ਫ਼ਰੇਜ਼ਰ ਕੇਨੀਅਨ ਜ਼ਰੀਏ ਮੁੜ ਖੁੱਲ੍ਹਾ ਬੀ.ਸੀ. ਦਾ ਹਾਈਵੇ 1

Avatar photo

24 ਜਨਵਰੀ ਦੀ ਦੁਪਹਿਰ ਨੂੰ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਆਵਾਜਾਈ ਲਈ ਹਾਈਵੇ 1 ਨੂੰ ਫ਼ਰੇਜ਼ਰ ਕੇਨੀਅਨ ਜ਼ਰੀਏ ਖੋਲ੍ਹ ਦਿੱਤਾ ਗਿਆ ਹੈ, ਜੋ ਕਿ ਬਿ੍ਰਟਿਸ਼ ਕੋਲੰਬੀਆ ਵੱਲੋਂ ਨਵੰਬਰ ’ਚ ਆਏ ਹੜ੍ਹਾਂ ਤੋਂ ਉਬਰਨ ਦੇ ਰਾਹ ’ਚ ਇੱਕ ਹੋਰ ਮੀਲ ਦਾ ਪੱਥਰ ਹੈ।

ਬੀ.ਸੀ. ਦੇ ਆਵਾਜਾਈ ਅਤੇ ਮੁਢਲਾ ਢਾਂਚਾ ਬਾਰੇ ਮੰਤਰਾਲੇ ਨੇ ਪ੍ਰੈੱਸ ਦੇ ਨਾਂ ਜਾਰੀ ਇੱਕ ਬਿਆਨ ’ਚ ਕਿਹਾ ਕਿ ਲੋਅਰ ਮੇਨਲੈੈਂਡ ਨੂੰ ਬੀ.ਸੀ. ਦੇ ਅੰਦਰੂਨੀ ਅਤੇ ਉੱਤਰੀ ਹਿੱਸੇ ਨਾਲ ਜੋੜਨ ਵਾਲੇ ਪ੍ਰਮੁੱਖ ਰਸਤੇ ਨੂੰ ਬਹਾਲ ਕਰ ਦਿੱਤਾ ਗਿਆ ਹੈ। ਪਿਛਲੇ ਹਫ਼ਤਿਆਂ ਦੌਰਾਨ ਰਿਕਾਰਡਤੋੜ ਬਰਫ਼ਬਾਰੀ, ਬਰਫ਼ ਦੇ ਤੋਦੇ ਡਿੱਗਣ ਦੇ ਖ਼ਤਰੇ ਅਤੇ ਸਖ਼ਤ ਠੰਢ ਦੇ ਬਾਵਜੂਦ ਹਾਈਵੇ ਦੀ ਮੁਰੰਮਤ ਪੂਰੀ ਹੋ ਚੁੱਕੀ ਹੈ।

ਆਵਾਜਾਈ ਅਤੇ ਮੁਢਲਾ ਢਾਂਚਾ ਮੰਤਰੀ ਰੋਬ ਫ਼ਲੇਮਿੰਗ ਨੇ ਕਿਹਾ, ‘‘ਹਾਈਵੇ 1 ਨੂੰ ਫ਼ਰੇਜ਼ਰ ਕੇਨੀਅਨ ਜ਼ਰੀਏ ਖੋਲ੍ਹਣ ਲਈ ਜ਼ਰੂਰੀ ਮੁਰਮੰਤ ਕਰਨ ਲਈ ਲੰਮੇ ਘੰਟਿਆਂ ਤੱਕ ਕੰਮ ਕਰ ਕੇ ਕਰਿਊ ਅਤੇ ਸਟਾਫ਼ ਨੇ ਸਾਨੂੰ ਆਪਣਾ ਦੇਣਦਾਰ ਬਣਾ ਲਿਆ ਹੈ। ਸੜਕ ਦੇ ਏਨਾ ਖ਼ਰਾਬ ਹੋਣ ਤੋਂ ਬਾਅਦ ਲੋਕਾਂ ਅਤੇ ਵਸਤਾਂ ਨੂੰ ਮੁੜ ਤੋਂ ਸਫ਼ਰ ਕਰਨ ਦੇ ਕਾਬਲ ਬਣਾਉਣ ਲਈ ਉਸਾਰੀ ਅਤੇ ਇੰਜੀਨੀਅਰਿੰਗ ਪ੍ਰਾਪਤੀਆਂ ਕਿਸੇ ਵੱਡੇ ਮਾਅਰਕੇ ਤੋਂ ਘੱਟ ਨਹੀਂ ਹਨ।’’

ਪਿਛਲੇ ਹਫ਼ਤਿਆਂ ਦੌਰਾਨ ਭਾਰੀ ਬਰਫ਼ਬਾਰੀ ਦੇ ਬਾਵਜੂਦ ਕਰਿਊ ਨੇ ਹਾਈਵੇ 1 ’ਤੇ ਜੈਕਐਸ ਮਾਊਂਟੈਨ ਵਿਖੇ 260-ਫ਼ੁੱਟ ਦਾ ਸਿੰਗਲ ਲੇਨ ਆਰਜ਼ੀ ਪੁਲ ਉਸਾਰ ਦਿੱਤਾ। (ਤਸਵੀਰ: ਬੀ.ਸੀ. ਆਵਾਜਾਈ ਅਤੇ ਮੁਢਲਾ ਢਾਂਚਾ ਮੰਤਰਾਲਾ)

