਿਕਸ ਨੇ ਫ਼ਲੀਟ ਦੇ ਜੀ.ਪੀ.ਐਸ. ਟਰੈਕਿੰਗ ਨੂੰ ਆਪਣੇ ਪਲੇਟਫ਼ਾਰਮ ’ਚ ਏਕੀਕ੍ਰਿਤ ਕਰ ਦਿੱਤਾ ਜਿਸ ਨਾਲ ਸੁਰੱਖਿਆ ਮੈਨੇਜਰ ਸੜਕਾਂ ਦੇ ਖ਼ਰਾਬ ਹਾਲਾਤ ਅਤੇ ਮੌਸਮੀ ਸਥਿੱਤੀਆਂ ਬਾਰੇ ਡਰਾਈਵਰਾਂ ਨੂੰ ਚੇਤਾਵਨੀ ਦੇ ਸਕਦੇ ਹਨ।

ਪ੍ਰਯੋਗਕਰਤਾ ਉੱਤਰੀ ਅਮਰੀਕੀ ਸੜਕਾਂ ਨੂੰ ਇੱਕ ਨਕਸ਼ੇ ’ਤੇ ਵੇਖ ਸਕਦੇ ਹਨ ਅਤੇ ਇਹ ਵੇਖ ਸਕਦੇ ਹਨ ਕਿ ਮੌਸਮੀ ਘਟਨਾਵਾਂ ਕਿਸੇ ਵਿਸ਼ੇਸ਼ ਸੜਕ ਨੂੰ ਕਿਸ ਤਰ੍ਹਾਂ ਪ੍ਰਭਾਵਤ ਕਰਨਗੀਆਂ। ਇਸ ਨਾਲ ਰੂਟ ਨੂੰ ਬਦਲੇ ਜਾ ਸਕਣ ਦੀ ਸੰਭਾਵਨਾ ਬਣਦੀ ਹੈ, ਜਾਂ ਡਰਾਈਵਰ ਨੂੰ ਅੱਗੇ ਵਧਣਾ ਸੁਰੱਖਿਅਤ ਹੋਣ ਤੱਕ ਪਾਰਕਿੰਗ ਦੀ ਥਾਂ ਲੱਭਣ ਲਈ ਕਿਹਾ ਜਾ ਸਕਦਾ ਹੈ।

Weatherlogics map
(ਤਸਵੀਰ: ਵੈਦਰਲੌਜਿਕਸ)

ਮੌਸਮ ਦੀ ਭਵਿੱਖਬਾਣੀ ਨੂੰ ਘੰਟਿਆਂ ਦੇ ਆਧਾਰ ’ਤੇ ਮੁਹੱਈਆ ਕਰਵਾਇਆ ਜਾ ਸਕਦਾ ਹੈ, ਅਤੇ ਇਸ ’ਚ ਮੌਜੂਦਾ ਹਾਲਾਤ ਬਾਰੇ ਚੇਤਾਵਨੀਆਂ ਸ਼ਾਮਲ ਹਨ ਜਿਨ੍ਹਾਂ ਨੂੰ ਆਪਣੀ ਪਸੰਦ ਅਨੁਸਾਰ ਵਰਤਿਆ ਜਾ ਸਕਦਾ ਹੈ। ਉਦਾਹਰਨ ਦੇ ਤੌਰ ’ਤੇ, ਨਿਊ ਬਰੰਸਵਿਕ ਅਤੇ ਪਿ੍ਰੰਸ ਐਡਵਰਡ ਆਈਲੈਂਡ ਨੂੰ ਜੋੜਨ ਵਾਲਾ ਕਨਫ਼ੈਡਰੇਸ਼ਨ ਬਿ੍ਰੱਜ ਕਈ ਵਾਰੀ ਤੇਜ਼ ਹਵਾਵਾਂ ਕਰਦੇ ਬੰਦ ਕਰ ਦਿੱਤਾ ਜਾਂਦਾ ਹੈ। ਪ੍ਰਯੋਗਕਰਤਾ ਚੇਤਾਵਨੀ ਸੈੱਟ ਕਰ ਸਕਦੇ ਹਨ ਜੋ ਕਿ ਉਦੋਂ ਜਾਰੀ ਹੋਵੇਗੀ ਜਦੋਂ ਹਵਾ ਦੀ ਗਤੀ ਬਿ੍ਰੱਜ ਨੂੰ ਬੰਦ ਕਰਨ ਦੀ ਹਾਲਤ ਦੇ ਬਰਾਬਰ ਹੋ ਜਾਵੇਗੀ।

