ਫ਼ੈਡਰਲ ਸਰਕਾਰ, ਸੀ.ਟੀ.ਏ. ਨੇ ਵੈਕਸੀਨ, ਸਪਲਾਈ ਚੇਨ ’ਤੇ ਸਾਂਝਾ ਬਿਆਨ ਜਾਰੀ ਕੀਤਾ

Avatar photo

ਫ਼ੈਡਰਲ ਸਰਕਾਰ ਅਤੇ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਇੱਕ ਸਾਂਝਾ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਉਹ ਸਪਲਾਈ ਚੇਨ ਰੇੜਕਿਆਂ ਅਤੇ ਲੇਬਰ ਕਮੀ ਦੇ ਪੱਕੇ ਹੱਲ ਲਈ ਵਚਨਬੱਧ ਹਨ, ਜਿਸ ’ਚ ਵੈਕਸੀਨੇਸ਼ਨ ਦਾ ਰੋਲ ਮਹੱਤਵਪੂਰਨ ਰਹੇਗਾ।

ਇਹ ਬਿਆਨ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਪ੍ਰਦਰਸ਼ਨਕਾਰੀ ਵੀਕਐਂਡ ਰੈਲੀ ਲਈ ਓਟਾਵਾ ਵੱਲ ਵਹੀਰਾਂ ਘੱਤ ਕੇ ਚਲ ਰਹੇ ਹਨ। ਇਹ ਰੈਲੀ 15 ਜਨਵਰੀ ਨੂੰ ਜਾਰੀ ਸਰਹੱਦ-ਪਾਰ ਕਰਨ ਵਾਲੇ ਟਰੱਕ ਡਰਾਈਵਰਾਂ ਲਈ ਵੈਕਸੀਨੇਸ਼ਨ ਲਾਜ਼ਮੀ ਕਰਨ ਵਾਲੇ ਫ਼ੁਰਮਾਨ ਵਿਰੁੱਧ ਆਵਾਜ਼ ਚੁੱਕ ਰਹੇ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਅਮਰੀਕਾ ’ਚ ਇਹ ਨਿਯਮ 22 ਜਨਵਰੀ ਤੋਂ ਲਾਗੂ ਹਨ।

ਬਿਆਨ ’ਚ ਕਿਹਾ ਗਿਆ, ‘‘ਕੈਨੇਡਾ ਸਰਕਾਰ ਅਤੇ ਕੈਨੇਡੀਅਨ ਟਰੱਕਿੰਗ ਅਲਾਇੰਸ, ਦੋਵੇਂ ਇਸ ਗੱਲ ’ਤੇ ਸਹਿਮਤ ਹਨ ਕਿ ਵੈਕਸੀਨੇਸ਼ਨ ਅਤੇ ਸੁਰੱਖਿਆਤਮਕ ਜਨਤਕ ਸਿਹਤ ਮਾਨਕਾਂ ਨੂੰ ਅਪਨਾਉਣਾ ਹੀ ਕੈਨੇਡੀਅਨ ਲੋਕਾਂ ਲਈ ਕੋਵਿਡ-19 ਦਾ ਖ਼ਤਰਾ ਘੱਟ ਕਰਨ, ਅਤੇ ਜਨਤਕ ਸਿਹਤ ਦੀ ਸੁਰੱਖਿਆ ਦਾ ਸਭ ਤੋਂ ਅਸਰਦਾਰ ਤਰੀਕਾ ਹੈ।’’

(ਫ਼ਾਈਲ ਫ਼ੋਟੋ : ਆਈਸਟਾਕ)