ਮੰਜ਼ਿਲ ਦੇ ਆਧਾਰ ’ਤੇ, ਹਾਈਵੇ 1 ’ਤੇ ਫ਼ਰੇਜ਼ਰ ਕੇਨੀਅਨ ਰਾਹੀਂ ਸਫ਼ਰ ਕਰ ਰਹੇ ਡਰਾਈਵਰਾਂ ਨੂੰ ਦੋ ਘੰਟੇ ਜਾਂ ਇਸ ਤੋਂ ਜ਼ਿਆਦਾ ਦੀ ਦੇਰੀ ਲਈ ਯੋਜਨਾ ਬਣਾਉਣ ਦੀ ਜ਼ਰੂਰਤ ਹੈ। ਇਹ ਚਲ ਰਹੀ ਮੁਰੰਮਤ, ਓਨ -ਗਰੇਡ ਟਰੇਨ ਕਰਾਸਿੰਗ ਅਤੇ ਸਿੰਗਲ-ਲੇਨ ਆਲਟਰਨੇਟਿੰਗ ਟ੍ਰੈਫ਼ਿਕ ਦੇ ਹਿੱਸੇ ਕਰਕੇ ਹੈ, ਜਿਸ ’ਚ ਜੈਕਐਸ ਮਾਊਂਟੈਨ ਅਤੇ ਨਿਕੋਮੈੱਨ ਰਿਵਰ ਕਰਾਸਿੰਗ ਵਿਖੇ ਆਰਜ਼ੀ ਸਿੰਗਲ-ਲੇਨ ਪੁਲ ਸ਼ਾਮਲ ਹੈ।

ਪਾਇਲਟ-ਕਾਰ ਸਰਵਿਸ

ਜੈਕਐਸ ਮਾਊਂਟੈਨ ਵਿਖੇ ਲਗਾਇਆ ਸਿੰਗਲ-ਲੇਨ ਆਰਜੀ ਬਿ੍ਰਜ ਲਗਭਗ 20 ਮੀਟਰ (260 ਫ਼ੁੱਟ) ਲੰਮਾ ਹੈ ਅਤੇ ਇਹ ਅਜਿਹੇ ਖੇਤਰ ’ਚ ਸਥਿਤ ਹੈ ਜਿੱਥੇ ਦੋ-ਲੇਨ ਸੜਕ ਦਾ ਵੱਡਾ ਹਿੱਸਾ ਟੁੱਟ ਚੁੱਕਾ ਸੀ। ਇਸ ਬਿ੍ਰਜ ਦੇ ਬਰਫ਼ ਦੇ ਤੋਦੇ ਡਿੱਗਣ ਵਾਲੇ ਇਲਾਕੇ ’ਚ ਹੋਣ ਕਰਕੇ, ਡਰਾਈਵਰਾਂ ਨੂੰ ਇਸ ਖੇਤਰ ’ਚ ਸਹੀ ਰਾਹ ਵਿਖਾਉਣ ਲਈ ਲਗਭਗ ਚਾਰ ਕਿੱਲੋਮੀਟਰ ਤੱਕ ਪਾਇਲਟ-ਕਾਰ ਸੇਵਾ ਹੋਵੇਗੀ।

ਇਸ ਰਾਹ ’ਤੇ ਸਫ਼ਰ ਕਰਨ ਵਾਲੇ ਟਰੱਕਰਸ ਲਈ, ਹਾਈਵੇ ਕਾਨੂੰਨ ਅਨੁਸਾਰ ਇਜਾਜ਼ਤਯੋਗ ਚੌੜਾਈ ਅਤੇ ਭਾਰ ਲੋਡਿੰਗ ਲਈ ਖੁੱਲ੍ਹਾ ਰਹੇਗਾ। ਹਾਲਾਂਕਿ, ਲੋਡ ਲੰਬਾਈ ’ਚ 25 ਮੀਟਰ ਤੱਕ ਹੀ ਸੀਮਤ ਰੱਖੇ ਜਾਣਗੇ ਜਦੋਂ ਤੱਕ ਕਿ ਨਿਕੋਮੈੱਨ ਰਿਵਰ ਵਿਖੇ ਹਾਈਵੇ ਬਿ੍ਰਜ ਦੀ ਮੁਰੰਮਤ ਪੂਰੀ ਨਹੀਂ ਹੋ ਜਾਂਦੀ। ਫ਼ਰੇਜ਼ਰ ਕੇਨੀਅਨ ’ਚ ਬਰਫ਼ ਦੇ ਤੋਦੇ ਡਿੱਗਣ ਦਾ ਖ਼ਤਰਾ ਵੀ ਇਸ ਸਾਲ ਵੱਧ ਹੈ। ਤੋਦੇ ਡਿੱਗਣ ਦੇ ਕੰਟਰੋਲ ਅਤੇ ਸਾਫ਼-ਸਫ਼ਾਈ ਕਰਕੇ ਡਰਾਈਵਰਾਂ ਨੂੰ ਥੋੜ੍ਹੇ ਸਮੇਂ ਦੇ ਨੋਟਿਸ ’ਤੇ ਸੜਕ ਬੰਦ ਹੋਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੋਕਾਂ ਨੂੰ ਗੱਡੀ ਦੀ ਟੈਂਕੀ ਭਰੀ ਹੋਈ ਰੱਖ ਕੇ ਗਰਮ ਕੱਪੜੇ, ਭੋਜਨ ਅਤੇ ਪਾਣੀ ਦੀ ਯੋਜਨਾਬੰਦੀ ਕਰਨ ਲਈ ਕਿਹਾ ਗਿਆ ਹੈ।