ਫ਼ਿਊਲ ਬੱਚਤ ਤਕਨਾਲੋਜੀ ਅਪਨਾਉਣ ਲਈ ਬੀ.ਸੀ. ਫ਼ਲੀਟਸ ਨੂੰ ਦੇ ਰਿਹੈ 1 ਲੱਖ ਡਾਲਰ

Avatar photo

ਬੀ.ਸੀ. ਟਰੱਕਿੰਗ ਐਸੋਸੀਏਸ਼ਨ (ਬੀ.ਸੀ.ਟੀ.ਏ.) ਨੇ ਬੀ.ਸੀ. ਆਵਾਜਾਈ ਅਤੇ ਮੁਢਲਾ ਢਾਂਚਾ ਮੰਤਰਾਲੇ ਨਾਲ ਭਾਈਵਾਲੀ ’ਚ ਐਲਾਨ ਕੀਤਾ ਹੈ ਕਿ ਕਲੀਨ ਬੀ.ਸੀ. ਹੈਵੀ-ਡਿਊਟੀ ਵਹੀਕਲ ਐਫ਼ੀਸ਼ੀਐਂਸੀ (ਐਚ.ਡੀ.ਵੀ.ਈ.) ਪ੍ਰੋਗਰਾਮ ਦਾ ਤੀਜਾ ਦੌਰ ਹੁਣ ਸ਼ੁਰੂ ਹੋ ਚੁੱਕਾ ਹੈ।

ਇਹ ਪ੍ਰੋਗਰਾਮ ਯੋਗ ਫ਼ਿਊਲ ਬੱਚਤ ਤਕਨਾਲੋਜੀ ਨੂੰ ਅਪਨਾਉਣ ਲਈ 15,000 ਡਾਲਰ ਪ੍ਰਤੀ ਗੱਡੀ ਅਤੇ 100,000 ਡਾਲਰ ਪ੍ਰਤੀ ਫ਼ਲੀਟ ਤਕ ਦੀ ਫ਼ੰਡਿੰਗ ਮੁਹੱਈਆ ਕਰਵਾਉਂਦਾ ਹੈ। ਇਨ੍ਹਾਂ ਤਕਨਾਲੋਜੀਆਂ ’ਚ ਸਹਾਇਕ ਪਾਵਰ ਇਕਾਈਆਂ, ਏਅਰੋਡਾਇਨਾਮਿਕ ਉਪਕਰਨ, ਅਤੇ ਸੀ.ਐਨ.ਜੀ., ਐਲ.ਐਨ.ਜੀ. ਅਤੇ ਦੋਹਰੇ ਫ਼ਿਊਲ ਵਾਲੀਆਂ ਹਾਈਡ੍ਰੋਜਨ ਗੱਡੀਆਂ ਸ਼ਾਮਲ ਹਨ।

(ਤਸਵੀਰ : ਬੀ.ਸੀ.ਟੀ.ਏ.)

ਇਸ ਸਾਲ ਦੇ ਪ੍ਰੋਗਰਾਮ ਫ਼ੰਡਾਂ ਨੂੰ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ’ਤੇ ਵੰਡਿਆ ਜਾ ਰਿਹਾ ਹੈ। ਯਾਨੀਕਿ ਜਦੋਂ ਤੱਕ ਕਿ ਫ਼ੰਡ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਜਾਂਦੇ ਜਾਂ ਜਦੋਂ ਤਕ ਪ੍ਰੋਗਰਾਮ ਦੀ ਆਖ਼ਰੀ ਮਿਤੀ 31 ਮਾਰਚ, 2022 ਨਹੀਂ ਆ ਜਾਂਦੀ, ਜੋ ਵੀ ਪਹਿਲਾਂ ਹੋਵੇ।

ਪ੍ਰੋਗਰਾਮ ਹੇਠ ਫ਼ੰਡ ਪ੍ਰਾਪਤ ਕਰਨ ਦੇ ਯੋਗ ਬਣਨ ਲਈ, ਬੀ.ਸੀ.ਟੀ.ਏ. ਮੈਂਬਰਸ਼ਿਪ ਦੀ ਜ਼ਰੂਰਤ ਨਹੀਂ ਹੈ। ਕੰਪਨੀਆਂ ਨੂੰ ਯੋਗਤਾ ਪੈਮਾਨਾ ਪੂਰਾ ਕਰਨ ਦੀ ਜ਼ਰੂਰਤ ਹੈ, ਅਤੇ ਬਿਨੈਕਰਤਾਵਾਂ ਨੂੰ ਪਹਿਲਾਂ ਇੱਕ ਮੁਫ਼ਤ, ਅੱਧੇ ਦਿਨ ਦਾ ਕੋਰਸ ਪੂਰਾ ਕਰਨਾ ਹੋਵੇਗਾ ਜੋ ਕਿ ਆਨਲਾਈਨ ਕਰਵਾਇਆ ਜਾਵੇਗਾ।

ਇਹ ਲਾਜ਼ਮੀ ਕੋਰਸ ਵੱਖੋ-ਵੱਖ ਫ਼ਿਊਲ-ਬੱਚਤ ਤਕਨਾਲੋਜੀਆਂ ਅਤੇ ਅਭਿਆਸਾਂ ’ਤੇ ਅਮਲ ਕਰਨ ਦੇ ਲਾਭਾਂ ਦਾ ਵੇਰਵਾ ਦਿੰਦਾ ਹੈ ਅਤੇ ਕਲੀਨ ਬੀ.ਸੀ. ਐਚ.ਡੀ.ਵੀ.ਈ. ਪ੍ਰੋਗਰਾਮ ਬਾਰੇ ਵਧੀਕ ਜਾਣਕਾਰੀ ਵੀ ਮੁਹੱਈਆ ਕਰਵਾਉਂਦਾ ਹੈ। ਅਗਲਾ ਆਨਲਾਈਨ ਕੋਰਸ 12, 19 ਅਤੇ 26 ਅਕਤੂਬਰ ਨੂੰ ਹੋਣ ਜਾ ਰਿਹਾ ਹੈ।

ਹੋਰ ਵੇਰਵੇ ਲਈ, BCTrucking.com’ਤੇ ਜਾਓ।