ਕੈਨੇਡੀਅਨ ਫ਼ਲੈਟਬੈੱਡ ਵੱਲੋਂ ਵੂੰਡਿਡ ਵੋਰੀਅਰਸ ਕੈਨੇਡਾ ਲਈ ਪ੍ਰਚਾਰ ਦਾ ਸਹਿਯੋਗ

ਕੈਨੇਡੀਅਨ ਫ਼ਲੈਟਬੈੱਡ ਗਰੁੱਪ ਆਫ਼ ਕੰਪਨੀਜ਼ ਦੇ ਮਾਲਕ ਹੈਰੀ ਵਧਵਾ ਲੰਮੇ ਸਮੇਂ ਤੋਂ ਕੈਨੇਡੀਅਨ ਸਾਬਕਾ ਫ਼ੌਜੀਆਂ ਦੇ ਹਮਾਇਤੀ ਰਹੇ ਹਨ। ਅਤੇ ਇਸ ਦਾ ਸਬੂਤ ਹੁਣ ਹਾਈਵੇ ’ਤੇ ਚਲਦੇ ਟਰੱਕਾਂ ਰਾਹੀਂ ਵੀ ਨਜ਼ਰੀਂ ਪੈ ਰਿਹਾ ਹੈ।

ਫ਼ਲੀਟ ਨੇ ਫ਼ੌਜੀ ਬਲਾਂ ਦੇ ਬੀਮਾਰ ਅਤੇ ਜ਼ਖ਼ਮੀ ਸਾਬਕਾ ਫ਼ੌਜੀਆਂ, ਫ਼ਰਸਟ ਰਿਸਪਾਂਡਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਨਮਾਨ ਅਤੇ ਸਹਾਇਤਾ ਪ੍ਰੋਗਰਾਮ ਨੂੰ ਚਲਾਉਣ ਵਾਲੇ ‘ਵੂੰਡਿਡ ਵੋਰੀਅਰਸ ਕੈਨੈਡਾ’ ਲਈ ਸੰਦੇਸ਼ ਲੈ ਕੇ ਜਾ ਰਹੇ ਛੇ ਟਰੇਲਰਾਂ ’ਚੋਂ ਪਹਿਲੇ ਦਾ ਕੰਮ ਮੁਕੰਮਲ ਕਰਵਾ ਲਿਆ ਹੈ।

ਤਸਵੀਰ: ਕੈਨੇਡੀਅਨ ਫ਼ਲੈਟਬੈੱਡ ਗਰੁੱਪ

ਇਹ ਡਿਜ਼ਾਈਨ ਵੂੰਡਿਡ ਵੋਰੀਅਰਸ ਅਤੇ ਖ਼ੁਦ ਵਧਵਾ ਵਿਚਕਾਰ ਸਾਂਝੇਦਾਰੀ ਦਾ ਨਤੀਜਾ ਹੈ, ਜੋ ਕਿ ‘ਸਾਨੂੰ ਅੱਜ ਉਮੀਦ ਦੀ ਕਿਰਨ ਜਗਾਉਣ ’ਚ ਮੱਦਦ ਕਰੋ’ ਦਾ ਸੰਦੇਸ਼ ਫੈਲਾ ਰਿਹਾ ਹੈ।

ਫ਼ਲੀਟ ਦੇ ਕਾਰਜਕਾਰੀ ਵਾਇਸ-ਪ੍ਰੈਜ਼ੀਡੈਂਟ ਡੈਰਿਲ ਕਲੈਂਸੀ ਨੇ ਕਿਹਾ, ‘‘ਇਸ ਵੇਲੇ ਅਸੀਂ ਜੋ ਕਰ ਰਹੇ ਹਾਂ ਉਹ ਇਹ ਹੈ ਕਿ ਅਸੀਂ ਇਸ ਨੂੰ ਜੀ.ਟੀ.ਏ. ’ਚ ਸਥਾਨਕ ਪੱਧਰ ’ਤੇ ਚਲਾ ਰਹੇ ਹਾਂ।’’ ਜਦੋਂ ਸਾਰੇ ਛੇ ਟਰੇਲਰਾਂ ਦਾ ਕੰਮ ਮੁਕੰਮਲ ਹੋ ਜਾਵੇਗਾ,

ਜੋ ਕਿ ਇਸ ਸਾਲ ਦੇ ਅੰਤ ਤੱਕ ਹੋਣ ਦੀ ਸੰਭਾਵਨਾ ਹੈ, ਇਹ ਸਾਰੇ ਉੱਤਰੀ ਅਮਰੀਕਾ ’ਚ ਚੱਲਣਗੇ।

ਉਨ੍ਹਾਂ ਇਹ ਵੀ ਕਿਹਾ ਕਿ ਫ਼ਲੀਟ ਦੀ ਸਥਾਪਨਾ 2011 ’ਚ ਹੋਈ ਸੀ, ਜਿਸ ਕੋਲ 250 ਟਰੱਕ ਅਤੇ 450 ਟਰੇਲਰ ਹਨ, ਅਤੇ ਇਸ ਦੀ ਸਾਲਾਨਾ ਵਿਕਰੀ 50 ਮਿਲੀਅਨ ਡਾਲਰ ਤੋਂ ਜ਼ਿਆਦਾ ਹੈ।