ਫ਼ਰੇਟਲਾਈਨਰ ਦੇ ਇਲੈਕਟ੍ਰਿਕ ਟਰੱਕ ਨੇ 300,000-ਮੀਲ ਦਾ ਮਾਰਿਆ ਮਾਅਰਕਾ

Avatar photo

ਫ਼ਰੇਟਲਾਈਨਰ ਦੇ ਬੈਟਰੀ-ਇਲੈਕਟ੍ਰਿਕ ਇਨੋਵੇਸ਼ਨ ਫ਼ਲੀਟ ਨੇ ਅਸਲ ਕੰਮਕਾਜ ਦੇ ਅਮਲਾਂ ਦੌਰਾਨ ਹੁਣ 300,000 ਮੀਲ ਸਫ਼ਰ ਕਰਨ ਦਾ ਮਾਅਰਕਾ ਮਾਰ ਲਿਆ ਹੈ।

ਕੰਪਨੀ ਨੇ ਇਹ ਐਲਾਨ ਕਰਦਿਆਂ ਕਿਹਾ ਕਿ 30 ਮੀਡੀਅਮ ਅਤੇ ਹੈਵੀ-ਡਿਊਟੀ ਟਰੱਕਾਂ ਦਾ ਫ਼ਲੀਟ ਇਸ ਤਕਨੀਕ ਨੂੰ ਵੱਡੇ ਪੱਧਰ ‘ਤੇ ਕਮਰਸ਼ੀਅਲ ਆਵਾਜਾਈ ਕਾਰਵਾਈਆਂ ‘ਚ ਏਕੀਕ੍ਰਿਤ ਕਰਨ ਦੀ ਜਾਂਚ ਲਈ ਬਣਾਇਆ ਗਿਆ ਹੈ।

ਸੀਨੀਅਰ ਵਾਇਸ ਪ੍ਰੈਜ਼ੀਡੈਂਟ, ਆਨ-ਹਾਈਵੇ ਸੇਲਜ਼ ਅਤੇ ਮਾਰਕੀਟਿੰਗ ਲਈ ਡੀ.ਟੀ.ਐਨ.ਏ. ਰਿਚਰਡ ਹੋਵਾਰਡ ਨੇ ਕਿਹਾ, ”ਆਪਣੇ ਗ੍ਰਾਹਕਾਂ ਨਾਲ ਸਹਿ-ਸਿਰਜਣਾ ਫ਼ਰੇਟਲਾਈਨਰ ਵੱਲੋਂ ਬਾਜ਼ਾਰ ‘ਚ ਪੈਂਠ ਬਣਾਉਣ ਦੀ ਨੀਤੀ ਦਾ ਮਹੱਤਵਪੂਰਨ ਹਿੱਸਾ ਹੈ। ਜਦੋਂ ਅਸੀਂ ਸਿਫ਼ਰ ਉਤਸਰਜਨ ਵਾਲੇ ਕਮਰਸ਼ੀਅਲ ਵਹੀਕਲ ਬਣਾ ਰਹੇ ਹਾਂ ਤਾਂ ਹਜ਼ਾਰਾਂ ਟਰੱਕਾਂ ਨਾਲ ਸਾਡੇ ਲੋਜਿਸਟਿਕਸ ਗ੍ਰਾਹਕਾਂ ਦੀ ਫ਼ਲੀਟ ਆਪਰੇਸ਼ਨਜ਼ ‘ਚ ਜਾਣਕਾਰੀ ਅਤੇ ਮੁਹਾਰਤ ਅਨਮੋਲ ਹੈ। ਬੈਟਰੀ-ਇਲੈਕਟ੍ਰਿਕ ਟਰੱਕਾਂ ਦਾ ਲੜੀਵਾਰ ਉਤਪਾਦਨ ਸ਼ੁਰੂ ਕਰਨ ਤੋਂ ਪਹਿਲਾਂ 300,000 ਮੀਲ ਦੀ ਟੈਸਟਿੰਗ ਮੁਕੰਮਲ ਕਰਨ, ਫਿਰ 10 ਲੱਖ ਮੀਲ, ਫਿਰ ਹੋਰ ਸਫ਼ਰ ਪੂਰਾ ਕਰਨ ਨਾਲ ਅਸੀਂ ਉਹ ਕਾਰਗੁਜ਼ਾਰੀ ਅਤੇ ਭਰੋਸੇਯੋਗਤਾ ਹਾਸਲ ਕਰ ਲਵਾਂਗੇ ਜੋ ਸਾਡੇ ਗ੍ਰਾਹਕ ਚਾਹੁੰਦੇ ਹਨ, ਜਿਸ ਨੇ ਫ਼ਰੇਟਲਾਈਨਰ ਨੂੰ ਕਮਰਸ਼ੀਅਲ ਟਰੱਕਾਂ ਦੇ ਮਾਮਲੇ ‘ਚ ਮੋਢੀ ਬਣਾ ਦਿੱਤਾ ਹੈ।”

ਫ਼ਰੇਟਲਾਈਨਰ ਈ-ਕਾਸਕੇਡੀਆ ਦਾ ਉਤਪਾਦਨ 2022 ਦੇ ਅੱਧ ‘ਚ ਸ਼ੁਰੂ ਹੋ ਜਾਵੇਗਾ ਅਤੇ ਫ਼ਰੇਟਲਾਈਨਰ ਈਐਮ2 ਦਾ ਲੜੀਵਾਰ ਉਤਪਾਦਨ 2022 ਦੇ ਅਖ਼ੀਰ ‘ਚ ਸ਼ੁਰੂ ਕਰਨ ਦੀ ਯੋਜਨਾ ਹੈ।