ਟਰੱਕਿੰਗ ਇੰਡਸਟਰੀ: 2020 ਵਿੱਚ ਨਵੇਂ ਆਯਾਮ

Avatar photo

ਕਦੇ ਇਹ ਸੋਚਿਆ ਜਾਂਦਾ ਸੀ ਕਿ ਸਵੈ-ਚਾਲਤ ਕਾਰਾਂ ਇੱਕ ਸੁਫਨੇ ਤੋਂ ਵੱਧ ਕੁੱਝ ਨਹੀਂ ਹਨ ਪਰ ਅੱਜ ਇਹ ਸਾਡੇ ਜੀਵਨ ਦੀ ਹਕੀਕਤ ਬਣ ਚੁੱਕੀਆਂ ਹਨ। ਟਰੱਕਿੰਗ ਇੰਡਸਟਰੀ ਲਈ ਟਰੱਕ ਡਰਾਈਵਰਾਂ ਦੀ ਘਾਟ ਕਾਰਣ ਸਵੈ-ਚਾਲਤ ਟਰੱਕਾਂ ਦਾ ਮਾਰਕੀਟ ਵਿੱਚ ਆਉਣਾ ਕੋਈ ਦੂਰ ਦੀ ਗੱਲ ਨਹੀਂ ਹੈ ਸਗੋਂ ਜਲਦ ਵਾਪਰਨ ਵਾਲੀ ਘਟਨਾ ਹੈ। ਖਾਸ ਕਰ ਕੇ ਜਦੋਂ ਵੇਖਿਆ ਜਾਵੇ ਕਿ ਕੈਨੇਡਾ-ਅਮਰੀਕਾ ਵਿੱਚ ਸੜਕਾਂ ਉੱਤੇ ਭੀੜ ਹੋਣ ਕਾਰਣ ਆਰਥਕਤਾ ਨੂੰ ਸਾਲਾਨਾ 63 ਬਿਲੀਅਨ ਡਾਲਰ ਦੇ ਕਰੀਬ ਨੁਕਸਾਨ ਹੁੰਦਾ ਹੈ, 4,000 ਦੇ ਲਗਭੱਗ ਜਾਨਾਂ ਜਾਂਦੀਆਂ ਹਨ ਅਤੇ 10,000 ਲੋਕ ਜਖ਼ਮੀ ਹੁੰਦੇ ਹਨ। ਸਵੈ-ਚਾਲਤ ਟਰੱਕ ਇਨ੍ਹਾਂ ਦੁਸ਼ਵਾਰੀਆਂ ਨੂੰ ਕਿਸੇ ਹੱਦ ਤੱਕ ਘੱਟ ਕਰਨ ਵਿੱਚ ਸਹਾਈ ਹੋਣਗੇ। ਇਹ ਮੁਮਕਿਨ ਹੈ ਕਿ ਸਵੈ-ਚਾਲਤ ਟਰੱਕਾਂ ਵਿੱਚੋਂ ਮਨੁੱਖੀ ਡਰਾਈਵਰ ਨੂੰ 100% ਮਨਫੀ ਨਾ ਕੀਤਾ ਜਾ ਸਕੇ ਪਰ ਹਵਾਈ ਜਹਾਜ਼ ਦੇ ਪਾਇਲਟ ਵਾਗੂੰ ਉਸਦਾ ਟਰੱਕ ਦੇ ਚੱਲਣ ਵਿੱਚ ਰੋਲ ਬਹੁਤ ਘੱਟ ਹੋ ਜਾਵੇਗਾ। ਸਵੈ-ਚਾਲਤ ਟਰੱਕਾਂ ਨੂੰ ਮਾਰਕੀਟ ਵਿੱਚ ਲਿਆਉਣ ਲਈ ਅਗਵਾਈ ਵਾਲਾ ਰੋਲ ਅਦਾ ਕਰਨ ਵਾਲੀ ਸੈਨਫਰਾਂਸਿਸਕੋ ਆਧਾਰਿਤ Embark ਕੰਪਨੀ ਨੂੰ ਕਈ ਇੰਡਸਟਰੀ ਕੰਪਨੀਆਂ ਵੱਲੋਂ 117 ਮਿਲੀਅਨ ਡਾਲਰ ਦਿੱਤੇ ਗਏ ਹਨ ਤਾਂ ਜੋ ਇਹ ਸਵੈ-ਚਾਲਤ ਟਰੱਕ ਨੂੰ ਟੈਸਟ ਕਰਨ ਦਾ ਕਾਰਜ ਪੂਰਾ ਕਰ ਸਕੇ Waymo, TuSimple, Starsky Robotics, Kodiak  ਅਤੇ Ike ਹੋਰ ਸਟਾਰਟ-ਅੱਪ (Start-up) ਕੰਪਨੀਆਂ ਹਨ ਜਿਹੜੀਆਂ ਇਸ ਉਦੱਮ ਨੂੰ ਨਵੇਂ ਅਨੁਭਵਾਂ ਵਿੱਚੋਂ ਗੁਜ਼ਾਰ ਕੇ ਸੋਧ ਰਹੀਆਂ ਹਨ।

ਸਵੈ-ਚਾਲਤ ਟਰੱਕਾਂ ਦਾ ਹਕੀਕਤ ਬਣਨਾ ਉਹ ਵਰਤਾਰਾ ਹੈ ਜੋ ਸਾਨੂੰ ਸੋਚਣ ਲਈ ਮਜ਼ਬੂਰ ਕਰਦਾ ਹੈ ਕਿ ਟਰੱਕਿੰਗ ਇੰਡਸਟਰੀ ਵੱਲੋਂ 2020 ਵਿੱਚ ਕਿਹੜੀਆਂ ਨਵੀਂਆਂ ਵਿਊਂਤਾਂ ਹਨ, ਜਿਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਇਨ੍ਹਾਂ ਵਿਊਂਤਾਂ / ਸਕੀਮਾਂ ਦਾ ਇੰਡਸਟਰੀ ਦੇ ਕਾਰੋਬਾਰ ਉੱਤੇ ਕਿਹੋ ਜਿਹਾ ਅਸਰ ਪਵੇਗਾ। ਵਿਚਾਰਨਯੋਗ ਮੁੱਦਾ ਸਿਰਫ਼ ਤਕਨਾਲੋਜੀ ਦਾ ਨਹੀਂ ਸਗੋਂ ਕੈਨੇਡਾ ਦੇ ਅਮਰੀਕਾ ਨਾਲ ਆਰਥਕ ਸਬੰਧਾਂ, ਚੀਨ ਨਾਲ ਵਿਪਾਰਕ ਨੇੜਤਾ, ਕੈਨੇਡੀਅਨ ਆਰਥਕਤਾ ਦਾ ਪ੍ਰਭਾਵ, ਨਵੇਂ ਬਿਜ਼ਨੈਸ ਗੁਰ ਆਦਿ ਕਿੰਨੇ ਹੀ ਵਿਸ਼ੇ ਹਨ ਜਿਹੜੇ ਸਮੁੱਚੀ ਟਰੱਕਿੰਗ ਇੰਡਸਟਰੀ ਨੂੰ ਪ੍ਰਭਾਵਿਤ ਕਰਨਗੇ।

ਟਰੱਕਿੰਗ ਇੰਡਸਟਰੀ ਤੋਂ ਕੀ ਭਾਵ ਹੈ : ਕੈਨੇਡਾ ਵਿੱਚ ਟਰੱਕਿੰਗ ਇੰਡਸਟਰੀ ਵਿੱਚ ਉਹ ਕੰਪਨੀਆਂ ਆਉਂਦੀਆਂ ਹਨ ਜੋ ਟਰੱਕ ਰਾਹੀਂ ਵਸਤਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਂਦੀਆਂ ਹਨ। ਕੈਨੇਡਾ ਵਿੱਚ ਟਰੱਕਿੰਗ ਇੰਡਸਟਰੀ 40 ਬਿਲੀਅਨ ਡਾਲਰ ਦਾ ਰੈਵੇਨਿਊ ਪੈਦਾ ਕਰਦੀ ਹੈ ਅਤੇ ਐਨੇ ਸਮਾਨ ਦੀ ਢੋਆ ਢੁਆਈ ਕਰਨ ਲਈ 66.5 ਬਿਲੀਅਨ ਕਿਲੋਮੀਟਰ ਦਾ ਰਸਤਾ ਤੈਅ ਕਰਦੀ ਹੈ। ਇੱਕ ਬਿਲੀਅਨ ਦੇ ਹਵਾਲੇ ਲਈ ਇਹ ਜਾਨਣਾ ਸਹੀ ਹੋਵੇਗਾ ਹੈ ਕਿ ਇੱਕ ਬਿਲੀਅਨ ਵਿੱਚ 1000 ਮਿਲੀਅਨ ਹੁੰਦੇ ਹਨ। ਕੈਨੇਡਾ ਵਿੱਚ ਵਸਤਾਂ ਦੀ 90% ਢੋਆ ਢੁਆਈ ਟਰੱਕਾਂ ਦੁਆਰਾ ਕੀਤੀ ਜਾਂਦੀ ਹੈ ਅਤੇ ਅਮਰੀਕਾ ਨਾਲ ਹੋਣ ਵਾਲੇ ਟਰੇਡ ਦਾ ਦੋ ਤਿਹਾਈ ਹਿੱਸਾ ਟਰੱਕਾਂ ਦੀ ਬਦੌਲਤ ਬਾਰਡਰ ਪਾਰ ਕਰਦਾ ਹੈ।

