ਦੱਖਣ-ਪੱਛਮੀ ਓਂਟਾਰੀਓ ‘ਤੇ ਕੇਂਦਰਿਤ ਆਵਾਜਾਈ ਯੋਜਨਾ ਦਾ ਖਰੜਾ ਤਿਆਰ

Avatar photo
ਆਵਾਜਾਈ ਮੰਤਰੀ ਕੈਰੋਲਾਈਨ ਮਲਰੋਨੀ

ਦੱਖਣ-ਪੱਛਮੀ ਓਂਟਾਰੀਓ ‘ਤੇ ਕੇਂਦਰਿਤ ਆਵਾਜਾਈ ਯੋਜਨਾ ਦਾ ਖਰੜਾ ਜਾਰੀ ਕਰ ਦਿੱਤਾ ਗਿਆ ਹੈ, ਜਿਸ ‘ਚ ਬਸੰਤ ਰੁੱਤ ਦੇ ਆਗਾਜ਼ ਨਾਲ ਟਰੱਕਾਂ ‘ਤੇ ਲੱਦੇ ਸਮਾਨ ‘ਤੇ ਪਾਬੰਦੀਆਂ ਦੀ ਸਮੀਖਿਆ, ਟਰੱਕ ਪਾਰਕਿੰਗ ਲਈ ਹੋਰ ਥਾਂ ਬਣਾਉਣਾ ਅਤੇ ਟੱਕਰਾਂ ਤੋਂ ਬਾਅਦ ਸੜਕਾਂ ਤੋਂ ਭਾਰੀਆਂ ਗੱਡੀਆਂ ਹਟਾਉਣ ‘ਤੇ ਧਿਆਨ ਕੇਂਦਰਿਤ ਕਰਨ ਵਰਗੀਆਂ ਤਜਵੀਜ਼ਾਂ ਸ਼ਾਮਲ ਹਨ।

ਆਵਾਜਾਈ ਮੰਤਰੀ ਕੈਰੋਲਾਈਨ ਮਲਰੋਨੀ ਨੇ ਯੋਜਨਾ ਨਾਲ ਜਾਣ-ਪਛਾਣ ਕਰਵਾਉਂਦਿਆਂ ਆਪਣੇ ਸੰਦੇਸ਼ ‘ਚ ਕਿਹਾ ਕਿ ‘ਕੁਨੈਕਟਿੰਗ ਦ ਸਾਊਥਵੈਸਟ’ ਨਾਂ ਦੀ ਯੋਜਨਾ ‘ਚ ਵੱਖੋ-ਵੱਖ ਆਵਾਜਾਈ ਦੇ ਸਾਧਨਾਂ ‘ਚ 40 ਬਿਹਤਰੀਆਂ ਅਤੇ ਰਣਨੀਤੀਆਂ ਉਲੀਕੀਆਂ ਗਈਆਂ ਹਨ।

ਹਰ ਰੋਜ਼ ਦੱਖਣ-ਪੱਛਮੀ ਓਂਟਾਰੀਓ ਦੀਆਂ ਸੜਕਾਂ ‘ਤੇ 1.1 ਬਿਲੀਅਨ ਡਾਲਰ ਮੁੱਲ ਦੀਆਂ ਵਸਤਾਂ ਦੀ ਆਵਾਜਾਈ ਹੁੰਦੀ ਹੈ।

ਸੂਬਾ ਸਰਕਾਰ ਦਾ ਕਹਿਣਾ ਹੈ ਕਿ ਉਹ ਕਿਸੇ ਟੱਕਰ ਤੋਂ ਬਾਅਦ ਖ਼ਰਾਬ ਗੱਡੀਆਂ ਚੁੱਕਣ ਵਾਲੀਆਂ ਟੋਅ ਕੰਪਨੀਆਂ ਅਤੇ ਬੀਮਾ ਕੰਪਨੀਆਂ ਸਮੇਤ ਕਾਨੂੰਨ ਲਾਗੂ ਕਰਨ ਵਾਲੇ ਅਦਾਰਿਆਂ ਨਾਲ ਮਿਲ ਕੇ ਕੰਮ ਕਰੇਗੀ, ਖ਼ਾਸ ਕਰ ਕੇ ਹੈਵੀ ਵਹੀਕਲਜ਼ ਦੇ ਮਾਮਲੇ ‘ਚ, ਤਾਂ ਕਿ ਸੜਕਾਂ ਨੂੰ ਛੇਤੀ ਤੋਂ ਛੇਤੀ ਆਵਾਜਾਈ ਯੋਗ ਬਣਾਇਆ ਜਾ ਸਕੇ।

