ਫ਼ਲੀਟ ਮੁਰੰਮਤ, ਪਾਰਟਸ ਖ਼ਰੀਦ ‘ਤੇ ਲੰਮਾ ਸਮਾਂ ਟਿਕਣ ਵਾਲਾ ਅਸਰ ਪਾ ਕੇ ਜਾਵੇਗੀ ਮਹਾਂਮਾਰੀ

Avatar photo

ਭਾਵੇਂ ਕੋਵਿਡ-19 ਮਹਾਂਮਾਰੀ ਕਿੰਨਾ ਵੀ ਮਾਰੂ ਕਿਉਂ ਰਹੀ ਹੋਵੇ, ਫ਼ਲੀਟ ਮੁਰੰਮਤ ਅਤੇ ਪਾਰਟਸ ਦੀ ਖ਼ਰੀਦ ਦੇ ਮਾਮਲੇ ‘ਚ ਕਈ ਲਾਭਕਾਰੀ ਤਬਦੀਲੀਆਂ ਵੀ ਆਈਆਂ ਹਨ ਜੋ ਕਿ ਮਹਾਂਮਾਰੀ ਦੇ ਖ਼ਤਮ ਹੋਣ ਤੋਂ ਬਾਅਦ ਵੀ ਕਾਫ਼ੀ ਸਮੇਂ ਤਕ ਟਿਕੀਆਂ ਰਹਿਣਗੀਆਂ।

(ਤਸਵੀਰ : ਆਈਸਟਾਕ)

25 ਜਨਵਰੀ ਨੂੰ ਹੋਏ ਮੋਟਰ ਅਤੇ ਉਪਕਰਨ ਨਿਰਮਾਤਾਵਾਂ ਦੇ ਹੈਵੀ ਡਿਊਟੀ ਆਫ਼ਟਰਮਾਰਕੀਟ ਬਾਰੇ ਚਰਚਾ ‘ਤੇ ਵੈਬੀਨਾਰ ਦੌਰਾਨ ਫ਼ਲੀਟ ਦੇ ਪੈਨਲਿਸਟਾਂ ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਕਿ ਉਨ੍ਹਾਂ ਦੀਆਂ ਕੰਪਨੀਆਂ ਅਤੇ ਸਪਲਾਈਕਰਤਾਵਾਂ ਵੱਲੋਂ ਕਈ ਤਬਦੀਲੀਆਂ ਲਿਆਂਦੀਆਂ ਗਈਆਂ ਹਨ ਜੋ ਕਿ ਉਨ੍ਹਾਂ ਦੀ ਉਮੀਦ ਅਨੁਸਾਰ ਪੱਕੇ ਤੌਰ ‘ਤੇ ਰਹਿਣਗੀਆਂ। ਅਮਰੀਕਾ ਦੇ ਸਭ ਤੋਂ ਵੱਡੇ ਫ਼ਲੀਟ ਫ਼ਰੀਟੋ-ਲੇਅ ਨਾਲ ਟਰਾਂਸਪੋਰਟੇਸ਼ਨ ਦੇ ਸੀਨੀਅਰ ਡਾਇਰੈਕਟਰ ਮੇਰੀ ਰੋਬਰਟਸ ਨੇ ਕਿਹਾ ਕਿ ਉਨ੍ਹਾਂ ਦੀ ਫ਼ਲੀਟ ਦਾ ਅਪਟਾਈਮ ਅਤੇ ਪੀ.ਐਮ. ਤਾਮੀਲੀ ਪਿਛਲੇ ਸਾਲ ਸਿਖਰ ‘ਤੇ ਰਿਹਾ, ”ਜੋ ਕਿ ਅਜਿਹਾ ਸਾਲ ਸੀ ਜਦੋਂ ਸਾਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਵੀ ਰਹੀ।”