ਇਹ ਬਿਆਨ ਆਵਾਜਾਈ ਮੰਤਰੀ ਓਮਰ ਐਲਗਾਬਰਾ, ਲੇਬਰ ਮੰਤਰੀ ਸੀਮਸ ਓ’ਰੀਗਨ, ਰੁਜ਼ਗਾਰ, ਵਰਕਫ਼ੋਰਸ ਵਿਕਾਸ ਅਤੇ ਅਪਾਹਜਤਾ ਸਮਾਵੇਸ਼ਨ ਮੰਤਰੀ ਕਾਰਲਾ ਕੁਆਲਟਰੋ, ਅਤੇ ਸੀ.ਟੀ.ਏ. ਦੇ ਪ੍ਰੈਜ਼ੀਡੈਂਟ ਸਟੀਫ਼ਨ ਲੈਸਕੋਅਸਕੀ ਵੱਲੋਂ ਜਾਰੀ ਕੀਤਾ ਗਿਆ।

ਦਸਤਾਵੇਜ਼ ’ਚ ਟਰੱਕਿੰਗ ਉਦਯੋਗ ’ਚ ‘ਅਣਕਿਆਸੀਆਂ ਚੁਨੌਤੀਆਂ’ ਦੀ ਪਛਾਣ ਕੀਤੀ ਗਈ ਹੈ ਅਤੇ ਇਹ ਮੰਨਿਆ ਗਿਆ ਹੈ ਕਿ ਟਰੱਕਰਸ ਨੇ ਇਨ੍ਹਾਂ ਚੁਨੌਤੀਆਂ ਦੇ ਬਾਵਜੂਦ ‘ਕੈਨੇਡੀਅਨਾਂ ਲਈ ਵਸਤਾਂ ਦੀਆਂ ਡਿਲੀਵਰੀਆਂ’ ਕੀਤੀਆਂ ਹਨ। ਇਸ ’ਚ ਇਹ ਵੀ ਲਿਖਿਆ ਗਿਆ ਹੈ ਕਿ ਕਿਸ ਤਰ੍ਹਾਂ ਸਰਕਾਰ ਅਤੇ ਸੀ.ਟੀ.ਏ. ਨੇ ਇੱਕ-ਦੂਜੇ ਨਾਲ ਅਤੇ ਹੋਰ ਪ੍ਰਮੁੱਖ ਭਾਈਵਾਲਾਂ ਨਾਲ ਮਿਲ ਕੇ ਉੱਭਰ ਰਹੇ ਮੁੱਦਿਆਂ ਦੀ ਪਛਾਣ ਲਈ ਕੰਮ ਕੀਤਾ ਅਤੇ ਸਮੱਸਿਆਵਾਂ ਦਾ ਅਸਰ ਘੱਟ ਕੀਤਾ।

ਇਸ ’ਚ ਇਹ ਵੀ ਕਿਹਾ ਗਿਆ ਕਿ ਅਸਲ ਅਤੇ ਟਿਕਾਊ ਨਤੀਜਿਆਂ ਤੱਕ ਪਹੁੰਚਣ ਲਈ ਲੰਮੇ-ਸਮੇਂ ਦੀਆਂ ਰਣਨੀਤੀਆਂ ਦੀ ਜ਼ਰੂਰਤ ਹੈ ਤਾਂ ਕਿ ਸਪਲਾਈ ਚੇਨ ਤੇ ਲੇਬਰ ਚੁਨੌਤੀਆਂ ਨਾਲ ਨਜਿੱਠਿਆ ਜਾ ਸਕੇ।

‘‘ਅੱਗੇ ਵਧਦਿਆਂ, ਕੈਨੇਡਾ ਸਰਕਾਰ, ਕੈਨੇਡੀਅਨ ਟਰੱਕਿੰਗ ਅਲਾਇੰਸ ਅਤੇ ਪੂਰਾ ਉਦਯੋਗ ਇਸ ਖੇਤਰ ਵੱਲੋਂ ਦਰਪੇਸ਼ ਚੁਨੌਤੀਆਂ ’ਤੇ ਗੱਲਬਾਤ ਜਾਰੀ ਰੱਖਣਗੇ। ਇਕੱਠਿਆਂ ਕੰਮ ਕਰ ਕੇ, ਸਾਨੂੰ ਭਰੋਸਾ ਹੈ ਕਿ ਅਸੀਂ ਉਹ ਹੱਲ ਲੱਭ ਲਵਾਂਗੇ ਜੋ ਕਿ ਕੈਨੇਡੀਅਨਾਂ ਅਤੇ ਉਦਯੋਗ ਦੋਹਾਂ ਦੀ ਮੱਦਦ ਕਰਨਗੇ।’’

