ਬ੍ਰੇਕ ਸੇਫ਼ਟੀ ਵੀਕ ਦੌਰਾਨ ਹੋਜ਼, ਟਿਊਬਿੰਗ ’ਤੇ ਰਹੇਗਾ ਵਿਸ਼ੇਸ਼ ਧਿਆਨ

ਉੱਤਰੀ ਅਮਰੀਕਾ ’ਚ ਗੱਡੀਆਂ ਦੇ ਸੇਵਾ ਤੋਂ ਬਾਹਰ ਜਾਣ ਦਾ ਮੁੱਖ ਕਾਰਨ ਲਗਾਤਾਰ ਬ੍ਰੇਕਾਂ ਬਣੀਆਂ ਹੋਈਆਂ ਹਨ, ਅਤੇ ਇੱਕ ਵਾਰੀ ਫਿਰ ਸਮਰਪਿਤ ਇਨਫ਼ੋਰਸਮੈਂਟ ਅਤੇ ਸਿੱਖਿਆ ਬਲਿਟਜ਼ ਦੌਰਾਨ ਇਹ ਨਿਸ਼ਾਨੇ ’ਤੇ ਰਹਿਣਗੀਆਂ।

ਕਮਰਸ਼ੀਅਲ ਵਹੀਕਲ ਸੇਫ਼ਟੀ ਅਲਾਇੰਸ (ਸੀ.ਵੀ.ਐਸ.ਏ.) 21-27 ਅਗਸਤ ਦੌਰਾਨ ਬ੍ਰੇਕ ਸੁਰੱਖਿਆ ਹਫ਼ਤਾ ਮਨਾਏਗਾ, ਜਿਸ ਦੌਰਾਨ ਧਿਆਨ ਦਾ ਮੁੱਖ ਕੇਂਦਰ ਘਸੀਆਂ ਹੋਜ਼ਾਂ ਅਤੇ ਟਿਊਬਿੰਗ ’ਤੇ ਰਹੇਗਾ।

ਸਾਊਥ ਡਕੋਟਾ ਹਾਈਵੇ ਪੈਟਰੋਲ ਨਾਲ ਕੈਪਟਨ ਅਤੇ ਸੀ.ਵੀ.ਐਸ.ਏ. ਦੇ ਪ੍ਰੈਜ਼ੀਡੈਂਟ ਜੌਨ ਬਰੋਅਰਸ ਨੇ ਕਿਹਾ, ‘‘ਬ੍ਰੇਕ ਸਿਸਟਮ ਦੀ ਸਾਂਭ-ਸੰਭਾਲ ਚੰਗੀ ਤਰ੍ਹਾਂ ਨਾ ਕਰਨਾ ਬ੍ਰੇਕਿੰਗ ਸਮਰੱਥਾ ਨੂੰ ਘੱਟ ਕਰ ਸਕਦਾ ਹੈ ਅਤੇ ਵੱਡੇ ਟਰੱਕਾਂ ਤੇ ਮੋਟਰ ਕੋਚਾਂ ਦੇ ਰੁਕਣ ਦੀ ਦੂਰੀ ਨੂੰ ਵਧਾ ਸਕਦਾ ਹੈ, ਜੋ ਕਿ ਡਰਾਈਵਰ ਅਤੇ ਜਨਤਾ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਹੈ। ਇਨ੍ਹਾਂ ਹੰਗਾਮੀ ਸਥਿਤੀਆਂ ’ਚ ਵੱਡੀਆਂ ਕਮਰਸ਼ੀਅਲ ਮੋਟਰ ਗੱਡੀਆਂ ’ਤੇ ਬ੍ਰੇਕ ਸਿਸਟਮ ਦਾ ਦਰੁਸਤ ਰਹਿਣਾ ਬਹੁਤ ਮਹੱਤਵਪੂਰਨ ਹੁੰਦਾ ਹੈ।’’

air brake gladhands
(ਫ਼ਾਈਲ ਫ਼ੋਟੋ : ਜਿਮ ਪਾਰਕ)

