ਡਰਾਈਵਰਾਂ ਨੂੰ ਪਖਾਨਿਆਂ ਤੱਕ ਬਿਹਤਰ ਪਹੁੰਚ ਮੁਹੱਈਆ ਕਰਵਾਉਣ ਲਈ ਓਂਟਾਰੀਓ ਨੇ ਲਿਆਂਦਾ ਕਾਨੂੰਨ

Avatar photo

ਸੜਕਾਂ ’ਤੇ ਲੰਮੇ ਸਮੇਂ ਤਕ ਕੰਮ ਕਰਦਿਆਂ ਟਰੱਕ ਡਰਾਈਵਰਾਂ ਅਤੇ ਡਿਲੀਵਰੀ ਵਰਕਰਾਂ ਲਈ ਪਖਾਨਿਆਂ ਤੱਕ ਪਹੁੰਚਣਾ ਅਕਸਰ ਮੁਸ਼ਕਲ ਹੁੰਦਾ ਹੈ।

ਇੱਕ ਬਿਆਨ ਅਨੁਸਾਰ ਓਂਟਾਰੀਓ ਸਰਕਾਰ ਇੱਕ ਅਜਿਹਾ ਕਾਨੂੰਨ ਲਿਆਉਣ ਬਾਰੇ ਸੋਚ ਰਹੀ ਹੈ, ਜਿਸ ਦੇ ਪਾਸ ਹੋਣ ’ਤੇ, ਡਿਲੀਵਰੀ ਵਰਕਰਾਂ ਨੂੰ ਉਨ੍ਹਾਂ ਕਾਰੋਬਾਰਾਂ ’ਚ ਸਥਿਤ ਕੰਪਨੀ ਦੇ ਪਖਾਨਿਆਂ ਦੀ ਸਹੂਲਤ ਪ੍ਰਾਪਤ ਕਰਨ ਦੀ ਇਜਾਜ਼ਤ ਦੇਵੇਗਾ ਜਿੱਥੇ ਕਿ ਉਹ ਸਾਮਾਨ ਉਤਾਰ ਰਹੇ ਹੋਣ ਜਾਂ ਲੱਦ ਰਹੇ ਹੋਣ।

Picture of a truck at a loading dock
ਸਲਾਹ-ਮਸ਼ਵਰੇ ਤੋਂ ਪਤਾ ਲੱਗਾ ਹੈ ਕਿ ਡਰਾਈਵਰਾਂ ਨੂੰ ਅਕਸਰ ਉਨ੍ਹਾਂ ਕਾਰੋਬਾਰਾਂ ਵੱਲੋਂ ਪਖਾਨਿਆਂ ਦੀ ਸਹੂਲਤ ਵਰਤਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਜਿੱਥੇ ਉਹ ਆਪਣੀਆਂ ਸੇਵਾਵਾਂ ਦੇਣ ਜਾਂਦੇ ਹਨ। (ਤਸਵੀਰ: ਆਈਸਟਾਕ)

ਓਂਟਾਰੀਓ ਵਰਕਫ਼ੋਰਸ ਰਿਕਵਰੀ ਐਡਵਾਇਜ਼ਰੀ ਕਮੇਟੀ ਵੱਲੋਂ ਪ੍ਰਾਪਤ ਕੀਤੇ ਸਲਾਹ-ਮਸ਼ਵਰੇ ਅਨੁਸਾਰ ਪਤਾ ਲੱਗਾ ਹੈ ਕਿ ਟਰੱਕ ਡਰਾਈਵਰਾਂ, ਕੋਰੀਅਰਾਂ, ਅਤੇ ਭੋਜਨ ਡਿਲੀਵਰ ਕਰਨ ਵਾਲੇ ਲੋਕਾਂ, ਜਿਸ ’ਚ ਆਨਲਾਈਨ ਡਿਲੀਵਰੀ ਪਲੇਟਫ਼ਾਰਮ ਕੰਪਨੀਆਂ, ਜਿਵੇਂ ਕਿ ਸਕਿੱਪ ਦ ਡਿਸ਼ੀਜ਼ ਵੀ ਸ਼ਾਮਲ ਹਨ, ਨੂੰ ਅਕਸਰ ਉਨ੍ਹਾਂ ਥਾਵਾਂ ’ਤੇ ਪਖਾਨਿਆਂ ’ਚ ਜਾਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਜਿੱਥੇ ਕਿ ਉਹ ਆਪਣੇ ਕੰਮ ਦੌਰਾਨ ਜਾਂਦੇ ਹਨ।

ਕਿਰਤ, ਸਿਖਲਾਈ ਅਤੇ ਹੁਨਰ ਵਿਕਾਸ ਮੰਤਰੀ ਮੋਂਟੀ ਮੈਕਨੌਟਨ ਨੇ ਇਸ ਬਾਰੇ ਬੁੱਧਵਾਰ ਨੂੰ ਵੇਰਵਾ ਸਾਂਝਾ ਕੀਤਾ।

