2021 ‘ਚੰਗਾ’ ਲੱਗ ਰਹੈ

Avatar photo

ਕੈਨੇਡਾ ਤੋਂ ਬਹੁਤ ਦੂਰ ਪੈਦਾ ਹੋਏ ਘਾਤਕ ਵਾਇਰਸ ਕਰਕੇ ਆਏ ਅਣਡਿੱਠੇ ਸੰਕਟ ਨੂੰ ਸਹਾਰਨ ਤੋਂ ਬਾਅਦ ਟਰੱਕਿੰਗ ਉਦਯੋਗ ਨਾ ਸਿਰਫ਼ ਆਪਣੇ ਪੈਰਾਂ ‘ਤੇ ਖੜ੍ਹਾ ਹੋ ਗਿਆ ਹੈ ਬਲਕਿ ਕੈਨੇਡਾ ‘ਚ ਟਰੱਕਿੰਗ ਦੇ ਕੇਂਦਰ ਵਿਚਲੇ ਕਾਰਜਕਾਰੀਆਂ ਨੇ ਰੋਡ ਟੂਡੇ ਨੂੰ ਕਿਹਾ ਕਿ ਉਨ੍ਹਾਂ ਦਾ ਕਾਰੋਬਾਰ ਕੋਵਿਡ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰਾਂ ਨੂੰ ਪਾਰ ਕਰਨ ਲਈ ਤਿਆਰ ਹੈ।

ਡੀ ਅਲਾਇੰਸ ਮੋਟਰਸ ਦੇ ਸੀ.ਈ.ਓ., ਗੁਰਪਾਲ ਸਿੰਘ ਸਿੱਧੂ। ਤਸਵੀਰ : ਸਪਲਾਈਡ

ਮਿਸੀਸਾਗਾ, ਓਂਟਾਰੀਓ ‘ਚ ਅਧਾਰਤ ਦਰਮਿਆਨੇ ਆਕਾਰ ਦੇ ਫ਼ਲੀਟ ਡੀ ਅਲਾਇੰਸ ਮੋਟਰਸ ਦੇ ਸੀ.ਈ.ਓ. ਗੁਰਪਾਲ ਸਿੰਘ ਸਿੱਧੂ ਨੇ ਕਿਹਾ, ”ਗ੍ਰਾਹਕਾਂ ਦੀ ਪ੍ਰਤੀਕਿਰਿਆ ਦੇ ਆਧਾਰ ‘ਤੇ,  2021 ਦਾ ਵਰ੍ਹਾ ਬਹੁਤ ਚੰਗਾ ਲਗ ਰਿਹਾ ਹੈ।”

ਡੀ ਅਲਾਇੰਸ ਕੋਲ 70 ਟਰੱਕ ਅਤੇ ਲਗਭਗ 80 ਡਰਾਈਵਰ ਹਨ, ਜਿਨ੍ਹਾਂ ‘ਚੋਂ ਲਗਭਗ ਸਾਰੇ ਉਸ ਦੇ ਮੁਲਾਜ਼ਮ ਹਨ।

ਭੋਜਨ ਸਮੱਗਰੀ ਨੂੰ ਢੋਣ ਵਾਲੇ ਆਲ-ਰੀਫ਼ਰ ਫ਼ਲੀਟ ਡੀ ਅਲਾਇੰਸ ਨੂੰ ਮਹਾਂਮਾਰੀ ਦੌਰਾਨ ਕੋਈ ਸਮੱਸਿਆ ਪੇਸ਼ ਨਹੀਂ ਆਈ ਕਿਉਂਕਿ ਭੋਜਨ ਦੀ ਮੰਗ ਉੱਚੀ ਰਹੀ।

ਉਨ੍ਹਾਂ ਕਿਹਾ, ”ਜਦੋਂ ਕੋਰੋਨਾ ਵਾਇਰਸ ਮਹਾਂਮਾਰੀ ਸਿਖਰ ‘ਤੇ ਸੀ ਤਾਂ ਸਾਨੂੰ ਸਿਰਫ਼ ਦੋ ਹਫ਼ਤਿਆਂ ਲਈ ਆਪਣਾ ਕੰਮ ਬੰਦ ਕਰਨਾ ਪਿਆ।”