2021 ’ਚ ਬ੍ਰੇਕ ਸੇਫ਼ਟੀ ਵੀਕ ਦੌਰਾਨ ਕੈਨੇਡੀਅਨ ਇੰਸਪੈਕਟਰਾਂ ਨੇ 1,903 ਕਮਰਸ਼ੀਅਲ ਗੱਡੀਆਂ ਦੀ ਜਾਂਚ ਕੀਤੀ, ਜਿਸ ਦੌਰਾਨ ਸੇਵਾ ਤੋਂ ਬਾਹਰ ਕਰ ਦਿੱਤੀਆਂ ਗੱਡੀਆਂ ਦੀ ਦਰ 15.4% ਰਹੀ – ਜੋ ਕਿ ਅਮਰੀਕਾ ’ਚ ਦਰਜ 13.5% ਤੋਂ ਥੋੜ੍ਹੀ ਜ਼ਿਆਦਾ ਹੈ। ਪੂਰੇ ਉੱਤਰੀ ਅਮਰੀਕਾ ’ਚ 35,764 ਗੱਡੀਆਂ ਦੀ ਜਾਂਚ ਕੀਤੀ ਗਈ ਸੀ, ਅਤੇ ਚੈਫ਼ਿੰਗ ਬ੍ਰੇਕ ਹੌਜ਼ ਨਾਲ ਸੰਬੰਧਤ 5,667 ਉਲੰਘਣਾਵਾਂ ਦਰਜ ਕੀਤੀਆਂ ਗਈਆਂ ਸਨ, ਭਾਵੇਂ ਗੱਡੀਆਂ ਨੂੰ ਸੇਵਾ ਤੋਂ ਬਾਹਰ ਨਾ ਵੀ ਕੀਤਾ ਗਿਆ ਹੋਵੇ।

ਕੈਨੇਡਾ ’ਚ ਹਫ਼ਤੇ ਦੌਰਾਨ ਚੈਫ਼ਿੰਗ ਨਾਲ ਸੰਬੰਧਤ 168 ਉਲੰਘਣਾਵਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ’ਚ ਸ਼ਾਮਲ ਹਨ:

– ਬਾਹਰੀ ਸੁਰੱਖਿਆਤਮਕ ਪਦਾਰਥ ਤੱਕ ਪਹੁੰਚਿਆ ਘਿਸਾਅ, ਜਿੱਥੇ ਲਾਗੂ ਹੋਵੇ – 39%

– ਬਾਹਰੀ ਸੁਰੱਖਿਆਤਮਕ ਪਦਾਰਥ ਤੱਕ ਪਹੁੰਚਿਆ ਘਿਸਾਅ, ਬਾਹਰੀ ਰਬੜ ਕਵਰ ਤੱਕ – 24%

– ਮਜ਼ਬੂਤੀਕਰਨ ਪਲਾਈ ਤੱਕ ਪਹੁੰਚਿਆ ਘਿਸਾਅ, ਪਰ ਪਲਾਈ ਨੂੰ ਕੋਈ ਨੁਕਸਾਨ ਨਹੀਂ – 19%

– ਮਜ਼ਬੂਤੀਕਰਨ ਪਲਾਈ ਦਾ ਦਿਸਣਾ ਅਤੇ ਪਲਾਈ ਦਾ ਪੂਰੀ ਤਰ੍ਹਾਂ ਘਸ ਜਾਣਾ, ਫਟਣਾ ਜਾਂ ਕਟਣਾ – 8%

– ਘਿਸਾਅ ਦਾ ਮਜ਼ਬੂਤੀਕਰਨ ਪਲਾਈ ਤੋਂ ਲੰਘ ਕੇ ਅੰਦਰੂਨੀ ਰਬੜ ਤੱਕ ਪਹੁੰਚਣਾ – 9%

2022 ਬ੍ਰੇਕ ਸੁਰੱਖਿਆ ਹਫ਼ਤੇ ਦੌਰਾਨ ਇੰਸਪੈਕਟਰ, ਕੰਮ ਨਹੀਂ ਕਰ ਰਹੇ, ਢਿੱਲੇ, ਗੰਦੇ ਜਾਂ ਟੁੱਟੇ ਹੋਏ ਬ੍ਰੇਕ ਸਿਸਟਮ ਦੇ ਪੁਰਜ਼ਿਆਂ; ‘ਗ਼ੈਰ-ਨਿਰਮਿਤ’ ਮੋਰੀਆਂ, ਜਿਵੇਂ ਰੇਤ ਜਾਂ ਰਗੜ ਕਰਕੇ ਬਣੀਆਂ ਮੋਰੀਆਂ, ਅਤੇ ਪਾਰਕਿੰਗ ਬ੍ਰੇਕਾਂ ’ਚ ਟੁੱਟੇ ਸਪਰਿੰਗਾਂ ਦਾ ਧਿਆਨ ਰੱਖਣਗੇ।