ਮੈਕਨੌਟਨ ਨੇ ਕਿਹਾ, ‘‘ਓਂਟਾਰੀਓ ’ਚ ਜ਼ਿਆਦਾਤਰ ਲੋਕ ਇਸ ਨੂੰ ਕੋਈ ਵੱਡੀ ਗੱਲ ਨਹੀਂ ਸਮਝਦੇ ਪਰ ਪਖਾਨੇ ਵਰਤਣ ਦੀ ਇਜਾਜ਼ਤ ਦੇਣਾ ਆਮ ਸਿਸ਼ਟਾਚਾਰ ਦਾ ਮਾਮਲਾ ਹੈ ਜਿਸ ਤੋਂ ਪ੍ਰੋਵਿੰਸ ਦੇ ਹਜ਼ਾਰਾਂ ਵਰਕਰਾਂ ਨੂੰ ਵਾਂਝਾ ਰੱਖਿਆ ਜਾ ਰਿਹਾ ਹੈ।’’

‘‘ਵਸਤਾਂ ਦੀ ਢੋਆ-ਢੋਆਈ ਕਰਨ ਵਾਲੇ ਵਰਕਰ ਮਹਾਂਮਾਰੀ ਵਿਰੁੱਧ ਲੜਾਈ ਦੀ ਅਗਲੀ ਕਤਾਰ ’ਚ ਹਨ, ਇਹ ਯਕੀਨੀ ਕਰਨ ਲਈ ਕਿ ਜ਼ਰੂਰੀ ਸਪਲਾਈ ਓਂਟਾਰੀਓ ਦੇ ਲੋਕਾਂ ਤੱਕ ਪਹੁੰਚਦੀਆਂ ਰਹਿਣ। ਇਨ੍ਹਾਂ ਮਿਹਨਤਕਸ਼ ਮਰਦਾਂ ਅਤੇ ਔਰਤਾਂ ਨੂੰ ਪਖਾਨਿਆਂ ਦੀ ਸਹੂਲਤ ਵਰਤਣ ਦੇਣਾ ਬਹੁਤ ਛੋਟੀ ਤਬਦੀਲੀ ਹੈ ਜੋ ਕਿ ਵੱਡਾ ਬਦਲਾਅ ਲਿਆ ਸਕਦੀ ਹੈ, ਤਾਂ ਕਿ ਉਹ ਆਪਣੇ ਕੰਮ ਨੂੰ ਉਸ ਇੱਜ਼ਤ ਅਤੇ ਮਾਣ ਨਾਲ ਕਰ ਸਕਣ ਜਿਸ ਦੇ ਉਹ ਹੱਕਦਾਰ ਹਨ।’’

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਨੇ ਇਸ ਐਲਾਨ ਦੀ ਸ਼ਲਾਘਾ ਕੀਤੀ ਹੈ।

ਓ.ਟੀ.ਏ. ਦੇ ਪ੍ਰਧਾਨ ਅਤੇ ਸੀ.ਈ.ਓ. ਸਟੀਫ਼ਨ ਲੈਸਕੋਅਸਕੀ ਨੇ ਇੱਕ ਬਿਆਨ ’ਚ ਕਿਹਾ, ‘‘ਮੰਤਰੀ ਮੈਕਨੌਟਨ ਅਤੇ ਫ਼ੋਰਡ ਸਰਕਾਰ ਵੱਲੋਂ ਸਾਡੇ ਡਰਾਈਵਰਾਂ ਨੂੰ ਅਸਲੀ ਨਾਇਕ ਵਜੋਂ ਪਛਾਣੇ ਜਾਣ ਲਈ ਅਤੇ ਸਪਲਾਈ ਚੇਨ ’ਚ ਹਰ ਕਿਸੇ ਨੂੰ ਡਰਾਈਵਰਾਂ ਪ੍ਰਤੀ ਇੱਜ਼ਤ-ਮਾਣ ਨਾਲ ਪੇਸ਼ ਆਉਣ ਲਈ ਹੱਲਾਸ਼ੇਰੀ ਦੇਣ ਲਈ ਓ.ਟੀ.ਏ. ਤਹਿ ਦਿਲੋਂ ਧੰਨਵਾਦੀ ਹੈ। ਮੰਤਰੀ ਨੇ ਇੱਕ ਸਮੱਸਿਆ ਨੂੰ ਵੇਖਿਆ ਅਤੇ ਹੱਲ ਲਾਗੂ ਕੀਤਾ ਜੋ ਕਿ ਉੱਤਰੀ ਅਮਰੀਕਾ ਦੇ ਹੋਰ ਅਧਿਕਾਰ ਖੇਤਰਾਂ ਲਈ ਵੀ ਆਦਰਸ਼ ਸਾਬਤ ਹੋਵੇਗਾ।’’

