ਕੈਨੇਡਾ ‘ਚ 2023 ਤਕ ਹੋਵੇਗੀ 25,000 ਟਰੱਕ ਡਰਾਈਵਰਾਂ ਦੀ ਕਮੀ

Avatar photo

ਟਰੱਕਿੰਗ ਐਚ.ਆਰ. ਕੈਨੇਡਾ ਦੀ ਇੱਕ ਰੀਪੋਰਟ ‘ਚ ਕਿਹਾ ਗਿਆ ਹੈ ਕਿ ਸਾਲ  2023 ਤਕ ਕੈਨੇਡਾ ਨੂੰ 25,000 ਟਰੱਕ ਡਰਾਈਵਰਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਕਿ 2019 ਦੇ ਮੁਕਾਬਲੇ ਖ਼ਾਲੀ ਆਸਾਮੀਆਂ ‘ਚ 25% ਦਾ ਵਾਧਾ ਹੈ।

ਖ਼ਾਲੀ ਆਸਾਮੀਆਂ ਕਾਰਨ 2018 ‘ਚ ਟਰੱਕਿੰਗ ਉਦਯੋਗ ‘ਚ 3.1 ਬਿਲੀਅਨ ਡਾਲਰ ਦਾ ਨੁਕਸਾਨ ਹੋਣ ਦਾ ਵੀ ਅੰਦਾਜ਼ਾ ਪ੍ਰਗਟਾਇਆ ਗਿਆ ਹੈ, ਜਿਸ ਨਾਲ ਯੋਜਨਾਬੱਧ ਵਿਸਤਾਰ ‘ਚ 4.7% ਦੀ ਕਮੀ ਹੋਈ।

‘ਦ ਰੋਡ ਅਹੈਡ’ ਨਾਂ ਦੀ ਰੀਪੋਰਟ ਨੂੰ ਕਾਨਫ਼ਰੰਸ ਬੋਰਡ ਆਫ਼ ਕੈਨੇਡਾ ਦੀ ਭਾਈਵਾਲੀ ਨਾਲ ਤਿਆਰ ਕੀਤਾ ਗਿਆ ਹੈ ਅਤੇ ਜੇਕਰ ਇਸ ਦੇ ਅੰਕੜੀਆਂ ਦਾ ਹੋਰਨਾਂ ਕਾਰੋਬਾਰੀ ਖੇਤਰਾਂ ਨਾਲ ਮੁਕਾਬਲਾ ਕੀਤਾ ਜਾਵੇ ਤਾਂ ਇਹ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ।

ਕਾਨਫ਼ਰੰਸ ਬੋਰਡ ਆਫ਼ ਕੈਨੇਡਾ ਦੇ ਮੁੱਖ ਅਰਥਸ਼ਾਸਤਰੀ ਕ੍ਰਿਸਟਲ ਅੋਡੇਟ ਨੇ ਕਿਹਾ, ”ਕੈਨੇਡਾ ਟਰੱਕ ਡਰਾਈਵਰਾਂ ਦੀ ਸਖ਼ਤ ਕਮੀ ਦਾ ਸਾਹਮਣਾ ਕਰ ਰਿਹਾ ਹੈ।” 2016 ਤੋਂ ਬਾਅਦ ਹੀ ਟਰੱਕ ਡਰਾਈਵਰਾਂ ਦੀਆਂ ਆਸਾਮੀਆਂ ਦੁੱਗਣੀਆਂ ਤੋਂ ਜ਼ਿਆਦਾ ਹੋ ਗਈਆਂ ਹਨ।

ਪਿਛਲੇ ਸਾਲ ਟਰੱਕਿੰਗ ਉਦਯੋਗ ‘ਚ ਔਸਤਨ ਖ਼ਾਲੀ ਆਸਾਮੀਆਂ ਦੀ ਦਰ 6.8% ਸੀ – ਜੋ ਕਿ ਕੈਨੇਡਾ ਦੀ ਔਸਤ 3.3% ਤੋਂ ਦੁੱਗਣੀ ਹੈ ਅਤੇ ਖੇਤੀਬਾੜੀ ਉਦਯੋਗ ਤੋਂ ਬਾਅਦ ਹੋਰ ਸਾਰੇ ਉਦਯੋਗਾਂ ਤੋਂ ਵੱਧ ਹੈ। ਲੋਂਗ-ਹੌਲ ਟਰੱਕ ਡਰਾਈਵਿੰਗ ਨੌਕਰੀਆਂ ‘ਚ ਖ਼ਾਲੀ ਆਸਾਮੀਆਂ ਦੀ ਔਸਤਨ ਦਰ 9.4% ਹੈ, ਜਦਕਿ ਟਰੱਕ ਡਰਾਈਵਰ ਉਦਯੋਗ ‘ਚ ਕੁੱਲ ਮੁਲਾਜ਼ਮਾਂ ਦਾ ਇਹ 46% ਹਿੱਸਾ ਬਣਦੇ ਹਨ, ਉਦਯੋਗ ‘ਚ ਉਨ੍ਹਾਂ ਦੀਆਂ ਖ਼ਾਲੀ ਆਸਾਮੀਆਂ ਦੀ ਗਿਣਤੀ 63% ਹੈ।

