ਫ਼ੈਕਟਰਿੰਗ ਅਧਿਕਾਰੀ ਨੂੰ ਪ੍ਰੇਰਿਤ ਕਰਦਾ ਹੈ ਲੋਕਾਂ ਨਾਲ ਮੁਲਾਕਾਤ ਕਰਨਾ

Avatar photo

ਉਪਜੀਤ ਕਾਂਸਲ ਨੂੰ ਲੋਕਾਂ ਨਾਲ ਮੁਲਾਕਾਤ ਕਰ ਕੇ ਅਤੇ ਉਨ੍ਹਾਂ ਦੀਆਂ ਕਹਾਣੀਆਂ ਸੁਣ ਕੇ ਬਹੁਤ ਉਤਸ਼ਾਹ ਮਿਲਦਾ ਹੈ।

ਉਪਜੀਤ ਕਾਂਸਲ, ਬਿਜ਼ਨੈਸ ਵਿਕਾਸ ਅਧਿਕਾਰੀ, ਜੇ.ਡੀ. ਫ਼ੈਕਟਰਜ਼ ਤਸਵੀਰ: ਲੀਓ ਬਾਰੋਸ

ਮਿਸੀਸਾਗਾ, ਓਂਟਾਰੀਓ ਵਿਖੇ ਸਥਿਤ ਜੇ.ਡੀ. ਫ਼ੈਕਟਰਸ ’ਚ ਇਸ ਬਿਜ਼ਨੈਸ ਡਿਵੈਲਪਮੈਂਟ ਅਫ਼ਸਰ ਨੂੰ ਉਦੋਂ ਬਹੁਤ ਖ਼ੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਲੋੜੀਂਦੇ ਪੈਸੇ ਪ੍ਰਾਪਤ ਕਰਨ ਤੋਂ ਬਾਅਦ ਉਸ ਦੇ ਕਲਾਇੰਟ ਉਸ ਨੂੰ ਕਾਲ ਕਰ ਕੇ ਉਸ ਦਾ ਧੰਨਵਾਦ ਕਰਦੇ ਹਨ।

ਉਸ ਦੀ ਫ਼ੈਕਟਰਿੰਗ ਕੰਪਨੀ ਆਪਣੇ ਉਨ੍ਹਾਂ ਕਲਾਇੰਟਸ ਨੂੰ ਕਾਰੋਬਾਰ ਲਈ ਪੈਸੇ ਮੁਹੱਈਆ ਕਰਵਾਉਂਦੀ ਹੈ ਜਿਨ੍ਹਾਂ ਨੂੰ ਬੈਂਕ ਜਾਂ ਹੋਰ ਵਿੱਤੀ ਸੰਸਥਾਨਾਂ ਤੋਂ ਪੈਸਾ ਨਹੀਂ ਮਿਲਦਾ।

ਉਸ ਦਾ ਕਹਿਣਾ ਹੈ, ‘‘ਹਰ ਕਹਾਣੀ ਵੱਖਰੀ ਹੀ ਹੁੰਦੀ ਹੈ। ਕਹਾਣੀਆਂ ਦਾ ਵੇਰਵਾ ਹੀ ਮੈਨੂੰ ਇਹ ਕੰਮ ਕਰਨ ਲਈ ਤੋਰੀ ਰੱਖਦਾ ਹੈ। ਜੇਕਰ ਤੁਹਾਨੂੰ ਲੋਕਾਂ ਨਾਲ ਮਿਲਣਾ ਚੰਗਾ ਲਗਦੈ, ਜੇ ਤੁਸੀਂ 9-ਤੋਂ-5 ਤੱਕ ਦਫ਼ਤਰ ’ਚ ਬੈਠ ਕੇ ਕੰਮ ਕਰਨ ਵਾਲੇ ਲੋਕਾਂ ’ਚੋਂ ਨਹੀਂ ਹੋ, ਤਾਂ ਇਹ ਨੌਕਰੀ ਤੁਹਾਡੇ ਲਈ ਬਣੀ ਹੈ।’’

