ਆਰਮਰ ਨੇ ਨੌਜੁਆਨਾਂ ਦੀ ਭਰਤੀ ਲਈ ਟਰੱਕਿੰਗ ਐਚ.ਆਰ. ਕੈਨੇਡਾ ਦੇ ਕਰੀਅਰ ਐਕਸਪ੍ਰੈੱਸਵੇ ਪ੍ਰੋਗਰਾਮ ਦਾ ਲਾਭ ਕਿਵੇਂ ਚੁੱਕਿਆ?

Avatar photo

ਸਾਰਾਹ ਪੀਟਰਸਨ ਅਤੇ ਜੈਸਮੀਨ ਕੋਰਨੇਹੋ ’ਚ ਕਾਫ਼ੀ ਸਮਾਨਤਾਵਾਂ ਹਨ। ਉਹ ਦੋਵੇਂ ਹਮਉਮਰ ਹਨ – 29 ਅਤੇ 28 ਸਾਲ – ਦੋਵੇਂ ਮੋਂਕਟਨ ਈਸਟਰਨ ਕਾਲਜ ਦੇ ਸਪਲਾਈ ਚੇਨ ਅਤੇ ਲੋਜਿਸਟਿਕਸ ਪ੍ਰੋਗਰਾਮ ’ਚ ਦਾਖ਼ਲ ਹਨ ਅਤੇ ਇਸ ਵੇਲੇ ਆਰਮਰ ਟਰਾਂਸਪੋਰਟੇਸ਼ਨ ਸਿਸਟਮਜ਼ ’ਚ ਮੁਲਾਜ਼ਮ ਹਨ।

ਫ਼ਲੀਟ ਦੀ ਮਾਰਕੀਟਿੰਗ ਅਤੇ ਸੰਚਾਰ ਮੈਨੇਜਰ ਲੌਰੇਨ ਡੱਨ ਨੇ ਕਿਹਾ, ‘‘ਆਰਮਰ ਦੀ ਵੰਨ-ਸੁਵੰਨੇ, ਨੌਜੁਆਨ ਹੁਨਰਮੰਦਾਂ ਨੂੰ ਆਕਰਸ਼ਿਤ ਕਰਨ ਦੀ ਜ਼ਰੂਰਤ ਚੁਨੌਤੀਪੂਰਨ ਹੋ ਸਕਦੀ ਹੈ।’’ ਉਨ੍ਹਾਂ ਕਿਹਾ ਕਿ ਟਰੱਕਿੰਗ ਐਚ.ਆਰ. ਕੈਨੇਡਾ ਦਾ ਪ੍ਰੋਗਰਾਮ ਅਜਿਹੀਆਂ ਕੰਪਨੀਆਂ ਦੀ ਮੱਦਦ ਕਰਦਾ ਹੈ ਜੋ ਕਿ ਆਵਾਜਾਈ ਖੇਤਰ ’ਚ ਆਪਣਾ ਕਰੀਅਰ ਬਣਾਉਣ ਦੇ ਇੱਛੁਕ  ਵਿਦਿਆਰਥੀਆਂ ਨੂੰ ਭਰਤੀ ਕਰਦੀਆਂ ਹਨ।

ਟਰੱਕਿੰਗ ਐਚ.ਆਰ. ਕੈਨੇਡਾ ਦੇ ਕਰੀਅਰ ਐਕਸਪ੍ਰੈੱਸਵੇ ਪ੍ਰੋਗਰਾਮ ਨੇ ਆਰਮਰ ਨੂੰ ਦੋ ਸੂਝਵਾਨ ਵਿਦਿਆਰਥੀ ਭਰਤੀ ਕਰਨ ਦਾ ਮੌਕਾ ਦਿੱਤਾ ਜੋ ਕਿ ਆਪਣੇ ਲੋਜਿਸਟਿਕਸ ਖੇਤਰ ’ਚ ਅਧਿਐਨ ਦੇ ਪ੍ਰੋਗਰਾਮ ਨਾਲ ਸਿੱਧਾ ਸੰਬੰਧਤ ਅਸਲ ਹਾਲਾਤ ’ਚ ਤਜ਼ਰਬਾ ਪ੍ਰਾਪਤ ਕਰ ਸਕਦੇ ਹਨ।