ਸਿੱਧੂ ਨੇ ਕਿਹਾ ਕਿ ਉੱਚ ਮੰਗ ਕਰਕੇ ਡਰਾਈ ਵੈਨ ਚਲਾਉਣ ਵਾਲੀਆਂ ਕੰਪਨੀਆਂ ਹੁਣ ਰੀਫ਼ਰ ਸੈਕਟਰ ‘ਚ ਕਦਮ ਰੱਖ ਰਹੀਆਂ ਹਨ।

ਡੀ ਅਲਾਇੰਸ ਖ਼ੁਦ ਜ਼ਿਆਦਾ ਓਨਰ-ਆਪਰੇਟਰਾਂ ਨੂੰ ਭਰਤੀ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਟ੍ਰਾਈਲਿੰਕ ਲੋਜਿਸਟਿਕਸ ਦੇ ਪ੍ਰਧਾਨ ਹਰਬ ਲਿੱਧੜ (ਸੱਜੇ) ਆਪਣੀ ਮੈਨੇਜਮੈਂਟ ਟੀਮ ਦੇ ਮੈਂਬਰ ਲਖਵੀਰ ਲਿੱਧੜ ਅਤੇ ਹਰਜੀਤ ਜੰਜੂਆ ਦੇ ਨਾਲ। ਤਸਵੀਰ : ਸਪਲਾਈਡ

ਬੋਲਟਨ, ਓਂਟਾਰੀਓ ਦੇ ਟ੍ਰਾਈਲਿੰਕ ਲੋਜਿਸਟਿਕਸ ਦੇ ਪ੍ਰੈਜ਼ੀਡੈਂਟ ਹਰਬ ਲਿੱਧੜ ਵੀ 2021 ਲਈ ਓਨੇ ਹੀ ਆਸਵੰਦ ਹਨ। ਟ੍ਰਾਈਲਿੰਕ ਕੋਲ 70 ਟਰੱਕ ਅਤੇ 125 ਡਰਾਈਵਰ ਹਨ।

ਉਨ੍ਹਾਂ ਕਿਹਾ, ”ਅਸੀਂ ਆਸਵੰਦ ਹਾਂ ਅਤੇ ਸਾਡੇ ਗ੍ਰਾਹਕਾਂ ਨੂੰ ਵੀ ਢੋਹੇ ਜਾਣ ਵਾਲੇ ਸਮਾਨ ‘ਚ ਵਾਧੇ ਦੀ ਆਸ ਹੈ।”

ਲਿੱਧੜ ਨੇ ਕਿਹਾ, ”ਪਹਿਲੀ ਤਿਮਾਹੀ ‘ਚ ਅਸੀਂ 25 ਟਰੱਕ ਜੋੜ ਰਹੇ ਹਾਂ।” ਉਨ੍ਹਾਂ ਕਿਹਾ ਕਿ ਕੰਪਨੀ ਇਲੈਕਟ੍ਰਿਕ ਟਰੱਕ ਵੀ ਆਰਡਰ ਕਰਨ ਬਾਰੇ ਸੋਚ ਸਕਦੀ ਹੈ।

ਲਿੱਧੜ ਨੇ ਹਾਲਾਂਕਿ ਮੰਨਿਆ ਕਿ ਇਨ੍ਹਾਂ ਟਰੱਕਾਂ ਨੂੰ ਚਲਾਉਣ ਵਾਲੇ ਯੋਗ ਡਰਾਈਵਰਾਂ ਨੂੰ ਲੱਭਣਾ ਸਮੱਸਿਆ ਹੋਵੇਗੀ।

ਉਨ੍ਹਾਂ ਕਿਹਾ ਕਿ ਨਵੇਂ ਡਰਾਈਵਰਾਂ ਲਈ ਬੀਮਾ ਮਨਜ਼ੂਰੀ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੈ, ਕਿਉਂਕਿ ਹਰ ਕੰਪਨੀ ਦੀ ਵੱਖੋ-ਵੱਖ (ਬੀਮਾ) ਕਸੌਟੀ ਹੁੰਦੀ ਹੈ।

