ਓਂਟਾਰੀਓ ਨੇ ਭਵਿੱਖ ’ਚ ਬਾਰਡਰ ’ਤੇ ਪ੍ਰਦਰਸ਼ਨ ਰੋਕਣ ਲਈ ਪੁਲਿਸ ਦੀਆਂ ਤਾਕਤਾਂ ਵਧਾਉਣ ਦੀ ਸਿਫ਼ਾਰਸ਼ ਕੀਤੀ

Avatar photo

ਓਂਟਾਰੀਓ ਦੀ ਪ੍ਰੋਵਿੰਸ਼ੀਅਲ ਸਰਕਾਰ ਨੇ ਅਜਿਹੇ ਰੈਗੂਲੇਸ਼ਨਾਂ ਦੀ ਸਿਫ਼ਾਰਸ਼ ਕੀਤੀ ਹੈ ਜੋ ਕਿ ਅੰਤਰਰਾਸ਼ਟਰੀ ਬਾਰਡਰ ਲਾਂਘਿਆਂ ਨੂੰ ਰੋਕਣ ਵਾਲੇ, ‘ਆਜ਼ਾਦੀ ਕਾਫ਼ਲੇ’ ਵਰਗੇ ਪ੍ਰਦਰਸ਼ਨਾਂ ਦਾ ਜਵਾਬ ਦੇਣ ਲਈ ਪੁਲਿਸ ਨੂੰ ਹੋਰ ਜ਼ਿਆਦਾ ਤਾਕਤਾਂ ਦੇਣਗੇ। ਇਸ ਪ੍ਰਦਰਸ਼ਨ ’ਚ ਸ਼ਾਮਲ ਲੋਕਾਂ ਨੇ ਅੰਬੈਸਡਰ ਬ੍ਰਿਜ ਨੂੰ ਬੰਦ ਕਰ ਦਿੱਤਾ ਸੀ।

ਓਂਟਾਰੀਓ ਨੂੰ ਕਾਰੋਬਾਰ ਲਈ ਖੁੱਲ੍ਹਾ ਰੱਖਣਾ ਐਕਟ, 2022 ਹੇਠ ਪੁਲਿਸ ਸੜਕਾਂ ’ਤੇ ਹੀ ਡਰਾਈਵਰਾਂ ਦੇ ਲਾਇਸੰਸ ਅਤੇ ਵਹੀਕਲ ਪਰਮਿਟ ਮੁਅੱਤਲ ਕਰਨਾ, ਗ਼ੈਰਕਾਨੂੰਨੀ ਤਰੀਕੇ ਨਾਲ ਰਾਹ ਰੋਕ ਰਹੀ ਗੱਡੀ ਦੀਆਂ ਲਾਇਸੰਸ ਪਲੇਟਾਂ ਜ਼ਬਤ ਕਰਨ, ਅਤੇ ਅਜਿਹੀ ਰੁਕਾਵਟ ਦਾ ਕਾਰਨ ਬਣਨ ਵਾਲੀਆ ਵਸਤਾਂ ਨੂੰ ਆਪਣੇ ਕਬਜ਼ੇ ’ਚ ਲੈਣ ਦੇ ਸਮਰੱਥ ਹੋ ਜਾਵੇਗੀ।

ਅਜਿਹੇ ਪ੍ਰਦਰਸ਼ਨ ’ਚ ਵਰਤੇ ਜਾ ਸਕਣ ਵਾਲੇ ਟੂਲਜ਼ ’ਤੇ ਵੀ ਪ੍ਰੋਵਿੰਸ ਲਗਭਗ 96 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗਾ, ਜਿਸ ’ਚ ਬਿਹਤਰ ਪੁਲਿਸ ਸਿਖਲਾਈ, ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਲਈ ਨਵੀਂ ਐਮਰਜੈਂਸੀ ਰਿਸਪਾਂਸ ਟੀਮ ਅਤੇ ਬਾਰਡਰ ਖੁੱਲ੍ਹਾ ਰੱਖਣ ਲਈ ਨਵੇਂ ਹੈਵੀ ਟੋਅ ਟਰੱਕ ਸ਼ਾਮਲ ਹੋਣਗੇ।