ਉਨ੍ਹਾਂ ਕਿਹਾ ਕਿ ਫ਼ਲੀਟ ਨੇ ਉਸ ਵੱਲੋਂ ਡਿਲੀਵਰ ਕੀਤੇ ਜਾ ਰਹੇ ਉਤਪਾਦਾਂ ਦੀ ਵਧਦੀ ਮੰਗ ਨੂੰ ਵੇਖਿਆ ਜਦੋਂ ਗ੍ਰਾਹਕ ਘਰੇਲੂ ਸਮਾਨ ਨੂੰ ਆਪਣੇ ਕੋਲ ਜਮ੍ਹਾਂ ਕਰ ਰਹੇ ਸਨ ਅਤੇ ਉਨ੍ਹਾਂ ਦੀਆਂ ਕਾਰਵਾਈਆਂ ਕਦੇ ਨਹੀਂ ਰੁਕੀਆਂ।

ਉਨ੍ਹਾਂ ਕਿਹਾ, ”ਸ਼ੁਰੂਆਤ ‘ਚ ਸਾਡੀ ਰਣਨੀਤੀ ਇਹ ਸੀ ਕਿ ਜਦੋਂ ਤਕ ਅਸੀਂ ਆਪਣੇ ਡਰਾਈਵਰਾਂ ਦਾ ਖ਼ਿਆਲ ਰੱਖਾਂਗੇ, ਉਹ ਬਾਕੀ ਹਰ ਚੀਜ਼ ਦਾ ਧਿਆਨ ਰੱਖਣਗੇ।”

ਕੁੱਝ ਇਸੇ ਤਰ੍ਹਾਂ ਦੀ ਸੋਚ ਨੂੰ ਕੁਆਲਿਟੀ ਟਰਾਂਸਪੋਰਟ ਨੇ ਵੀ ਅਪਣਾਇਆ ਜੋ ਕਿ ਉੱਤਰੀ-ਕੇਂਦਰੀ ਇਲੀਆਨੋਇ ‘ਚ ਸਥਿਤ 20-ਟਰੱਕਾਂ ਦੀ ਫ਼ਲੀਟ ਹੈ। ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਅਮਾਂਡਾ ਸ਼ਹੂਈਅਰ ਨੇ ਕਿਹਾ, ”ਜਦੋਂ ਸਾਨੂੰ ਪਤਾ ਲੱਗਾ ਕਿ ਕਾਰਵਾਈਆਂ ਚਲਾਉਣ ਲਈ ਇਹ ਵੱਡੀ ਚੁਨੌਤੀ ਬਣਨ ਵਾਲਾ ਹੈ, ਤਾਂ ਅਸੀਂ ਤੁਰੰਤ ਡਰਾਈਵਰਾਂ ਦਾ ਖ਼ਿਆਲ ਰੱਖਣ ‘ਤੇ ਧਿਆਨ ਕੇਂਦਰਤ ਕੀਤਾ। ਇੱਕ ਟੀਚਾ ਇਹ ਸੀ ਕਿ ਕਿਸੇ ਵੀ ਡਰਾਈਵਰ ਨੂੰ ਕੰਮ ਤੋਂ ਨਾ ਹਟਾਇਆ ਜਾਵੇ ਅਤੇ ਅਸੀਂ ਇਸ ‘ਚ ਕਾਮਯਾਬ ਵੀ ਰਹੇ।”