ਇਹ ਐਲਾਨ ਟਰੱਕਿੰਗ ਉਦਯੋਗ ਲਈ ਮਹੱਤਵਪੂਰਨ ਸਮੇਂ ’ਤੇ ਆਇਆ ਹੈ ਜੋ ਕਿ ਡਰਾਈਵਰਾਂ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਹੀ ਹੈ। ਟਰੱਕਿੰਗ ਕੰਪਨੀਆਂ – ਅਤੇ ਵਿਸ਼ੇਸ਼ ਤੌਰ ’ਤੇ ਟਰੱਕ ਡਰਾਈਵਰ – ਮਹਾਂਮਾਰੀ ਦੌਰਾਨ ਪਹਿਲਾਂ ਹੀ ਸਪਲਾਈ ਚੇਨ ’ਚ ਵੱਡੇ ਦਬਾਅ ਦਾ ਸਾਹਮਣਾ ਕਰ ਰਹੇ ਹਨ। ਸਮਰੱਥਾ ’ਚ ਕਮੀ ਦੇ ਇਸ ਨਤੀਜੇ ਵਜੋਂ, ਜੋ ਵੀ ਸ਼ਿੱਪਰ ਲਗਾਤਾਰ ਟਰੱਕ ਡਰਾਈਵਰਾਂ ਪ੍ਰਤੀ ਬੇਰੁਖੀ ਵਿਖਾਉਂਦੇ ਹਨ, ਉਨ੍ਹਾਂ ’ਤੇ ਗ੍ਰਾਹਕਾਂ ਦੀ ਸੂਚੀ ’ਚੋਂ ਕੱਢੇ ਜਾਣ ਦਾ ਖ਼ਤਰਾ ਹੈ।

ਲੈਸਕੋਅਸਕੀ ਨੇ ਕਿਹਾ, ‘‘ਸਾਡੇ ਸੂਬੇ ਦੇ ਟਰੱਕ ਡਰਾਈਵਰਾਂ ਨੂੰ ਆਪਣਾ ਕੰਮ ਕਰਨ ਲਈ ਸਾਡਾ ਮਾਣ, ਸਾਡੀ ਹਮਾਇਤ, ਸਾਡਾ ਧੰਨਵਾਦ ਅਤੇ  ਸਾਡੀਆਂ ਭਰਪੂਰ ਕੋਸ਼ਿਸ਼ਾਂ ਦੀ ਜ਼ਰੂਰਤ ਹੈ ਤਾਂ ਕਿ ਓਂਟਾਰੀਓ ਵਾਸੀ ਆਪਣੇ ਲਈ ਭੋਜਨ ਪ੍ਰਾਪਤ ਕਰ ਸਕਣ ਅਤੇ ਲੋੜੀਂਦੀਆਂ ਵਸਤਾਂ ਪ੍ਰਾਪਤ ਕਰ ਸਕਣ। ਅਸੀਂ ਉਤਸ਼ਾਹਿਤ ਹਾਂ ਕਿ ਇਸ ਐਲਾਨ ਨਾਲ ਟਰੱਕ ਡਰਾਈਵਰ ਜਿੱਥੇ ਵੀ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਜ਼ਰੂਰੀ ਸਹੂਲਤਾਂ ਤੱਕ ਪਹੁੰਚ ਪ੍ਰਾਪਤ ਹੋਵੇਗੀ।’’

ਇਹ ਐਲਾਨ ਸਰਕਾਰ ਵੱਲੋਂ ਉਨ੍ਹਾਂ ਕਾਮਿਆਂ ਦੀ ਸੁਰੱਖਿਆ ਅਤੇ ਹਮਾਇਤ ਕਰਨ ਦੀਆਂ ਵਿਸ਼ਾਲ ਕੋਸ਼ਿਸ਼ਾਂ ਦਾ ਇੱਕ ਹਿੱਸਾ ਹੈ, ਜਿਵੇਂ ਉਹ ਕਾਮੇ ਜਿਨ੍ਹਾਂ ਨੇ ਜ਼ਰੂਰੀ ਵਸਤਾਂ ਦੀ ਸਪਲਾਈ ਰੁਕਣ ਨਹੀਂ ਦਿੱਤੀ ਅਤੇ ਮਹਾਂਮਾਰੀ ਦੌਰਾਨ ਵੀ ਆਰਥਿਕਤਾ ਨੂੰ ਤੋਰੀ ਰੱਖਿਆ।

ਓ.ਟੀ.ਏ. ਇਸ ਨਵੇਂ ਕਾਨੂੰਨ ਦੀ ਸਮੀਖਿਆ ਕਰੇਗਾ ਅਤੇ ਆਪਣੇ ਮੈਂਬਰਾਂ ਨੂੰ ਵੇਰਵਾ ਦੇਵੇਗਾ ਕਿ ਇਸ ਦੇ ਲਾਗੂ ਹੋਣ ’ਤੇ ਡਰਾਈਵਰ ਗ੍ਰਾਹਕਾਂ ਤੋਂ ਕੀ ਉਮੀਦ ਕਰ ਸਕਦੇ ਹਨ।