ਓਂਟਾਰੀਓ ਦੇ ਪ੍ਰੀਮੀਅਰ ਡੱਗ ਫ਼ੋਰਡ ਨੇ ਇੱਕ ਬਿਆਨ ’ਚ ਕਿਹਾ, ‘‘ਓਂਟਾਰੀਓ ਇੱਕ ਮਜ਼ਬੂਤ, ਭਰੋਸੇਮੰਦ ਟਰੇਡਿੰਗ ਪਾਰਟਨਰ ਹੈ, ਅਤੇ ਅਸੀਂ ਸੰਸਾਰ ਨੂੰ ਇਹ ਸੰਕੇਤ ਦੇ ਰਹੇ ਹਾਂ ਕਿ ਅਸੀਂ ਕਾਰੋਬਾਰ ਲਈ ਖੁੱਲ੍ਹੇ ਹੀ ਰਹਾਂਗੇ। ਅਸੀਂ ਭਵਿੱਖ ’ਚ ਬਾਰਡਰਾਂ ਨੂੰ ਬੰਦ ਕਰਨ ਦੀ ਕਿਸੇ ਵੀ ਕੋਸ਼ਿਸ਼ ਤੋਂ ਆਪਣੇ ਕਾਮਿਆਂ, ਨੌਕਰੀਆਂ ਦੇਣ ਵਾਲਿਆਂ ਅਤੇ ਕੌਮਾਂਤਰੀ ਵਪਾਰਕ ਸੰਬੰਧਾਂ ਦੀ ਸੁਰੱਖਿਆ ਲਈ ਕੁੱਝ ਵੀ ਕਰਨ ਲਈ ਤਿਆਰ ਹਾਂ। ਦੁਨੀਆਂ ਇਹ ਭਰੋਸਾ ਕਰ ਸਕਦੀ ਹੈ ਕਿ ਓਂਟਾਰੀਓ ਕਾਰੋਬਾਰ ਲਈ ਖੁੱਲ੍ਹਾ ਰਹੇਗਾ।’’

ਪ੍ਰਦਰਸ਼ਨਕਰਤਾਵਾਂ ਨੇ ਫ਼ਰਵਰੀ ਦੀ ਸ਼ੁਰੂਆਤ ’ਚ ਵਿੰਡਸਰ, ਓਂਟਾਰੀਓ ’ਚ ਸਥਿਤ ਅੰਬੈਸਡਰ ਬ੍ਰਿਜ ਨੂੰ ਇੱਕ ਹਫ਼ਤੇ ਤੱਕ ਬੰਦ ਕਰੀ ਰਖਿਆ ਸੀ। ਪੁਲਿਸ ਨੇ ਪ੍ਰੋਵਿੰਸ ਵੱਲੋਂ ਐਮਰਜੈਂਸੀ ਦੇ ਐਲਾਨ ਅਤੇ ਓਂਟਾਰੀਓ ਸੁਪਰੀਮ ਕੋਰਟ ਵੱਲੋਂ ਪ੍ਰਦਰਸ਼ਨਾਂ ਵਿਰੁੱਧ ਨਾਰਾਜ਼ਗੀ ਜ਼ਾਹਰ ਕੀਤੇ ਜਾਣ ਮਗਰੋਂ ਇਸ ਨੂੰ 13 ਫ਼ਰਵਰੀ ਨੂੰ ਖੁਲ੍ਹਵਾਇਆ ਸੀ, ਅਤੇ 25 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਵਿੰਡਸਰ ’ਚ ਸਥਿਤ ਸਟੇਲੈਂਟਿਸ ਅਸੈਂਬਲੀ ਪਲਾਂਟ ਉਨ੍ਹਾਂ ’ਚੋਂ ਇੱਕ ਹੈ ਜਿਸ ਨੂੰ ਅੰਬੈਸਡਰ ਬ੍ਰਿਜ ’ਤੇ ਪ੍ਰਦਰਸ਼ਨਾਂ ਕਰਕੇ ਸਪਲਾਈ ਚੇਨ ’ਚ ਖਲਲ ਪੈਣ ਮਗਰੋਂ ਆਪਣਾ ਉਤਪਾਦਨ ਘੱਟ ਕਰਨਾ ਪਿਆ। (ਤਸਵੀਰ: ਸਟੇਲੈਂਟਿਸ)

ਅੰਬੈਸਡਰ ਬ੍ਰਿਜ ਕੈਨੇਡਾ ਅਤੇ ਅਮਰੀਕਾ ਵਿਚਕਾਰ ਸਭ ਤੋਂ ਜ਼ਿਆਦਾ ਭੀੜ ਵਾਲਾ ਜ਼ਮੀਨੀ ਲਾਂਘਾ ਹੈ, ਅਤੇ ਇਸ ਉੱਪਰੋਂ ਆਮ ਤੌਰ ’ਤੇ ਰੋਜ਼ਾਨਾ 7,000 ਕਮਰਸ਼ੀਅਲ ਗੱਡੀਆਂ ਨਿਕਲਦੀਆਂ ਹਨ। ਪਰ ਰਾਹ ਰੋਕੇ ਜਾਣ ਕਰਕੇ ਬਹੁਤ ਸਾਰੇ ਨਿਰਮਾਤਾਵਾਂ, ਵਿਸ਼ੇਸ਼ ਕਰ ਕੇ ਆਟੋਮੋਟਿਵ ਉਦਯੋਗ ’ਚ ਪਾਰਟਸ ਦੀ ਕਮੀ ਹੋਣ ਕਰਕੇ ਆਪਣਾ ਕੰਮਕਾਜ ਠੱਪ ਕਰਨਾ ਪਿਆ ਸੀ।