ਟਰੱਕਿੰਗ ਐਚ.ਆਰ. ਕੈਨੇਡਾ ਵੱਲੋਂ ਪਿਛਲੇ ਸਾਲ ਕੀਤੇ ਗਏ ਸਰਵੇ ‘ਚ 352 ਰੁਜ਼ਗਾਰਦਾਤਾਵਾਂ ‘ਚੋਂ 61% ਨੇ ਕਿਹਾ ਕਿ ਉਨ੍ਹਾਂ ਨੂੰ ਟਰੱਕ ਡਰਾਈਵਰਾਂ ਦੀਆਂ ਆਸਾਮੀਆਂ ਭਰਨ ‘ਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਿਛਲੇ ਦੋ ਦਹਾਕਿਆਂ ਤੋਂ ਟਰੱਕ ਡਰਾਈਵਰਾਂ ਦੀ ਗਿਣਤੀ 80,000 ਵਧੀ ਹੈ, ਪਰ ਇਸ ਵਾਧੇ ਦੀ ਦਰ ਪਿਛਲੇ ਦਹਾਕੇ ਦੌਰਾਨ 4,100 ਡਰਾਈਵਰ ਪ੍ਰਤੀ ਸਾਲ ਹੋ ਗਈ, ਜੋ ਕਿ ਇਸ ਤੋਂ ਪਿਛਲੇ ਦਹਾਕੇ ‘ਚ 5,500 ਸੀ।

ਕਾਮਿਆਂ ਦੀ ਇਸ ਕਮੀ ਦਾ ਕਾਰਨ ਕਿਰਤ ਸ਼ਕਤੀ ਦੀ ਵੱਧ ਰਹੀ ਉਮਰ, ਔਰਤਾਂ ਅਤੇ ਨੌਜੁਆਨਾਂ ਵਿਚਕਾਰ ਉਦਯੋਗ ਬਾਰੇ ਗਲਤ ਧਾਰਨ ਅਤੇ ਉੱਚ ਟਰਨਓਵਰ ਦਰ ਹੈ।

ਕੈਨੇਡਾ ਦੀ 2016 ਦੀ ਮਰਦਮਸ਼ੁਮਾਰੀ ਅਨੁਸਾਰ, 32% ਟਰੱਕ ਡਰਾਈਵਰ 55 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਸਨ, ਜਦਕਿ ਕੁੱਲ ਕਿਰਤੀਆਂ ‘ਚ ਇਨ੍ਹਾਂ ਦੀ ਗਿਣਤੀ 21% ਹੀ ਸੀ।

 

ਕੈਨੇਡਾ ਦੀ ਟਰੱਕਿੰਗ ਅਤੇ ਲੋਜਿਸਟਿਕਸ ਵਰਕਫ਼ੋਰਸ

300,000                   ਡਰਾਈਵਰ

90,000                    ਸ਼ਿੱਪਰਸ ਅਤੇ ਰਿਸੀਵਰਸ

70,000                    ਕੋਰੀਅਰ ਸਰਵਿਸ ਡਰਾਈਵਰ

40,000                    ਮੈਨੇਜਰ, ਸੂਪਰਵਾਈਜ਼, ਪ੍ਰਸ਼ਾਸਕੀ ਸਟਾਫ਼

38,000                    ਗੋਦਾਮਾਂ ਅਤੇ ਡਿਸਟ੍ਰੀਬਿਊਸ਼ਨ ਕੇਂਦਰ ‘ਚ ਮਟੀਰੀਅਲ ਹੈਂਡਲਰ

9,000                     ਅਕਾਊਂਟਿੰਗ ਪਰਸੋਨਲ

 

 

*ਸਰੋਤ : ਟਰੱਕਿੰਗ ਐਚ.ਆਰ. ਕੈਨੇਡਾ