ਅੰਤਰਰਾਸ਼ਟਰੀ ਸਮੀਕਰਣ : ਨਵੇਂ ਸਾਲ ਵਿੱਚ ਕੈਨੇਡਾ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਕਈ ਪਾਸਿਆਂ ਤੋਂ ਰਣਨੀਤਕ ਦਬਾਅ ਪੈਣੇ ਆਰੰਭ ਹੋ ਚੁੱਕੇ ਹਨ। ਇਨ੍ਹਾਂ ਵਿੱਚ ਇਰਾਨ ਨਾਲ ਵਿਵਾਦ, ਅਮਰੀਕੀ ਰਾਸ਼ਟਰਪਤੀ ਦੀ ਇੰਪੀਚਮੈਂਟ, ਚੀਨ ਨਾਲ ਵਿਉਪਾਰਕ ਝਗੜਾ, ਚੀਨ ਵਿੱਚੋਂ ਆ ਰਹੇ ਕੋਰੋਨਾ-ਵਾਇਰਸ ਤੋਂ ਪੈਦਾ ਹੋਇਆ ਖਤਰਾ, ਨਾਫਟਾ ਦੇ ਸੁਧਰੇ ਰੂਪ ਉੱਤੇ ਅਮਰੀਕਾ ਵੱਲੋਂ ਸਹੀ ਪਾਉਣਾ, ਭਾਰਤ ਨਾਲ ਫਰੀ-ਟਰੇਡ ਰੇੜਕੇ ਦਾ ਜਾਰੀ ਰਹਿਣਾ ਆਦਿ ਕਿੰਨੀਆਂ ਹੀ ਗੱਲਾਂ ਸ਼ਾਮਲ ਹਨ।

ਰਾਸ਼ਟਰਪਤੀ ਟਰੰਪ ਫੈਕਟਰ: ਸੈਨਿਟ ਵਿੱਚ ਰਾਸ਼ਟਰਪਤੀ ਟਰੰਪ ਦੀ ਇੰਪੀਚਮੈਂਟ ਦੇ ਫੇਲ੍ਹ ਹੋਣ ਤੋਂ ਬਾਅਦ ਸਰਵੇਖਣ ਦੱਸ ਰਹੇ ਹਨ ਕਿ ਉਸ ਦੀ ਪਰਵਾਨਗੀ ਦੀ ਦਰ 2016 ਨਾਲੋਂ ਵੀ ਜ਼ਿਆਦਾ ਹੋ ਗਈ ਹੈ। ਬੇਸ਼ੱਕ ਅਮਰੀਕਾ ਦੀ ਟਰੱਕਿੰਗ ਇੰਡਸਟਰੀ ਦੇ ਕਈ ਵੱਡੇ ਪਲੇਅਰ ਰਿਵਾਇਤੀ ਤੌਰ ਉੱਤੇ ਟਰੰਪ ਸਮਰੱਥਕ ਰਹੇ ਹਨ ਪਰ ਟਰੰਪ ਦੀ ਟਰੱਕਿੰਗ ਇੰਡਸਟਰੀ ਬਾਰੇ ਸਮਝ ਕਾਫ਼ੀ ਕਮਜ਼ੋਰ ਜਾਪਦੀ ਹੈ ਜਿਸ ਦਾ ਪ੍ਰਭਾਵ ਟਰੱਕਿੰਗ ਇੰਡਸਟਰੀ ਉੱਤੇ ਪੈਣਾ ਲਾਜ਼ਮੀ ਹੈ। ਮਿਸਾਲ ਵਜੋਂ ਥੋੜ੍ਹੇ ਦਿਨ ਪਹਿਲਾਂ ਨਿਊਯਾਰਕ ਟਾਈਮਜ਼ ਵੱਲੋਂ ਇੱਕ ਆਡੀਓ ਟੇਪ ਜਾਰੀ ਕੀਤੀ ਗਈ ਜੋ 2018 ਵਿੱਚ ਇੱਕ ਡਿੱਨਰ ਸਮਾਗਮ ਦੌਰਾਨ ਰਿਕਾਰਡ ਕੀਤੀ ਗਈ ਸੀ। ਇਸ ਵਿੱਚ 800 ਬਿਲੀਅਨ ਰੈਵੇਨਿਊ ਵਾਲੀ ਅਮਰੀਕਨ ਟਰੱਕਿੰਗ ਇੰਡਸਟਰੀ ਦੇ ਜਾਣੇ ਪਹਿਚਾਣੇ ਹਸਤਾਖਰ ਅਤੇ 450 ਮਿਲੀਅਨ ਡਾਲਰ ਰੈਵੇਨਿਊ ਵਾਲੀ ਈਗਲ ਐਕਸਪ੍ਰੈਸ ਲਾਈਨਜ਼ ਦੇ ਮਾਲਕ ਵੇਅਨ ਹੂਵਸਟੋਲ (Wayne Hoovestol) ਸ਼ਾਮਲ ਸਨ। ਇਸ ਡਿੱਨਰ ਮੀਟਿੰਗ ਵਿੱਚ ਡੋਨਾਲਡ ਟਰੰਪ ਨੂੰ ਇਹ ਪਤਾ ਨਹੀਂ ਸੀ ਕਿ ਟਰੱਕਿੰਗ ਇੰਡਸਟਰੀ ਨੂੰ ਟਰੱਕ ਡਰਾਈਵਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਨਾ ਇਹ ਖ਼ਬਰ ਸੀ ਕਿ ਟਰੱਕ ਡੀਜ਼ਲ ਉੱਤੇ ਚੱਲਦੇ ਹਨ। ਇਲੈਕਟਰਾਨਿਕ ਲਾਗਿੰਗ ਡੀਵਾਈਸਜ਼ (ELDs) ਦੇ ਲਾਗੂ ਹੋਣ ਬਾਰੇ ਵੀ ਟਰੰਪ ਨੂੰ ਜਾਣਕਾਰੀ ਨਹੀਂ ਸੀ। ਇਹੋ ਜਿਹੀ ਬੇਖ਼ਬਰੀ ਦੇ ਆਲਮ ਵਿੱਚ ਸੈਕਟਰ ਆਗੂਆਂ ਨੂੰ ਖਦਸ਼ੇ ਹੋਣੇ ਸੁਭਾਵਿਕ ਹਨ।

