285 ਲੱਖ ਡਾਲਰ ਦੀ 228 ਕਿੱਲੋ ਮੈੱਥ ਨਾਲ ਫੜਿਆ ਗਿਆ ਕੈਲਗਰੀ ਦਾ ਟਰੱਕਰ

Avatar photo
ਸੀ.ਬੀ.ਐਸ.ਏ. ਨੇ ਕਿਹਾ ਕਿ ਮੈੱਥ ਦੀ ਬਾਜ਼ਾਰ ‘ਚ ਕੀਮਤ 285 ਲੱਖ ਡਾਲਰ ਹੈ। (ਤਸਵੀਰ: ਸੀ.ਬੀ.ਐਸ.ਏ.)

ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ (ਸੀ.ਬੀ.ਐਸ.ਏ.) ਨੇ ਬੁੱਧਵਾਰ ਨੂੰ ਦੱਸਿਆ ਕਿ ਉਸ ਨੇ ਅਲਬਰਟਾ ‘ਚ ਕੂਟਸ ਬਾਰਡਰ ਐਂਟਰੀ ਵਿਖੇ ਦਾਖ਼ਲ ਹੋ ਰਹੇ ਇੱਕ ਟਰੱਕ ‘ਚੋਂ 285 ਲੱਖ ਡਾਲਰ ਦੀ 228 ਕਿੱਲੋਗ੍ਰਾਮ ਮੈਥੱਮਫ਼ੈਟਾਮੀਨ ਜ਼ਬਤ ਕੀਤੀ ਹੈ। ਇਹ ਘਟਨਾ 25 ਦਸੰਬਰ ਨੂੰ ਵਾਪਰੀ ਸੀ।

ਏਜੰਸੀ ਨੇ ਕਿਹਾ, ”ਜ਼ਰੂਰੀ ਚੀਜ਼ਾਂ ਦੇ ਦਾਖ਼ਲੇ ਨੂੰ ਇਜਾਜ਼ਤ ਦੇਣ ਦੌਰਾਨ ਸੀ.ਬੀ.ਐਸ.ਏ. ਨੇ ਇੱਕ ਸੈਮੀ-ਟਰੱਕ ਨੂੰ ਹੋਰ ਜਾਂਚ ਲਈ ਭੇਜਿਆ। ਟਰੱਕ ਦੀ ਜਾਂਚ ਦੌਰਾਨ, ਸੀ.ਬੀ.ਐਸ.ਏ. ਅਫ਼ਸਰ ਨੂੰ 228.14 ਕਿੱਲੋ ਮੈਥੱਮਫ਼ੈਟਾਮੀਨ ਮਿਲੀ ਜਿਸ ਦੀ ਅੰਦਾਜ਼ਨ ਕੀਮਤ 285 ਲੱਖ ਡਾਲਰ ਹੈ। ਏਨੀ ਮਾਤਰਾ 22.8 ਲੱਖ ਲੋਕਾਂ ਦੀ ਇੱਕ ਵਾਰੀ ਦੀ ਖੁਰਾਕ ਬਣ ਸਕਦੀ ਹੈ।”

ਡਰਾਈਵਰ ਦੀ ਪਛਾਣ ਕੈਲਗਰੀ, ਅਲਬਰਟਾ ਦੇ 38 ਵਰ੍ਹਿਆਂ ਦੇ ਅਮਰਪ੍ਰੀਤ ਸਿੰਘ ਸੰਧੂ ਵਜੋਂ ਹੋਈ ਹੈ।

ਕੈਨੇਡਾ ਦੀ ਸਰਹੱਦ ‘ਤੇ ਇਹ ਹੁਣ ਤਕ ਦੀ ਸੀ.ਬੀ.ਐਸ.ਏ. ਦੀ ਸਭ ਤੋਂ ਵੱਡੀ ਮੈਥੱਮਫ਼ੈਟਾਮੀਨ ਦੀ ਬਰਾਮਦਗੀ ਹੈ।

ਸੀ.ਬੀ.ਐਸ.ਏ. ਅਫ਼ਸਰਾਂ ਨੇ 2020 ਦੇ ਕ੍ਰਿਸਮਸ ਵਾਲੇ ਦਿਨ ਕੈਨੇਡਾ ‘ਚ ਦਾਖ਼ਲ ਹੋਣ ਵਾਲੇ ਬਾਰਡਰ  ‘ਤੇ ਰੀਕਾਰਡ 228 ਕਿੱਲੋਗ੍ਰਾਮ ਮੈਥੱਮਫ਼ੈਟਾਮੀਨ ਜ਼ਬਤ ਕੀਤੀ। (ਤਸਵੀਰ: ਸੀ.ਬੀ.ਐਸ.ਏ.)

ਸੀ.ਬੀ.ਐਸ.ਏ. ਨੇ ਅਮਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (ਆਰ.ਸੀ.ਐਮ.ਪੀ.) ਦੇ ਹਵਾਲੇ ਕਰ ਦਿੱਤਾ ਹੈ।

ਉਸ ‘ਤੇ ਹੇਠਾਂ ਲਿਖੇ ਦੋਸ਼ ਲਾਏ ਗਏ ਹਨ:

* ਸੈਕਸ਼ਨ 6(1) ਵਿਰੁੱਧ ਪਾਬੰਦੀਸ਼ੁਦਾ ਪਦਾਰਥਾਂ ਦਾ ਆਯਾਤ; ਅਤੇ,

* ਸੈਕਸ਼ਨ 5(2) ਵਿਰੁੱਧ ਤਸਕਰੀ ਦੇ ਇਰਾਦੇ ਨਾਲ ਕਬਜ਼ੇ ‘ਚ ਰਖਣਾ,

ਸੰਧੂ ਨੂੰ ਹਿਰਾਸਤ ‘ਚੋਂ 14 ਜਨਵਰੀ ਨੂੰ ਰਿਹਾਅ ਕਰ ਦਿੱਤਾ ਗਿਆ ਸੀ ਅਤੇ ਉਹ 11 ਫ਼ਰਵਰੀ, 2021 ਨੂੰ ਲੈੱਥਬਰਿੱਜ ਪ੍ਰੋਵਿੰਸ਼ੀਅਲ ਕੋਰਟਹਾਊਸ ਵਿਖੇ ਅਦਾਲਤ ‘ਚ ਪੇਸ਼ ਹੋਵੇਗਾ।