ਗੱਡੀ ’ਚੋਂ ਆਉਂਦੀਆਂ ਆਵਾਜ਼ਾਂ ਵੀ ਓਨਾ ਹੀ ਮਹੱਤਵਪੂਰਨ ਹਨ ਕਿਉਂਕਿ ਉਹ ਕਿਸੇ ਵੀ ਲੀਕ ਦੀ ਆਉਂਦੀ ਆਵਾਜ਼ ਦਾ ਧਿਆਨ ਰੱਖਣਗੇ ਅਤੇ ਇਹ ਯਕੀਨੀ ਕਰਨਗੇ ਕਿ ਏਅਰ ਸਿਸਟਮ 90-100 ਪੀ.ਐਸ.ਆਈ. ਦਾ ਦਬਾਅ ਕਾਇਮ ਰੱਖੇ। ਕੈਬ ’ਚ, ਧਿਆਨ ਬ੍ਰੇਕ-ਸੰਬੰਧਤ ਅਤੇ ਘੱਟ ਹਵਾ ਦੇ ਦਬਾਅ ਬਾਰੇ ਚੇਤਾਵਨੀ ਉਪਕਰਨਾਂ ’ਤੇ ਰਹੇਗਾ।

ਚਾਕ ਅਤੇ ਰੂਲਰ ਦਾ ਪ੍ਰਯੋਗ ਪੁਸ਼ਰੋਡ ਟਰੈਵਲ ਨੂੰ ਮਾਪਣ ਲਈ ਅਤੇ ਇਹ ਵੇਖਣ ਲਈ ਕੀਤਾ ਜਾਵੇਗਾ ਕਿ ਸਲੈਕ ਐਡਜਸਟਰ ਐਸ-ਕੈਮ ਤੋਂ ਕਲੈਵਿਸ ਪਿੰਨ ਦੇ ਕੇਂਦਰ ਤੱਕ ਇੱਕੋ ਜਿਹੀ ਦੂਰੀ ’ਤੇ ਹਨ। ਇੰਸਪੈਕਟਰ ਇਹ ਯਕੀਨੀ ਕਰਨ ਲਈ ਧਿਆਨ ਦੇਣਗੇ ਕਿ ਹਰ ਐਕਸਲ ਦੇ ਏਅਰ ਚੈਂਬਰ ਵੀ ਇੱਕੋ ਆਕਾਰ ਦੇ ਹਨ।

ਟਰੇਲਰ ਦੀ ਗੱਲ ਕਰੀਏ ਤਾਂ ਬ੍ਰੇਕਅਵੇ ਸਿਸਟਮ ਅਤੇ ਟਰੈਕਟਰ ਸੁਰੱਖਿਆ ਸਿਸਟਮ ਚਾਲੂ ਹੋਣ ਦੀ ਹਾਲਤ ’ਚ ਹੋਣਾ ਚਾਹੀਦਾ ਹੈ, ਅਤੇ ਨਾਲ ਹੀ ਟਰੇਲਰ ’ਤੇ ਬਲੀਡ-ਬੈਕ ਸਿਸਟਮ ਵੀ।

ਮਈ 17-19 ਦੌਰਾਨ ਕੌਮਾਂਤਰੀ ਰੋਡਚੈੱਕ ਇੰਸਪੈਕਸ਼ਨ ਬਲਿਟਜ਼ ਦੌਰਾਨ ਬ੍ਰੇਕਾਂ ਕਰਕੇ ਹੀ 38.9% ਗੱਡੀਆਂ ਨੂੰ ਸੇਵਾ ਤੋਂ ਬਾਹਰ ਕਰ ਦਿੱਤਾ ਗਿਆ ਸੀ।