ਫ਼ਰੇਟ ਫ਼ੈਕਟਰਿੰਗ ਹੁੰਦਾ ਕੀ ਹੈ? ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜਿੱਥੇ ਲੋਡ ਡਿਲੀਵਰ ਕਰਨ ਵਾਲੀ ਕੰਪਨੀ ਜਾਂ ਫ਼ਲੀਟ ਆਪਣੇ ਬਿੱਲ ਕਿਸੇ ਫ਼ੈਕਟਰਿੰਗ ਕੰਪਨੀ ਨੂੰ ਵੇਚ ਦਿੰਦੇ ਜੋ ਕਿ ਉਨ੍ਹਾਂ ਨੂੰ ਇੱਕ ਮਹੀਨੇ ਜਾਂ ਇਸ ਤੋਂ ਵੀ ਜ਼ਿਆਦਾ ਸਮੇਂ ਤੱਕ ਉਡੀਕ ਕਰਨ ਦੀ ਬਜਾਏ ਤੁਰੰਤ ਅਦਾਇਗੀ ਕਰ ਦਿੰਦੀ ਹੈ। ਫ਼ੈਕਟਰਿੰਗ ਕੰਪਨੀ ਇਸ ਕੰਮ ਲਈ ਇੱਕ ਫ਼ੀਸ ਵੀ ਪ੍ਰਾਪਤ ਕਰਦੀ ਹੈ।

ਕਾਂਸਲ, ਦੋ ਧੀਆਂ ਦੀ ਵਿਆਹੁਤਾ ਮਾਂ ਹੈ, ਜਿਸ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਵਪਾਰ ਵਿਕਾਸ ਦਾ ਕੰਮ ਕਰੇਗੀ। 21 ਸਾਲ ਪਹਿਲਾਂ ਕੈਨੇਡਾ ’ਚ ਪਹੁੰਚਣ ਤੋਂ ਬਾਅਦ, ਉਸ ਨੇ ਵਪਾਰ ਪ੍ਰਸ਼ਾਸਨ ’ਚ ਗਰੈਜੁਏਸ਼ਨ ਦੀ ਪੜ੍ਹਾਈ ਕੀਤੀ ਅਤੇ ਜੌਰਜ ਬਰਾਊਨ ਕਾਲਜ ਤੋਂ ਅਕਾਊਂਟਿੰਗ ਪੜ੍ਹੀ। ਕੋ-ਓਪ ਪ੍ਰੋਗਰਾਮ ਨੇ ਉਸ ਨੂੰ ਪਾਰਕਸ ਐਂਡ ਰੀਕਰੀਏਸ਼ਨ ਓਂਟਾਰੀਓ ਅਤੇ ਇੱਕ ਅਕਾਊਂਟੈਂਟ ਨਾਲ ਕੰਮ ਕਰਨ ਦਾ ਮੌਕਾ ਦਿੱਤਾ।

ਉਸ ਨੇ ਵਪਾਰ ਵਿਕਾਸ ’ਚ ਇੱਕ ਟੈਲੀਕਾਮ ਕੰਪਨੀ ਨਾਲ ਵੀ ਕੁੱਝ ਦੇਰ ਤਕ ਕੰਮ ਕੀਤਾ। ਕਾਂਸਲ ਨੇ ਕਿਹਾ, ‘‘ਮੈਨੂੰ ਲੱਗਾ ਕਿ ਜਦੋਂ ਮੈਂ ਸੇਲਜ਼ ਕਰ ਰਹੀ ਹੁੰਦੀ ਸੀ ਤਾਂ ਬਹੁਤ ਉਤਸ਼ਾਹਿਤ ਹੁੰਦੀ ਸੀ। ਮੈਂ ਇਹੀ ਕੰਮ ਜਾਰੀ ਰੱਖਿਆ।’’

ਉਸ ਨੇ ਜੇ.ਡੀ. ਫ਼ੈਕਟਰਸ ’ਚ 2019 ’ਚ ਕੰਮ ਸ਼ੁਰੂ ਕੀਤਾ ਅਤੇ ਉਸ ਦਾ ਕੰਮ ਪੂਰੇ ਕੈਨੇਡਾ ’ਚੋਂ ਕਲਾਇੰਟਸ ਲਿਆਉਣਾ ਸੀ। ਉਸ ਦਾ ਕੰਮ ਅਣਡਿੱਠਾ ਨਹੀਂ ਰਿਹਾ, ਅਤੇ ਉਸ ਨੂੰ ਵਪਾਰ ਵਿਕਾਸ ਲਈ ਸੁਰੱਖਿਅਤ ਵਿੱਤੀ ਨੈੱਟਵਰਕ ਦੇ 2021 ਦੇ 40 ਸਾਲਾਂ ਦੀ ਉਮਰ ਤੋਂ ਘੱਟ ਸਭ ਤੋਂ ਪਹਿਲੀਆਂ 40 ਸ਼ਖ਼ਸੀਅਤਾਂ ਦਾ ਪੁਰਸਕਾਰ ਮਿਲਿਆ।

