ਹਾਈਡ੍ਰੋਜਨ ਆਰਥਿਕਤਾ ਵਿਕਸਤ ਕਰਨ ਲਈ ਕੈਨੇਡਾ ਨੇ 1.5 ਬਿਲੀਅਨ ਡਾਲਰ ਦੀ ਰਣਨੀਤੀ ਉਲੀਕੀ

Avatar photo

ਫ਼ੈਡਰਲ ਸਰਕਾਰ ਨੇ ਆਪਣੀ ਹਾਈਡ੍ਰੋਜਨ ਰਣਨੀਤੀ ਜਾਰੀ ਕੀਤੀ ਹੈ ਜੋ ਕਿ ਕੈਨੇਡਾ ਨੂੰ ਉੱਭਰ ਰਹੀ ਸਾਫ਼ ਫ਼ਿਊਲ ਇੰਡਸਟਰੀ ‘ਚ ਕੌਮਾਂਤਰੀ ਮੋਢੀ ਵਜੋਂ ਸਥਾਪਤ ਕਰੇਗਾ।

(ਸਰੋਤ : ਐਨ.ਆਰ.ਕੈਨ)

ਫ਼ੈਡਰਲ ਸਰਕਾਰ ਇਸ ਉਦਯੋਗ ਦੇ ਵਿਕਾਸ ਲਈ ਲੋਅ-ਕਾਰਬਨ ਅਤੇ ਜ਼ੀਰੋ-ਇਮੀਸ਼ਨ ਫ਼ਿਊਲ ਫ਼ੰਡ ਰਾਹੀਂ 1.5 ਬਿਲੀਅਨ ਡਾਲਰਾਂ ਦਾ ਨਿਵੇਸ਼ ਕਰੇਗੀ। ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਗਿਆ ਹੈ ਕਿ ਇਹ ਰਣਨੀਤੀ ਕੈਨੇਡਾ ‘ਚ 2050 ਤਕ 350,000 ਨਵੀਂਆਂ ਨੌਕਰੀਆਂ ਪੈਦਾ ਕਰੇਗੀ, ਜਦਕਿ ਜੀ.ਐਚ.ਜੀ. ਗੈਸਾਂ ਦਾ ਉਤਸਰਜਨ 2030 ਤਕ ਪ੍ਰਤੀ ਸਾਲ 45 ਮਿਲੀਅਨ ਮੀਟ੍ਰਿਕ ਟਨ ਘੱਟ ਹੋਵੇਗਾ।

ਕੈਨੇਡਾ ਦੇ ਕੁਦਰਤੀ ਸਰੋਤ ਮੰਤਰੀ ਸੀਮਸ ਓ ਰੀਗਨ ਨੇ ਕਿਹਾ, ”ਹਾਈਡ੍ਰੋਜਨ ਦਾ ਦੌਰ ਆ ਗਿਆ ਹੈ। ਸਾਡੇ ਵਰਕਰਾਂ ਲਈ ਆਰਥਕਤਾ ਅਤੇ ਵਾਤਾਵਰਣ ਪ੍ਰਤੀ ਕੰਮ ਕਰਨ ਦੇ ਮੌਕੇ ਸੱਚਾਈ ਹਨ। ਕੌਮਾਂਤਰੀ ਪੱਧਰ ‘ਤੇ ਇਸ ਦਿਸ਼ਾ ਵੱਲ ਵਧਿਆ ਜਾ ਰਿਹਾ ਹੈ ਅਤੇ ਕੈਨੇਡਾ ਇਸ ਦਾ ਲਾਭ ਲੈ ਰਿਹਾ ਹੈ।”