16-ਹਫ਼ਤਿਆਂ ਦੀ ਇਸ ਭਰਤੀ ਲਈ ਸਬਸਿਡੀ ਵੀ ਦਿੱਤੀ ਜਾ ਰਹੀ ਹੈ ਜਿਸ ਕਰਕੇ ਇਹ ਭਰਤੀ ਦੋਹਾਂ ਧਿਰਾਂ ਲਈ ਲਾਭਦਾਇਕ ਸਾਬਤ ਹੋਵੇਗੀ। ਪੀਟਰਸਨ ਨੇ ਕਿਹਾ, ‘‘ਮੇਰੀ ਜਮਾਤ ’ਚ 26 ਵਿਦਿਆਰਥੀਆਂ ’ਚੋਂ, ਸਿਰਫ਼ ਦੋ ਨੂੰ ਅਸਲ ’ਚ ਤਨਖ਼ਾਹ ਨਾਲ ਇੰਟਰਨਸ਼ਿਪ ਮਿਲੀ ਹੈ।’’

‘‘ਆਰਮਰ ’ਚ ਮੈਂ ਪਹਿਲੇ ਦਿਨ ਤੋਂ ਹੀ ਕੰਮ ਕਰਨ ਦੀ ਇੱਛੁਕ ਸੀ, ਇਸ ਲਈ ਜਦੋਂ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਗਿਆ ਤਾਂ ਮੈਂ ਬਹੁਤ ਉਤਸ਼ਾਹਿਤ ਸੀ।’’ ਪੀਟਰਸਨ ਲਈ ਇਹ ਮੌਕਾ ਸਿਰਫ਼ ਤਨਖ਼ਾਹ ਵਾਲੀ ਨੌਕਰੀ ਮਿਲਣ ਦਾ ਨਹੀਂ ਹੈ ਬਲਕਿ ਇਹ ਉਸ ਦੇ ਲੰਮੇ ਸਮੇਂ ਦੇ ਕਰੀਅਰ ਟੀਚਿਆਂ ਨਾਲ ਸਿੱਧਾ ਜੁੜਿਆ ਹੋਇਆ ਹੈ।

ਉੱਨਤ ਮੌਕੇ

ਮੁਲਾਜ਼ਮਾਂ ਨੂੰ ਆਪਣੇ ਨਾਲ ਟਿਕਾਈ ਰੱਖਣ ਦਾ ਇੱਕ ਤਰੀਕਾ ਕਰੀਅਰ ’ਚ ਤਰੱਕੀ ਕਰਨ ਦੇ ਮੌਕੇ ਪੈਦਾ ਕਰਨਾ ਹੁੰਦਾ ਹੈ; ਅਤੇ ਇਸੇ ਕਰਕੇ ਕੋਰਨੇਹੋ ਪ੍ਰਭਾਵਤ ਹੋਈ, ਜਿਸ ਨੂੰ ਲਗਦਾ ਹੈ ਕਿ ਉਹ ਸਹੀ ਥਾਂ ’ਤੇ ਆ ਗਈ ਹੈ। ਸਰਗਰਮ ਮੈਨੇਜਮੈਂਟ ਅਹੁਦੇ ’ਤੇ ਕੰਮ ਕਰਨ ਦੀ ਇੱਛੁਕ ਅਤੇ ਮੌਜੂਦਾ ਲੋਂਗ ਹੌਲ ਮਲਟੀ-ਮੋਡ ਡਿਸਪੈਚਰ ਨੇ ਕਿਹਾ, ‘‘ਮੈਂ ਇਸ ਉਦਯੋਗ ’ਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹਾਂ ਅਤੇ ਵਿਸ਼ੇਸ਼ ਕਰ ਕੇ ਉਦੋਂ ਜਦੋਂ ਮੈਂ ਸਪਲਾਈ ਚੇਨ ਦੀ ਅਸਲ ਦੁਨੀਆਂ ’ਚ ਪੈਰ ਰੱਖ ਚੁੱਕੀ ਹਾਂ।’’

