ਅਲਬਰਟਾ ਦੀ ਪਹਿਲੀ ਮਹਿਲਾ ਟਰਾਂਸਪੋਰਟ ਮੰਤਰੀ ਨੇ ਉਦਯੋਗ ’ਚ ਔਰਤਾਂ ਦੀ ਮੋਢੀਆਂ, ਰਾਹ ਦਸੇਰਿਆਂ ਵਜੋਂ ਸ਼ਲਾਘਾ ਕੀਤੀ

Avatar photo

ਅਲਬਰਟਾ ਦੀ ਪਹਿਲੀ ਮਹਿਲਾ ਆਵਾਜਾਈ ਮੰਤਰੀ, ਰਾਜਨ ਸਾਹਨੀ, 29 ਅਕਤੂਬਰ ਨੂੰ ਹੋਏ ਅਲਬਰਟਾ ਮੋਟਰ ਟਰਾਂਸਪੋਰਟ ਐਸੋਸੀਏਸ਼ਨ/ਟਰੱਕਿੰਗ ਐਚ.ਆਰ. ਕੈਨੇਡਾ ਵੈਸਟਰਨ ਵਿਮੈਨ ਵਿਦ ਡਰਾਈਵ ਨਾਮਕ ਈਵੈਂਟ ’ਚ ਮੁੱਖ ਬੁਲਾਰਾ ਸਨ, ਜਿਨ੍ਹਾਂ ਨੇ ਆਵਾਜਾਈ ਉਦਯੋਗ ’ਚ ਔਰਤਾਂ ਨੂੰ ਇੱਕ ਪ੍ਰੇਰਨਾਦਾਇਕ ਸੰਦੇਸ਼ ਦਿੱਤਾ।

ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਔਰਤਾਂ ਲਈ ਬਹੁਤ ਮੁਸ਼ਕਲਾਂ ਭਰਿਆ ਸਮਾਂ ਰਿਹਾ ਹੈ, ਜੋ ਕਿ ਉਨ੍ਹਾਂ ਨੇ ਭਾਈਚਾਰਕ ਅਤੇ ਸਮਾਜਕ ਸੇਵਾਵਾਂ ਦੀ ਮੰਤਰੀ ਰਹਿਣ ਦੌਰਾਨ ਮਹਿਸੂਸ ਕੀਤਾ ਸੀ।

ਉਨ੍ਹਾਂ ਕਿਹਾ, ‘‘ਔਰਤਾਂ ਦੇ ਬੇਰੁਜ਼ਗਾਰ ਹੋਣ ਦੀ ਦਰ ਮਰਦਾਂ ਤੋਂ ਬਹੁਤ ਜ਼ਿਆਦਾ ਸੀ। ਨੌਕਰੀ ਖੁੱਸਣ ਦੀ ਗੱਲ ਕਰੀਏ ਤਾਂ ਉਨ੍ਹਾਂ ’ਤੇ ਬਹੁਤ ਜ਼ਿਆਦਾ ਬੁਰਾ ਅਸਰ ਪਿਆ ਸੀ।’’

ਇਸ ਤੋਂ ਇਲਾਵਾ ਕਈ ਔਰਤਾਂ ਨੂੰ ਆਪਣੀ ਘਰੇਲੂ ਜ਼ਿੰਦਗੀ ਸੰਭਾਲਣ ’ਚ ਵੀ ਬਹੁਤ ਸੰਘਰਸ਼ ਕਰਨਾ ਪਿਆ ਜਦੋਂ ਬੱਚੇ ਘਰਾਂ ਤੋਂ ਹੀ ਪੜ੍ਹਾਈ ਕਰ ਰਹੇ ਸਨ ਅਤੇ ਡੇਅਕੇਅਰ ਬੰਦ ਹੋ ਗਏ। ਔਰਤਾਂ ’ਤੇ ਅਸਰ ਬਾਰੇ ਸਾਹਨੀ ਨੇ ਇਸ ਨੂੰ ‘ਲੁਕਵੀਂ ਮਹਾਂਮਾਰੀ’ ਦਾ ਨਾਂ ਦਿੱਤਾ।

ਉਨ੍ਹਾਂ ਕਿਹਾ, ‘‘ਔਰਤਾਂ ਅਕਸਰ ਦੋਹਰੀ ਸ਼ਿਫ਼ਟ ’ਚ ਕੰਮ ਕਰਦੀਆਂ ਹਨ, ਘਰ ਦਾ ਕੰਮਕਾਜ ਅਤੇ ਬੱਚਿਆਂ ਦੀ ਸਾਂਭ-ਸੰਭਾਲ, ਜਦਕਿ ਉਨ੍ਹਾਂ ਨੂੰ ਆਪਣੇ ਕਰੀਅਰ ’ਤੇ ਵੀ ਧਿਆਨ ਦੇਣਾ ਪੈਂਦਾ ਸੀ। ਮਹਾਂਮਾਰੀ ਨੇ ਆਨਲਾਈਨ ਸਕੂਲਿੰਗ, ਬੱਚਿਆਂ ਦੀ ਸੰਭਾਲ ਵਰਗੀਆਂ ਸਮੱਸਿਆਵਾਂ ਖੜ੍ਹੀਆਂ ਕਰਕੇ ਔਰਤਾਂ ਨੂੰ ਤੀਹਰੀ ਸ਼ਿਫ਼ਟ ’ਚ ਕੰਮ ਕਰਨ ਲਈ ਮਜਬੂਰ ਕਰ ਦਿੱਤਾ, ਜਿਸ ਦਾ ਔਰਤਾਂ  ਦੀ ਮਾਨਸਿਕਤਾ ’ਤੇ ਬਹੁਤ ਬੁਰਾ ਅਸਰ ਪਿਆ।’’