ਉਦਾਹਰਣ ਵਜੋਂ, ਉਸ ਦੀ ਕੰਪਨੀ ਸਿਰਫ਼ 24 ਜਾਂ ਇਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਭਰਤੀ ਕਰ ਸਕਦੀ ਹੈ।

”ਇਨ੍ਹਾਂ ਨੂੰ ਲੱਭਣਾ ਆਸਾਨ ਕੰਮ ਨਹੀਂ ਹੈ।”

ਉਨ੍ਹਾਂ ਕਿਹਾ ਕਿ ਕੁੱਝ ਚੰਗੇ ਡਰਾਈਵਰ ਹਨ ਜੋ ਕਿ ਕੰਪਨੀ ਨਾਲ ਕੰਮ ਕਰਨਾ ਚਾਹੁੰਦੇ ਹਨ, ਪਰ ਬੀਮਾਕਰਤਾ ਇਸ ਦੀ ਮਨਜ਼ੂਰੀ ਨਹੀਂ ਦੇਣਗੇ।

ਲਿੱਧੜ ਨੇ ਕਿਹਾ, ਜਿਨ੍ਹਾਂ ਨੂੰ ਬੀਮਾ ਮਨਜ਼ੂਰੀ ਮਿਲ ਜਾਂਦੀ ਹੈ ਉਹ ਲੋਂਗਹੌਲ ਜਾਂ ਲਗਾਤਾਰ ਪੰਜ ਦਿਨ ਕੰਮ ਨਹੀਂ ਕਰਨਾ ਚਾਹੁੰਦੇ।

”ਡਰਾਈਵਰਾਂ ਦੀ ਕਮੀ ਵੱਡੀ ਸਮੱਸਿਆ ਹੈ।”

 

ਪੁਖਤਾ ਫ਼ਾਇਦੇ

ਸਿੱਧੂ ਅਤੇ ਲਿੱਧੜ ਦੀ ਸਾਕਾਰਾਤਮਕਤਾ ਪੁਖਤਾ ਲਾਭ ‘ਤੇ ਟਿਕੀ ਹੋਈ ਹੈ।

ਮਿਸੀਸਾਗਾ ‘ਚ ਅਧਾਰਤ ਫ਼ਰੇਟ-ਮੈਚਿੰਗ ਕੰਪਨੀ ਲੋਡਲਿੰਕ ਟੈਕਨਾਲੋਜੀਜ਼ ਨੇ ਦਸੰਬਰ ‘ਚ ਰੀਪੋਰਟ ਪੇਸ਼ ਕੀਤੀ ਸੀ ਕਿ ਕੈਨੇਡੀਅਨ ਸਪੌਟ ਮਾਰਕੀਟ ਨਵੰਬਰ ‘ਚ ਲਗਾਤਾਰ ਸੱਤਵੇਂ ਮਹੀਨੇ ਵਿਕਸਤ ਹੋਈ।

ਕੰਪਨੀ ਨੇ ਕਿਹਾ ਕਿ ਜਦੋਂ ਤੋਂ ਉਸ ਨੇ ਅੰਕੜਿਆਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਹੈ ਉਦੋਂ ਤੋਂ ਇਹ ਸਭ ਤੋਂ ਲੰਮੇ ਵਾਧੇ ਦਾ ਦੌਰ ਹੈ।

ਅਤੇ ਅਮਰੀਕਾ ‘ਚ ਉਦਯੋਗ ਦੀ ਭਵਿੱਖਬਾਣੀ ਕਰਨ ਵਾਲੇ ਐਫ਼.ਟੀ.ਆਰ. ਨੇ ਆਪਣੇ ਟਰੱਕਿੰਗ ਹਾਲਾਤ ਸੂਚਕਅੰਕ ‘ਚ ਵਿਸ਼ਾਲ ਹੁਲਾਰਾ ਵੇਖਣ ਬਾਰੇ ਸੂਚਨਾ ਦਿੱਤੀ।

ਅਕਤੂਬਰ ‘ਚ ਸੂਚਕ ਅੰਕ 16.17 ‘ਤੇ ਪੁੱਜ ਗਿਆ ਜੋ ਕਿ 30 ਸਾਲਾਂ ਦਾ ਸਭ ਤੋਂ ਉੱਚਾ ਪੱਧਰ ਹੈ। ਅਪ੍ਰੈਲ ‘ਚ ਇਹ ਡਿੱਗ ਕੇ -28.66 ਹੋ ਗਿਆ ਸੀ।