ਕੁਆਲਿਟੀ ਟਰਾਂਸਪੋਰਟ ਵਿਖੇ ਗ਼ੈਰਯੋਜਨਾਬੱਧ ਲਾਭ ਇਹ ਰਿਹਾ ਕਿ ਮਹਾਂਮਾਰੀ ਦੀ ਦਸਤਕ ਤੋਂ ਬਾਅਦ ਕੰਪਨੀ ਨੇ ਆਪਣੀਆਂ ਟੈਕਨਾਲੋਜੀਆਂ ‘ਚ ਨਿਵੇਸ਼ ਨੂੰ ਤੇਜ਼ ਕਰ ਦਿੱਤਾ। ਨਵਾਂ ਡਿਸਪੈਚ ਸਿਸਟਮ ਅਪਣਾਇਆ ਗਿਆ, ਟਰੇਲਰ ਟਰੈਕਿੰਗ ਨੂੰ ਲਾਗੂ ਕੀਤਾ ਗਿਆ ਅਤੇ ਫ਼ਲੀਟ ਦੇ ਇਲੈਕਟ੍ਰਾਨਿਕ ਲਾਗਿੰਗ ਡਿਵਾਇਸ (ਈ.ਐਲ.ਡੀ.) ਨੂੰ ਬਿਹਤਰ ਸਿਸਟਮ ਨਾਲ ਬਦਲ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਟੈਕਨਾਲੋਜੀ ਨੂੰ ਅਪਣਾਏ ਜਾਣ ਤੋਂ ਬਾਅਦ ਫ਼ਲੀਟ ਦਾ ਸੰਚਾਰ ਸੱਚਮੁੱਚ ਬਿਹਤਰ ਹੋਇਆ ਹੈ ਅਤੇ ਇਹ ਸਪਲਾਈਕਰਤਾਵਾਂ ‘ਤੇ ਵੀ ਲਾਗੂ ਹੁੰਦਾ ਹੈ ਜੋ ਕਿ ਜ਼ਰੂਰੀ ਕਲਪੁਰਜ਼ਿਆਂ ਦੀ ਬੇਰੋਕ ਸਪਲਾਈ ਨੂੰ ਯਕੀਨੀ ਕਰਨ ਲਈ ਰਚਨਾਤਮਕ ਹੋ ਗਏ ਹਨ।

ਉਨ੍ਹਾਂ ਕਿਹਾ, ”ਮੈਨੂੰ ਉਮੀਦ ਹੈ ਕਿ ਇਸ ਮਹਾਂਮਾਰੀ ਦੌਰਾਨ ਅਸੀਂ ਜੋ ਭਾਈਚਾਰੇ ਦੀ ਭਾਵਨਾ ਸਥਾਪਤ ਕੀਤੀ ਹੈ ਉਹ ਖ਼ਤਮ ਨਾ ਹੋਵੇ। ਮੈਂ ਕਦੇ ਆਪਣੇ ਮੁਲਾਜ਼ਮਾਂ ਦੇ ਓਨਾ ਨੇੜੇ ਮਹਿਸੂਸ ਨਹੀਂ ਕੀਤਾ ਜਿੰਨਾ ਕਿ ਹੁਣ ਕਰ ਰਹੀ ਹਾਂ।”

ਹੱਬ ਗਰੁੱਪ ਨਾਲ ਮੁਰੰਮਤ ਅਤੇ ਉਪਕਰਨ ਦੇ ਕਾਰਜਕਾਰੀ ਵਾਇਸ-ਪ੍ਰੈਜ਼ੀਡੈਂਟ ਜੈਰੀ ਮੀਡ ਨੇ ਕਿਹਾ ਕਿ ਉਹ ਇਸ ਗੱਲ ਤੋਂ ਬਹੁਤ ਪ੍ਰਭਾਵਤ ਹਨ ਕਿ ਘਰ ਤੋਂ ਕੰਮ ਕਰਨ ਲਈ ਮੁਲਾਜ਼ਮ ਕਿੰਨੇ ਫ਼ੁਰਤੀਲੇ ਨਿਕਲੇ। ਉਹ ਪਾਰਟਸ ਸਪਲਾਈਕਰਤਾਵਾਂ ਤੋਂ ਵੀ ਓਨੇ ਹੀ ਖ਼ੁਸ਼ ਸਨ ਕਿ ਉਨ੍ਹਾਂ ਨੇ ਫ਼ਲੀਟ ਨੂੰ ਰੁਕਣ ਨਹੀਂ ਦਿੱਤਾ।

ਉਨ੍ਹਾਂ ਕਿਹਾ, ”ਅਸੀਂ ਕਦੇ ਨਹੀਂ ਰੁਕੇ।”