ਨਾਫਟਾ ਦਾ ਨਵਾਂ ਰੂਪ USMCA: ਬੀਤੇ ਦਿਨੀਂ ਅਮਰੀਕਨ ਸੈਨਿਟ ਨੇ ਯੂਨਾਈਟਡ ਸਟੇਟਸ, ਮੈਕਸੀਕੋ ਅਤੇ ਕੈਨੇਡਾ ਐਗਰੀਮੈਂਟ (ਪੁਰਾਣੇ ਨਾਫਟਾ) ਉੱਤੇ ਸਹੀ ਪਾ ਦਿੱਤੀ ਹੈ ਜਿਸ ਨਾਲ ਸਾਰੀਆਂ ਸਬੰਧਿਤ ਧਿਰਾਂ ਨੇ ਸੁਖ ਦਾ ਸਾਹ ਲਿਆ ਹੈ। ਜਿਸ ਕਿਸਮ ਨਾਲ ਅਮਰੀਕੀ ਪ੍ਰਸ਼ਾਸ਼ਨ ਨੇ ਨਾਫਟਾ ਦਾ ਨਾਮ ਬਦਲਣ ਤੋਂ ਲੈ ਕੇ ਕੈਨੇਡੀਅਨ ਡਿਪਲੋਮੈਟਾਂ ਨਾਲ ਇਸ ਸੰਧੀ ਨੂੰ ਲੈ ਕੇ ਵਿਚਾਰ ਕੀਤਾ, ਇੰਝ ਜਾਪਦਾ ਸੀ ਕਿ ਗੱਲ ਕਿਸੇ ਵੀ ਪਲ ਵਿਗੜ ਸਕਦੀ ਹੈ। 1994 ਵਿੱਚ ਹੋਈ ਨਾਫਟਾ ਸੰਧੀ ਦੇ ਇਸ ਨਵੇਂ ਰੂਪ ਨਾਲ ਜਿੱਥੇ ਟਰੱਕਿੰਗ ਇੰਡਸਟਰੀ ਵਿੱਚ ਚਿਰਾਂ ਤੋਂ ਪਾਈ ਜਾਂਦੀ ਗੈਰ-ਯਕੀਨੀ ਦੀ ਭਾਵਨਾ ਦੂਰ ਹੋਈ ਹੈ ਅਤੇ ਨਿਵੇਸ਼ ਕਰਤਾ ਹੁਣ ਵਧੇਰੇ ਖੁੱਲ੍ਹ ਨਾਲ ਧੰਨ ਦਾ ਨਿਵੇਸ਼ ਕਰਨਗੇ ਜਿਸ ਨਾਲ ਵਧੇਰੇ ਜੌਬਾਂ ਪੈਦਾ ਹੋਣਗੀਆਂ। ਕੈਨੇਡਾ ਅਤੇ ਅਮਰੀਕਾ ਵਿੱਚ ਕਾਰ ਉਤਪਾਦਨ ਵੱਡਾ ਫੈਕਟਰ ਰਹਿੰਦਾ ਹੈ। ਨਵੇਂ ਸਮਝੌਤੇ ਮੁਤਾਬਕ ਬਾਰਡਰ ਉੱਤੇ ਕਿਸੇ ਕਿਸਮ ਦੇ ਟੈਰਿਫ (Tarrif) ਤੋਂ ਮੁਕਤੀ ਲਈ ਕਾਰਾਂ ਦੇ ਉਤਪਾਦਨ ਦਾ ਨੌਰਥ ਅਮਰੀਕਾ ਵਿੱਚ 75% ਬਣਨਾ ਲਾਜ਼ਮੀ ਹੈ ਜਦੋਂ ਕਿ ਨਾਫਟਾ ਵਿੱਚ ਇਹ ਦਰ 62.5% ਹੁੰਦੀ ਸੀ। 2023 ਤੱਕ ਇਹ ਲਾਜ਼ਮੀ ਹੋਵੇਗਾ ਕਿ ਬਣਨ ਵਾਲੇ ਕੁੱਲ ਆਟੋ-ਪਾਰਟਸ ਦਾ 40% ਹਿੱਸਾ ਉਨ੍ਹਾਂ ਵਰਕਰਾਂ ਨੇ ਬਣਾਇਆ ਹੋਵੇਗਾ ਜਿਨ੍ਹਾਂ ਦੀ ਤਨਖਾਹ ਘੱਟੋ ਘੱਟ 16 ਡਾਲਰ ਪ੍ਰਤੀ ਘੰਟਾ ਹੋਵੇਗੀ।

ਕੈਨੇਡਾਚੀਨ ਟਰੇਡ ਸਬੰਧ: ਹਾਲ ਵਿੱਚ ਹੀ ਚੱਲ ਰਹੇ ਕੋਰੋਨਾ-ਵਾਇਰਸ ਤੋਂ ਪੈਦਾ ਹੋਏ ਖੌਫ ਅਤੇ ਭੈਅ ਦੇ ਮਾਹੌਲ ਨੇ ਸ਼ਰਤੀਆ ਹੀ ਚੀਨ ਦੀ ਆਰਥਕਤਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜੇ ਇਸ ਅਸਥਾਈ ਸਥਿਤੀ ਤੋਂ ਨਿਰਪੱਖ ਹੋ ਕੇ ਵੇਖੀਏ ਤਾਂ ਵੋਅਵੇ (Huawei) ਕੰਪਨੀ ਦੀ ਚੀਫ ਫਾਈਨਾਂਸ਼ੀਅਲ ਐਗਜ਼ੈਕਟਿਵ ਮੈਂਗ ਵਾਨਜ਼ੂ (Meng Wanzhou) ਨੂੰ ਅਮਰੀਕਾ ਦੇ ਇਸ਼ਾਰੇ ਉੱਤੇ ਕੈਨੇਡਾ ਵਿੱਚ ਹਿਰਾਸਤ ਵਿੱਚ ਲੈਣ ਤੋਂ ਬਾਅਦ ਕੈਨੇਡਾ-ਚੀਨ ਸਬੰਧ ਆਪਣੇ ਨਿਘਾਰ ਦੇ ਸਿਖ਼ਰ ਉੱਤੇ ਹਨ। ਇਹ ਨਿਘਾਰ ਐਨਾ ਚਿੰਤਾਜਨਕ ਹੈ ਕਿ ਅੱਜਕੱਲ ਕੈਨੇਡੀਅਨ ਪਾਰਲੀਮੈਂਟ ਦੀ ਇੱਕ ਵਿਸ਼ੇਸ਼ ਕਮੇਟੀ ਦੋਵਾਂ ਮੁਲਕਾਂ ਦਰਮਿਆਨ ਰਿਸ਼ਤੇ ਨੂੰ ਸੁਧਾਰਨ ਵਾਸਤੇ ਬੈਠੀ ਹੋਈ ਹੈ। ਇਸ ਕਮੇਟੀ ਦਾ ਮੁੱਖ ਉਦੇਸ਼ ਦੋ ਕੈਨੇਡੀਅਨਾਂ ਮਾਈਕਲ ਕੋਵਰਿਗ ਅਤੇ ਮਾਈਕਲ ਸਪਾਰੋਵ ਦੀ ਰਿਹਾਈ ਅਤੇ ਦੋਵਾਂ ਮੁਲਕਾਂ ਦਰਮਿਆਨ ਟਰੇਡ ਨੂੰ ਸੁਧਾਰਨ ਲਈ ਹਾਊਸ ਆਫ ਕਾਮਨਜ਼ ਨੂੰ ਸੁਝਾਅ ਦੇਣਾ ਹੈ। ਇਸ ਕਮੇਟੀ ਸਨਮੁਖ ਪੇਸ਼ ਹੋ ਕੇ ਕੈਨੇਡਾ ਦੇ ਚੀਨ ਵਿੱਚ ਅੰਬੈਸਡਰ ਡੋਮਨੀਕ ਬਾਰਟਨ ਨੇ ਫਰਵਰੀ ਦੇ ਪਹਿਲੇ ਹਫ਼ਤੇ ਜੋਰ ਦੇ ਕੇ ਕਿਹਾ ਸੀ ਕਿ ਚੀਨ ਅਤੇ ਕੈਨੇਡਾ ਦਰਮਿਆਨ ਸਬੰਧ ਬਹੁਤ ਠੰਡੇ ਹਨ। ਚੀਨ ਨੇ ਕੈਨੇਡਾ ਤੋਂ ਕੈਨੋਲਾ ਦੇ ਨਿਰਯਾਤ ਉੱਤੇ ਪਾਬੰਦੀ ਲਾਈ ਹੋਈ ਹੈ ਜਿਸ ਬਾਰੇ ਅੰਬੈਸਡਰ ਬਾਰਟਨ ਨੇ ਕਿਹਾ ਕਿ ਇਹ ਕਦਮ ਚੀਨ ਨੇ ਕੈਨੇਡਾ ਨੂੰ ਸਜ਼ਾ ਦੇਣ ਦੇ ਇਰਾਦੇ ਨਾਲ ਚੁੱਕਿਆ ਹੈ। ਇਹੋ ਜਿਹੇ ਹਾਲਾਤਾਂ ਵਿੱਚ ਕੈਨੇਡੀਅਨ ਟਰੇਡ ਨੂੰ ਧੱਕਾ ਲੱਗਣਾ ਸੁਭਾਵਿਕ ਹੈ ਜਿਸਦਾ ਪ੍ਰਭਾਵ 2020 ਵਿੱਚ ਪੈਣਾ ਜਾਰੀ ਰਹੇਗਾ।