ਸੀ.ਟੀ.ਏ. ਨੇ ਪਹਿਲਾਂ ਪੇਸ਼ਨਗੋਈ ਕੀਤੀ ਸੀ ਕਿ ਮੌਜੂਦਾ ਵੈਕਸੀਨ ਦਰਾਂ ’ਤੇ ਵੈਕਸੀਨ ਫ਼ੁਰਮਾਨ ਲਾਗੂ ਹੋਣ ਕਰਕੇ 12,000-16,000 ਕਰਾਸ ਬਾਰਡਰ ਡਰਾਈਵਰ ਆਪਣੀ ਨੌਕਰੀ ਗੁਆ ਦੇਣਗੇ। ਟਰੱਕਿੰਗ ਐਚ.ਆਰ. ਕੈਨੇਡਾ ਨੇ ਇਹ ਵੀ ਦੱਸਿਆ ਕਿ ਕੈਨੇਡਾ ਦੇ ਬਾਰਡਰ ਟਰੱਕ ਟਰਾਂਸਪੋਰਟੇਸ਼ਨ ਸੈਕਟਰ ’ਚ 2021 ਦੀ ਤੀਜੀ ਤਿਮਾਹੀ ’ਚ 8% ਨੌਕਰੀਆਂ ਖ਼ਾਲੀ ਸਨ।

ਅਲਾਇੰਸ ਨੇ ਇੱਕ ਵੱਖਰੇ ਬਿਆਨ ’ਚ ਜ਼ੋਰ ਦੇ ਕੇ ਕਿਹਾ ਕਿ ਇਹ ਸੜਕਾਂ ’ਤੇ ਪ੍ਰਦਰਸ਼ਨਾਂ ਦੀ ਹਮਾਇਤ ਨਹੀਂ ਕਰਦਾ ਹੈ।

ਲੈਸਕੋਅਸਕੀ ਨੇ ਇੱਕ ਬਿਆਨ ’ਚ ਕਿਹਾ, ‘‘ਕੈਨੇਡਾ ਅਤੇ ਅਮਰੀਕਾ ਦੀ ਸਰਕਾਰ ਨੇ ਹੁਣ ਸਰਹੱਦ ਪਾਰ ਕਰਨ ਲਈ ਵੈਕਸੀਨੇਸ਼ਨ ਦੀ ਸ਼ਰਤ ਨੂੰ ਲਾਜ਼ਮੀ ਕਰ ਦਿੱਤਾ ਹੈ। ਇਹ ਕਾਨੂੰਨ ਨਹੀਂ ਬਦਲ ਰਿਹਾ ਹੈ, ਇਸ ਲਈ ਉਦਯੋਗ ਹੋਣ ਦੇ ਨਾਤੇ ਸਾਨੂੰ ਇਸ ਫ਼ੁਰਮਾਨ ਦੀ ਤਾਮੀਲ ਕਰਨੀ ਹੀ ਪਵੇਗੀ। ਇੱਕ ਕਮਰਸ਼ੀਅਲ ਟਰੱਕ ਅਤੇ ਕਿਸੇ ਵੀ ਹੋਰ ਗੱਡੀ ’ਚ ਸਰਹੱਦ ਪਾਰ ਕਰਨ ਦਾ ਇੱਕੋ-ਇੱਕ ਰਸਤਾ ਵੈਕਸੀਨ ਲਗਵਾਉਣਾ ਹੀ ਹੈ।’’