ਕੋਰਨੇਹੋ ਦੇ ਲੰਮੇ ਸਮੇਂ ਦੇ ਟੀਚੇ ਆਰਮਰ ਦੀ ਫ਼ਿਲਾਸਫ਼ੀ ਨਾਲ ਬਿਲਕੁਲ ਮੇਲ ਖਾਂਦੇ ਹਨ। ਡੱਨ ਨੇ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਨਾਲ ਜੁੜੇ ਰਹਿਣ ਅਤੇ ਜ਼ਿੰਦਗੀ ਭਰ ਚੱਲਣ ਵਾਲੇ ਕਰੀਅਰ ਬਣਾਉਣ। ਇਸ ਵੇਲੇ ਸਾਡੀ ਜ਼ਿਆਦਾਤਰ ਲੀਡਰਸ਼ਿਪ ਨੇ ਸ਼ੁਰੂਆਤ ਛੋਟੀਆਂ ਨੌਕਰੀਆਂ ਤੋਂ ਹੀ ਕੀਤੀ ਸੀ, ਜਿਸ ਨੂੰ ਵੇਖਣਾ ਬਹੁਤ ਪ੍ਰੇਰਨਾਦਾਇਕ ਹੈ।’’

ਟਰੱਕਿੰਗ ਐਚ.ਆਰ. ਕੈਨੇਡਾ ਦੇ ਸਬਸਿਡੀ ਪ੍ਰੋਗਰਾਮ ਨਾਲ ਕੰਮ ਕਰਨਾ ਸਹਿਜ ਪ੍ਰਕਿਰਿਆ ਸੀ। ਡੱਨ ਨੇ ਕਿਹਾ, ‘‘ਟਰੱਕਿੰਗ ਐਚ.ਆਰ. ਕੈਨੇਡਾ ਨੇ ਸਪੱਸ਼ਟ ਇੱਕ ਦਸਤਾਵੇਜ਼ੀਕਰਨ ਅਤੇ ਪ੍ਰਯੋਗਕਰਤਾ ਲਈ ਹਦਾਇਤਾਂ ਮੁਹੱਈਆ ਕਰਵਾਈਆਂ ਤਾਂ ਕਿ ਸਾਡੀ ਮਨੁੱਖੀ ਸਰੋਤ ਟੀਮ ਸਾਡੇ ਵਿਭਾਗੀ ਮੁਖੀਆਂ ਅਤੇ ਮੈਨੇਜਰਾਂ ਨਾਲ ਸੂਚਨਾ ਸਾਂਝੀ ਕਰ ਸਕੇ। ਟਰੱਕਿੰਗ ਐਚ.ਆਰ. ਕੈਨੇਡਾ ਹਮੇਸ਼ਾ ਵਰਚੂਅਲੀ ਅਤੇ ਫ਼ੋਨ ’ਤੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਹਾਜ਼ਰ ਸਨ ਜਿਸ ਕਰਕੇ ਸਾਡੇ ਲਈ ਇਸ ਨੂੰ ਲਾਗੂ ਕਰਨਾ ਬਹੁਤ ਆਸਾਨ ਹੋ ਗਿਆ।’’