ਸ਼ਹੂਈਅਰ ਨੇ ਈ.ਐਲ.ਡੀ. ਮੁਹੱਈਆਕਰਤਾਵਾਂ ਦੀ ਉਦਾਹਰਣ ਦਿੱਤੀ ਜਿਨ੍ਹਾਂ ਨੇ ਡਰਾਈਵਰਾਂ ਨੂੰ ਰੈਂਫ਼ਰੈਂਸ ਕਾਰਡ ਦਿੱਤੇ ਜੋ ਕਿ ਉਹ ਆਪਣੇ ਟਰੱਕਾਂ ‘ਚ ਰੱਖ ਸਕਦੇ ਸਨ ਜਿਸ ‘ਤੇ ਮਹਾਂਮਾਰੀ ਦੌਰਾਨ ਸਫ਼ਰ ਕਰਨ ਲਈ ਮੱਦਦਗਾਰ ਜਾਣਕਾਰੀ ਲਿਖੀ ਹੋਈ ਸੀ।

ਉਨ੍ਹਾਂ ਕਿਹਾ, ”ਅਸੀਂ ਕਾਰਡਾਂ ਨੂੰ ਲੈਮੀਨੇਟ ਕਰਵਾ ਕੇ ਸਾਰੇ ਡਰਾਈਵਰਾਂ ਦੇ ਟਰੱਕਾਂ ‘ਚ ਵਿਅਕਤੀਗਤ ਸੁਰੱਖਿਆ ਉਪਕਰਨਾਂ ਨਾਲ ਹੀ ਰਖਵਾ ਦਿੱਤਾ। ਇਸ ਨਾਲ ਉਹ ਕੰਪਨੀ ਮੇਰੇ ਜ਼ਿਹਨ ‘ਤੇ ਛਾ ਗਈ… ਅਤੇ ਮੈਨੂੰ ਲੱਗਾ ਕਿ ਉਹ ਇਸ ਸੰਕਟ ਸਮੇਂ ਮੇਰੇ ਨਾਲ ਖੜ੍ਹੇ ਹਨ।”

ਵਰਚੂਅਲ ਟਰੇਨਿੰਗ, ਮੀਟਿੰਗਾਂ

ਮੀਡ ਨੇ ਕਿਹਾ ਕਿ ਜਦੋਂ ਮਹਾਂਮਾਰੀ ਦੌਰਾਨ ਲਾਗੂ ਪ੍ਰਕਿਰਿਆਵਾਂ ਦੀ ਗੱਲ ਆਉਂਦੀ ਹੈ ਜੋ ਕਿ ਹਮੇਸ਼ਾ ਸਥਾਪਤ ਰਹਿਣਗੀਆਂ, ਤਾਂ ਵੈਂਡਰਸ ਵੱਲੋਂ ਦਿੱਤੀ ਗਈ ਵਰਚੂਅਲ ਟਰੇਨਿੰਗ ਕਈ ਅਰਥਾਂ ‘ਚ ਵਿਅਕਤੀਗਤ ਤੌਰ ‘ਤੇ ਮੁਹੱਈਆ ਕਰਵਾਈ ਗਈ ਸਿਖਲਾਈ ਤੋਂ ਵੀ ਵਧੀਆ ਸਾਬਤ ਹੋਈ। ਹਰ ਕਿਸੇ ਸਾਹਮਣੇ ਪਾਠ ਸਪੱਸ਼ਟ ਸੀ, ਜਦਕਿ ਵਿਅਕਤੀਗਤ ਤੌਰ ‘ਤੇ ਸਿਖਲਾਈ ‘ਚ ਪਿਛਲੀਆਂ ਸੀਟਾਂ ‘ਤੇ ਬੈਠੇ ਵਿਅਕਤੀਆਂ ਨੂੰ ਨਹੀਂ ਦਿਸਦਾ ਹੁੰਦਾ ਕਿ ਕੀ ਦਰਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੀਡੀਓ ਰਾਹੀਂ ਸਵਾਲਾਂ ਦੇ ਜਵਾਬ ਦੇਣ ਵਾਲਾ ਇੰਸਟਰੱਕਟਰ ਕਿਸੇ ਪਹਿਲਾਂ ਰੀਕਾਰਡ ਕੀਤੀ ਵੀਡੀਓ ਜਾਂ ਬੁਲੇਟਿਨ ਪੜ੍ਹਨ ਤੋਂ ਵਧੀਆ ਸਾਬਤ ਹੁੰਦਾ ਹੈ।