ਇਲੈਕਟਰਾਨਿਕ ਲਾਗਿੰਗ ਡੀਵਾਈਸਜ਼ (ELDs) : 2020 ਇਸ ਲਈ ਬਹੁਤ ਮਹੱਤਵਪੂਰਣ ਹੋਣ ਜਾ ਰਿਹਾ ਹੈ ਕਿਉਂਕਿ ਕੈਨੇਡਾ ਵਿੱਚ ELDs ਜੂਨ 2021 ਤੋਂ ਲਾਗੂ ਹੋ ਜਾਣਗੀਆਂ। ਕੈਨੇਡੀਅਨ ਸੰਦਰਭ ਵਿੱਚ ਇਨ੍ਹਾਂ ਦਾ ਲਾਗੂ ਹੋਣਾ ਅਮਰੀਕਾ ਦੇ ਮੁਕਾਬਲੇ ਔਖਾ ਹੋਵੇਗਾ। ਅਮਰੀਕਾ ਵਿੱਚ ELDs  ਨਿਰਮਾਤਾ ਆਪਣੇ ਉਤਪਾਦਨਾਂ ਨੂੰ ਖੁਦ ਹੀ ਤਸਦੀਕ ਕਰਕੇ ਮਾਰਕੀਟ ਵਿੱਚ ਲਿਆ ਸਕਦੇ ਹਨ ਜਦੋਂ ਕਿ ਕੈਨੇਡਾ ਵਿੱਚ ਇਨ੍ਹਾਂ ਦਾ ਤਸਦੀਕੀ ਕਰਣ ਕਿਸੇ ਤੀਜੀ ਧਿਰ (Third Party) ਕੋਲੋਂ ਕਰਵਾਉਣਾ ਹੋਵੇਗਾ ਜਿਸ ਨਾਲ ਫਲੀਟ ਮਾਲਕਾਂ ਦੇ ਖਰਚੇ ਵੱਧਣਗੇ। ELDs ਲਾਗੂ ਹੋਣ ਨਾਲ ਇੱਕ ਟਰੱਕ ਦਾ ਪ੍ਰਤੀ ਸਾਲ ਖਰਚਾ ਅਨੁਮਾਨਤ 300 ਡਾਲਰ ਤੋਂ 2500 ਡਾਲਰ ਹੋ ਸਕਦਾ ਹੈ।

ਡਰਾਈਵਰ ਇੰਕ ਦੀ ਸਥਿਤੀ : ਜਦੋਂ ਡਰਾਈਵਰ ਇੰਕ ਨੂੰ ਖਤਮ ਕਰਨ ਲਈ ਸਰਕਾਰ ਨੇ ਐਲਾਨ ਕੀਤਾ ਸੀ ਤਾਂ ਇਸ ਅਹਿਮ ਮੁੱਦੇ ਉੱਤੇ ਰੋਡ ਟੂਡੇ ਨੇ ਇੱਕ ਪੂਰਾ ਆਰਟੀਕਲ ਕੀਤਾ ਸੀ। ਹੁਣ ਖਬਰਾਂ ਮਿਲ ਰਹੀਆਂ ਹਨ ਕਿ ਕੈਨੇਡਾ ਰੈਵੇਨਿਊ ਏਜੰਸੀ, ESDC, ਡਬਲਿਊ.ਐਸ.ਆਈ.ਬੀ. (WSIB) ਆਦਿ ਅਦਾਰਿਆਂ ਵੱਲੋਂ ਡਰਾਈਵਰ ਇੰਕ ਦੀ ਵਰਤੋਂ ਰਾਹੀਂ ਬਿਜ਼ਨੈਸ ਕਰਨ ਵਾਲੀਆਂ ਟਰੱਕਿੰਗ ਕੰਪਨੀਆਂ ਨੂੰ ਨਿਸ਼ਾਨਾ ਬਣਾਉਣਾ ਆਰੰਭ ਕਰ ਦਿੱਤਾ ਗਿਆ ਹੈ। ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਦੇ ਸੂਤਰਾਂ ਮੁਤਾਬਕ ਓਂਟਾਰੀਓ ਵਿੱਚ ਦੋ ਦਰਜਨ ਦੇ ਕਰੀਬ ਟਰੱਕਿੰਗ ਕੰਪਨੀਆਂ ਦਾ ਆਡਿਟ ਕੀਤਾ ਹੈ ਅਤੇ ਸਤੰਬਰ 2019 ਵਿੱਚ 2 ਕੰਪਨੀਆਂ ਨੂੰ 2 ਲੱਖ ਡਾਲਰ ਦੇ ਕਰੀਬ ਰਾਸ਼ੀ ਦੀ ਅਡਜਸਟਮੈਂਟ ਕਰਨ ਦੇ ਹੁਕਮ ਦਿੱਤੇ ਹਨ। ਇਹ ਵੀ ਪਤਾ ਲੱਗਾ ਹੈ ਕਿ ਵਿਦੇਸ਼ੀ ਵਰਕਰ ਮੰਗਵਾਉਣ ਲਈ LMIA ਕਰਵਾਉਣ ਦੀਆਂ ਚਾਹਵਾਨ ਟਰੱਕਿੰਗ ਕੰਪਨੀਆਂ ਉੱਤੇ ESDC ਵੱਲੋਂ ਕਰੜੀ ਨਜ਼ਰ ਰੱਖੀ ਜਾਵੇਗੀ।

ਸਹੀ ਫੈਸਲਿਆਂ ਵਾਸਤੇ ਸਹੀ ਜਾਣਕਾਰੀ ਹੀ ਅਸਲੀ ਦੌਲਤ: ਜਿਸ ਰਫ਼ਤਾਰ ਨਾਲ ਇੰਡਸਟਰੀ ਦੇ ਤੌਰ ਤਰੀਕੇ ਬਦਲ ਰਹੇ ਹਨ, ਟਰੱਕਿੰਗ ਇੰਡਸਟਰੀ ਨਾਲ ਜੁੜੀਆਂ ਛੋਟੀਆਂ ਤੋਂ ਲੈ ਕੇ ਵੱਡੀਆਂ ਕੰਪਨੀਆਂ ਤੱਕ ਸੱਭਨਾਂ ਨੂੰ ਸਹੀ ਫੈਸਲੇ ਲੈਣ ਵਾਸਤੇ ਸਹੀ ਜਾਣਕਾਰੀ ਦੀ ਅਤਿਅੰਤ ਜਰੂਰਤ ਹੁੰਦੀ ਹੈ। ਆਖਿਆ ਜਾਂਦਾ ਹੈ ਕਿ ਬਿਜ਼ਨੈਸ ਵਿੱਚ ਸਹੀ ਸਮੇਂ ਉੱਤੇ ਮਿਲੀ ਸਹੀ ਜਾਣਕਾਰੀ ਹੀ ਅਸਲ ਦੌਲਤ ਹੁੰਦੀ ਹੈ। ਇਸ ਪਰੀਪੇਖ ਤੋਂ ਵੇਖਿਆਂ ਉਨ੍ਹਾਂ ਇੰਡਸਟਰੀ ਈਵੈਟਾਂ ਦੀ ਅਹਿਮੀਅਤ ਦਾ ਪਤਾ ਚੱਲਦਾ ਹੈ ਜੋ ਇੰਡਸਟਰੀ ਵਿੱਚ ਲਾਗੂ ਹੋਣ ਵਾਲੇ ਨਵੇਂ ਰੁਝਾਨਾਂ ਬਾਰੇ ਜਾਣਕਾਰ ਬਣਾਉਣ ਲਈ ਲਾਏ ਜਾਂਦੇ ਹਨ। ਕੈਨੇਡਾ ਦੀ ਸਾਊਥ ਏਸ਼ੀਅਨ ਖਾਸਕਰ ਕੇ ਪੰਜਾਬੀ ਟਰੱਕਿੰਗ ਇੰਡਸਟਰੀ ਵਿੱਚ ਇਹ ਕਮੀ ਪਾਈ ਜਾਂਦੀ ਹੈ ਕਿ ਇੰਡਸਟਰੀ ਰੁਝਾਨਾਂ ਬਾਰੇ ਹੋ ਰਹੀਆਂ ਈਵੈਟਾਂ ਨੂੰ ਸਮੇਂ ਦੀ ਬਰਬਾਦੀ ਸਮਝ ਲਿਆ ਜਾਂਦਾ ਹੈ ਜਦੋਂ ਕਿ ਸੱਚਾਈ ਇਸ ਤੋਂ ਦੂਰ ਹੈ। ਜਿਵੇਂ ਅਸੀਂ ਆਪਣੀਆਂ ਫ਼ਲੀਟਾਂ ਅਤੇ ਮਨੁੱਖੀ ਸ੍ਰੋਤਾਂ ਨੂੰ ਥਾਂ ਸਿਰ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਾਂ, ਉੱਨਾ ਹੀ ਲਾਜ਼ਮੀ ਹੈ ਕਿ ਇੰਡਸਟਰੀ ਨਾਲ ਜੁੜੇ ਮਸਲਿਆਂ ਬਾਰੇ ਸਹੀ ਪਹੁੰਚ ਅਪਨਾਉਣ ਲਈ ਉੱਦਮ ਕੀਤੇ ਜਾਣ।