ਰਾਜਨ ਸਾਹਨੀ

ਮਹਾਂਮਾਰੀ ਦੇ ਮਾਨਸਿਕ ਸਿਹਤ ’ਤੇ ਪਏ ਅਸਰ ਬਾਰੇ ਗੱਲ ਕਰਦਿਆਂ, ਉਨ੍ਹਾਂ ਕਿਹਾ ਕਿ ਇਸ ਤੋਂ ਵੀ ਬੁਰੀ ਗੱਲ ਇਹ ਸੀ ਕਿ ਮਹਾਂਮਾਰੀ ਦੀ ਗੂੰਜ ਦੇ ਰੂਪ ’ਚ ਘਰੇਲੂ ਹਿੰਸਾ ਦੇ ਮਾਮਲਿਆਂ ’ਚ ਵਾਧਾ ਵੇਖਿਆ ਗਿਆ। ਸਾਹਨੀ ਨੇ ਕਿਹਾ, ‘‘ਮਹਾਂਮਾਰੀ ਦੇ ਬਾਕੀ ਹਿੱਸੇ ਨੂੰ ਪਾਰ ਕਰਦਿਆਂ ਔਰਤਾਂ ਦੀ ਮੱਦਦ ਯਕੀਨੀ ਕਰਨ ਲਈ ਸਰਕਾਰ ਨੂੰ ਪੁਖਤਾ ਕੰਮ ਅਤੇ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ।’’

ਉਨ੍ਹਾਂ ਨੇ ਸਪਲਾਈ ਚੇਨ ਅਤੇ ਲੇਬਰ ਬਾਜ਼ਾਰ ’ਤੇ ਪਏ ਮਹਾਂਮਾਰੀ ਦੇ ਅਸਰ ਨੂੰ ਵੀ ਕਬੂਲਿਆ। ਉਨ੍ਹਾਂ ਕਿਹਾ ਕਿ ਪ੍ਰੋਵਿੰਸ ਨੂੰ ਜ਼ਰੂਰੀ ਸਪਲਾਈ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਣ ’ਚ ਕੋਈ ਹੰਗਾਮੀ ਉਪਾਅ ਤਾਂ ਨਹੀਂ ਕਰਨੇ ਪਏ, ਪਰ ਉਹ ਜ਼ਰੂਰਤ ਪੈਣ ’ਤੇ ਅਜਿਹਾ ਕਰਨ ਲਈ ਤਿਆਰ ਸੀ।

ਉਨ੍ਹਾਂ ਕਿਹਾ, ‘‘ਸਪਲਾਈ ਚੇਨ ਦੀ ਗੱਲ ਕਰੀਏ ਤਾਂ ਸਾਨੂੰ ਅਸਲ ਹੰਗਾਮੀ ਪ੍ਰਬੰਧਨ ਕਰਨ ਦੀ ਜ਼ਰੂਰਤ ਨਹੀਂ ਪਈ, ਪਰ ਮੈਨੂੰ ਪਤਾ ਹੈ ਕਿ ਆਵਾਜਾਈ ਖੇਤਰ ’ਚ ਤੁਹਾਡੇ ’ਚੋਂ ਬਹੁਤਿਆਂ ਨੂੰ ਉਨ੍ਹਾਂ ਸ਼ੁਰੂਆਤੀ ਦਿਨਾਂ ’ਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।’’

ਸਾਹਨੀ ਨੇ ਕਿਹਾ ਕਿ 2023 ਦੇ ਆਉਂਦਿਆਂ ਅਲਬਰਟਾ ’ਚ 4,000 ਟਰੱਕ ਡਰਾਈਵਰਾਂ ਦੀ ਕਮੀ ਹੋਵੇਗੀ।

ਹੱਲ ਲੱਭਣ ਲਈ ਆਪਣੇ ਫ਼ੈਡਰਲ ਹਮਰੁਤਬਾ ਨਾਲ ਮਿਲ ਕੇ ਕੰਮ ਕਰਨ ਬਾਰੇ ਦੱਸਦਿਆਂ ਉਨ੍ਹਾਂ ਕਿਹਾ, ‘‘ਇਹ ਬਹੁਤ ਗੰਭੀਰ ਮੁੱਦਾ ਹੈ ਅਤੇ ਇਸ ਬਾਰੇ ਮੈਂ ਸਰਕਾਰ ਦੇ ਅੰਦਰ ਹੱਲ ਲੱਭ ਰਹੀ ਹਾਂ।’’

