ਫ਼ੈਸਿਲਿਟੀ ਐਸੋਸੀਏਸ਼ਨ ਨੇ ਟਰੱਕ ਬੀਮਾ ਦੇ ਨਿਯਮਾਂ ਨੂੰ ਕੀਤਾ ਸਖ਼ਤ

Avatar photo
(ਤਸਵੀਰ : ਆਈ-ਸਟਾਕ)

ਫ਼ੈਸਿਲਿਟੀ ਐਸੋਸੀਏਸ਼ਨ ਨੇ ਆਪਣੀ ਰੇਟਿੰਗ ਅਤੇ ਨਿਯਮਾਂ ‘ਚ ਸੋਧ ਕੀਤੀ ਹੈ ਜਿਸ ਨਾਲ ਟਰੱਕਿੰਗ ਕੰਪਨੀਆਂ ਲਈ ਆਪਣੀਆਂ ਕਾਰੋਬਾਰੀ ਗਤੀਵਿਧੀਆਂ ਨੂੰ ਗ਼ਲਤ ਤਰੀਕੇ ਨਾਲ ਦਰਸਾਉਣਾ ਮੁਸ਼ਕਲ ਹੋ ਜਾਵੇਗਾ।

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਵੱਲੋਂ ਦੱਸਿਆ ਗਿਆ ਹੈ ਕਿ ਬੀਮਾ ਚਾਹੁਣ ਵਾਲੇ ਕੈਰੀਅਰਾਂ ਨੂੰ ਹੁਣ ਕੁੱਝ ਹੋਰ ਜਾਣਕਾਰੀ ਮੁਹੱਈਆ ਕਰਵਾਉਣੀ ਪਵੇਗੀ ਜਿਨ੍ਹਾਂ ‘ਚ ਫ਼ਿਊਲ ਟੈਕਸ ਰੀਪੋਰਟ, ਨੈਸ਼ਨਲ ਸੇਫ਼ਟੀ ਕੋਡ (ਐਨ.ਐਸ.ਸੀ.) ਪ੍ਰੋਫ਼ਾਈਲ ਡਾਟਾ ਅਤੇ ਅਮਰੀਕੀ ਫ਼ੈਡਰਲ ਮੋਟਰ ਕੈਰੀਅਰ ਸੁਰੱਖਿਆ ਪ੍ਰਸ਼ਾਸਨ ਵੱਲੋਂ ਪ੍ਰਾਪਤ ਸੁਰੱਖਿਆ ਮਾਪਕ ਸਿਸਟਮ (ਐਸ.ਐਮ.ਐਸ.) ਰੀਪੋਰਟਾਂ ਜਮ੍ਹਾਂ ਕਰਵਾਉਣਾ ਸ਼ਾਮਲ ਹੈ।

ਫ਼ੈਸਿਲਿਟੀ ਐਸੋਸੀਏਸ਼ਨ 9 ਸੂਬਾਈ ਅਧਿਕਾਰ ਖੇਤਰਾਂ ‘ਚ ਬੀਮਾ ਕਰਦੀ ਹੈ ਜਿਨ੍ਹਾਂ ‘ਚ ਬੀ.ਸੀ., ਮੇਨੀਟੋਬਾ ਅਤੇ ਸਸਕੈਚਵਨ ਸ਼ਾਮਲ ਨਹੀਂ ਹਨ। ਬਦਲੇ ਗਏ ਨਿਯਮ ਜ਼ਿਆਦਾਤਰ ਅਧਿਕਾਰ ਖੇਤਰਾਂ ‘ਚ 1 ਅਕਤੂਬਰ ਤੋਂ ਲਾਗੂ ਹੋਣਗੇ, ਪਰ ਨਿਊ ਬਰੰਸਵਿਕ ‘ਚ ਇਨ੍ਹਾਂ ਨੂੰ 1 ਜਨਵਰੀ ਤੋਂ ਲਾਗੂ ਕੀਤਾ ਜਾਵੇਗਾ।

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸਟੀਫ਼ਨ ਲਾਸਕੋਅਸਕੀ ਨੇ ਇੱਕ ਸੰਬੰਧਤ ਪ੍ਰੈੱਸ ਬਿਆਨ ‘ਚ ਕਿਹਾ, ”ਹੁਣ ਅਸੀਂ ਅਜਿਹੇ ਸਿਸਟਮ ‘ਚ ਵਿਚਰ ਸਕਦੇ ਹਾਂ ਜੋ ਕਿ ਖ਼ਤਰੇ ਅਤੇ ਖ਼ਤਰੇ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਲੋੜੀਂਦੇ ਪ੍ਰੀਮੀਅਮ ਦੇ ਸੰਬੰਧ ‘ਚ ਸਾਰਿਆਂ ਲਈ ਇੱਕ ਬਰਾਬਰ ਹੈ।”