ਇੱਕ-ਦੂਜੇ ਤੋਂ ਸਿੱਖਣਾ

ਸ਼ਾਮਲ ਸਾਰਿਆਂ ਲਈ, ਇਹ ਸਿਰਫ਼ ਸ਼ੁਰੂਆਤ ਹੈ। ਉਦਾਹਰਣ ਵਜੋਂ, ਕੋਰਨੇਜੋ ਰੋਜ਼ਾਨਾ ਡਰਾਈਵਰਾਂ ਨਾਲ ਆਪਣੀ ਗੱਲਬਾਤ ਦੌਰਾਨ ਉਦਯੋਗ ਦੀ ਭਾਸ਼ਾ ਨਾਲ ਵੱਧ ਤੋਂ ਵੱਧ ਜਾਣੂ ਹੁੰਦੀ ਜਾ ਰਹੀ ਹੈ। ‘‘ਇਹ ਅਸਲ ਹਾਲਾਤ ਦਾ ਤਜ਼ਰਬਾ ਹੈ। ਕਿਤਾਬਾਂ ’ਚ ਤੁਹਾਨੂੰ ਇੱਕ ਸਵਾਲ ਦਾ ਹੱਲ ਲੱਭਣਾ ਹੁੰਦਾ ਹੈ; ਜੋ ਕਿ ਅਸਲ ਉਦਯੋਗ ਤੋਂ ਬਿਲਕੁਲ ਵੱਖਰਾ ਹੁੰਦਾ ਹੈ। ਇੱਥੇ ਸਮੱਸਿਆ ਦਾ ਹੱਲ ਤੁਹਾਨੂੰ ਖ਼ੁਦ ਨੂੰ ਕਰਨਾ ਹੁੰਦਾ ਹੈ।’’

‘ਅਸਲੀਅਤ ਦਾ ਸਾਹਮਣਾ ਕਰਨਾ’ ਵੀ ਫ਼ਲੀਟ ’ਚ ਭਰਤੀਆਂ ਲਈ ਲਾਭਦਾਇਕ ਰਹਿੰਦਾ ਹੈ। ਡੱਨ ਨੇ ਕੁਲ ਮਿਲਾ ਕੇ ਕਿਹਾ, ‘‘ਸਿਖਾਂਦਰੂ ਕੰਮ ਕਰਨ ਦੇ ਅਸਲ ਹਾਲਾਤ ’ਚ ਸਿੱਖਦੇ ਹਨ, ਅਤੇ ਰੁਜ਼ਗਾਰਦਾਤਾਵਾਂ ਨੂੰ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ ਕਿ ਟਰੇਨੀ ਸਾਡੀਆਂ ਕਾਰਵਾਈਆਂ ’ਚ ਕਿਸ ਤਰ੍ਹਾਂ ਫ਼ਿੱਟ ਬੈਠਣਗੇ।’’

ਪੀਟਰਸਨ ਦੇ ਨਜ਼ਰੀਏ ਨਾਲ, ਆਰਮਰ ਅਤੇ ਟਰੱਕਿੰਗ ਉਦਯੋਗ ਖ਼ੁਦ ਇੱਕ-ਦੂਜੇ ’ਤੇ ਫ਼ਿੱਟ ਬੈਠਦੇ ਹਨ। ਉਨ੍ਹਾਂ ਕਿਹਾ, ‘‘ਜਦੋਂ ਮੈਂ ਛੋਟੀ ਹੁੰਦੀ ਸੀ ਤਾਂ ਮੇਰੇ ਪਿਤਾ ਇੱਕ ਟਰੱਕ ਡਰਾਈਵਰ ਸਨ ਅਤੇ ਅਮਰੀਕਾ ’ਚ ਲੋਂਗ ਹੌਲ ’ਤੇ ਜਾਂਦੇ ਸਨ ਅਤੇ ਮੈਨੂੰ ਉਨ੍ਹਾਂ ਨਾਲ ਟਰਿੱਪ ’ਤੇ ਜਾਣਾ ਵੀ ਯਾਦ ਹੈ ਜਿਸ ਨੂੰ ਮੈਂ ਬਹੁਤ ਪਸੰਦ ਕਰਦੀ ਸੀ। ਇਸ ਲਈ ਜਦੋਂ ਮੈਂ ਆਪਣਾ ਕਰੀਅਰ ਬਣਾਉਣ ਲਈ ਵਾਪਸ ਸਕੂਲ ਜਾਣਾ ਚਾਹਿਆ ਤਾਂ ਸਪਲਾਈ ਚੇਨ ਅਤੇ ਲੋਜਿਸਟਿਕਸ ਮੇਰੇ ਲਈ ਕੁਦਰਤੀ ਤੌਰ ’ਤੇ ਢੁਕਵੇਂ ਲੱਗੇ।’’