ਕਾਂਸਲ ਨੇ ਕਿਹਾ ਕਿ ਜੇ.ਡੀ. ਫ਼ੈਕਟਰਸ ਆਖ਼ਰੀ ਆਸਰਾ ਰਹਿ ਜਾਣ ਵਾਲੀ ਫ਼ੈਕਟਰਿੰਗ ਕਰਦਾ ਹੈ। ਉਸ ਨੇ ਕਿਹਾ, ‘‘ਜੇਕਰ ਕੋਈ ਗ੍ਰਾਹਕ ਤੁਹਾਨੂੰ 30 ਜਾਂ 60 ਜਾਂ 90 ਦਿਨਾਂ ਬਾਅਦ ਅਦਾਇਗੀ ਕਰ ਰਿਹਾ ਹੈ, ਤਾਂ ਇਸ ਦੇ ਮੁਕਾਬਲੇ ਅਸੀਂ ਉਸੇ ਦਿਨ ਤੁਹਾਨੂੰ ਅਦਾਇਗੀ ਕਰ ਦੇਵਾਂਗੇ ਜਦੋਂ ਤੁਸੀਂ ਮਾਲ ਜਾਂ ਸੇਵਾ ਪ੍ਰਦਾਨ ਕਰਦੇ ਹੋ।’’

ਆਖ਼ਰੀ ਆਸਰੇ ਦਾ ਵਾਧੂ ਫ਼ਾਇਦਾ ਮਿਲਦਾ ਹੈ। ਜੇਕਰ ਗ੍ਰਾਹਕ ਅਦਾਇਗੀ ਨਹੀਂ ਕਰਦਾ ਤਾਂ ਕਲਾਇੰਟ ਨੂੰ ਪੈਸੇ ਵਾਪਸ ਕਰਨ ਲਈ ਨਹੀਂ ਕਿਹਾ ਜਾਂਦਾ। ਕਾਂਸਲ ਨੇ ਕਿਹਾ, ‘‘ਅਸੀਂ ਪੈਸੇ ਪ੍ਰਾਪਤ ਕਰ ਲਵਾਂਗੇ, ਅਤੇ ਕਿਸੇ ਵੀ ਕਾਰਨ ਹੋਈ ਨਾਅਦਾਇਗੀ ਜਿਵੇਂ ਕਿ ਬੈਂਕ ਖਾਤਾ ਖ਼ਾਲੀ ਹੋਣਾ, ਦੀਵਾਲੀਆਪਨ ਆਦਿ ਦਾ ਨੁਕਸਾਨ ਵੀ ਝੱਲ ਲਵਾਂਗੇ।’’

ਕੰਪਨੀ ਦੇ ਪੋਰਟਫ਼ੋਲੀਓ ’ਚ 70 ਤੋਂ 80% ਕੰਮਕਾਜ ਟਰੱਕਿੰਗ ਦਾ ਹੁੰਦਾ ਹੈ। ਟਰੱਕਿੰਗ ਲਈ ਬਿੱਲ ਨੂੰ ਫ਼ੈਕਟਰ ਕਰਨ ਦੀ ਫ਼ੀਸ 1.75% ਤੋਂ 5% ਤਕ ਹੁੰਦੀ ਹੈ। ਜੇ.ਡੀ. ਫ਼ੈਕਟਰਸ ਸਟਾਫ਼ਿੰਗ ਕੰਪਨੀਆਂ, ਨਿਰਮਾਤਾਵਾਂ, ਡਿਸਟ੍ਰੀਬਿਊਸ਼ਨ ਅਤੇ ਆਈ.ਟੀ. ਏਜੰਸੀਆਂ ਦੀ ਵੀ ਫ਼ੰਡਿੰਗ ਕਰਦਾ ਹੈ।

