ਟਰੱਕ ‘ਚੋਂ 25 ਲੱਖ ਡਾਲਰ ਦੀ ਕੋਕੀਨ ਜ਼ਬਤ

Avatar photo
ਇਹ ਸ਼ੱਕੀ ਕੋਕੀਨ ਇੱਕ ਟਰੈਕਟਰ-ਟਰੇਲਰ ‘ਚੋਂ 1 ਮਈ ਨੂੰ ਫੜੀ ਗਈ। ਤਸਵੀਰ : ਸੀ.ਬੀ.ਐਸ.ਏ.

ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ (ਸੀ.ਬੀ.ਐਸ.ਏ.) ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਉਸ ਨੇ ਇੱਕ ਟਰੱਕ ‘ਚੋਂ 25 ਲੱਖ ਡਾਲਰ ਕੀਮਤ ਦੀ 20 ਕਿੱਲੋਗ੍ਰਾਮ ਸ਼ੱਕੀ ਕੋਕੀਨ ਜ਼ਬਤ ਕੀਤੀ ਹੈ।

ਏਜੰਸੀ ਨੇ ਕਿਹਾ ਕਿ ਇਹ ਨਸ਼ੀਲੀ ਦਵਾਈ 1 ਮਈ ਨੂੰ ਸੱਰੀ, ਬੀ.ਸੀ. ਦੇ ਪੈਸੇਫ਼ਿਕ ਹਾਈਵੇ ਪੋਰਟ ‘ਤੇ ਸਥਿਤ ਕੈਨੇਡਾ ‘ਚ ਦਾਖ਼ਲੇ ਵਾਲੀ ਥਾਂ ਤੋਂ ਸੀ.ਬੀ.ਐਸ.ਏ. ਪੈਸੇਫ਼ਿਕ ਰੀਜਨਲ ਇੰਟੈਲੀਜੈਂਸ ਦੀ ਮੱਦਦ ਨਾਲ ਜ਼ਬਤ ਕੀਤੀ ਗਈ।

ਏਜੰਸੀ ਨੇ ਕਿਹਾ, ”ਬਾਰਡਰ ਸਰਵੀਸਿਜ਼ ਅਫ਼ਸਰਾਂ ਨੇ ਇੱਕ ਕਮਰਸ਼ੀਅਲ ਟਰੈਕਟਰ-ਟਰੇਲਰ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਕੁੱਝ ਸ਼ੱਕੀ ਜਾਪਿਆ। ਸੀ.ਬੀ.ਐਸ.ਏ. ਦੇ ਜਾਸੂਸੀ ਕੁੱਤਿਆਂ ਦੀ ਮੱਦਦ ਨਾਲ ਕੋਕੀਨ ਦੇ 20 ਪੈਕੇਟ ਬਰਾਮਦ ਕੀਤੇ ਗਏ।”

ਡਰਾਈਵਰ ਨੂੰ ਗ੍ਰਿਫ਼ਤਾਰ ਕਰ ਕੇ ਅਗਲੇਰੀ ਜਾਂਚ ਲਈ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ। ਉਸ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ ਹੈ।

ਸੀ.ਬੀ.ਐਸ.ਏ. ਦੇ ਪੈਸੇਫ਼ਿਕ ਹਾਈਵੇ ਜ਼ਿਲ੍ਹੇ ਦੇ ਡਾਇਰੈਕਟਰ ਡੇਨੀਏਲਾ ਇਵਾਨਸ ਨੇ ਕਿਹਾ, ”ਸਾਡੇ ਸਰਹੱਦੀ ਸੇਵਾ ਅਫ਼ਸਰ ਅਤੇ ਖ਼ੂਫ਼ੀਆ ਅਫ਼ਸਰ ਹਰ ਸਮੇਂ ਇਹ ਯਕੀਨੀ ਕਰਨ ਲਈ ਕੰਮ ਕਰਦੇ ਰਹਿੰਦੇ ਹਨ ਕਿ ਕੈਨੇਡਾ ‘ਚ ਵਸਤਾਂ ਤਾਂ ਆਉਣ ਪਰ ਗ਼ੈਰਕਾਨੂੰਨੀ ਚੀਜ਼ਾਂ ਦੇਸ਼ ਤੋਂ ਬਾਹਰ ਹੀ ਰਹਿਣ। ਇਸ ਕੋਕੀਨ ਦੇ ਜ਼ਬਤ ਹੋਣ ਨਾਲ ਸਾਡੇ ਲੋਕਾਂ ਦੀ ਸੁਰੱਖਿਆ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਪ੍ਰਦਰਸ਼ਿਤ ਕਰਦੀ ਹੈ।”

ਇਸ ਮਹੀਨੇ ਦੇ ਸ਼ੁਰੂ ‘ਚ ਵੀ, ਅਮਰੀਕੀ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਅਫ਼ਸਰਾਂ ਨੇ ਇੱਕ ਕੈਨੇਡੀਆਈ ਟਰੱਕ ਡਰਾਈਵਰ ਨੂੰ 30 ਲੱਖ ਡਾਲਰ ਦੀ 61 ਕਿੱਲੋ ਕੋਕੀਨ ਨਾਲ ਬਲੇਨ, ਵਾਸ਼. ‘ਚ ਪੈਸੇਫ਼ਿਕ ਹਾਈਵੇ ਪੋਰਟ ਦੇ ਦਾਖ਼ਲੇ ਤੋਂ ਗ੍ਰਿਫ਼ਤਾਰ ਕੀਤਾ ਸੀ।