ਵਿੱਕ ਗੁਪਤਾ, Vik Gupta

ਨਵੇਂ ਨਾਫਟਾ ਸਮੇਤ ਹੋਰ ਟਰੇਡ ਸੰਧੀਆਂ ਇੰਡਸਟਰੀ ਨੂੰ ਲਾਭ ਦੇਣਗੀਆਂ
ਵਿੱਕ ਗੁਪਤਾ, ਸੀਨੀਅਰ ਵਾਈਸ ਪ੍ਰੈਜ਼ੀਡੈਂਟ- ਸੇਲਜ਼ ਅਤੇ ਅਪਰੇਸ਼ਨਜ਼, ਪਰਾਈਡ ਗਰੁੱਪ
Vik Gupta, Sr Vice President – Sales & Operations, Pride Group

ਕੈਨੇਡਾ ਦੀ ਟਰੱਕਿੰਗ ਇੰਡਸਟਰੀ ਲਗਾਤਾਰ ਬਦਲ ਰਹੀ ਹੈ। ਤਕਨਾਲੋਜੀ ਵਿੱਚ ਨਿੱਤ ਦਿਨ ਆ ਰਹੇ ਸੁਧਾਰ, ਨਵਾਂ ਨਾਫਟਾ (ਯੂਨਾਈਟਡ ਸਟੇਟਸ, ਮੈਕਸੀਕੋ, ਕੈਨੇਡਾ ਐਗਰੀਮੈਂਟ USMCA), The Comprehensive and Progressive Agreement for Trans-Pacific Partnership (CPTPP) ਅਤੇ ਹੋਰ ਟਰੇਡ ਸੰਧੀਆਂ/ਕਾਨੂੰਨ ਬਿਜ਼ਨੈਸ ਨੂੰ ਬਹੁਤ ਵੱਡੇ ਪੱਧਰ ਉੱਤੇ ਪ੍ਰਭਾਵਿਤ ਕਰ ਰਹੇ ਹਨ ਜਿਸ ਨਾਲ ਬਦਲਾਅ ਆਉਣਾ ਸੁਭਾਵਿਕ ਹੈ। ਟਰੱਕਾਂ ਵਿੱਚ ਆਟੋਮੈਟਿਕ ਐਮਰਜੰਸੀ ਬਰੇਕਾਂ ਅਤੇ ਲੇਨ ਵਿੱਚੋਂ ਬਾਹਰ ਨਿਕਲਣ ਉੱਤੇ ਸੂਚਨਾ ਦੇਣ ਵਾਲੀਆਂ ਤਕਨਾਲੋਜੀਆਂ ਸਮੁੱਚੀ ਇੰਡਸਟਰੀ ਨੂੰ ਵਧੇਰੇ ਸੁਰੱਖਿਅਤ ਬਣਾਉਂਦੀਆਂ ਹਨ।

ਇਸ ਤੋਂ ਇਲਾਵਾ ਆ ਰਹੇ ਨਵੇਂ ਫੀਚਰ ਤੇਲ ਦੀ ਖਪਤ ਅਤੇ ਡੀਲੀਵਰੀ ਟਾਈਮ ਨੂੰ ਘੱਟ ਕਰਨ ਦੇ ਨਾਲ ਨਾਲ ਟਰੱਕਿੰਗ ਕੰਪਨੀਆਂ ਨੂੰ ਘੱਟ ਯਤਨ ਨਾਲ ਵੱਧ ਉਤਪਾਦਨ ਲੈਣ ਬਾਰੇ ਸੁਚੇਤ ਕਰਦੇ ਹਨ। ਇੱਕ ਲਾਭ ਹੋਰ ਹੁੰਦਾ ਹੈ ਕਿ ਮਸ਼ੀਨਰੀ ਦੀ ਉਮਰ ਲੰਬੀ ਹੋ ਜਾਂਦੀ ਹੈ। ਇਹ ਉਹ ਸੂਤਰ ਹਨ ਜਿਸ ਨਾਲ ਮਾਲਕਾਂ ਨੂੰ ਟਰੱਕ ਖਰੀਦਣ ਵੇਲੇ ਸਹੀ ਫੈਸਲੇ ਕਰਨ ਵਿੱਚ ਸੌਖ ਹੋ ਜਾਂਦੀ ਹੈ। ਅੱਜ ਸਾਡੇ ਕੋਲ ਤੇਲ ਦੀ ਬੱਚਤ, ਮਸ਼ੀਨਰੀ ਦੀ ਸੁਰੱਖਿਆ ਅਤੇ ਵਾਤਾਵਰਣ ਬਾਰੇ ਚੇਤਨਾ ਰੱਖਣ ਦੇ ਸਾਧਨ ਹਨ ਜਿਸ ਨਾਲ ਖਪਤਕਾਰਾਂ ਨੂੰ ਪੂਰੀ ਖ਼ਬਰ ਹੁੰਦੀ ਹੈ ਕਿ ਉਨ੍ਹਾਂ ਦੀਆਂ ਬਿਜ਼ਨੈਸ ਦੀਆਂ ਲੋੜਾਂ ਕੀ ਹਨ ਅਤੇ ਇਨ੍ਹਾਂ ਨੂੰ ਕਿਵੇਂ ਪੂਰਾ ਕਰਨਾ ਹੈ।

ਸਰਕਾਰ ਵੱਲੋਂ ਤੇਲ ਦੀ ਬੱਚਤ ਕਰਨ ਵਾਲੇ ਯੰਤਰ ਟਰੱਕਾਂ ਵਿੱਚ ਲਾਉਣ ਲਈ ਦਿੱਤੀਆਂ ਜਾਣ ਵਾਲੀਆਂ ਛੋਟਾਂ ਨੇ ਟਰੱਕਿੰਗ ਇਡਸਟਰੀ ਨੂੰ ਕਾਰਬਨ ਈਮਿਸ਼ਨ ਘੱਟ ਕਰਨ ਵਿੱਚ ਸਹਿਯੋਗ ਦੇਣ ਦੇ ਕਾਬਲ ਬਣਾਇਆ ਹੈ। ਇਸੇ ਤਰ੍ਹਾਂ ਘੱਟ ਧੂੰਆਂ ਪੈਦਾ ਕਰਨ ਵਾਲੇ ਟਰੱਕ ਖਰੀਦਣ ਦੀ ਸਹੂਲਤ ਨੇ ਟਰੱਕ ਮਾਲਕਾਂ ਨੂੰ ਵਾਤਾਵਰਣ ਦੀ ਰਖਵਾਲੀ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ ਹੈ।

ਮਾਈਕ ਮਿਲੀਅਨ, Mike Millian

ਕਾਮਰਸ ਕਾਰਣ ਛੋਟੀਆਂ ਗੱਡੀਆਂ ਦੇ ਡਰਾਈਵਰਾਂ ਦੀ ਮੰਗ ਵਧੇਗੀ
ਮਾਈਕ ਮਿਲੀਅਨ, ਪ੍ਰੈਜ਼ੀਡੈਂਟ ਪ੍ਰਾਈਵੇਟ ਮੋਟਰ ਟਰੱਕ ਕਾਉਂਸਲ ਆਫ਼ ਕੈਨੇਡਾ
Mike Millian, President, Private Motor Truck Council of Canada

ਟਰੱਕਿੰਗ ਇੰਡਸਟਰੀ ਉੱਤੇ ਈ-ਕਾਮਰਸ ਦਾ ਗਹਿਰਾ ਪ੍ਰਭਾਵ ਪਵੇਗਾ ਜਿਸ ਵਿੱਚ ਸੱਭ ਤੋਂ ਵੱਡੀ ਗੱਲ ਇਹ ਹੋਵੇਗੀ ਕਿ ਇੰਡਸਟਰੀ ਨੂੰ ਉਨ੍ਹਾਂ ਛੋਟੇ ਟਰੱਕਾਂ ਦੀ ਲੋੜ ਵੱਧ ਹੋਵੇਗੀ ਜਿਹੜੇ ਘੱਟ ਸਮੇਂ ਵਿੱਚ ਵੱਧ ਥਾਵਾਂ ਉੱਤੇ ਖਾਸ ਕਰਕੇ ਰਿਹਾਇਸ਼ੀ ਥਾਵਾਂ ਉੱਤੇ ਸਮਾਨ ਪਹੁੰਚਾ ਸਕਦੇ ਹਨ। ਆਨ-ਲਾਈਨ ਟਰੇਡਿੰਗ ਵਿੱਚ ਵਾਧੇ ਦਾ ਸਿੱਟਾ ਇਹ ਨਿਕਲੇਗਾ ਕਿ ਕੋਰੀਅਰ ਕਿਸਮ ਦੇ ਡਰਾਈਵਰਾਂ ਲਈ ਵੱਧ ਗਿਣਤੀ ਵਿੱਚ ਨੌਕਰੀਆਂ ਉਪਲਬਧ ਹੋਣਗੀਆਂ ਅਤੇ ਕਲਾਸ 1 ਜਾਂ ਕਲਾਸ ਏ ਡਰਾਈਵਰਾਂ ਦੀ ਮੰਗ ਵਿੱਚ ਕਮੀ ਆ ਸਕਦੀ ਹੈ। ਕੰਪਨੀਆਂ ਨੂੰ ਵੀ ਰਣਨੀਤੀਆਂ ਲਾਗੂ ਕਰਨੀਆਂ ਪੈਣਗੀਆਂ ਕਿ ਉਹ ਤੇਜ਼ੀ ਨਾਲ ਆ ਰਹੇ ਬਦਲਾਅ ਨਾਲ ਨਿਪਟਣ ਵਾਸਤੇ ਕੀ ਕਰ ਰਹੀਆਂ ਹਨ।