ਫ਼ੈਸਿਲਿਟੀ ਐਸੋਸੀਏਸ਼ਨ ਨੇ ਆਪਣੇ ਟਰੱਕਿੰਗ ਕਾਰੋਬਾਰ ‘ਚ 2018 ਅਤੇ 2019 ਵਿਚਕਾਰ ਵੱਡਾ ਵਾਧਾ ਦਰਜ ਕੀਤਾ ਸੀ, ਜਿਸ ਤੋਂ ਬਾਅਦ ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਅਤੇ ਮੈਂਬਰ ਬੀਮਾ ਕੰਪਨੀਆਂ ਨੇ ਸਮੀਖਿਆ ਦੀ ਲੋੜ ਜ਼ਾਹਰ ਕੀਤੀ ਸੀ। ਸੰਬੰਧਤ ਕਮਰਸ਼ੀਅਲ ਬੀਮਾ ਪ੍ਰੀਮੀਅਮ ‘ਚ ਮਾਰਚ 2019 ਤੋਂ ਪਹਿਲੇ 12 ਮਹੀਨਿਆਂ ਦੌਰਾਨ 47% ਵਾਧਾ ਦਰਜ ਕੀਤਾ ਗਿਆ, ਅਤੇ ਅੰਤਰ ਸ਼ਹਿਰੀ ਗੱਡੀਆਂ ਨਾਲ ਸੰਬੰਧਤ ਪ੍ਰੀਮੀਅਮ 200% ਵੱਧ ਗਏ ਸਨ।

ਪਰ ਰਵਾਇਤੀ ਆਟੋਮੋਬਾਈਲ ਬੀਮਾਕਰਤਾ ਫ਼ੈਸਿਲਿਟੀ ਐਸੋਸੀਏਸ਼ਨ ਦੀ ਹਮਾਇਤ ਕਰ ਰਹੇ ਹਨ ਕਿਉਂਕਿ ਇਹ ਉਨ੍ਹਾਂ ਟਰੱਕ ਮਾਲਕਾਂ ਦਾ ਸਹਾਰਾ ਹੈ ਜਿਨ੍ਹਾਂ ਨੂੰ ਵਿਅਕਤੀਗਤ ਬੀਮਾਕਰਤਾ ਤੋਂ ਕਵਰੇਜ ਨਹੀਂ ਮਿਲਦੀ।

ਅਜਿਹਾ ਸ਼ੱਕ ਪ੍ਰਗਟਾਇਆ ਜਾ ਰਿਹਾ ਸੀ ਕਿ ਕੁੱਝ ਟਰੱਕਿੰਗ ਕੰਪਨੀਆਂ ਅਤੇ ਬੀਮਾ ਬਰੋਕਰ ਆਪਣੀਆਂ ਕਾਰਵਾਈਆਂ ਨੂੰ ਗ਼ਲਤ ਰੂਪ ‘ਚ ਦਰਸਾ ਰਹੇ ਸਨ ਤਾਂ ਕਿ ਉਨ੍ਹਾਂ ਨੂੰ ਰਵਾਇਤੀ ਬਾਜ਼ਾਰ ਤੋਂ ਘੱਟ ਪ੍ਰੀਮੀਅਮ ‘ਤੇ ਬੀਮਾ ਕਵਰੇਜ ਮਿਲ ਜਾਵੇ।

ਉਦਾਹਰਣ ਵਜੋਂ ਇੱਕ ਫ਼ਲੀਟ, ਜੋ ਆਪਣਾ ਜ਼ਿਆਦਾਤਰ ਕਾਰੋਬਾਰ ਓਂਟਾਰੀਓ ‘ਚ ਕਰਦਾ ਹੈ, ਨੇ ਫ਼ੈਸਿਲਿਟੀ ਐਸੋਸੀਏਸ਼ਨ ਨੂੰ ਇਹ ਦੱਸਿਆ ਹੋ ਸਕਦਾ ਹੈ ਕਿ ਇਹ ਨਿਊ ਬਰੰਸਵਿਕ ‘ਚ ਕੰਮ ਕਰਦੀ ਹੈ, ਜਿੱਥੇ ਕਿ ਘੱਟ ਆਵਾਜਾਈ ਹੋਣ ਕਰਕੇ ਕੁੱਝ ਕਿਸਮ ਦੀਆਂ ਟੱਕਰਾਂ ਦਾ ਖ਼ਤਰਾ ਘੱਟ ਹੁੰਦਾ ਹੈ।

ਫ਼ੈਸਿਲਿਟੀ ਐਸੋਸੀਏਸ਼ਨ ਦਾ ਇੱਕ ਵਰਕਿੰਗ ਗਰੁੱਪ ਜੋ ਕਿ ਪਿਛਲੀ ਗੱਲਬਾਤ ਮਗਰੋਂ ਬਣਾਇਆ ਗਿਆ ਸੀ ਉਸ ‘ਚ ਇਨਟੈਕਟ ਇੰਸ਼ੋਰੈਂਸ, ਨਾਰਥਬਰਿਜ ਇੰਸ਼ੋਰੈਂਸ, ਇਕੋਨਾਮੀਕਲ ਮੁਚੂਅਲ ਇੰਸ਼ੋਰੈਂਸ, ਕੋਆਪਰੇਟਰਜ਼ ਜਨਰਲ ਇੰਸ਼ੋਰੈਂਸ, ਡਾਲਟਨ ਟੀਮੀਜ਼ ਇੰਸ਼ੋਰੈਂਸ ਬਰੋਕਰ, ਅਤੇ ਓ.ਟੀ.ਏ. ਸ਼ਾਮਲ ਹਨ। ਉਨ੍ਹਾਂ ਨੇ ਸੰਬੰਧਤ ਤਬਦੀਲੀਆਂ ਨੂੰ ਸੇਧ ਦੇਣ ‘ਚ ਮੱਦਦ ਕੀਤੀ ਸੀ।