ਪਿਊਰੋਲੇਟਰ ਨੇ ਟੋਰਾਂਟੋ ‘ਚ ਨਵੇਂ ਟਰਮੀਨਲ ਦਾ ਕੀਤਾ ਉਦਘਾਟਨ

Avatar photo
ਟੋਰਾਂਟੋ ਦੇ ਮੇਅਰ ਜੌਨ ਟੋਰੀ, ਖੱਬੇ ਪਾਸੇ, ਅਤੇ ਪਿਊਰੋਲੇਟਰ ਦੇ ਮੁਖੀ ਜੌਨ ਫ਼ਰਗਿਊਸਨ।

ਪਿਊਰੋਲੇਟਰ ਨੇ ਟੋਰਾਂਟੋ ‘ਚ ਆਪਣੇ ਨਵੇਂ ਸਟੇਟ ਆਫ਼ ਆਰਟ ਟਰਮੀਨਲ ਦਾ ਉਦਘਾਟਨ ਕਰ ਦਿੱਤਾ ਹੈ। ਇਹ ਕੰਪਨੀ ਦੇ ਵਿਸਤਾਰ ਦਾ ਹਿੱਸਾ ਹੋਵੇਗਾ ਜੋ ਕਿ ਉਸ ਨੂੰ ਛੁੱਟੀਆਂ ਦੇ ਇਸ ਮੌਸਮ ਦੌਰਾਨ 350 ਲੱਖ ਪੈਕੇਜ ਦੀ ਢੋਆ-ਢੁਆਈ ‘ਚ ਮੱਦਦ ਕਰੇਗਾ।

ਇਹ ਟਰਮੀਨਲ ਇਸ ਦੀਆਂ ਕੈਨੇਡਾ ‘ਚ ਪੰਜ ਨਵੀਆਂ ਫ਼ੈਸਿਲਿਟੀਜ਼ ‘ਚੋਂ ਪਹਿਲਾ ਹੈ, ਜੋ ਕਿ ਪਿਊਰੋਲੇਟਰ ਦੇ ਨੈਸ਼ਨਲ ਸੂਪਰ ਹੱਬ ਦਾ ਹਿੱਸਾ ਬਣੇਗਾ ਜਿਸ ਬਾਰੇ ਇਸ ਨੇ ਜੂਨ 2019 ‘ਚ ਐਲਾਨ ਕੀਤਾ ਸੀ ਅਤੇ 2021 ‘ਚ ਇਸ ਨੂੰ ਖੋਲ੍ਹਣ ਦੀ ਯੋਜਨਾ ਹੈ। ਕੰਪਨੀ ਆਪਣੇ ਵਿਸਤਾਰ ਦੇ ਅਗਲੇ ਪੜਾਅ ਬਾਰੇ 2020 ‘ਚ ਐਲਾਨ ਕਰੇਗੀ।

ਪਿਊਰੋਲੇਟਰ ਦੇ ਮੁਖੀ ਅਤੇ ਸੀ.ਈ.ਓ. ਜੌਨ ਫ਼ਰਗਿਊਸਨ, ਜੋ ਕਿ ਉਦਘਾਟਨ ਸਮੇਂ ਟੋਰਾਂਟੋ ਦੇ ਮੇਅਰ ਜੌਨ ਟੋਰੀ ਦੇ ਨਾਲ ਸਨ, ਅਨੁਸਾਰ ਇਸ ਵਿਸਤਾਰ ਨਾਲ ਸਮਰਥਾ, ਗਤੀ ਅਤੇ ਗ੍ਰਾਹਕਾਂ ਦੀ ਸਹੂਲਤ ‘ਚ ਵਾਧਾ ਹੋਵੇਗਾ ਅਤੇ ਕੰਪਨੀ ਨੂੰ ਭਵਿੱਖ ਦੇ ਵਿਕਾਸ ਲਈ ਵੀ ਮੱਦਦ ਮਿਲੇਗੀ।

ਟੋਰੀ ਇਸ ਬਾਰੇ ਵੀ ਉਤਸ਼ਾਹਤ ਸਨ ਕਿ ਨਵੀਂ ਫ਼ੈਸਿਲਿਟੀ 200 ਨਵੇਂ ਪੂਰਨਕਾਲਿਕ ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ, ਨਾਲ ਹੀ ਭਵਿੱਖ ‘ਚ ਹੋਰ ਵੀ ਅਜਿਹੇ ਮੌਕੇ ਜੁੜਨ ਦੀ ਉਮੀਦ ਹੈ। ਇਸ ਤੋਂ ਇਲਾਵਾ ਪਿਊਰੋਲੇਟਰ ਨੇ ਕਿਹਾ ਕਿ ਇਸ ਪੀਕ ਸੀਜ਼ਨ ਲਈ ਉਸ ਨੂੰ 1,000 ਨਵੇਂ ਮੁਲਾਜ਼ਮਾਂ ਦੀ ਜ਼ਰੂਰਤ ਪਵੇਗੀ।