ਇਸ ‘ਚ ਮੁਢਲਾ ਢਾਂਚਾ ਸੁਧਾਰਨ ਲਈ ਵਿੰਡਸਰ ਦੇ ਓਜਿਬਵੇ ਪਾਰਕਵੇ ‘ਤੇ ਨਵਾਂ ਓਵਰਪਾਸ ਬਣਾਉਣਾ ਸ਼ਾਮਲ ਹੈ, ਜੋ ਕਿ ਹਾਈਵੇ 401 ਨੂੰ ਇੱਕ ਯੋਜਨਾ ਅਧੀਨ ਕੌਮਾਂਤਰੀ ਲਾਂਘੇ ‘ਤੇ ਸਥਿਤ ਕੈਨੇਡਾ ਕਸਟਮਸ ਜਾਂਚ ਪਲਾਜ਼ਾ ਦੇ ਨਾਲ ਜੋੜੇਗਾ। ਸੂਬਾ ਸਰਕਾਰ ਉੱਤਰੀ ਕੈਂਬਰਿਜ ਅਤੇ ਦੱਖਣੀ ਆਨਰੂਟ ਸਹੂਲਤਾਂ ‘ਤੇ ਟਰੱਕਾਂ ਦੀ ਪਾਰਕਿੰਗ ਲਈ ਵਾਧੂ ਥਾਂ ਬਣਾਉਣ ਦੀ ਵੀ ਯੋਜਨਾ ਬਣਾ ਰਹੀ ਹੈ, ਜਾਂ ਫਿਰ ਹਾਈਵੇ 402 ‘ਤੇ ਸਾਰਨੀਆ ਨੇੜੇ ਸਥਿਤ ਸਾਬਕਾ ਜਾਂਚ ਸਟੇਸ਼ਨ ਨੂੰ ਵੀ ਟਰੱਕ ਖੜ੍ਹਾਉਣ ਦੀ ਥਾਂ ਵਜੋਂ ਪ੍ਰਯੋਗ ਕੀਤਾ ਜਾ ਸਕਦਾ ਹੈ।

ਮੁਢਲੇ ਢਾਂਚੇ ‘ਚ ਹੋਰ ਸੁਧਾਰਾਂ ‘ਚ ਏਸੈਕਸ ਅਤੇ ਲੀਮਿੰਗਟਨ ਵਿਚਕਾਰ ਹਾਈਵੇ 3 ਦੀਆਂ ਲੇਨਾਂ ਦੀ ਗਿਣਤੀ ਦੁੱਗਣੀ ਕਰਨਾ, ਮੋਰੀਸਟਨ ਦੁਆਲੇ ਇੱਕ ਬਾਈਪਾਸ, ਗੁਅਲਫ ‘ਚ ਹਾਈਵੇ 6 ਦੇ ਦੱਖਣੀ ਕਿਨਾਰੇ ਨੂੰ ਅਪਗਰੇਡ ਕਰਨਾ ਅਤੇ ਹਾਈਵੇ 401 ਨੂੰ ਖੇਤਰੀ ਸੜਕ 24 ਪੂਰਬਲੇ ਪਾਸੇ ਤੋਂ ਕੈਂਬਰਿਜ ‘ਚ ਟਾਊਨ ਰੋਡ ਤਕ ਚੌੜਾ ਕਰਨਾ ਸ਼ਾਮਲ ਹੈ।

ਕਿਚਨਰ ਅਤੇ ਗੁਅਲਫ ‘ਚ ਹਾਈਵੇ 401 ‘ਤੇ ਸਥਿਤ ਗਰੈਂਡ ਰਿਵਰ ਬ੍ਰਿਜਿਸ਼ ਨੂੰ ਬਦਲਣਾ ਅਤੇ ਕਿਚਨਰ ਅਤੇ ਗੁਅਲਫ ਵਿਚਕਾਰ ਇੱਕ ਨਵਾਂ ਹਾਈਵੇ 7 ਬਣਾਉਣ ਦੀ ਵੀ ਯੋਜਨਾ ਹੈ।

ਅਗਲੇਰੀ ਯੋਜਨਾਬੰਦੀ ਅਤੇ ਡਿਜ਼ਾਈਨ ਦੇ ਕੰਮ ‘ਚ ਸ਼ਾਮਲ ਹੋਵੇਗਾ ਲੰਦਨ ਤੋਂ ਟਿਲਬਰੀ ਵਿਚਕਾਰ ਹਾਈਵੇ 401 ਨੂੰ ਚੌੜਾ ਕਰ ਕੇ ਛੇ ਲੇਨ ਦਾ ਬਣਾਉਣਾ, ਜੋ ਕਿ ਕੰਕਰੀਟ ਮੀਡੀਅਨ ਬੈਰੀਅਰ ਨਾਲ ਮੁਕੰਮਲ ਬਣਿਆ ਹੋਵੇ।

ਇੱਕ ਹੋਰ ਪਹਿਲ ਮਨੁੱਖੀ ਤਸਕਰੀ ਵਿਰੁੱਧ ਜਾਗਰੂਕਤਾ ਫੈਲਾਉਣ ਬਾਰੇ ਵੀ ਹੋਵੇਗੀ, ਜਿਸ ‘ਚ ਕੈਨੇਡੀਅਨ ਹਿਊਮਨ ਟ੍ਰੈਫ਼ੀਕਿੰਗ ਹਾਟਲਾਈਨ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਸਮੱਗਰੀ ਦਾ ਪ੍ਰਯੋਗ ਕਰਨਾ ਸ਼ਾਮਲ ਹੋਵੇਗਾ।

ਪਹਿਲਾਂ ਐਲਾਨੇ ਗਏ ਜਿਨ੍ਹਾਂ ਕਦਮਾਂ ਨੂੰ ਯੋਜਨਾ ‘ਚ ਸ਼ਾਮਲ ਕੀਤਾ ਗਿਆ ਹੈ ਉਨ੍ਹਾਂ ‘ਚ ਲੋਂਗ-ਕੰਬੀਨੇਸ਼ਨ ਵਹੀਕਲ (ਐਲ.ਸੀ.ਵੀ.) ਪ੍ਰੋਗਰਾਮ ਦੀ ਅਪਡੇਟ ਸ਼ਾਮਲ ਹੈ।