ਨਵਾਂ ਕਾਨੂੰਨ ਉਦੋਂ ਪੇਸ਼ ਕੀਤਾ ਗਿਆ ਹੈ ਜਦੋਂ ਫ਼ੋਰਡ ਅਤੇ ਆਰਥਕ ਵਿਕਾਸ ਮੰਤਰੀ ਵਿਕ ਫ਼ੀਡੇਲੀ ਅਮਰੀਕੀ ਕਾਰੋਬਾਰੀ ਲੀਡਰਾਂ ਨਾਲ ਮੁਲਾਕਾਤ ਲਈ ਵਾਸ਼ਿੰਗਟਨ ਜਾ ਰਹੇ ਹਨ। ਇਸ ਦੌਰਾਨ ਏਕੀਕ੍ਰਿਤ ਆਰਥਿਕਤਾਵਾਂ ਨੂੰ ਹੱਲਾਸ਼ੇਰੀ ਦੇਣ ਅਤੇ ਅਮਰੀਕੀ ਵਸਤਾਂ ਖ਼ਰੀਦਣ ਦੇ ਕਦਮਾਂ ਵਿਰੁੱਧ ਵਕਾਲਤ ਕੀਤੀ ਜਾਵੇਗੀ।

ਸਾਲੀਸੀਟਰ ਜਨਰਲ ਸਿਲਵੀਆ ਜੌਨਸ ਨੇ ਕਿਹਾ ਕਿ ਨਵੀਂ ਪੁਲਿਸ ਮਾਪਦੰਡ ਸ਼ਾਂਤਮਈ, ਕਾਨੂੰਨਨ ਅਤੇ ਆਰਜ਼ੀ ਪ੍ਰਦਰਸ਼ਨਾਂ ’ਤੇ ਅਸਰ ਨਹੀਂ ਪਾਉਣਗੇ।’’

‘‘ਇਸ ਸਾਲ ਦੀ ਸ਼ੁਰੂਆਤ ’ਚ ਵੇਖੇ ਗਏ ਪ੍ਰਦਰਸ਼ਨਾਂ ਵਰਗੀਆਂ ਹਲਚਲਾਂ ਸਾਹਮਣੇ ਆਉਣ ਮਗਰੋਂ ਇਹ ਯਕੀਨੀ ਕਰਨ ਲਈ ਕਦਮ ਚੁੱਕਣਾ ਕਿ ਸਾਡੇ ਸਰਹੱਦੀ ਲਾਂਘੇ ਆਮ ਵਾਂਗ ਚਲਦੇ ਹੀ ਰਹਿਣਗੇ, ਓਂਟਾਰੀਓ ਦੇ ਲੋਕਾਂ ਅਤੇ ਸਾਡੀ ਆਰਥਿਕਤਾ ਦੀ ਸੁਰੱਖਿਆ ਅਤੇ ਰਖਿਆ ਲਈ ਮਹੱਤਵਪੂਰਨ ਹਨ।’’

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਨੇ ਇਸ ਕਦਮ ਦੀ ਤਾਰੀਫ਼ ਕੀਤੀ ਹੈ।

ਓ.ਟੀ.ਏ. ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਸਟੀਫ਼ਨ ਲੈਸਕੋਅਸਕੀ ਨੇ ਕਿਹਾ, ‘‘16,000 ਕਮਰਸ਼ੀਅਲ ਟਰੱਕ ਹਨ ਜੋ ਓਂਟਾਰੀਓ-ਅਮਰੀਕੀ ਸਰਹੱਦ ਨੂੰ ਹਰ ਰੋਜ਼ ਟੱਪਦੇ ਹਨ। ਇਹ ਟਰੱਕ ਓਂਟਾਰੀਓ ਦੀ ਆਰਥਿਕਤਾ ਨੂੰ ਤੋਰੀ ਰਖਦੇ ਹਨ ਅਤੇ ਜਦੋਂ ਇਹ ਬਾਜ਼ਾਰ ’ਚ ਜਾਣ ਤੋਂ ਲੇਟ ਹੋ ਜਾਂਦੇ ਹਨ ਤਾਂ ਸਾਡੀ ਆਰਥਿਕਤਾ ਅਤੇ ਉਹ ਉਦਯੋਗ ਜੋ ਟਰੱਕਿੰਗ ਖੇਤਰ ’ਤੇ ਨਿਰਭਰ ਕਰਦੇ ਹਨ, ’ਤੇ ਇਸ ਦਾ ਨਾਕਾਰਾਤਮਕ ਅਸਰ ਪੈਂਦਾ ਹੈ।’’

ਉਨ੍ਹਾਂ ਕਿਹਾ, ‘‘ਗ਼ੈਰਕਾਨੂੰਨੀ ਘੇਰਾਬੰਦੀ ਕਰਕੇ ਕਈ ਘੰਟਿਆਂ ਦੀ ਹੋਈ ਦੇਰੀ ਕਾਰਨ ਸਾਡੇ ਮਿਹਨਤਕਸ਼ ਡਰਾਈਵਰਾਂ ਦੀਆਂ ਪੇਸ਼ੇਵਰ ਜ਼ਿੰਦਗੀਆਂ ’ਤੇ ਬਹੁਤ ਜ਼ਿਆਦਾ ਅਸਰ ਪਿਆ।’’