ਸੁਰੱਖਿਆ ਅਤੇ ਕਾਨੂੰਨ ਪਾਲਣਾ ਟੀਮ ਨਾਲ ਕੰਮ ਕਰਦਿਆਂ, ਪੀਟਰਸਨ ਡਰਾਈਵਰਾਂ ਨੂੰ ਉਦੋਂ ਤੋਂ ਹੀ ਸੰਭਾਲਣਾ ਸ਼ੁਰੂ ਕਰ ਦਿੰਦੀ ਹੈ ਜਦੋਂ ਤੋਂ ਉਨ੍ਹਾਂ ਨੂੰ ਭਰਤੀ ਕੀਤਾ ਜਾਂਦਾ ਹੈ। ਉਸ ਨੇ ਅਜਿਹੇ ਵਿਸ਼ੇਸ਼ ਪ੍ਰਾਜੈਕਟ ਦੀ ਉਦਾਹਰਣ ਦਿੱਤੀ ਜਿਸ ’ਚ ਉਹ ਸ਼ਾਮਲ ਸੀ, ‘‘ਡਰਾਈਵਰਾਂ ਨੂੰ ਜਾਣ-ਪਛਾਣ ਕਰਵਾਉਣ ਲਈ, ਮੈਂ ਉਨ੍ਹਾਂ ਲਈ ਇੱਕ ਨਵੀਂ ਰੀਵਿਊ (ਸਮੀਖਿਆ) ਸ਼ੀਟ ਤਿਆਰ ਕੀਤੀ ਤਾਂ ਕਿ ਜਦੋਂ ਉਨ੍ਹਾਂ ਦਾ ਕੋਰਸ ਪੂਰਾ ਹੋ ਜਾਵੇ, ਤਾਂ ਉਨ੍ਹਾਂ ਨੇ ਜੋ ਕੋਰਸ ਪੂਰਾ ਕੀਤਾ ਹੈ ਉਸ ਦੀ ਕੋਰਸ ਸਮੱਗਰੀ ਦੀ ਸਮੀਖਿਆ ਕਰ ਸਕਣ।’’ ਉਸ ਨੇ ਡਰਾਈਵਰ ਐਬਸਟਰੈਕਟ ਨੂੰ ਕੁੱਝ ਘੰਟਿਆਂ ’ਚ ਪ੍ਰਾਪਤ ਕਰਨ ਅਤੇ ਤਰਤੀਬਵਾਰ ਕਰਨ ਦਾ ਵੀ ਤਰੀਕਾ ਦੱਸਿਆ, ਜਿਸ ਨੂੰ ਪਹਿਲਾਂ ਚਾਰ ਹਫ਼ਤਿਆਂ ਤੱਕ ਦਾ ਸਮਾਂ ਲੱਗ ਜਾਂਦਾ ਸੀ।

ਡੱਨ ਨੇ ਨੌਜੁਆਨ ਵਰਕਰਾਂ ਦੀ ਰਚਨਾਤਮਕਤਾ ਬਾਰੇ ਕਿਹਾ, ‘‘ਜਦੋਂ ਅਸੀਂ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹਾਂ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਸੁਣਦੇ ਹਾਂ, ਤਾਂ ਕੁੱਝ ਨਵਾਂ ਕਰਨ ਦੇ ਮੌਕੇ ਅਸੀਮਤ ਹੁੰਦੇ ਹਨ।’’

