1 ਸਤੰਬਰ ਨੂੰ ਮੇਨੀਟੋਬਾ ‘ਚ ਲਾਜ਼ਮੀ ਹੋ ਜਾਵੇਗਾ ਐਮ.ਈ.ਐਲ.ਟੀ.

Avatar photo

ਮੇਨੀਟੋਬਾ ਦੇ ਮੁਢਲਾ ਢਾਂਚਾ ਮੰਤਰੀ ਰੌਨ ਸ਼ੂਲਰ ਨੇ ਐਲਾਨ ਕੀਤਾ ਹੈ ਕਿ ਸੂਬਾ ਲਾਜ਼ਮੀ ਦਾਖ਼ਲਾ-ਪੱਧਰੀ ਡਰਾਈਵਰ ਸਿਖਲਾਈ (ਐਮ.ਈ.ਐਲ.ਟੀ.) ਨੂੰ 1 ਸਤੰਬਰ ਤੋਂ ਲਾਜ਼ਮੀ ਕਰ ਦੇਵੇਗਾ।

ਸ਼ੂਲਰ ਨੇ ਕਿਹਾ ਕਿ ਇੱਛੁਕ ਕਮਰਸ਼ੀਅਲ ਡਰਾਈਵਰਾਂ ਨੂੰ 121.5 ਘੰਟੇ ਦੀ ਸਿਖਲਾਈ ਪੂਰੀ ਕਰਨੀ ਹੋਵੇਗੀ, ਹਾਲਾਂਕਿ ਇਹ ਸਿਖਲਾਈ ਕਿਸ ਤਰ੍ਹਾਂ ਦਿੱਤੀ ਜਾਵੇਗੀ, ਇਸ ਬਾਰੇ ਅਜੇ ਕੋਈ ਯੋਜਨਾ ਨਹੀਂ ਉਲੀਕੀ ਗਈ ਹੈ।

ਮੇਨੀਟੋਬਾ ਦੀ ਟਰੱਕਿੰਗ ਐਸੋਸੀਏਸ਼ਨ (ਐਮ.ਟੀ.ਏ.) ਦੇ ਕਾਰਜਕਾਰੀ ਡਾਇਰੈਕਟਰ ਟੈਰੀ ਸ਼ਾਅ ਨੇ ਕਿਹਾ, ”ਸੜਕ ਸੁਰੱਖਿਆ ਵਧਾਉਣ ਦੇ ਮਾਮਲੇ ‘ਚ ਇਹ ਬਿਹਤਰੀਨ ਪਹਿਲਾ ਕਦਮ ਹੈ, ਪਰ ਸਾਡੇ ਕੋਲ ਪ੍ਰੋਗਰਾਮ ਦੇ ਵੇਰਵੇ ਦੀ ਪੂਰੀ ਜਾਣਕਾਰੀ ਨਹੀਂ ਹੈ।”

ਐਮ.ਟੀ.ਏ. ਨੇ ਐਮ.ਈ.ਐਲ.ਟੀ. ਪ੍ਰੋਗਰਾਮ ਦੇ ਪਾਠਕ੍ਰਮ ਦੀ ਜਮਾਤ ਅੰਦਰ, ਸੜਕ ‘ਤੇ ਅਤੇ ਯਾਰਡ ਅੰਦਰ ਹਦਾਇਤਾਂ ਦੀ ਬਨਾਵਟ ਬਾਰੇ ਸੂਬਾ ਸਰਕਾਰ ਨਾਲ ਚਰਚਾ ਕੀਤੀ ਹੈ।

ਸ਼ਾਅ ਨੇ ਕਿਹਾ ਕਿ ਸਰਕਾਰ ਦੀ ਤਜਵੀਜ਼ਤ 121.5 ਘੰਟਿਆਂ ਦੀ ਸਿਖਲਾਈ ‘ਚ ਐਮ.ਟੀ.ਏ. ਉਸ ਨਾਲ ਮਿਲ ਕੇ ਕੰਮ ਕਰੇਗਾ, ਇਸ ਸਿਖਲਾਈ ਦੇ ਸਬੂਤਾਂ ਅਤੇ ਨਤੀਜਿਆਂ ਦੀ ਜਾਂਚ ਕਰੇਗਾ ਅਤੇ ਇਸ ਦੇ ਭਵਿੱਖ ਬਾਰੇ ਫ਼ੈਸਲਾ ਕਰਨ ਦੀ ਵੀ ਸਲਾਹ ਦੇਵੇਗਾ।