ਟੋਰੀ ਨੇ ਕਿਹਾ, ”ਪਿਉਰੋਲੇਟਰ ਕੈਨੇਡਾ ਦੀ ਪ੍ਰਮੁੱਖ ਆਵਾਜਾਈ ਕੰਪਨੀ ਹੈ ਅਤੇ ਮੈਨੂੰ ਬੜੀ ਖ਼ੁਸ਼ੀ ਹੈ ਕਿ ਉਹ ਟੋਰਾਂਟੋ ‘ਚ ਨਿਵੇਸ਼ ਕਰ ਰਹੇ ਹਨ ਅਤੇ ਵਿਸਤਾਰ ਕਰ ਰਹੇ ਹਨ, ਜਿੱਥੇ ਇਨ੍ਹਾਂ ਲਗਭਗ 60 ਸਾਲ ਪਹਿਲਾਂ ਸ਼ੁਰੂਆਤ ਕੀਤੀ ਸੀ।”

ਇਹ ਐਲਾਨ ਕੰਪਨੀ ਦੇ 1 ਅਰਬ ਡਾਲਰ ਦੇ ‘ਡਲਿਵਰਿੰਗ ਦਾ ਫਿਊਚਰ’ ਨਾਂ ਦੀ ਵਿਕਾਸ ਅਤੇ ਖੋਜ ਯੋਜਨਾ ਦਾ ਹਿੱਸਾ ਹੈ, ਜਿਸ ‘ਚ ਨੈੱਟਵਰਕ ਅਤੇ ਫ਼ਲੀਟ ਵਿਸਤਾਰ ‘ਚ ਨਿਵੇਸ਼, ਨੌਕਰੀਆਂ ਪੈਦਾ ਕਰਨ ਅਤੇ ਗ੍ਰਾਹਕ ਪਹੁੰਚ ਬਿੰਦੂਆਂ ਤਕ ਪਹਿਲਾਂ ਕਦੀ ਨਹੀਂ ਵੇਖਿਆ ਗਿਆ ਵਾਧਾ ਸ਼ਾਮਲ ਹੈ।

ਪਿਊਰੋਲੇਟਰ ਨੇ ਕਿਹਾ ਕਿ ਉਹ ਆਪਣੇ ਗ੍ਰਾਹਕ ਪਹੁੰਚ ਬਿੰਦੂਆਂ ਨੂੰ ਕੈਨੇਡਾ ਦੇ 1,000 ਟਿਕਾਣਿਆਂ ਤਕ ਲੈ ਕੇ ਜਾਵੇਗਾ, ਜਿਸ ‘ਚ ਨਵੀਨਤਮ ਖੋਜਾਂ ਸ਼ਾਮਲ ਹੋਣਗੀਆਂ, ਜਿਵੇਂ ਕਿ ਕੈਨੇਡਾ ਦਾ ਪਹਿਲਾ ਸਵੈ-ਸੇਵਾ ਕੀਓਸਕ, ਪਾਰਸਲ ਲਾਕਰ ਅਤੇ ਟੋਰਾਂਟੋ ‘ਚ ਸਥਿਤ ਕੈਨੇਡਾ ਦੇ ਸੱਭ ਤੋਂ ਵੱਡੇ ਸ਼ਿਪਿੰਗ ਕੰਟੇਨਰ ਮਾਰਕੀਟ ਸਟੈਕਟ ਨਾਲ ਸਾਂਝੇਦਾਰੀ। ਪਿਉਰੋਲੇਟਰ ਕੈਨੇਡੀਅਨ ਟਾਇਰ ਨਾਲ ਵੀ 18 ਕੈਨੇਡੀਅਨ ਟਾਇਰ ਲੋਕੇਸ਼ਨਜ਼ ‘ਤੇ ਮੋਬਾਈਲ ਕੁਇਕ ਸਟਾਪ ਟਰੱਕ ਸਥਾਪਤ ਕਰਨ ਲਈ ਸਾਂਝੇਦਾਰੀ ਕਰ ਰਿਹਾ ਹੈ ਤਾਂ ਕਿ ਗ੍ਰਾਹਕਾਂ, ਆਨਲਾਈਨ ਰਿਟੇਲਰਾਂ ਅਤੇ ਕਾਰੋਬਾਰਾਂ ਨੂੰ ਪੈਕੇਜ ਦੀ ਸ਼ਿਪਿੰਗ ਅਤੇ ਚੁੱਕਣ ਦੌਰਾਨ ਬਿਹਤਰੀਨ ਸਹੂਲਤ ਅਤੇ ਗ੍ਰਾਹਕ ਸੇਵਾ ਮਿਲੇ।

ਪਿਛਲੇ ਸਾਲ, ਓਂਟਾਰੀਓ ਨੂੰ ਆਉਣ ਵਾਲਾ ਸਾਮਾਨ ਪਿਉਰੋਲੇਟਰ ਦੇ ਕੈਨੇਡੀਅਨ ਕਾਰੋਬਾਰ ਦਾ 38% ਹਿੱਸਾ ਸੀ – ਜਿਸ ‘ਚੋਂ ਲਗਭਗ ਅੱਧਾ (46%) ਜੀ.ਟੀ.ਏ. ਵਿੱਚ ਡਿਲੀਵਰ ਕੀਤਾ ਗਿਆ, ਜਿੱਥੇ ਕੰਪਨੀ ਦੇ 4,000 ਮੁਲਾਜ਼ਮ, 1,400 ਗੱਡੀਆਂ ਅਤੇ 13 ਟਰਮੀਨਲ ਹਨ।