ਹੀਨੋ ਨੇ ਉੱਤਰੀ ਅਮਰੀਕਾ ‘ਚ ਟਰੱਕ ਉਤਪਾਦਨ ਅਤੇ ਵਿਕਰੀ ਨੂੰ ਰੋਕਿਆ

Avatar photo

ਹੀਨੋ ਅਮਰੀਕਾ ਅਤੇ ਕੈਨੇਡਾ ਦੋਹਾਂ ਥਾਵਾਂ ‘ਤੇ ਟਰੱਕ ਉਤਪਾਦਨ ਅਤੇ ਵਿਕਰੀ ਦੀਆਂ ਕਾਰਵਾਈਆਂ ਨੂੰ ਉਦੋਂ ਤਕ ਰੋਕ ਰਹੀ ਹੈ ਜਦੋਂ ਤਕ ਕਿ ਇਹ ਨਵੇਂ ਅਮਰੀਕੀ ਇੰਜਣ ਪ੍ਰਮਾਣਿਕਤਾ ਟੈਸਟ ਦੀਆਂ ਜ਼ਰੂਰਤਾਂ ਨੂੰ ਪੂਰਾ ਨਾ ਕਰ ਲਵੇ।

ਵਿਲੀਅਮਸਟਾਊਨ ‘ਚ ਹੀਨੋ ਟਰੱਕਾਂ ਦਾ ਨਿਰਮਾਣ। (ਤਸਵੀਰ: ਹੀਨੋ ਮੋਟਰਸ)

ਇਸ ਦੇ ਬੋਰਡ ਆਫ਼ ਡਾਇਰੈਕਟਰਸ ਦੀ 23 ਦਸੰਬਰ ਨੂੰ ਹੋਈ ਮੀਟਿੰਗ ‘ਚ ਹੀਨੋ ਮੋਟਰਸ ਨੇ ਉੱਤਰੀ ਅਮਰੀਕਾ ਟਰੱਕ ਉਤਪਾਦਨ ਦੇ ਮਾਮਲੇ ‘ਚ ਕੰਪਨੀ ਵੱਲੋਂ ‘ਰਸਮੀ ਤੌਰ ‘ਤੇ ਕੰਮ ਰੋਕਣ’ ਦੀ ਕਵਾਇਦ ਨੂੰ ਮਨਜ਼ੂਰ ਦੇ ਦਿੱਤੀ ਹੈ। ਹੀਨੋ, ਟੋਯੋਟਾ ਮੋਟਰ ਕੰ. ਦੀ ਹੈਵੀ ਟਰੱਕ ਨਿਰਮਾਣ ਡਿਵੀਜ਼ਨ ਹੈ।

ਪ੍ਰੈੱਸ ਨੂੰ ਜਾਰੀ ਇੱਕ ਬਿਆਨ ‘ਚ ਹੀਨੋ ਨੇ ਕਿਹਾ ਕਿ ਉਤਪਾਦਨ ਨੂੰ ਰੋਕਣ ਦਾ ਫ਼ੈਸਲਾ ਉੱਤਰੀ ਅਮਰੀਕੀ ਟਰੱਕ ਮਾਡਲ ਇੰਜਣ ਏ09ਸੀ, ਜੇ08ਈ ਅਤੇ ਜੇ05ਈ ਹੀਨੋ ਦੇ ਨਵੇਂ ਮਾਡਲ ਸਾਲਾਂ ਲਈ ਯੂ.ਐਸ. ਇੰਜਣ ਸਰਟੀਫ਼ੀਕੇਸ਼ਨ ਜਾਂਚ ਪ੍ਰਕਿਰਿਆ ‘ਚ ਲੋੜੀਂਦੀਆਂ ‘ਚੁਨੌਤੀਆਂ’ ਕਰਕੇ ਕੀਤਾ ਗਿਆ।

ਵਾਤਾਵਰਣ ਸੁਰੱਖਿਆ ਏਜੰਸੀ (ਈ.ਪੀ.ਏ.) ਵੱਲੋਂ ਲਗਾਏ ਜਾ ਰਹੇ ਸਖ਼ਤ ਉਤਸਰਜਨ ਨਿਯਮ 2021 ‘ਚ ਕਾਨੂੰਨ ਬਣ ਜਾਣਗੇ।