ਆਮ ਤੌਰ ’ਤੇ, ਇੱਕ ਟਰੱਕਿੰਗ ਕੰਪਨੀ ਆਪਣੇ ਈ.ਐਲ.ਡੀ. ਡਿਵਾਇਸ ਰਾਹੀਂ ਮੌਸਮ ਬਾਰੇ ਸੰਦੇਸ਼ ਭੇਜੇਗੀ – ਭਾਵੇਂ ਇਹ ਟੈਬਲੇਟ ਹੋਵੇ ਜਾਂ ਫ਼ੋਨ। ਵੈਦਰਲੌਜਿਕਸ ਦੀ ਐਪ ਨੂੰ ਡਰਾਈਵਰ ਆਪਣੇ ਫ਼ੋਨ ’ਤੇ ਇੰਸਟਾਲ ਕਰ ਸਕਦੇ ਹਨ ਤਾਂ ਕਿ ਉਹ ਆਪਣੀਆਂ ਖ਼ੁਦ ਦੀਆਂ ਚੇਤਾਵਨੀਆਂ ਸੈੱਟ ਕਰ ਸਕਣ।

ਕੈਲਰ ਨੇ ਕਿਹਾ ਕਿ ਵੈਦਰਲੌਜਿਕਸ ਟਰੱਕਿੰਗ ਕੰਪਨੀਆਂ ਨੂੰ ਸਬਸਕ੍ਰਿਪਸ਼ਨ-ਅਧਾਰਤ ਸੇਵਾ ਲਈ ਆਪਣੇ ਨਾਲ ਜੋੜ ਰਹੀ ਹੈ। ਫ਼ੀਸ ਫ਼ਲੀਟ ’ਚ ਸ਼ਾਮਲ ਟਰੱਕਾਂ ਦੀ ਗਿਣਤੀ ’ਤੇ ਅਧਾਰਤ ਹੈ।

ਕੰਪਨੀ ਗ੍ਰਾਹਕਾਂ ਨਾਲ ਮਿਲ ਕੇ ਐਪ ਨੂੰ ਹੋਰ ਬਿਹਤਰ ਕਰਨ ’ਤੇ ਕੰਮ ਕਰ ਰਹੀ ਹੈ ਅਤੇ ਗ੍ਰਾਹਕਾਂ ਦੀਆਂ ਮੰਗਾਂ ਦੇ ਆਧਾਰ ’ਤੇ ਨਵੀਂਆਂ ਵਿਸ਼ੇਸ਼ਤਾਵਾਂ ਜੋੜ ਰਹੀ ਹੈ। ਇਸ ਦਾ ਟੀਚਾ ਆਟੋਮੇਸ਼ਨ ਨੂੰ ਵਧਾਉਣਾ ਵੀ ਹੈ, ਜਿਸ ਨਾਲ ਵਿਅਕਤੀਗਤ ਡਰਾਈਵਰਾਂ ਨੂੰ ਖ਼ਰਾਬ ਸੜਕੀ ਅਤੇ ਮੌਸਮ ਦੇ ਹਾਲਾਤ ਬਾਰੇ ਚੌਕਸ ਕਰਨਾ ਆਸਾਨ ਹੁੰਦਾ ਹੈ।

ਲੀਓ ਬਾਰੋਸ ਵੱਲੋਂ