ਇਸ ਤੋਂ ਪਹਿਲਾਂ ਐਫ਼.ਟੀ.ਆਰ. ਨੇ ਦੱਸਿਆ ਸੀ ਕਿ ਤੀਜੀ ਤਿਮਾਹੀ ‘ਚ ਫ਼ਰੇਟ ‘ਚ ਵਾਧਾ ਉਮੀਦਾਂ ਤੋਂ ਵੀ ਅੱਗੇ ਚਲਾ ਗਿਆ। ਇਸ ‘ਚ ਕਿਹਾ ਗਿਆ ਹੈ ਕਿ ਟਰੱਕਿੰਗ ਦਰਾਂ 2019 ਮੁਕਾਬਲੇ 2020 ‘ਚ 2% ਵੱਧ ਗਈਆਂ।

ਕੰਪਨੀ ਨੇ 2021 ਲਈ 8% ਦੇ ਵਾਧੇ ਦਾ ਅੰਦਾਜ਼ਾ ਲਾਇਆ ਹੈ, ਜਿਸ ਬਾਰੇ ਕੁੱਝ ਮਹੀਨੇ ਪਹਿਲਾਂ ਸੋਚਿਆ ਵੀ ਨਹੀਂ ਜਾ ਸਕਦਾ ਸੀ।

 

ਆਰਡਰਾਂ ਦੀ ਭਰਮਾਰ

ਡੀਲਰਸ਼ਿੱਪਾਂ ਨੇ ਵੀ ਮੰਗ ‘ਚ ਵਾਧਾ ਦਰਜ ਕੀਤਾ ਹੈ।

ਗੁਰਮਿੰਦਰ ਆਹਲੂਵਾਲੀਆ, ਅਕਾਊਂਟ ਮੈਨੇਜਰ, ਪ੍ਰੀਮੀਅਰ ਟਰੱਕ ਗਰੁੱਪ। ਤਸਵੀਰ : ਸਪਲਾਈਡ

ਫ਼ਰੇਟਲਾਈਨਰ ਦੇ ਵੱਡੇ ਡੀਲਰ ਪ੍ਰੀਮੀਅਰ ਟਰੱਕ ਗਰੁੱਪ ਦੇ ਅਕਾਊਂਟ ਮੈਨੇਜਰ ਗੁਰਮਿੰਦਰ ਆਹਲੂਵਾਲੀਆ ਨੇ ਕਿਹਾ, ”ਜੁਲਾਈ ਤਕ ਆਰਡਰ ਬੋਰਡ ਭਰ ਚੁੱਕਾ ਹੈ। ਬਹੁਤ ਰਸ਼ ਹੈ ਅਤੇ 2021 ਵਰ੍ਹਾ 2020 ਵਰਗਾ ਨਹੀਂ ਰਹੇਗਾ।”

ਉਨ੍ਹਾਂ ਉਮੀਦ ਪ੍ਰਗਟਾਈ ਕਿ 2021 ‘ਚ ਕਾਰੋਬਾਰ 10% ਤੋਂ 15% ਤਕ ਵਧੇਗਾ।

ਆਹਲੂਵਾਲੀਆ ਨੇ ਕਿਹਾ, ”ਆਰਡਰ ਦੇਣ ਦਾ ਸਮਾਂ ਹੁਣ ਹੈ ਕਿਉਂਕਿ ਫ਼ੈਕਟਰੀਆਂ ‘ਚ ਆਉਣ ਵਾਲੇ ਸਮੇਂ ‘ਚ ਕੰਮ ਵੱਧਦਾ ਜਾ ਰਿਹਾ ਹੈ।”

ਟਰੈਕਟਰਾਂ ਅਤੇ ਟਰੇਲਰਾਂ ਦੋਹਾਂ ਲਈ ਸੱਚਮੁਚ ਮੰਗ ਵੱਧ ਰਹੀ ਹੈ।

ਆਵਾਜਾਈ ਇੰਡਸਟਰੀ ਦੀ ਸੂਚਨਾ ਦੇਣ ਵਾਲੇ ਐਕਟ ਰੀਸਰਚ ਨੇ ਅੰਦਾਜ਼ਾ ਲਾਇਆ ਹੈ ਕਿ ਕਮਰਸ਼ੀਅਲ ਵਹੀਕਲਾਂ ਦੀ ਮੰਗ  2021 ‘ਚ ਮਜ਼ਬੂਤ ਰਹੇਗੀ।