ਜੇ ਟਰੱਕਿੰਗ ਇੰਡਸਟਰੀ ਦੀ ਸੱਮੁਚੇ ਰੂਪ ਵਿੱਚ ਗੱਲ ਕੀਤੀ ਜਾਵੇ ਤਾਂ ਇਲੈਕਟਰਾਨਿਕ ਲਾਗਿੰਗ ਡੀਵਾਈਸ (ELD) ਦਾ ਲਾਜ਼ਮੀ ਹੋਣਾ ਅਤੇ ELD ਦੇ ਤਸਦੀਕੀਕਰਣ ਲਈ ਕਿਸੇ ਤੀਜੀ ਧਿਰ ਤੋਂ ਪਾਸ ਕਰਵਾਉਣ ਦੀ ਸ਼ਰਤ ਨਾਲ ਕਈ ਕੰਪਨੀਆਂ ਪ੍ਰਭਾਵਿਤ ਹੋਣਗੀਆਂ ਖਾਸ ਕਰ ਕੇ ਅਮਰੀਕਾ ਤੋਂ ਕੈਨੇਡਾ ਦਾਖਲ ਹੋਣ ਵਾਲੀਆਂ ਕੰਪਨੀਆਂ ਨੂੰ। ਜਿਹੜੀਆਂ ਕੰਪਨੀਆਂ ਪਹਿਲਾਂ ਹੀ ਨੇਮਾਂ ਦੀ ਪਾਲਣਾ ਕਰ ਰਹੀਆਂ ਹਨ, ਉਨ੍ਹਾਂ ਵਾਸਤੇ ਬਿਜ਼ਨੈਸ ਕਰਨਾ ਸੌਖਾ ਹੋਵੇਗਾ ਪਰ ਜੋ ਕੰਪਨੀਆਂ ਹਰ ਗੱਲ ਉੱਤੇ ਨੇਮ ਨੂੰ ਇੱਧਰ ਉੱਧਰ ਕਰਨ ਵਿੱਚ ਯਕੀਨ ਕਰਦੀਆਂ ਹਨ, ਉਨ੍ਹਾਂ ਦਾ ਮਾਰਕੀਟ ਵਿੱਚ ਟਿਕਣਾ ਐਨਾ ਸੌਖਾ ਨਹੀਂ ਹੋਵੇਗਾ ਅਤੇ ਕਈ ਬਿਜ਼ਨੈਸ ਛੱਡ ਕੇ ਵੀ ਜਾ ਸਕਦੀਆਂ ਹਨ।

ਭੱਵਿਖ ਵਿੱਚ ਬੀਮਾ ਕੰਪਨੀਆਂ ਵੱਲੋਂ ਸਖ਼ਤੀ ਨਾਲ ਸ਼ਿੰਕਜੇ ਕੱਸਣ ਦਾ ਇੱਕ ਨਤੀਜਾ ਇਹ ਹੋਵੇਗਾ ਕਿ ਵੱਡੀ ਗਿਣਤੀ ਵਿੱਚ ਕੰਪਨੀਆਂ ਨੂੰ ਟੈਲੀਮੈਟਿਕਸ (telematics) ਦੀ ਵਰਤੋਂ ਕਰਨਾ ਮਜ਼ਬੂਰੀ ਬਣ ਜਾਵੇਗਾ ਕਿਉਂਕਿ ਤੁਸੀਂ ਆਪਣੇ ਖਰਚੇ ਘੱਟ ਕਰਨ ਵੱਲ ਧਿਆਨ ਦੇਣਾ ਹੈ। ਓਂਟਾਰੀਓ ਸਰਕਾਰ ਦੁਆਰਾ ਵਹੀਕਲ ਈਮਿਸ਼ਨ ਅਤੇ ਸਾਲਾਨਾ ਸੁਰੱਖਿਆ ਟੈਸਟਾਂ ਨੂੰ ਰਲਾ ਦੇਣ ਦੇ ਫੈਸਲੇ ਨਾਲ ਉਨ੍ਹਾਂ ਕੰਪਨੀਆਂ ਦੀਆਂ ਚਾਲਾਂ ਬੰਦ ਹੋ ਜਾਣਗੀਆਂ ਜਿਹੜੀਆਂ ਸਿਸਟਮ ਦੀ ਦੁਰਵਰਤੋਂ ਕਰ ਕੇ ਕੰਮ ਕਰਨ ਦੀਆਂ ਆਦੀ ਹਨ। ਇਹ ਵੀ ਸੰਭਵ ਹੈ ਕਿ ਆਰਥਕਤਾ ਵਿੱਚ ਮੰਦਵਾੜਾ ਆਉਣ ਦੀ ਸੂਰਤ ਵਿੱਚ ਕੰਪਨੀਆਂ ਵੱਲੋਂ ਬੈਂਕਰਪਸੀ ਭਾਵ ਦਿਵਾਲਾ ਕੱਢਣ ਦੇ ਰੁਝਾਨ ਵਿੱਚ ਵਾਧਾ ਹੋਵੇ। ਇਸ ਗੱਲ ਨੂੰ ਅਮਰੀਕਾ ਵਿੱਚ ਪਹਿਲਾਂ ਹੀ ਮਹਿਸੂਸ ਕੀਤਾ ਜਾਣ ਲੱਗਾ ਹੈ।

ਇੱਕ ਹੋਰ ਗੱਲ ਜਿਸ ਉੱਤੇ ਮੈਂ ਜ਼ੋਰ ਦੇਣਾ ਚਾਹਾਂਗਾ, ਉਹ ਹੈ ਡਰਾਈਵਰ ਇੰਕ ਮਾਡਲ। ਓਂਟਾਰੀਓ ਸਰਕਾਰ ਨੇ ਇਸ ਪਿਰਤ ਨੂੰ ਠੱਲ੍ਹ ਪਾਉਣ ਲਈ ਨਿਗਰਾਨੀ ਕਰਨ ਦੀਆਂ ਤਾਕਤਾਂ WSIB  ਨੂੰ ਦੇ ਦਿੱਤੀਆਂ ਹਨ। ਹਾਲਾਂਕਿ ਗਰੇਟਰ ਟੋਰਾਂਟੋ ਏਰੀਆ ਵਿੱਚੋਂ ਡਰਾਈਵਰ ਇੰਕ ਦੇ ਭੂਤ ਨੂੰ ਕੱਢਣਾ ਐਨਾ ਸੌਖਾ ਨਹੀਂ ਹੋਵੇਗਾ ਪਰ ਤਾਂ ਵੀ ਸ਼ੁਰੂਆਤ ਹੋ ਚੁੱਕੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਡਰਾਈਵਰ ਇੰਕ ਨਾਲ ਗਲਤ ਢੰਗ ਨਾਲ ਬਿਜ਼ਨੈਸ ਕਰਨ ਵਾਲੀਆਂ ਕੰਪਨੀਆਂ ਦੀ ਲੁੱਟ ਤੋਂ ਬਿਨਾ ਡਰਾਈਵਰ, ਸਰਕਾਰ ਅਤੇ ਇੰਡਸਟਰੀ ਸਾਰਿਆਂ ਦਾ ਨੁਕਸਾਨ ਹੁੰਦਾ ਹੈ। ਇਹ ਇੱਕ ਉਹ ਮਾਡਲ ਹੈ ਜਿਸ ਨਾਲ ਸਮੁੱਚੀ ਟਰੱਕਿੰਗ ਇੰਡਸਟਰੀ ਦੇ ਮੂੰਹ ਉੱਤੇ ਕਾਲਾ ਧੱਬਾ ਲੱਗਦਾ ਹੈ ਜਿਸ ਨੂੰ ਦੂਰ ਕਰਨ ਵਿੱਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਜਿਹੜੇ ਲੋਕ ਕਾਨੂੰਨ ਦੀ ਪਾਲਣਾ ਕਰਦੇ ਹਨ, ਉਨ੍ਹਾਂ ਨੂੰ ਸਮਰੱਥਨ ਦੇਣਾ ਸਾਡਾ ਸਾਰਿਆਂ ਦਾ ਕਰਤੱਵ ਬਣਦਾ ਹੈ ਤਾਂ ਜੋ ਡਰਾਈਵਰ ਇੰਕ ਦਾ ਅਗਲੇ ਕੁੱਝ ਸਮੇਂ ਵਿੱਚ ਭੋਗ ਪੈ ਜਾਵੇ।