ਇਸ ਐਲਾਨ ਨੂੰ ਕੈਨੇਡਾ ਦੀ ਨਿਜੀ ਮੋਟਰ ਟਰੱਕ ਕੌਂਸਲ (ਪੀ.ਐਮ.ਟੀ.ਸੀ.) ਨੇ ਵੀ ਹਮਾਇਤ ਦਿੱਤੀ ਹੈ। ਪੀ.ਐਮ.ਟੀ.ਸੀ. ਮੁਖੀ ਮਾਈਕ ਮਿਲੀਅਨ ਨੇ ਕਿਹਾ ਹੈ ਕਿ ਉਹ ਮੇਨੀਟੋਬਾ ਨੂੰ ਵੀ ਅਲਬਰਟਾ, ਸਸਕੈਚਵਨ, ਅਤੇ ਓਂਟਾਰੀਓ ਵਲੋਂ ਸ਼੍ਰੇਣੀ 1 ਡਰਾਈਵਰ ਸਿਖਲਾਈ ਲਾਜ਼ਮੀ ਕਰਨ ਦੇ ਨਕਸ਼ੇ ਕਦਮਾਂ ‘ਤੇ ਚਲਦਾ ਵੇਖ ਕੇ ਖ਼ੁਸ਼ ਹਨ।

ਪ੍ਰੀ-ਲਾਇਸੈਂਸਿੰਗ ਸਿਖਲਾਈ ਮੇਨੀਟੋਬਾ ਜਨਤਕ ਬੀਮਾ ਅਤੇ ਮੇਨੀਟੋਬਾ ਮੁਢਲਾ ਢਾਂਚਾ ਦੇ ਪ੍ਰਬੰਧ ਹੇਠ ਹੋ ਰਹੀ ਹੈ। ਐਮ.ਟੀ.ਏ. ਦਾ ਟੀਚਾ ਇਸ ਸਿਖਲਾਈ ਦੇ ਵੇਰਵੇ ਬਾਰੇ ਜਾਣਕਾਰੀ ਦੇਣ ਦਾ ਹੈ ਅਤੇ ਉਹ ਸ਼੍ਰੇਣੀ 1 ਲਾਇਸੰਸ ਚਾਹੁਣ ਵਾਲਿਆਂ ਦੀ ਬਜਾਏ ਟਰੱਕ ਡਰਾਈਵਰ ਬਣਨ ਦੇ ਇੱਛੁਕਾਂ ਦੀ ਅਗਾਊਂ-ਰੁਜ਼ਗਾਰ ਅਤੇ ਕਿੱਤਾਮੁਖੀ ਸਿਖਲਾਈ ਲਈ ਮੇਨੀਟੋਬਾ ਸਿਖਿਆ ਅਤੇ ਸਿਖਲਾਈ ਨਾਲ ਵੀ ਮਿਲ ਕੇ ਕੰਮ ਕਰ ਰਹੇ ਹਨ।

ਸ਼ਾਅ ਨੇ ਕਿਹਾ ਕਿ ਜਿੱਥੋਂ ਤਕ ਐਮ.ਈ.ਐਲ.ਟੀ. ਪ੍ਰੋਗਰਾਮਾਂ ਨਾਲ ਸਬੰਧਤ ਲਾਗਤ ਦਾ ਸਵਾਲ ਹੈ, ਤਾਂ ਕਮਰਸ਼ੀਅਲ ਡਰਾਈਵਿੰਗ ਪੇਸ਼ੇ ਨੂੰ ਕੌਮੀ ਪੱਧਰ ‘ਤੇ ਹੁਨਰਮੰਦ ਕੰਮ ਵਜੋਂ ਮਾਨਤਾ ਮਿਲਣੀ ਚਾਹੀਦੀ ਹੈ, ਜਿਸ ਦਾ ਮਤਲਬ ਹੋਵੇਗਾ ਕਿ ਵਿਦਿਆਰਥੀ ਟਿਊਸ਼ਨ ਅਦਾ ਕਰਨ ਲਈ ਗ੍ਰਾਂਟ ਪ੍ਰਾਪਤ ਕਰਨ ਦੇ ਯੋਗ ਹੋਣਗੇ।