ਟਰੇਲਰਾਂ ਲਈ ਆਰਡਰ ਵੀ ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਬਾਰੇ ਐਕਟ ਰੀਸਰਚ ਨੇ ਕਿਹਾ ਕਿ ਸ਼ੁਰੂਆਤੀ ਅੰਕੜੇ ਇਸ ਗੱਲ ਵਲ ਸੰਕੇਤ ਕਰਦੇ ਹਨ ਕਿ ਲਗਾਤਾਰ ਛੇ ਮਹੀਨਿਆਂ ਲਈ ਕੁਲ ਆਰਡਰਾਂ ‘ਚ ਸਾਲ ਦਰ ਸਾਲ ਕਾਫ਼ੀ ਵਾਧਾ ਹੋਵੇਗਾ।

 

.ਐਲ.ਡੀ. ਦੀ ਕੋਈ ਚਿੰਤਾ ਨਹੀਂ

ਡੀ ਅਲਾਇੰਸ ਦੇ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ 12 ਜੂਨ ਤੋਂ ਇਲੈਕਟ੍ਰਾਨਿਕ ਲਾਗਿੰਗ ਡਿਵਾਇਸ (ਈ.ਐਲ.ਡੀ.) ਫ਼ੁਰਮਾਨ ਲਾਗੂ ਕਰਨ ਲਈ ਤਿਆਰ ਹੈ, ਜਦੋਂ ਇਹ ਹੋਂਦ ‘ਚ ਆਵੇਗਾ।

ਇਸ ਲਈ ਉਦਯੋਗ ਦੇ ਲਾਬਿੰਗ ਕਰਨ ਵਾਲੇ ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ਼ ਕੈਨੇਡਾ (ਪੀ.ਐਮ.ਟੀ.ਸੀ.) ਵਰਗੇ ਗਰੁੱਪ ਨੇ ਫ਼ੈਡਰਲ ਸਰਕਾਰ ਨੂੰ ਕਿਹਾ ਹੈ ਕਿ ਉਹ ਇਸ ਸਮਾਂ ਸੀਮਾ ਨੂੰ ਮੁਲਤਵੀ ਕਰ ਦੇਣ, ਕਿਉਂਕਿ ਇਹ ਅਸਲੀਅਤ ‘ਤੇ ਅਧਾਰਤ ਨਹੀਂ ਹੈ ਅਤੇ ਬਹੁਤ ਸਾਰੇ ਫ਼ਲੀਟ ਇਸ ‘ਤੇ ਅਮਲ ਨਹੀਂ ਕਰ ਸਕਣਗੇ।

ਸਿੱਧੂ ਨੂੰ ਅਜਿਹੀ ਕੋਈ ਚਿੰਤਾ ਨਹੀਂ ਹੈ ਕਿਉਂਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਡਰਾਈਵਰ ਪਹਿਲਾਂ ਹੀ ਅਮਰੀਕਾ ‘ਚ ਜਾਣ ਵੇਲੇ ਈ.ਐਲ.ਡੀ. ਦਾ ਪ੍ਰਯੋਗ ਕਰ ਰਹੇ ਹਨ, ਜਿੱਥੇ ਇਹ ਉਪਕਰਨ ਦਸੰਬਰ 2019 ਤੋਂ ਲਾਜ਼ਮੀ ਕਰ ਦਿੱਤੇ ਗਏ ਹਨ।

