ਹੜ੍ਹ ਪੀੜਤਾਂ ਲਈ ਟਰੱਕਿੰਗ ਉਦਯੋਗ ਨੇ ਇਕੱਠੇ ਕੀਤੇ 50 ਹਜ਼ਾਰ ਡਾਲਰ

Avatar photo

ਕੈਨੇਡੀਅਨ ਟਰੱਕਿੰਗ ਉਦਯੋਗ ਨੇ ਬੀ.ਸੀ. ’ਚ ਭਿਆਨਕ ਹੜ੍ਹਾਂ ਤੋਂ ਪ੍ਰਭਾਵਤ ਵਿਅਕਤੀਆਂ ਦੀ ਮੱਦਦ ਲਈ 50 ਹਜ਼ਾਰ ਡਾਲਰ ਤੋਂ ਵੱਧ ਦੀ ਰਕਮ ਇਕੱਠੀ ਕੀਤੀ ਹੈ।

ਇਹ ਰਕਮ ਕੈਨੇਡੀਅਨ ਟਰੱਕਿੰਗ ਅਲਾਇੰਸ ਅਤੇ ਪ੍ਰੋਵਿੰਸ਼ੀਅਲ ਟਰੱਕਿੰਗ ਐਸੋਸੀਏਸ਼ਨਜ਼ ਨਾਲ ਮਿਲ ਕੇ ਟਰੱਕਸ ਫ਼ਾਰ ਚੇਂਜ ਵੱਲੋਂ ਇਕੱਠੀ ਕੀਤੀ ਗਈ। ਭਿਆਨਕ ਹੜ੍ਹਾਂ ਤੋਂ ਪ੍ਰਭਾਵਤ ਲੋਕਾਂ ਦੀ ਮੱਦਦ ਲਈ ਇਹ ਰੈੱਡ ਕਰਾਸ ਨੂੰ ਦਿੱਤੀ ਜਾਵੇਗੀ।

(ਤਸਵੀਰ: ਬੀ.ਸੀ. ਆਵਾਜਾਈ ਅਤੇ ਮੁੱਢਲਾ ਢਾਂਚਾ ਮੰਤਰਾਲਾ)

ਟਰੱਕਸ ਫ਼ਾਰ ਚੇਂਜ ਦੇ ਚੇਅਰਮੈਨ ਸਕੌਟ ਸਮਿੱਥ ਨੇ ਕਿਹਾ, ‘‘ਟਰੱਕਸ ਫ਼ਾਰ ਚੇਂਜ ਦਾ ਕੈਨੇਡੀਅਨ ਰੈੱਡ ਕਰਾਸ ਨਾਲ ਲੰਮਾ ਅਤੇ ਸਹਿਯੋਗ ਭਰਿਆ ਰਿਸ਼ਤਾ ਰਿਹਾ ਹੈ ਜਿਸ ’ਚ ਆਮ ਤੌਰ ’ਤੇ ਪੂਰੇ ਕੈਨੇਡਾ ’ਚ ਉਨ੍ਹਾਂ ਦੀਆਂ ਹੰਗਾਮੀ ਹਾਲਾਤ ’ਚ ਕੰਮਾਂ ਲਈ ਐਮਰਜੈਂਸੀ ਸਪਲਾਈਜ਼ ਦੀ ਸ਼ਿਪਮੈਂਟ ਲੈ ਕੇ ਜਾਣਾ ਸ਼ਾਮਲ ਹੈ। ਬੀ.ਸੀ. ’ਚ ਆਏ ਹੜ੍ਹ ਅਜਿਹੀ ਕਿਸਮ ਦੀ ਬਿਪਤਾ ਸੀ ਜਿਸ ਲਈ ਟਰੱਕਸ ਫ਼ਾਰ ਚੇਂਜ ਦੀਆਂ ਸੇਵਾਵਾਂ ਦੀ ਮੱਦਦ ਲਈ ਜਾਣੀ ਚਾਹੀਦੀ ਸੀ।’’

ਪਰ ਸ਼ੋਰਟ- ਅਤੇ ਲੌਂਗ-ਟਰਮ ਸੜਕਾਂ ਬੰਦ ਹੋਣ ਕਰਕੇ ਸੰਗਠਨ ਨੇ ਇਸ ਦੀ ਬਜਾਏ ਉਦਯੋਗ ਨੂੰ ਪੈਸੇ ਜ਼ਰੀਏ ਯੋਗਦਾਨ ਦੇਣ ਦੀ ਮੰਗ ਕੀਤੀ। ਇਸ ਨੇ 50,000 ਡਾਲਰ ਦਾ ਟੀਚਾ ਦਿੱਤਾ ਜਿਸ ਤੋਂ ਵੱਧ ਦੀ ਰਕਮ ਇਕੱਠੀ ਹੋਈ ਹੈ।

ਕੈਨੇਡੀਅਨ ਰੈੱਡ ਕਰਾਸ ਦੀ ਐਮਰਜੈਂਸੀ ਮੈਨੇਜਮੈਂਟ ਦੇ ਵਾਇਸ-ਪ੍ਰੈਜ਼ੀਡੈਂਟ ਮੈਲੇਨੀ ਸੋਲਰ ਨੇ ਕਿਹਾ, ‘‘ਬੀ.ਸੀ. ’ਚ ਭਿਆਨਕ ਹੜ੍ਹਾਂ ਤੋਂ ਪ੍ਰਭਾਵਤ ਲੋਕਾਂ ਦੀ ਮੱਦਦ ਕਰਦੇ ਹੋਏ ਅਸੀਂ ਟਰੱਕਸ ਫ਼ਾਰ ਚੇਂਜ ਅਤੇ ਕੈਨੇਡੀਅਨ ਟਰੱਕਿੰਗ ਉਦਯੋਗ ਵੱਲੋਂ ਦਿੱਤੀ ਮੱਦਦ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਸਾਡੀਆਂ ਟੀਮਾਂ ਆਉਣ ਵਾਲੇ ਹਫ਼ਤਿਆਂ ਅਤੇ ਮਹੀਨਿਆਂ ਤੱਕ ਲੋਕਾਂ ਅਤੇ ਭਾਈਚਾਰਿਆਂ ਦੀ ਮੱਦਦ ਲਈ ਹਾਜ਼ਰ ਰਹਿਣਗੀਆਂ।’’