ਕਾਂਸਲ ਕਈ ਵਾਰੀ ਸ਼ਾਮ ਸਮੇਂ ਜਾਂ ਹਫ਼ਤੇ ਦੇ ਆਖ਼ਰੀ ਦਿਨਾਂ ਅਤੇ ਛੁੱਟੀਆਂ ਦੌਰਾਨ ਵੀ ਕੰਮ ਕਰਦੀ ਰਹਿੰਦੀ ਹੈ। ਪਰ ਕੰਮ ਅਤੇ ਜੀਵਨ ਵਿਚਕਾਰ ਤਾਲਮੇਲ ਕਰਨਾ ਬਹੁਤ ਜ਼ਰੂਰੀ ਹੈ। ਉਸ ਦਾ ਕਹਿਣਾ ਹੈ, ‘‘ਜਦੋਂ ਵੀ ਕਿਸੇ ਕਲਾਇੰਟ ਨੂੰ ਮੇਰੀ ਜ਼ਰੂਰਤ ਹੁੰਦੀ ਹੈ ਤਾਂ ਮੈਂ ਮੌਜੂਦ ਰਹਿੰਦੀ ਹਾਂ, ਅਤੇ ਉਹ ਵੀ ਸਮਝਦੇ ਹਨ ਕਿ ਹਫ਼ਤੇ ਦੇ ਆਖ਼ਰੀ ਦਿਨ ਪਰਿਵਾਰ ਨੂੰ ਸਮਾਂ ਦੇਣ ਲਈ ਹੁੰਦੇ ਹਨ।’’

ਕਾਂਸਲ ਆਪਣੇ ਸੱਸ-ਸਹੁਰੇ ਨਾਲ ਰਹਿੰਦੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਸ ਦੀ ਸੱਸ ਉਸ ਨੂੰ ਸਫ਼ਲ ਹੋਣ ਲਈ ਹੱਲਾਸ਼ੇਰੀ ਦਿੰਦੀ ਰਹਿੰਦੀ ਹੈ। ‘‘ਉਹ ਕਹਿੰਦੀ ਹੈ, ‘ਜੇ ਕੋਈ ਕੰਮ ਹੈ ਤਾਂ ਪਹਿਲਾਂ ਕਰ ਲੈ, ਬਾਕੀ ਚੀਜ਼ਾਂ ਬਾਅਦ ’ਚ ਚਲਦੀਆਂ ਰਹਿਣਗੀਆਂ। ਸਾਨੂੰ ਘਰ ਦਾ ਨਿੱਘ ਅਤੇ ਫ਼ਰਿੱਜ ’ਚ ਖਾਣਾ ਸਿਰਫ਼ ਇਸ ਲਈ ਮਿਲਦਾ ਹੈ ਕਿਉਂਕਿ ਤੂੰ ਕੰਮ ਕਰ ਰਹੀ ਹੈਂ।’’’

ਕਾਂਸਲ ਦਾ ਕਹਿਣਾ ਹੈ ਕਿ ਸਮਾਂ-ਸਾਰਨੀ ਬਣਾਉਣਾ ਬਹੁਤ ਜ਼ਰੂਰੀ ਹੈ; ਅਤੇ ਅਨੁਸ਼ਾਸਨ, ਨਿਰੰਤਰਤਾ ਅਤੇ ਦਿ੍ਰੜਤਾ ਹੀ ਸਫ਼ਲਤਾ ਦੀ ਪੌੜੀ ਹਨ।

ਉਹ ਅਜਿਹੇ ਪਿਛੋਕੜ ਨਾਲ ਸੰਬੰਧਤ ਹੈ ਜਿੱਥੇ ਉਸ ਨੂੰ ਸਿਖਾਇਆ ਗਿਆ ਹੈ ਕਿ ਔਰਤ ਨੂੰ ਮਰਦਾਂ ਤੋਂ ਜ਼ਿਆਦਾ ਮਿਹਨਤ ਕਰਨੀ ਚਾਹੀਦੀ ਹੈ। ਉਹ ਕਹਿੰਦੀ ਹੈ, ‘‘ਏਨੇ ਸਾਲਾਂ ਬਾਅਦ ਮੈਨੂੰ ਇਸ ਦੀ ਆਦਤ ਪੈ ਗਈ ਹੈ। ਹੁਣ ਮੈਨੂੰ ਇਸ ਦਾ ਅਹਿਸਾਸ ਵੀ ਨਹੀਂ ਹੁੰਦਾ। ਮੈਂ ਸਖ਼ਤ ਮਿਹਨਤ ਕਰਦੀ ਹਾਂ; ਜਾਣਬੁੱਝ ਕੇ ਨਹੀਂ। ਕੀ ਮੈਂ ਅਜਿਹਾ ਕਰ ਕੇ ਸਫ਼ਲ ਰਹੀ? ਹਾਂ।’’