ਹੋਰਨਾਂ ਚੀਜ਼ਾਂ ਤੋਂ ਇਲਾਵਾ ਇਸ ਫ਼ੰਡਿੰਗ ਦਾ ਪ੍ਰਯੋਗ ਦੇਸ਼ ਪੱਧਰੀ ਹਾਈਡ੍ਰੋਜਨ ਰੀਫ਼ਿਊਲਿੰਗ ਨੈੱਟਵਰਕ ਸਥਾਪਤ ਕਰਨ ਲਈ ਵੀ ਕੀਤਾ ਜਾਵੇਗਾ ਜਿਸ ਨਾਲ 2050 ਤਕ 5 ਮਿਲੀਅਨ ਫ਼ਿਊਲ ਸੈੱਲ ਇਲੈਕਟ੍ਰਿਕ ਗੱਡੀਆਂ ਚਲਾਈਆਂ ਜਾਣਗੀਆਂ। ਇਸ ਨਾਲ ਸਿਫ਼ਰ ਉਤਸਰਜਨ ਗੱਡੀਆਂ ਲਈ ਵੀ ਵਿੱਤੀ ਮੱਦਦ ਦਿੱਤੀ ਜਾਵੇਗੀ। ਰੀਫ਼ਿਊਲਿੰਗ ਮੁਢਲਾ ਢਾਂਚਾ ਖੇਤਰੀ ਹੱਬਸ ‘ਤੇ ਕੇਂਦਰਤ ਹੋਵੇਗਾ ਅਤੇ ਹਾਈ-ਪ੍ਰੋਫ਼ਾਈਲ ਮੀਡੀਅਮ ਅਤੇ ਹੈਵੀ ਡਿਊਟੀ ਫ਼ਿਊਲ ਸੈੱਲ ਇਲੈਕਟ੍ਰਿਕ ਗੱਡੀਆਂ ਪਾਇਲਟ ਪ੍ਰਾਜੈਕਟਾਂ ਦੀ ਵੀ ਹਮਾਇਤ ਕੀਤੀ ਜਾਵੇਗੀ।

ਕੈਨੇਡਾ ਦੇ ਵਾਤਾਵਰਣ ਅਤੇ ਜਲਵਾਯੂ ਤਬਦੀਲੀ ਮੰਤਰੀ ਜੋਨਾਥਨ ਵਿਲਕਿਨਸਨ ਨੇ ਕਿਹਾ, ”ਵੱਧ ਤੋਂ ਵੱਧ ਦੇਸ਼ 2050 ਤਕ ਗੱਡੀਆਂ ਰਾਹੀਂ ਸਿਫ਼ਰ ਉਤਸਰਜਨ ਦਾ ਟੀਚਾ ਹਾਸਲ ਕਰਨਾ ਚਾਹੁੰਦੇ ਹਨ, ਜਿਸ ਲਈ ਉਹ ਹਾਈਡ੍ਰੋਜਨ ਨੂੰ ਸਾਫ਼ ਊਰਜਾ ਦੇ ਸਰੋਤ ਵਜੋਂ ਵੇਖ ਰਹੇ ਹਨ। ਹਾਈਡ੍ਰੋਜਨ ਦੇ ਉਤਪਾਦਨ ਲਈ ਕੈਨੇਡਾ ਕੌਮਾਂਤਰੀ ਆਗੂ ਦੇਸ਼ਾਂ ਮੁਕਾਬਲੇ ਜ਼ਿਆਦਾ ਬਿਹਤਰ ਸਥਿਤੀ ‘ਚ ਹੈ, ਜਿਸ ਨਾਲ ਹਜ਼ਾਰਾਂ ਨੌਕਰੀਆਂ ਪੈਦਾ ਹੋਣਗੀਆਂ, ਸਾਡੀ ਆਰਥਿਕਤਾ ਦਾ ਵਿਕਾਸ ਹੋਵੇਗਾ, ਪ੍ਰਦੂਸ਼ਣ ਘਟੇਗਾ ਅਤੇ ਕੈਨੇਡਾ 2030 ਦੇ ਪੈਰਿਸ ਸਮਝੌਤੇ ਅਨੁਸਾਰ ਟੀਚੇ ਨੂੰ ਪ੍ਰਾਪਤ ਕਰਨ ਦੇ ਰਾਹ ‘ਤੇ ਅੱਗੇ ਵਧੇਗਾ।”

ਫ਼ੈਡਰਲ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ 2050 ਤਕ ਕੌਮਾਂਤਰੀ ਹਾਈਡ੍ਰੋਜਨ ਬਾਜ਼ਾਰ 12 ਟ੍ਰਿਲੀਅਨ ਡਾਲਰ ਦਾ ਹੋ ਜਾਵੇਗਾ। ਇਸ ਨੇ ਰਣਨੀਤੀ ਤਿਆਰ ਕਰਨ ‘ਤੇ ਤਿੰਨ ਸਾਲ ਲਾਏ ਹਨ ਅਤੇ 1500 ਮਾਹਰਾਂ ਅਤੇ ਹਿੱਤਧਾਰਕਾਂ ਦੀ ਸਲਾਹ ਲਈ ਹੈ।

ਰਣਨੀਤੀ ਨੂੰ ਇਸ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।