ਟੈਰੀ ਹਾਲੈਂਡ, Terry Holland

ਬੈਕ ਆਫਿਸ ਦੇ ਕੰਮਾਂ ਨੂੰ ਤੀਜੀਆਂ ਧਿਰਾਂ ਕੋਲੋਂ ਕਰਵਾਉਣਾ ਸਹੀ ਕਦਮ ਹੋਵੇਗਾ
ਟੈਰੀ ਹਾਲੈਂਡ, ਡਾਇਰੈਕਟਰ, ਫ਼ਲੀਟਗੇਨ
Terry Holland, Director, FleetGain

ਬਹੁਤ ਸਾਰੀਆਂ ਟਰੱਕਿੰਗ ਕੰਪਨੀਆਂ ਲਈ ਇਹ ਲਾਜ਼ਮੀ ਬਣ ਗਿਆ ਹੈ ਕਿ ਉਹ ਆਪਣੇ ਖਰਚੇ ਘੱਟ ਕਰਨ ਲਈ ਉਨ੍ਹਾਂ ਕੰਮਾਂ ਨੂੰ ਤੀਜੀਆਂ ਧਿਰਾਂ ਕੋਲੋਂ ਕਰਵਾਉਣਾ ਆਰੰਭ ਕਰ ਦੇਣ ਜਿਨ੍ਹਾਂ ਦਾ ਕੰਪਨੀ ਦੇ ਮੂਲ ਕੰਮ ਉੱਤੇ ਕੋਈ ਸਿੱਧਾ ਅਸਰ ਨਹੀਂ ਪੈਂਦਾ। ਦਫ਼ਤਰਾਂ ਦੇ ਕਿੰਨੇ ਹੀ ਕੰਮ ਹਨ ਜਿਨ੍ਹਾਂ ਨੂੰ ਜੇ ਇੱਕ ਵਾਰ ਸਿੱਖ ਲਿਆ ਜਾਵੇ ਤਾਂ ਮੁੜ ਕੇ ਉਨ੍ਹਾਂ ਨੂੰ ਕੋਈ ਘੱਟ ਅਨੁਭਵ ਵਾਲਾ ਘੱਟ ਡਾਲਰ ਲੈ ਕੇ ਕਰ ਸਕਦਾ ਹੈ ਜਿਸ ਨਾਲ ਟੌਪ-ਮੈਨੇਜਮੈਂਟ ਦਾ ਸਮਾਂ ਹੀ ਨਹੀਂ ਬਚਦਾ ਸਗੋਂ ਪੈਸੇ ਦੀ ਵੀ ਬੱਚਤ ਹੁੰਦੀ ਹੈ। ਇਸ ਨਾਲ ਕੰਪਨੀ ਨੂੰ ਮੰਦਵਾੜੇ ਦੌਰਾਨ ਸਟਾਫ਼ ਦੀਆਂ ਤਨਖਾਹਾਂ ਦਾ ਬੋਝ ਨਹੀਂ ਸਹਿਣਾ ਪੈਂਦਾ ਕਿਉਂਕਿ ਤੁਸੀਂ ਤੀਜੀ ਧਿਰ ਕੋਲੋਂ ਕੰਮ ਨੂੰ ਠੇਕੇ ਉੱਤੇ ਕਰਵਾ ਰਹੇ ਹੁੰਦੇ ਹੋ। ਇਸ ਦਾ ਇੱਕ ਹੋਰ ਲਾਭ ਇਹ ਹੁੰਦਾ ਹੈ ਕਿ ਤੁਸੀਂ ਆਪਣੇ ਖਰਚਿਆਂ ਦਾ ਪਹਿਲਾਂ ਹੀ ਅਨੁਮਾਨ ਲਾ ਸਕਦੇ ਹੋ ਜਿਸ ਬਦੌਲਤ ਤੁਹਾਡੇ ਅਪਰੇਟਿੰਗ ਖਰਚੇ ਨਹੀਂ ਵੱਧਦੇ।

ਈ-ਕਾਮਰਸ ਇੱਕ ਹੋਰ ਰੁਝਾਨ ਹੈ ਜਿਸ ਸਦਕਾ ਟਰੱਕਿੰਗ ਇੰਡਸਟਰੀ ਦਾ ਚਿਹਰਾ ਮੁਹਰਾ ਸਦਾ ਲਈ ਬਦਲ ਜਾਵੇਗਾ। ਜਿਹੜੇ ਲੋਕ ਚਾਹੁਣ ਉਨ੍ਹਾਂ ਨੂੰ ਸਮਾਨ ਖਰੀਦਣ ਲਈ ਸਟੋਰਾਂ ਉੱਤੇ ਜਾ ਕੇ ਸਮਾਂ ਖਰਾਬ ਕਰਨ ਦੀ ਲੋੜ ਨਹੀਂ ਸਗੋਂ ਇੰਟਰਨੈੱਟ ਉੱਤੇ ਇੱਕ ਕਲਿੱਕ ਨਾਲ ਉਹ ਉਤਪਾਦਨ ਕਰਤਾ, ਇੰਪੋਰਟ, ਡਿਸਟਰੀਬਿਊਸ਼ਨ, ਵੇਅਰਹਾਊਸਿੰਗ ਅਤੇ ਰੀਟੇਲ ਸਟੋਰ ਦੇ ਸਾਰੇ ਜੰਜਾਲ ਨੂੰ ਲਾਂਭੇ ਕਰਕੇ ਸਿੱਧਾ ਮਨਚਾਹੀ ਵਸਤੂ ਤੱਕ ਪੁੱਜ ਸਕਦਾ ਹੈ। LTL carriers  ਨੇ ਪਹਿਲਾਂ ਹੀ ‘ਹੋਮ ਡੀਲੀਵਰੀ’ ਨੂੰ ਆਪਣੀਆਂ ਸੇਵਾਵਾਂ ਵਿੱਚ ਸ਼ਾਮਲ ਕਰਨਾ ਆਰੰਭ ਕਰ ਦਿੱਤਾ ਹੈ ਜਿਸ ਨਾਲ ਸਮੁੱਚੀ ਟਰੱਕਿੰਗ ਇੰਡਸਟਰੀ ਵਿੱਚ ਤਬਦੀਲੀ ਵੇਖੀ ਜਾ ਸਕਦੀ ਹੈ। ਇਸ ਦਾ ਅਰਥ ਇਹ ਵੀ ਹੈ ਕਿ ਟਰੱਕਿੰਗ ਕੰਪਨੀਆਂ ਨੂੰ ਇਨਫਰਮੇਸ਼ਨ ਤਕਨਾਲੋਜੀ ਅਤੇ ਹੋਰ ਸਬੰਧਿਤ ਢਾਂਚੇ ਵਿੱਚ ਨਿਵੇਸ਼ ਕਰਨ ਦੀ ਲੋੜ ਹੋਵੇਗੀ ਤਾਂ ਜੋ ਇੰਟਰਨੈੱਟ ਰਾਹੀਂ ਸਮਾਨ ਚੁੱਕਣ ਦੀਆਂ ਚਾਹਵਾਨ ਕੰਪਨੀਆਂ ਆਪਣੇ ਗਾਹਕਾਂ ਦੀ ਨਿੱਜੀ ਜਾਣਕਾਰੀ ਦੇ ਚੋਰੀ ਹੋ ਜਾਣ ਲਈ ਜੁੰਮੇਵਾਰ ਨਾ ਬਣਨ।

 