ਕਾਂਸਲ ਕੋਲ ਇੱਕ ਸਲਾਹ ਵੀ ਹੈ। ਸਾਕਾਰਾਤਮਕ ਲੋਕਾਂ ਦੀਆਂ ਚੰਗੀਆਂ ਆਦਤਾਂ ਨੂੰ ਗ੍ਰਹਿਣ ਕਰੋ; ਅਤੇ ਨਾਕਾਰਾਤਮਕ ਲੋਕਾਂ ਤੋਂ ਇਹ ਸਿੱਖੋ ਕਿ ਜ਼ਿੰਦਗੀ ’ਚ ਕੀ ਨਹੀਂ ਕਰਨਾ ਹੈ।

‘‘ਜਦੋਂ ਕੋਈ ਤੁਹਾਨੂੰ ਹੇਠਾਂ ਖਿੱਚਣਾ ਚਾਹੁੰਦਾ ਹੈ, ਤਾਂ ਉਹ ਇਹ ਦਰਸਾ ਰਹੇ ਹਨ ਕਿ ਤੁਹਾਡੇ ਕੋਲ ਅੱਗੇ ਜਾਣ ਲਈ ਕਿਸ ਤਰ੍ਹਾਂ ਦੀ ਤਾਕਤ ਹੈ।’’

ਕਾਂਸਲ ਨੂੰ ਭਵਿੱਖ ਕਿਸ ਤਰ੍ਹਾਂ ਦਾ ਦਿਸਦਾ ਹੈ? ਮਹਾਂਮਾਰੀ ਤੋਂ ਪਹਿਲਾਂ, ਉਸ ਦਾ ਜਵਾਬ ਵੱਖਰਾ ਹੁੰਦਾ। ‘‘ਹੁਣ ਮੇਰਾ ਜਵਾਬ ਬਦਲ ਗਿਐ। ਮੈਂ ਖ਼ੁਦ ਨੂੰ ਆਪਣੇ ਪਰਿਵਾਰ ਨਾਲ ਸ਼ਾਂਤਮਈ ਜੀਵਨ ਬਤੀਤ ਕਰਦਾ ਵੇਖਦੀ ਹਾਂ।’’

ਉਸ ਦਾ ਆਪਣਾ ਕਾਰੋਬਾਰ ਖ੍ਹੋਲ੍ਹਣ ਦਾ ਕੋਈ ਵਿਚਾਰ ਨਹੀਂ ਹੈ। ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮੱਦਦ ਕਰਨਾ ਚਾਹੁੰਦੀ ਹੈ।

‘‘ਮੈਂ ਲੋੜ ਤੋਂ ਜ਼ਿਆਦਾ ਕੰਮ ਨਹੀਂ ਕਰਨਾ ਚਾਹੁੰਦੀ। ਮੈਂ ਕਾਫ਼ੀ ਕੰਮ ਕੀਤਾ ਹੈ; ਮੈਨੂੰ ਚੰਗਾ ਵੀ ਲੱਗਾ ਪਰ ਹੁਣ ਮੇਰੇ ਲਈ ਹਾਲਾਤ ਬਦਲ ਗਏ ਹਨ।’’

ਪਰ ਉਹ ਬਿਲਕੁਲ ਬੇਫ਼ਿਕਰ ਵੀ ਨਹੀਂ ਹੋ ਗਈ ਹੈ। ‘‘ਜਦੋਂ ਵੀ ਜ਼ਰੂਰਤ ਪਵੇ ਮੈਂ ਅਖਾੜੇ ’ਚ ਆਉਣ ਲਈ ਤਿਆਰ ਹਾਂ। ਪਰ ਜ਼ਰੂਰਤ ਪੈਣ ’ਤੇ ਮੈਂ ਨਾਂਹ ਕਹਿਣ ਲਈ ਵੀ ਤਿਆਰ ਹਾਂ।’’

 

ਲੀਓ ਬਾਰੋਸ ਵੱਲੋਂ