ਫਿਰ ਵੀ ਉਨ੍ਹਾਂ ਨੂੰ ਸ਼ੱਕ ਹੈ ਕਿ ਕੈਨੇਡੀਅਨ ਫ਼ੁਰਮਾਨ ਯੋਜਨਾ ਅਨੁਸਾਰ ਹੋਂਦ ‘ਚ ਆ ਜਾਵੇਗਾ।

”ਮੈਨੂੰ ਨਹੀਂ ਲਗਦਾ ਕਿ ਤੈਅ ਮਿਤੀ ਨੂੰ ਇਹ ਲਾਗੂ ਹੋ ਜਾਵੇਗਾ। ਜੂਨ ਬਹੁਤਾ ਦੂਰ ਨਹੀਂ ਹੈ ਅਤੇ ਬਹੁਤ ਸਾਰੀਆਂ ਕੰਪਨੀਆਂ ਤਿਆਰ ਨਹੀਂ ਹਨ। ਸਮਾਂ ਸੀਮਾ ਨੂੰ ਵਧਾਇਆ ਜਾ ਸਕਦਾ ਹੈ।”

ਟ੍ਰਾਈਲਿੰਕ ਦੇ ਲਿੱਧੜ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਈ.ਐਲ.ਡੀ. ਫ਼ੁਰਮਾਨ ਦੀ ਪਾਲਣਾ ਕਰਨ ਲਈ ਤਿਆਰ ਹੈ।

ਉਨ੍ਹਾਂ ਕਿਹਾ, ”ਸਾਡਾ ਫ਼ਲੀਟ ਈ.ਐਲ.ਡੀ. ਨਾਲ 100% ਲੈਸ ਹੈ।”

ਉਨ੍ਹਾਂ ਨੂੰ 12 ਜੂਨ ਤਕ ਪਹੁੰਚਣ ‘ਚ ਕੋਈ ਸਮੱਸਿਆ ਨਹੀਂ ਦਿਸਦੀ, ਕਿਉਂਕਿ ਟ੍ਰਾਈਲਿੰਕ ਦੇ ਸਾਰੇ ਡਰਾਈਵਰ ਸਿਸਟਮ ਨਾਲ ਜਾਣੂ ਹਨ।

ਉਨ੍ਹਾਂ ਕਿਹਾ ਕਿ ਟ੍ਰਾਈਲਿੰਕ ਆਸਾਨੀ ਨਾਲ ਇਸ ਤਬਦੀਲੀ ਨੂੰ ਅਪਣਾ ਲਵੇਗਾ।

ਲਿੱਧੜ ਨੇ ਕਿਹਾ, ”ਸਾਨੂੰ ਕੋਈ ਚਿੰਤਾ ਨਹੀਂ ਹੈ ਕਿਉਂਕਿ ਅਸੀਂ ਇਸ ਲਈ ਪਹਿਲਾਂ ਹੀ ਤਿਆਰੀ ਕਰ ਲਈ ਸੀ।”

 

ਐਲ.ਐਮ.ਆਈ.ਏ. ਦਾ ਧੱਬਾ

ਆਰਜ਼ੀ ਵਿਦੇਸ਼ੀ ਵਰਕਰ ਪ੍ਰੋਗਰਾਮ (ਟੀ.ਐਫ਼.ਡਬਲਿਊ.ਪੀ.) ਦੁਆਲੇ ਘੁੰਮਦੇ ਘਪਲੇ ਬਾਰੇ ਗੱਲ ਕਰਦਿਆਂ ਸਿੱਧੂ ਨੇ ਕਿਹਾ ਕਿ ਇਹ ਟਰੱਕਿੰਗ ਭਾਈਚਾਰੇ ਦੇ ਮੱਥੇ ‘ਤੇ ਧੱਬਾ ਹੈ।

ਅਜਿਹੇ ਦੋਸ਼ ਲਗਦੇ ਰਹੇ ਹਨ ਕਿ ਕੁੱਝ ਫ਼ਲੀਟ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ (ਐਲ.ਐਮ.ਆਈ.ਏ.) ਪ੍ਰਕਿਰਿਆ ਦਾ ਗ਼ਲਤ ਫ਼ਾਇਦਾ ਲੈ ਰਹੇ ਹਨ, ਜੋ ਕਿ ਕੰਪਨੀਆਂ ਨੂੰ ਟੀ.ਐਫ਼.ਡਬਲਿਊ.ਪੀ. ਹੇਠ ਭਰਤੀ ਕਰਨ ਦੀ ਇਜਾਜ਼ਤ ਦਿੰਦੀ ਹੈ।