ਇਹ ਨੌਜੁਆਨ ਮੁਲਾਜ਼ਮ ਬਹੁਤ ਉਤਸ਼ਾਹਿਤ ਅਤੇ ਸਮਰਪਿਤ ਵੀ ਹਨ। ਆਪਣੇ ਰੁਜ਼ਗਾਰਦਾਤਾ ਬਾਰੇ ਗੱਲ ਕਰਦਿਆਂ ਕੋਰਨੇਹੋ ਨੇ ਕਿਹਾ, ‘‘ਕੋਈ ਕੰਮ ਛੋਟਾ ਨਹੀਂ ਹੁੰਦਾ; ਕੋਈ ਕੰਮ ਅਜਿਹਾ ਨਹੀਂ ਹੁੰਦਾ ਜਿਸ ਨੂੰ ਤੁਸੀਂ ਨਾ ਕਰ ਸਕਦੇ ਹੋਵੋ, ਜੋ ਵੀ ਕੰਮ ਤੁਸੀਂ ਕਰਦੇ ਹੋ, ਉਸ ’ਤੇ ਧਿਆਨ ਕੇਂਦਰਿਤ ਕਰੋ। ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਵੀ ਅਸਾਧਾਰਨ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ; ਤੁਸੀਂ ਉਨ੍ਹਾਂ ਦੀਆਂ ਉਮੀਦਾਂ ਤੋਂ ਵੀ ਵੱਧ ਕੇ ਕੰਮ ਕਰਨਾ ਚਾਹੁੰਦੇ ਹੋ।’’

ਸਥਾਨਕ ਵਿਦਿਆਰਥੀਆਂ ਨੂੰ ਭਰਤੀ ਕਰਨ ਅਤੇ ਟੀ.ਐਚ.ਆਰ.ਸੀ. ਨਾਲ ਕੰਮ ਕਰ ਕੇ ਨਿਕਲੇ ਨਤੀਜੇ ਤੋਂ ਆਰਮਰ ਬਹੁਤ ਖ਼ੁਸ਼ ਹੈ। ਡੱਨ ਨੇ ਅਖ਼ੀਰ ’ਚ ਕਿਹਾ, ‘‘ਟਰੱਕਿੰਗ ਐਚ.ਆਰ. ਦੇ ਪ੍ਰੋਗਰਾਮ ਨਾਲ ਸਾਨੂੰ ਬਹੁਤ ਸਫ਼ਲਤਾ ਮਿਲੀ; ਇਸ ਦਾ ਸਾਡੇ ਸੰਗਠਨ ’ਤੇ ਬਹੁਤ ਸਾਕਾਰਾਤਮਕ ਅਸਰ ਪਿਆ, ਜਿਸ ਭਾਈਚਾਰੇ ਅੰਦਰ ਅਸੀਂ ਕੰਮ ਕਰ ਰਹੇ ਹਾਂ, ਉਸ ਲਈ ਇਹ ਬਹੁਤ ਵਧੀਆ ਹੈ, ਅਤੇ ਭਰਤੀ ਲਈ ਬਹੁਤ ਵਧੀਆ ਮੌਕੇ ਦਿੰਦਾ ਹੈ।’’

ਟਰੱਕਿੰਗ ਐਚ.ਆਰ. ਕੈਨੇਡਾ ਦੇ ਸਬਸਿਡੀ ਵਾਲੇ ਭਰਤੀ ਪ੍ਰੋਗਰਾਮ ਬਾਰੇ ਜਾਣ ਲਈ ’ਤੇ https://truckinghr.com/hr-training-resources/wage-subsidies/ ਜਾਓ ਜਾਂ ’ਤੇ theteam@truckinghr.com ਈ-ਮੇਲ ਕਰੋ।