ਮੀਡ ਨੇ ਕਿਹਾ ਕਿ ਤਕਨੀਸ਼ੀਅਨਾਂ ਨੂੰ ਦੁਕਾਨ ‘ਚ ਪਾਰਟਸ ਲੱਭਦੇ ਘੁੰਮਦੇ ਰਹਿਣ ਅਤੇ ਗ਼ੈਰਜ਼ਰੂਰੀ ਸੰਪਰਕ ‘ਚ ਉਲਝਣ ਦੀ ਬਜਾਏ ਪਾਰਟਸ ਕਾਊਂਟਰ ‘ਤੇ ਕੰਮ ਕਰਨ ਵਾਲੇ ਹੀ ਕਲਪੁਰਜ਼ਿਆਂ ਨੂੰ ਗੱਡੀ ਤਕ ਪਹੁੰਚਾ ਦਿੰਦੇ ਸਨ।

ਮੀਡ ਨੇ ਕਿਹਾ, ”ਸਾਨੂੰ ਉਤਪਾਦਕਤਾ ‘ਚ ਵਾਧਾ ਵੇਖਣ ਨੂੰ ਮਿਲਿਆ। ਅਸੀਂ ਅਜਿਹਾ ਅੱਗੇ ਵੀ ਜਾਰੀ ਰੱਖਾਂਗੇ। ਪਾਰਟਸ ਵਾਲਾ ਵਿਅਕਤੀ ਕਾਊਂਟਰ ਪਿੱਛੇ ਬੈਠਾ ਰਹਿਣ ਦੀ ਬਜਾਏ ਉਨ੍ਹਾਂ ਕਲਪੁਰਜ਼ਿਆਂ ਨੂੰ ਗੱਡੀ ਤਕ ਪਹੁੰਚਾ ਦਿੰਦਾ ਸੀ ਤਾਂ ਕਿ ਤਕਨੀਸ਼ੀਅਨ ਆਪਣਾ ਕੰਮ ਕਰਦੇ ਰਹਿਣ।”

ਰੋਬਰਟਸ ਨੇ ਕਿਹਾ ਕਿ ਡਰਾਈਵਰਾਂ ਨਾਲ ਵਰਚੂਅਲ ਮੀਟਿੰਗਾਂ ਵੀ ਵਿਅਕਤੀਗਤ ਤੌਰ ‘ਤੇ ਮਿਲਣ ਤੋਂ ਵੱਧ ਅਸਰਦਾਰ ਸਾਬਤ ਹੋਈਆਂ ਹਨ। ਲੰਮੇ ਸਫ਼ਰ ‘ਤੇ ਜਾਣ ਵਾਲੇ ਡਰਾਈਵਰ ਮੀਟਿੰਗ ਲਈ ਦਫ਼ਤਰ ਆਉਣ ਦੀ ਖੇਚਲ ਖ਼ਤਮ ਹੋਣ ਤੋਂ ਖ਼ੁਸ਼ ਹਨ ਅਤੇ ਇਨ੍ਹਾਂ ਮੀਟਿੰਗਾਂ ‘ਚ ਹਾਜ਼ਰੀ ਵੀ ਵੱਧ ਗਈ ਹੈ, ਕਿਉਂਕਿ ਡਰਾਈਵਰ ਸੜਕ ਕਿਨਾਰੇ ਗੱਡੀ ਪਾਰਕ ਕਰ ਕੇ ਮੀਟਿੰਗ ‘ਚ ਹਿੱਸਾ ਲੈ ਸਕਦੇ ਹਨ।

ਆਨਲਾਈਨ ਪਾਰਟਸ ਦੀ ਆਰਡਰਿੰਗ ‘ਚ ਵਾਧਾ ਹੋਇਆ

ਮਹਾਂਮਾਰੀ ਦੌਰਾਨ ਪਾਰਟਸ ਦੀ ਆਨਲਾਈਨ ਖ਼ਰੀਦਦਾਰੀ ਵੀ ਵਧੀ ਹੈ ਅਤੇ ਇਹ ਰਿਵਾਜ ਅੱਗੇ ਵੀ ਜਾਰੀ ਰਹੇਗਾ।