ਨਵੇਂ ਕਾਨੂੰਨਾਂ ਨਾਲ ਕਾਰਬਨ ਡਾਈਆਕਸਾਈਡ ਅਤੇ ਹੋਰ ਗ੍ਰੀਨਹਾਊਸ ਡੀਜ਼ਲ ਐਗਜ਼ਾਸਟ ਗੈਸਾਂ ਦਾ ਉਤਸਰਜਨ ਹੋਰ ਘੱਟ ਹੋਵੇਗਾ ਅਤੇ ਇਸ ਹੇਠ ਮੀਡੀਅਮ ਅਤੇ ਹੈਵੀਡਿਊਟੀ ਟਰੱਕ ਨਿਰਮਾਤਾਵਾਂ ਨੂੰ 2021 ਮਾਡਲ ਵਰ੍ਹੇ ਵਰੇ ਦੀਆਂ ਗੱਡੀਆਂ ‘ਚ ਫ਼ਿਊਲ ਬੱਚਤ ਬਿਹਤਰ ਕਰਨ ਦੀ ਜ਼ਰੂਰਤ ਪਵੇਗੀ।

ਹੀਨੋ ਉਤਪਾਦਨ ਅਤੇ ਵਿਕਰੀ ‘ਚ ਇਸ ਖੜ੍ਹੋਤ ਨੂੰ ਇਹ ਯਕੀਨੀ ਕਰਨ ਲਈ ਵਰਤੇਗਾ ਕਿ ਉਸ ਦੇ ਏ09ਸੀ, ਜੇ08ਈ ਅਤੇ ਜੇ05ਈ ਇੰਜਣ ਨਵੇਂ ਕਾਨੂੰਨਾਂ ਦੀ ਪੂਰੀ ਤਰ੍ਹਾਂ ਤਾਮੀਲ ਕਰਦੇ ਹਨ।

ਉਤਪਾਦਨ ‘ਚ ਇਸ ਖੜ੍ਹੋਤ ਨਾਲ ਕੰਪਨੀ ਦੀਆਂ ਮਿਨਰਲ ਵੇਲਜ਼, ਡਬਲਿਊ.ਵੀਏ. ‘ਚ ਅਮਰੀਕੀ ਨਿਰਮਾਣ ਫ਼ੈਸਿਲਿਟੀ ਅਤੇ ਨਾਲ ਹੀ ਇਸ ਦੇ ਵੁੱਡਸਟਾਕ, ਓਂਟਾਰੀਓ ‘ਚ ਇਸ ਦੇ ਕੈਨੇਡੀਅਨ ਆਪਰੇਸ਼ਨਜ਼ ਨੂੰ ਸਤੰਬਰ 2021 ਤਕ ਰੋਕ ਦਿੱਤਾ ਜਾਵੇਗਾ।

ਨਾਲ ਹੀ ਕੰਪਨੀ ਨੇ ਐਲਾਨ ਕੀਤਾ ਹੈ ਕਿ ਉੱਤਰੀ ਅਮਰੀਕਾ ‘ਚ ਨਵੇਂ ਟਰੱਕਾਂ ਦੀ ਵਿਕਰੀ ਨੂੰ ਵੀ ਉਦੋਂ ਤਕ ਰੋਕ ਦਿੱਤਾ ਜਾਵੇਗਾ ਜਦੋਂ ਤਕ ਕਿ ਉਤਪਦਾਨ ‘ਤੇ ਰੋਕ ਨਹੀਂ ਹਟਾ ਲਈ ਜਾਂਦੀ। ਹੀਨੋ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਉੱਤਰੀ ਅਮਰੀਕਾ ‘ਚ ਉਸ ਦੇ ਕਮਰਸ਼ੀਅਲ ਟਰੱਕਾਂ ਦੀ ਵਿਕਰੀ ਅਕਤੂਬਰ 2021 ‘ਚ ਸ਼ੁਰੂ ਹੋ ਜਾਵੇਗੀ, ਜਦੋਂ ਉਤਪਾਦਨ ਸ਼ੁਰੂ ਹੋਵੇਗਾ ਅਤੇ ਗੱਡੀਆਂ ਵੀ ਡੀਲਰਸ਼ਿਪਸ ‘ਚ ਆਉਣੀਆਂ ਸ਼ੁਰੂ ਹੋ ਜਾਣਗੀਆਂ।

ਹੀਨੋ ਨੇ ਕਿਹਾ ਕਿ ਉਹ ਉਤਪਾਦਨ ਅਤੇ ਵਿਕਰੀ ‘ਚ ਖੜ੍ਹੋਤ ਦਾ ਸ਼ੇਅਰਹੋਲਡਰਾਂ ‘ਤੇ ਪੈਣ ਵਾਲੇ ਅਸਰ ਦਾ ਅੰਦਾਜ਼ਾ ਲਗਾ ਰਹੀ ਹੈ ਅਤੇ ਉਸ ਨੇ ਵਾਅਦਾ ਕੀਤਾ ਹੈ ਕਿ ਉਹ ਨਵੀਂ ਆਮਦਨ ਬਾਰੇ ਜਾਣਕਾਰੀ ਮਿਲਣ ਮਗਰੋਂ ਛੇਤੀ ਹੀ ਇਸ ਨੂੰ ਜਾਰੀ ਕਰੇਗੀ।