70 ਵੀ.ਐਨ.ਆਰ. ਇਲੈਕਟ੍ਰਿਕ ਟਰੱਕਾਂ ਲਈ ਵੋਲਵੋ ਨੂੰ ਮਿਲੀ ਵੱਡੀ ਫ਼ੰਡਿੰਗ

Avatar photo
(ਤਸਵੀਰ: ਵੋਲਵੋ ਟਰੱਕਸ)

ਵੋਲਵੋ ਟਰੱਕਸ ਆਪਣੇ 70 ਹੋਰ ਸ਼੍ਰੇਣੀ 8 ਵੀ.ਐਨ.ਆਰ. ਇਲੈਕਟ੍ਰਿਕ ਟਰੱਕ ਕੈਲੇਫ਼ੋਰਨੀਆ ‘ਚ ਤੈਨਾਤ ਕਰੇਗਾ ਜਿਸ ਲਈ ਉਸ ਨੂੰ ਅਮਰੀਕੀ ਵਾਤਾਵਰਣ ਸੁਰੱਖਿਆ ਏਜੰਸੀ (ਈ.ਪੀ.ਏ.) ਅਤੇ ਦੱਖਣੀ ਕੋਸਟ ਏਅਰ ਕੁਆਲਿਟੀ ਮੈਨੇਜਮੈਂਟ ਡਿਸਟ੍ਰਿਕਟ (ਏ.ਕਿਊ.ਐਮ.ਡੀ.) ਤੋਂ ਫ਼ੰਡਿੰਗ ਪ੍ਰਾਪਤ ਹੋ ਗਈ ਹੈ।

ਵੋਲਵੋ ਦਾ ਦਾਅਵਾ ਹੈ ਕਿ ਇਹ ਦੇਸ਼ ‘ਚ ਸ਼੍ਰੇਣੀ 8 ਬੈਟਰੀ-ਇਲੈਕਟ੍ਰਿਕ ਟਰੱਕਾਂ ਦੀ ਸਭ ਤੋਂ ਵੱਡੀ ਕਮਰਸ਼ੀਅਲ ਤੈਨਾਤੀ ਹੋਵੇਗੀ।

ਟਰੱਕਾਂ ਨੂੰ ਦੱਖਣੀ ਕੈਲੇਫ਼ੋਰਨੀਆ ਖੇਤਰੀ ਫ਼ਰੇਟ ਵੰਡ ਅਤੇ ਢੋਣ ਦੇ ਕੰਮਾਂ ਲਈ ਤੈਨਾਤ ਕੀਤਾ ਜਾਵੇਗਾ।

ਇਨ੍ਹਾਂ ਟਰੱਕਾਂ ਦੀ ਡਿਲੀਵਰੀ 2021 ‘ਚ ਸ਼ੁਰੂ ਹੋ ਜਾਵੇਗੀ ਅਤੇ 2022 ਦੀ ਤੀਜੀ ਤਿਮਾਹੀ ਤਕ ਚਾਲੂ ਰਹੇਗੀ।

ਵੋਲਵੋ ਟਰੱਕਸ ਉੱਤਰੀ ਅਮਰੀਕਾ ਦੇ ਪ੍ਰੈਜ਼ੀਡੈਂਟ ਪੀਟਰ ਵੂਰਹੋਵ ਨੇ ਕਿਹਾ, ”ਇਸ ਗ੍ਰਾਂਟ ਨਾਲ ਵੋਲਵੋ ਟਰੱਕਸ ਨੂੰ ਬਿਹਤਰੀਨ ਮੌਕਾ ਮਿਲ ਗਿਆ ਹੈ ਕਿ ਉਹ ਵੋਲਵੋ ਲਾਈਟਸ ਰਾਹੀਂ ਬਣਾਏ ਈਕੋਸਿਸਟਮ ਦੀ ਸਫ਼ਲਤਾ ਨੂੰ ਹੋਰ ਤੇਜ਼ੀ ਨਾਲ ਲਾਗੂ ਕਰੇ ਤਾਂ ਕਿ ਬੈਟਰੀ-ਇਲੈਕਟ੍ਰਿਕ ਹੈਵੀ-ਡਿਊਟੀ-ਟਰੱਕ ਵੱਡੇ ਪੱਧਰ ‘ਤੇ ਲਾਗੂ ਹੋ ਸਕਣ। ਬਿਜਲੀ ਦੀਆਂ ਗੱਡੀਆਂ ਪ੍ਰਯੋਗ ਕਰਨ ਦੇ ਰਾਹ ਦੀ ਵੱਡੀ ਸਮੱਸਿਆ ਨੂੰ ਹੱਲ ਕਰਨ ਲਈ ਅਸੀਂ ਈ.ਪੀ.ਏ. ਅਤੇ ਸਾਊਥ ਕੋਸਟ ਏ.ਕਿਊ.ਐਮ.ਡੀ. ਦੀ ਸ਼ਲਾਘਾ ਕਰਦੇ ਹਾਂ ਅਤੇ ਸਾਨੂੰ ਮਾਣ ਹੈ ਕਿ ਸ਼੍ਰੇਣੀ 8 ਸਿਫ਼ਰ ਉਤਸਰਜਨ ਗੱਡੀਆਂ ਦੀ ਵਰਤੋਂ ਤੇਜ਼ ਕਰਨ ਦੇ ਮਾਮਲੇ ‘ਚ ਉਨ੍ਹਾਂ ਦਾ ਭਰੋਸਾ ਵੋਲਵੋ ਟਰੱਕ ਨਾਰਥ ਅਮਰੀਕਾ ‘ਤੇ ਨਿਰੰਤਰ ਬਰਕਰਾਰ ਹੈ।”