ਕਿਸੇ ਵਿਸ਼ੇਸ਼ ਨੌਕਰੀ ‘ਤੇ ਕਿਸੇ ਵਿਦੇਸ਼ੀ ਨੂੰ ਭਰਤੀ ਕਰਨ ਤੋਂ ਪਹਿਲਾਂ ਰੁਜ਼ਗਾਰਦਾਤਾਵਾਂ ਨੂੰ ਇਹ ਸਾਬਤ ਕਰਨਾ ਪੈਂਦਾ ਹੈ ਕਿ ਇਸ ਅਹੁਦੇ ‘ਤੇ ਕੋਈ ਕੈਨੇਡੀਅਨ ਨਾਗਰਿਕ ਕਾਬਲ ਨਹੀਂ ਹੈ ਅਤੇ ਇਸ ਨੂੰ ਐਲ.ਐਮ.ਆਈ.ਏ. ਪ੍ਰਕਿਰਿਆ ਰਾਹੀਂ ਅੰਜਾਮ ਦਿੱਤਾ ਜਾਂਦਾ ਹੈ।

ਪਾਜ਼ੇਟਿਵ ਐਲ.ਐਮ.ਆਈ.ਏ. ਨੂੰ ਹਜ਼ਾਰਾਂ ਡਾਲਰਾਂ ‘ਚ ਵੇਚਣਾ ਕਾਨੂੰਨ ਦੇ ਵਿਰੁੱਧ ਹੈ। ਸਰਕਾਰ ਨੇ ਅਜਿਹਾ ਕਰਨ ਵਾਲੇ ਫ਼ਲੀਟਾਂ ਅਤੇ ਘਪਲੇ ‘ਚ ਸ਼ਾਮਲ ਇਮੀਗਰੇਸ਼ਨ ਸਲਾਹਕਾਰਾਂ ਵਿਰੁੱਧ ਕਾਰਵਾਈ ਕਰਨ ਦਾ ਅਹਿਦ ਲਿਆ ਹੈ।

ਸਿੱਧੂ ਨੇ ਕਿਹਾ, ”ਇਹ ਬਹੁਤ ਬੁਰੀ ਗੱਲ ਹੈ। ਅਸੀਂ ਤਾਂ ਇਸ ਲਈ ਇੱਕ ਪੈਸਾ ਨਹੀਂ ਲੈਂਦੇ।”

ਟ੍ਰਾਈਲਿੰਕ ਦੇ ਲਿੱਧੜ ਨੇ ਕਿਹਾ ਕਿ ਉਹ ਐਲ.ਐਮ.ਆਈ.ਏ. ਘਪਲੇ ਨੂੰ ਜਾਣਦੇ ਹਨ, ਪਰ ਟ੍ਰਾਈਲਿੰਗ ਇੱਛੁਕ ਮੁਲਾਜ਼ਮਾਂ ਤੋਂ ਕੋਈ ਪੈਸਾ ਨਹੀਂ ਲੈਂਦਾ।

”ਅਸੀਂ ਕਿਸਮਤ ਵਾਲੇ ਹਾਂ ਕਿ ਸਾਡੇ ਕੋਲ ਭਰੋਸੇਮੰਦ ਡਰਾਈਵਰ ਹਨ। ਅਸੀਂ ਉਨ੍ਹਾਂ ਲਈ ਖ਼ੁਸ਼ ਹਾਂ ਅਤੇ ਉਹ ਸਾਡੇ ਲਈ ਖ਼ੁਸ਼ ਹਨ।”

ਉਨ੍ਹਾਂ ਕਿਹਾ ਕਿ ਜੇਕਰ ਟਰੱਕਿੰਗ ਕਮਿਊਨਿਟੀ ‘ਚੋਂ ਕੋਈ ਸਿਸਟਮ ਦਾ ਸੋਸ਼ਣ ਕਰਦਾ ਹੈ ਤਾਂ ਅਥਾਰਟੀਆਂ ਹਰ ਕਿਸੇ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣਗੇ।

”ਅਤੇ ਇਹ (ਭਾਈਚਾਰੇ ਲਈ) ਬੁਰੀ ਗੱਲ ਹੈ।”

 

ਅਬਦੁਲ ਲਤੀਫ਼ ਵੱਲੋਂ