ਸਾਹਨੀ ਨੇ ਟਰੱਕਿੰਗ ਉਦਯੋਗ ’ਚ ਔਰਤਾਂ ਵੱਲੋਂ ਦਿੱਤੀ ਜਾ ਰਹੀ ਲੀਡਰਸ਼ਿਪ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਭਾਰਤ ਤੋਂ ਆਈ ਇੱਕ ਡਰਾਈਵਰ ਮਨਦੀਪ ਨਾਲ ਸੜਕੀ ਸਫਰ ਦੌਰਾਨ ਹੋਈ ਗੱਲਬਾਤ ਦਾ ਜ਼ਿਕਰ ਕੀਤਾ ਜਿਸ ਨੂੰ ਆਪਣਾ ਸ਼੍ਰੇਣੀ 1 ਲਾਇਸੰਸ ਪ੍ਰਾਪਤ ਕਰਨ ਅਤੇ ਇੱਕ ਪੇਸ਼ੇਵਰ ਡਰਾਈਵਰ ਵਜੋਂ ਕਰੀਅਰ ਦੀ ਸ਼ੁਰੂਆਤ ਕਰਨ ਲਈ ਕਈ ਰੇੜਕਿਆਂ ਨੂੰ ਪਾਰ ਕਰਨਾ ਪਿਆ।

ਸਾਹਨੀ ਨੇ ਕਿਹਾ, ‘‘ਤੁਹਾਡੇ ’ਚੋਂ ਬਹੁਤੇ ਖ਼ੁਦ ਨੂੰ ਲੀਡਰ ਨਹੀਂ ਮੰਨਦੇ। ਪਰ ਅਜਿਹਾ ਮੰਨਣ ਦਾ ਕੋਈ ਕਾਰਨ ਨਹੀਂ ਹੈ। ਮਰਦ ਪ੍ਰਧਾਨ ਕੰਮਕਾਜ ’ਚ ਥਾਂ ਅਤੇ ਰੁਜ਼ਗਾਰ ਪ੍ਰਾਪਤ ਕਰਨਾ ਆਸਾਨ ਨਹੀਂ ਹੁੰਦਾ। ਇਸ ਲਈ ਹਿੰਮਤ, ਜਿਗਰਾ ਅਤੇ ਉੱਦਮਕਰਤਾ ਦਾ ਜਜ਼ਬਾ ਹੋਣਾ ਜ਼ਰੂਰੀ ਹੈ।’’

ਉਨ੍ਹਾਂ ਕਿਹਾ ਕਿ ਮਨਦੀਪ ਦੀ ਇੱਛਾ ਆਪਣੀ ਖ਼ੁਦ ਦੀ ਟਰੱਕਿੰਗ ਕੰਪਨੀ ਚਲਾਉਣ ਦੀ ਅਤੇ ਹੋਰ ਜ਼ਿਆਦਾ ਔਰਤਾਂ ਨੂੰ ਭਰਤੀ ਕਰਨ ਦੀ ਸੀ।

ਟਰੱਕਿੰਗ ਉਦਯੋਗ ’ਚ ਔਰਤਾਂ ਬਾਰੇ ਉਨ੍ਹਾਂ ਕਿਹਾ, ‘‘ਹੁਣ ਸਮਾਂ ਆ ਗਿਆ ਹੈ ਕਿ ਅਸੀਂ ਖ਼ੁਦ ਨੂੰ ਕਈ ਤਰੀਕਿਆਂ ਨਾਲ ਮੋਢੀ ਅਤੇ ਰਾਹ ਦਸੇਰਿਆਂ ਵਜੋਂ ਸੋਚੀਏ।’’

ਅਲਬਰਟਾ ’ਚ, ਇੱਕ ਅੰਦਾਜ਼ੇ ਅਨੁਸਾਰ ਸਿਰਫ਼ 3.5% ਟਰੱਕ ਡਰਾਈਵਰ ਅਤੇ 16% ਟਰੱਕਿੰਗ ਉਦਯੋਗ ਦੀਆਂ ਮੁਲਾਜ਼ਮ ਔਰਤਾਂ ਹਨ।

ਇਸ ਫ਼ਰਕ ਅਤੇ ਟਰੱਕਿੰਗ ਵਲ ਹੋਰ ਔਰਤਾਂ ਨੂੰ ਖਿੱਚਣ ਲਈ ਸਾਹਨੀ ਨੇ ਕਿਹਾ, ‘‘ਮੈਂ ਆਪਣੀ ਸਾਰੀ ਉਮਰ ਇਸ ਬਾਰੇ ਆਵਾਜ਼ ਬੁਲੰਦ ਕਰਦੀ ਰਹਾਂਗੀ, ਇਹ ਗੱਲ ਭਾਵੇਂ ਮੇਰੇ ਕੋਲੋਂ ਲਿਖ ਕੇ ਲੈ ਲਵੋ।’’