ਕਾਰਗੋਨੈੱਟ ਨੇ ਛੁੱਟੀਆਂ ਦੌਰਾਨ ਚੋਰੀਆਂ ‘ਚ ਵਾਧਾ ਹੋਣ ਦਾ ਖਦਸ਼ਾ ਪ੍ਰਗਟਾਇਆ

Avatar photo

ਫ਼ਰੇਟ ‘ਤੇ ਨਜ਼ਰ ਰੱਖਣ ਵਾਲੀ ਅਤੇ ਵਸੂਲੀ ਕਰਨ ਵਾਲੀ ਕੰਪਨੀ ਕਾਰਗੋਨੈੱਟ ਨੇ ਜੁਲਾਈ ਦੇ ਪਹਿਲੇ ਹਫ਼ਤੇ ਦੌਰਾਨ ਚੋਰੀਆਂ ‘ਚ ਵਾਧਾ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ, ਜਿਸ ਵੇਲੇ ਕੈਨੇਡਾ ਅਤੇ ਅਮਰੀਕਾ ‘ਚ ਲੋਕ ਰਾਸ਼ਟਰੀ ਛੁੱਟੀਆਂ ਮਨਾ ਰਹੇ ਹੁੰਦੇ ਹਨ।

ਕੰਪਨੀ ਨੇ ਸੋਮਵਾਰ ਨੂੰ ਕਿਹਾ ਕਿ ਵਪਾਰ-ਕਾਰੋਬਾਰਾਂ ਦੇ ਕਈ ਦਿਨਾਂ ਤਕ ਬੰਦ ਹੋਣ ਨਾਲ ਕਾਰਗੋ ਚੋਰਾਂ ਨੂੰ ‘ਕੰਮ ਕਰਨ ਦਾ ਢੁਕਵਾਂ ਸਮਾਂ ਮਿਲ ਸਕਦਾ ਹੈ।’

ਕੰਪਨੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਇਸ ਨੇ ਅਮਰੀਕਾ ਅਤੇ ਕੈਨੇਡਾ ‘ਚ 1 ਜੁਲਾਈ ਤੋਂ ਲੈ ਕੇ 7 ਜੁਲਾਈ ਤਕ ਕਾਰਗੋ ਚੋਰੀ ਦੇ ਅੰਕੜਿਆਂ ਦੀ ਜਾਂਚ-ਪੜਤਾਲ ਕੀਤੀ ਹੈ ਅਤੇ ਵੇਖਿਆ ਹੈ ਕਿ ਇਸ ਦੌਰਾਨ 27 ਵੱਖੋ-ਵੱਖ ਸੂਬਿਆਂ ‘ਚ 130 ਕਾਰਗੋ ਚੋਰੀ ਦੀਆਂ ਘਟਨਾਵਾਂ ਵਾਪਰੀਆਂ ਹਨ। ਇਸ ਅਨੁਸਾਰ ਟੈਕਸਾਸ, ਕੈਲੇਫ਼ੋਰਨੀਆ ਅਤੇ ਫ਼ਲੋਰੀਡਾ ‘ਚ ਸਭ ਤੋਂ ਜ਼ਿਆਦਾ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ।

ਕਾਰਗੋਨੈੱਟ ਨੇ ਕਿਹਾ ਕਿ 2019 ‘ਚ, ਇੱਕ ਚੌਥਾਈ ਚੋਰੀਆਂ ਛੁੱਟੀਆਂ ਦੌਰਾਨ ਸ਼ੁੱਕਰਵਾਰ ਵਾਲੇ ਦਿਨ ਵਾਪਰੀਆਂ, ਜਦਕਿ 2018 ‘ਚ ਜ਼ਿਆਦਾਤਰ ਚੋਰੀਆਂ ਵੀਰਵਾਰ, 4 ਜੁਲਾਈ ਵਾਲੇ ਦਿਨ ਹੋਈਆਂ।

ਕਾਰਗੋ ਚੋਰਾਂ ਨੇ ਭੋਜਨ ਅਤੇ ਪੀਣਯੋਗ ਉਤਪਾਦਾਂ, ਘਰੇਲੂ ਸਾਮਾਨ ਅਤੇ ਐਲ.ਟੀ.ਐਲ. ਦੀ ਰਲਵੀਂ-ਮਿਲਵੀਂ ਸ਼ਿਪਮੈਂਟ ਨੂੰ ਸਭ ਤੋਂ ਜ਼ਿਆਦਾ ਆਪਣਾ ਨਿਸ਼ਾਨਾ ਬਣਾਇਆ।

ਸਰਵੇਖਣ ਦੇ ਅੰਦਾਜ਼ੇ ਅਨੁਸਾਰ 59 ਲੱਖ ਡਾਲਰ ਦਾ ਕਾਰਗੋ ਚੋਰੀ ਹੋਇਆ, ਜਿਸ ਦੀ ਪ੍ਰਤੀ ਚੋਰੀ ਔਸਤਨ ਕੀਮਤ 128,416 ਡਾਲਰ ਬਣਦੀ ਹੈ।

ਕੰਪਨੀ ਨੇ ਚੇਤਾਵਨੀ ਦਿੰਦਿਆਂ ਕਿਹਾ, ”ਚੋਰੀ ਨੂੰ ਰੋਕਣ ਲਈ, ਸਪਲਾਈ ਚੇਨ ਪੇਸ਼ੇਵਰਾਂ ਨੂੰ ਚੋਰੀ ਦੇ ਉੱਚ ਖ਼ਤਰੇ ਵਾਲੇ ਇਲਾਕਿਆਂ ਜਿਵੇਂ ਲਾਸ ਐਂਜਲਿਸ, ਡੈਲਾਸ-ਫ਼ੋਰਟ ਵਰਥ, ਸ਼ਿਕਾਗੋ, ਐਟਲਾਂਟਾ, ਨਿਊਯਾਰਕ ਸਿਟੀ ਮੈਟਰੋ ਅਤੇ ਮੀਆਮੀ ‘ਚ, ਆਪਣਾ ਕਾਰਗੋ ਸੁੰਨਾ ਨਹੀਂ ਛੱਡਣਾ ਚਾਹੀਦਾ।”

ਇਸ ‘ਚ ਇਹ ਵੀ ਕਿਹਾ ਗਿਆ, ”ਜੇਕਰ ਟਰੱਕਰ ਆਪਣੇ ਕਾਰਗੋ ਨਾਲ ਹਰ ਸਮੇਂ ਨਹੀਂ ਰਹਿ ਸਕਦੇ ਤਾਂ ਉਨ੍ਹਾਂ ਨੂੰ ਉੱਚ ਸੁਰੱਖਿਆ ਵਾਲੀਆਂ ਥਾਵਾਂ ‘ਤੇ ਹੀ ਆਪਣਾ ਕਾਰਗੋ ਰੱਖਣਾ ਚਾਹੀਦਾ ਹੈ, ਜਿੱਥੇ ਸਰਗਰਮ ਸੁਰੱਖਿਆ ਸੇਵਾਵਾਂ ਹੋਣ, ਸੁਰੱਖਿਆ ਫੈਂਸ ਹੋਵੇ ਅਤੇ ਭਰਪੂਰ ਰੌਸ਼ਨੀ ਹੋਵੇ।”