ਮਤੇ ਭੁੱਲ ਨਾ ਜਾਣਾ: ਟਰੱਕ ਵਰਲਡ ਸ਼ੋਅ 2020

ਕੈਨੇਡਾ ਦੀ ਟਰੱਕਿੰਗ ਇੰਡਸਟਰੀ ਵਿੱਚ ਨਵੀਂ ਪਿਰਤਾਂ, ਨਵੇਂ ਬਿਜ਼ਨੈਸ ਤੌਰ ਤਰੀਕਿਆਂ ਅਤੇ ਨਵੀਆਂ ਭਾਈਵਾਲੀਆਂ ਦੀਆਂ ਸੰਭਾਵਨਾ ਨੂੰ ਉਜਾਗਰ ਕਰਨ ਵਾਲਾ ‘ਟਰੱਕ ਵਰਲਡ ਸ਼ੋਅ’ 16 ਤੋਂ 18 ਅਪਰੈਲ 2020 ਨੂੰ ਇੰਟਰਨੈਸ਼ਨਲ ਸੈਂਟਰ, 6900 ਏਅਰਪੋਰਟ ਰੋਡ, ਮਿਸੀਸਾਗਾ ਵਿਖੇ ਹੋਣ ਜਾ ਰਿਹਾ ਹੈ। ਦੋ ਸਾਲਾਂ ਦੇ ਅਰਸੇ ਬਾਅਦ ਹੋਣ ਵਾਲੇ ਕੈਨੇਡਾ ਦੇ ਇਸ ਕੌਮੀ ਟਰੱਕ ਸ਼ੋਅ ਵਿੱਚ 500 ਤੋਂ ਵੱਧ ਇੰਡਸਟਰੀ ਕੰਪਨੀਆਂ ਆ ਕੇ ਆਪਣੇ ਸਟਾਲ ਲਾਉਂਦੀਆਂ ਹਨ।ਜਿੱਥੇ ਟਰੱਕਿੰਗ ਇੰਡਸਟਰੀ ਨਾਲ ਜੁੜੇ ਪ੍ਰੋਫੈਸ਼ਨਲਾਂ ਨੂੰ ਇੰਡਸਟਰੀ ਦੇ ਹਰ ਪੱਖ ਬਾਰੇ ਤਾਜ਼ਾ-ਤਰੀਨ ਜਾਣਕਾਰੀ ਮਿਲੇਗੀ, ਉੱਥੇ ਹੀ ਟੌਪ ਦੇ ਪ੍ਰੋਫੈਸ਼ਨਲਾਂ ਨਾਲ ਨੈੱਟਵਰਕਿੰਗ ਕਰਨ ਦੇ ਅਵਸਰ ਵੀ ਹਾਸਲ ਹੋਣਗੇ। ਇਸ ਸ਼ੋਅ ਵਿੱਚ ਟਰਾਂਸਪੋਰਟੇਸ਼ਨ ਮਹਿਕਮੇ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਤਕਨਾਲੋਜੀ ਦੀ ਵਰਤੋਂ ਬਾਰੇ ਜਾਣਕਾਰੀ ਦੇਣ ਦੇ ਨਾਲ ਹੀ ਇੰਡਸਟਰੀ ਮਾਹਰਾਂ ਵੱਲੋਂ ਟਰੈਫਿਕ ਟਿਕਟਾਂ ਨੂੰ ਕਾਬੂ ਕਰਨ, ਆਪਣੇ ਬਿਜ਼ਨੈਸ ਲਈ ਸਹੀ ਕੀਮਤਾਂ ਨਿਰਧਾਰਤ ਕਰਨ ਅਤੇ ਕੰਪਨੀ ਦੇ ਅਸਾਸਿਆਂ (Assets) ਨੂੰ ਮਹਿਫੂਜ਼ ਰੱਖਣ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

ਟਰੱਕ ਵਰਲਡ ਸ਼ੋਅ ਵਿੱਚ ਲੋਕੀ ਕਿਉਂ ਆਉਂਦੇ ਹਨ?

•   97% ਲੋਕੀ ਇਸ ਸ਼ੋਅ ਵਿੱਚ ਇਸ ਲਈ ਸ਼ਮੂਲੀਅਰ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਨਵੇਂ ਉਤਪਾਦਾਂ ਅਤੇ ਸਰਵਿਸਜ਼ ਬਾਰੇ ਜਾਣਕਾਰੀ ਮਿਲਦੀ ਹੈ ਜੋ ਕਿ ਆਮ ਮਾਰਕੀਟ ਵਿੱਚ ਚਿਰਾਂ ਬਾਅਦ ਉਪਲਬਧ ਹੁੰਦੀ ਹੈ।
•   80% ਇਸ ਲਈ ਆਉਂਦੇ ਹਨ ਕਿ ਉਨ੍ਹਾਂ ਨੂੰ ਇੰਡਸਟਰੀ ਦੇ ਮਾਹਰਾਂ ਨਾਲ ਆਹਮੋ ਸਾਹਮਣੇ (One on one) ਗੱਲ ਬਾਤ ਕਰਨ ਦਾ ਮੌਕਾ ਮਿਲਦਾ ਹੈ ਜੋ ਕਿ ਹੋਰ ਕਿਸੇ ਥਾਂ ਸੰਭਵ ਨਹੀਂ ਹੋ ਪਾਉਂਦਾ।
•   ਜਿਨ੍ਹਾਂ ਲੋਕਾਂ ਨੇ 2018 ਵਿੱਚ ਇਸ ਸ਼ੋਅ ਵਿੱਚ ਸ਼ਮੂਲੀਅਤ ਕੀਤੀ ਸੀ, ਉਨ੍ਹਾਂ ਵਿੱਚ ਦੋ ਸਾਲਾਂ ਬਾਅਦ ਹੋਣ ਵਾਲੇ ਇਸ ਸ਼ੋਅ ਦੀ ਅਹਿਮੀਅਤ ਦੀ ਐਨੀ ਸਮਝ ਬਣੀ ਕਿ 89% ਨੇ ਉਸ ਵੇਲੇ ਹੀ ਤੈਅ ਕਰ ਲਿਆ ਕਿ ਉਹ 2020 ਵਿੱਚ ਵੀ ਹਾਜ਼ਰੀ ਭਰਨਗੇ। ਆਖਰ ਨੂੰ ਦੋ ਸਾਲਾਂ ਵਿੱਚ ਇੰਡਸਟਰੀ ਨਾਲ ਸਬੰਧਿਤ ਜਾਣਕਾਰੀ ਵਿੱਚ ਵੱਡੇ ਫੇਰ ਬਦਲ ਜੋ ਹੋ ਜਾਂਦੇ ਹਨ।
•   ਪੰਜਾਬੀਆਂ ਦੇ ਚਹੇਤੇ ਮੈਗਜ਼ੀਨ ਰੋਡ ਟੂਡੇ ਵੱਲੋਂ ਇਸ ਸ਼ੋਅ ਦਾ ਮਾਣ ਮੱਤਾ ਮੀਡੀਆ ਸਪਾਂਸਰ ਹੋਣ ਕਾਰਣ ਪੰਜਾਬੀ ਟਰੱਕਿੰਗ ਇੰਡਸਟਰੀ ਦੀ ਸ਼ੋਅ ਵਿੱਚ ਇਸ ਲਈ ਸ਼ਮੂਲੀਅਤ ਵੱਧਣ ਲੱਗੀ ਹੈ ਕਿਉਂਕਿ ਨੈੱਟਵਰਕਿੰਗ ਕਰਨ ਦਾ ਇਹ ਸ਼ੋਅ ਇੱਕ ਅਨੋਖਾ ਅਵਸਰ ਬਣਦਾ ਹੈ।

ਲੇਖਕ ਬਾਰੇ:
ਜਗਦੀਪ ਕੈਲੇ ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ ਨਾਲ ਇੱਕ ਦਹਾਕੇ ਤੋਂ ਵੱਧ ਅਰਸੇ ਤੋਂ ਸਰਗਰਮੀ ਨਾਲ ਜੁੜੇ ਹੋਏ ਹਨ। ਫੈਡਰਲ, ਪ੍ਰੋਵਿੰਸ਼ੀਅਲ ਅਤੇ ਸਥਾਨਕ ਸਿਆਸੀ, ਸਮਾਜਿਕ ਅਤੇ ਸੱਭਿਆਚਾਰਕ ਮੁੱਦਿਆਂ ਬਾਰੇ ਲਿਖਣ ਦਾ ਗਹਿਰਾ ਅਨੁਭਵ ਹੈ। ਕੈਨੇਡਾ ਵਿੱਚ ਨਵੇਂ ਪਰਵਾਸੀਆਂ ਦੀ ਸਥਾਪਤੀ ਲਈ ਕੰਮ ਕਰਨ ਤੋਂ ਇਲਾਵਾ ਉਹ ਲੋੜਵੰਦ ਵਿਅਕਤੀਆਂ ਅਤੇ ਅਨਾਥ ਬੱਚਿਆਂ ਦੀ ਬਿਹਤਰੀ ਲਈ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਕੰਮ ਕਰਨ ਦਾ ਲੰਬਾ ਤਜੁਰਬਾ ਰੱਖਦੇ ਹਨ। ਜਗਦੀਪ ਕੈਲੇ ਨਾਲ jkailey@roadtoday.com ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।