ਮੀਡ ਨੇ ਕਿਹਾ, ”ਇਹੀ ਭਵਿੱਖ ਦਾ ਰਾਹ ਹੈ। ਅਸੀਂ ਜਿੱਥੇ ਵੀ ਅਜਿਹਾ ਕਰ ਸਕਦੇ ਹਾਂ ਉੱਥੇ ਕਰ ਰਹੇ ਹਾਂ ਜਿੱਥੇ ਕਿ ਕੰਪਨੀਆਂ ਨੇ ਆਪਣੇ ਪੋਰਟਲ ਬਣਾਏ ਹੋਏ ਹਨ।”

ਉਨ੍ਹਾਂ ਕਿਹਾ ਕਿ ਜੋ ਪਾਰਟਸ ਸਪਲਾਈਕਰਤਾ ਆਨਲਾਈਨ ਆਰਡਰਿੰਗ ਪੋਰਟਲ ਨਹੀਂ ਚਲਾ ਰਹੀਆਂ ਉਹ ਪਿੱਛੇ ਰਹਿ ਜਾਣਗੀਆਂ ਕਿਉਂਕਿ ਦੁਕਾਨ ਮੁਲਾਜ਼ਮਾਂ ਦੀ ਨਵੀਂ ਪੀੜ੍ਹੀ ਆਨਲਾਈਨ ਆਰਡਰਿੰਗ ਨੂੰ ਤਰਜੀਹ ਦਿੰਦੀ ਹੈ।

ਉੱਪਰ ਜ਼ਿਕਰ ਕੀਤੇ ਗਏ ਤਿੰਨ ਫ਼ਲੀਟ ਵੱਧ ਤੋਂ ਵੱਧ ਮੁਰੰਮਤ ਦਾ ਕੰਮ ਇਨ-ਹਾਊਸ ਕਰ ਰਹੇ ਹਨ।

ਮੀਡ ਨੇ ਇਸ ਦਾ ਕਾਰਨ ਦੱਸਦਿਆਂ ਕਿਹਾ, ”ਕੋਈ ਤੁਹਾਡੇ ਟਰੱਕ ਨਾਲ ਓਨਾ ਪਿਆਰ ਨਹੀਂ ਕਰਦਾ ਜਿੰਨਾ ਤੁਸੀਂ ਖ਼ੁਦ ਕਰਦੇ ਹੋ।”

ਉਨ੍ਹਾਂ ਕਿਹਾ ਕਿ ਇਸ ਲਈ ਸਭ ਤੋਂ ਵੱਡੀ ਚੁਨੌਤੀ ਇਹ ਯਕੀਨੀ ਕਰਨਾ ਹੈ ਕਿ ਜ਼ਿਆਦਾ ਵਰਤੋਂ ਵਾਲੇ ਪਾਰਟਸ ਭਰਪੂਰ ਮਾਤਰਾ ‘ਚ ਮੁਹੱਈਆ ਹੋਣ।

ਉਨ੍ਹਾਂ ਕਿਹਾ, ”ਕੁੱਝ ਪਾਰਟਸ ਸਾਨੂੰ ਤੇਜ਼ੀ ਨਾਲ ਚਾਹੀਦੇ ਹੁੰਦੇ ਹਨ ਅਤੇ ਸਾਨੂੰ ਇਹ ਯਕੀਨੀ ਕਰਨ ਦੀ ਜ਼ਰੂਰਤ ਹੈ ਕਿ ਸਪਲਾਈਕਰਤਾ ਇਹ ਜਾਣ ਲੈਣ ਕਿ ਉਹ ਕਿਹੜੇ ਪਾਰਟਸ ਹਨ ਅਤੇ ਇਹ ਵੀ ਕਿ ਇਨ੍ਹਾਂ ਪਾਰਟਸ ਨਾਲ ਉਹ ਆਪਣੀਆਂ ਸ਼ੈਲਫ਼ਾਂ ਭਰੀਆਂ ਰੱਖਣ ਤਾਂ ਕਿ ਜ਼ਰੂਰਤ ਪੈਣ ‘ਤੇ ਤੁਰੰਤ ਇਹ ਮਿਲ ਸਕਣ।”