ਹਮਬੋਲਟਡ ਟੱਕਰ ‘ਚ ਸ਼ਾਮਲ ਡਰਾਈਵਰ ਨੇ ਸਾਰੇ ਦੋਸ਼ ਸਵੀਕਾਰੇ

Avatar photo

ਹਮਬੋਲਟਡ ਬਰੋਨਕੋਸ ਬੱਸ ਟੱਕਰ ‘ਚ ਸ਼ਾਮਲ ਸੈਮੀ-ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ, ਨੇ ਆਪਣੇ ਵਿਰੁਧ ਲੱਗੇ ਸਾਰੇ 29 ਦੋਸ਼ ਕਬੂਲ ਕਰ ਲਏ ਹਨ |

29 ਸਾਲਾਂ ਦੇ ਸਿੱਧੂ ‘ਤੇ 16 ਦੋਸ਼ ਖ਼ਤਰਨਾਕ ਡਰਾਈਵਿੰਗ ਕਰਨ ਕਰ ਕੇ ਮੌਤ ਅਤੇ 13 ਦੋਸ਼ ਖ਼ਤਰਨਾਕ ਡਰਾਈਵਿੰਗ ਕਰ ਕੇ ਜ਼ਖ਼ਮੀ ਕਰਨ ਦੇ ਸਨ |

ਮੀਡੀਆ ਦੀ ਰੀਪੋਰਟ ਅਨੁਸਾਰ ਸਜ਼ਾ ਸੁਣਾਉਣ ‘ਚ ਕੁੱਝ ਦਿਨ ਹੋਰ ਲੱਗ ਸਕਦੇ ਹਨ, ਅਤੇ ਕੇਸ ਨੂੰ 28 ਜਨਵਰੀ ਤਕ ਮੁਲਤਵੀ ਕਰ ਦਿੱਤਾ ਗਿਆ ਸੀ |

ਮੈਕਅਲਹੇਨੀ ਕੰਸਲਟੈਂਸੀ ਸਰਵੀਸਿਜ਼ ਵੱਲੋਂ ਕੀਤੇ ਅਧਿਐਨ ਦੇ ਜਾਰੀ ਹੋਣ ਤੋਂ ਬਾਅਦ, ਕੇਸ ਦੇ ਜੱਜ ਨੇ ਸਿੱਧੂ ਅਤੇ ਉਸ ਦੇ ਵਕੀਲ ਨੂੰ ਅਪੀਲ ਦਾਇਰ ਕਰਨ ਲਈ ਹੋਰ ਸਮਾਂ ਦੇ ਦਿੱਤਾ ਸੀ | ਅਧਿਐਨ ‘ਚ ਉਸ ਚੁਰਸਤੇ ‘ਤੇ ਸੁਰੱਖਿਆ ਬਿਹਤਰ ਬਣਾਉਣ ਦੇ 13 ਉਪਾਅ ਦੱਸੇ ਗਏ ਸਨ, ਜਿੱਥੇ ਕਿ ਹਾਦਸਾ ਵਾਪਰਿਆ ਸੀ |

ਕੈਲਗਰੀ ਦੇ ਵਾਸੀ ਸਿੱਧੂ ਨੂੰ 6 ਜੁਲਾਈ ਨੂੰ ਉਸ ਦੇ ਘਰ ਤੋਂ ਗਿ੍ਫ਼ਤਾਰ ਕੀਤਾ ਗਿਆ ਸੀ | ਉਹ ਕੈਲਗਰੀ ਕੈਰੀਅਰ ਆਦੇਸ਼ ਦਿਓਲ ਟਰੱਕਿੰਗ ਦੇ ਡਰਾਈਵਰ ਦਾ ਕੰਮ ਕਰਦਾ ਸੀ, ਜਿਸ ਦੇ ਮਾਲਕ ਸੁਖਮੰਦਰ ਸਿੰਘ ‘ਤੇ ਫੈਡਰਲ ਅਤੇ ਸੂਬਾਈ ਸੁਰੱਖਿਆ ਕਾਨੂੰਨਾਂ ਦੀ ਪਾਲਣਾ ਨਾ ਕਰਨ ਦੇ ਅੱਠ ਦੋਸ਼ ਹਨ |

ਸਿੱਧੂ ਨੂੰ ਖ਼ਤਰਨਾਕ ਡਰਾਈਵਿੰਗ ਕਰ ਕੇ ਮੌਤ ਹੋਣ ਦੇ ਜੁਰਮ ਲਈ ਵੱਧ ਤੋਂ ਵੱਧ 14 ਸਾਲਾਂ ਦੀ ਕੈਦ ਹੋ ਸਕਦੀ ਹੈ, ਅਤੇ ਖ਼ਤਰਨਾਕ ਡਰਾਈਵਿੰਗ ਕਰ ਕੇ ਜ਼ਖ਼ਮੀ ਕਰਨ ਦੇ ਜੁਰਮ ‘ਚ 10 ਸਾਲ ਦੀ ਕੈਦ ਹੋ ਸਕਦੀ ਹੈ |

ਟੱਕਰ ਵਾਲੀ ਥਾਂ ਦੀ ਜਾਂਚ

ਮੈਕਅਲਹੇਨੀ ਅਧਿਐਨ ‘ਚ ਟਰੈਕਟਰ-ਟਰੇਲਰ ਅਤੇ ਹਮਬੋਲਟਡ ਬਰੋਨਕੋਸ ਟੀਮ ਬੱਸ ਦੀ ਟੱਕਰ ਵਾਲੇ ਚੁਰਸਤੇ ‘ਤੇ ਕਈ ਸੁਰੱਖਿਆ ਸੁਧਾਰ ਕਰਨ ਦੀ ਸਲਾਹ ਦਿੱਤੀ ਗਈ ਹੈ | ਸਸਕੈਚਵਨ ਸਰਕਾਰ ਦੀ ਇਨਾਂ ਸਾਰੇ ਸੁਧਾਰਾਂ ਨੂੰ ਮੁਕੰਮਲ ਕਰਨ ਦੀ ਯੋਜਨਾ ਹੈ |

ਮੈਕਅਲਹੇਨੀ ਨੇ ਸਸਕੈਚਵਨ ਸਰਕਾਰ ਲਈ 70 ਪੰਨਿਆਂ ਦੀ ਸਮੀਖਿਆ ਕੀਤੀ ਸੀ | ਇਸ ਅਧਿਐਨ ਦਾ ਮੰਤਵ ਚੁਰਸਤੇ ਦੇ ਭੂਗੋਲਿਕ, ਟੱਕਰ, ਆਵਾਜਾਈ, ਅਤੇ ਇਨਸਾਨੀ ਗ਼ਲਤੀ ਦੀ ਸਮੀਖਿਆ ਕਰਨਾ ਸੀ |

ਅਧਿਐਨ ‘ਚੋਂ, 13 ਸਿਫ਼ਾਰਸ਼ਾਂ ਹਾਈਵੇ 35 ਅਤੇ 335 ਚੁਰਸਤੇ ਵਿਖੇ ਸੁਰੱਖਿਆ ਬਿਹਤਰ ਕਰਨ ਦੀਆਂ ਕੀਤੀਆਂ ਗਈਆਂ ਸਨ, ਜਿਨਾਂ ‘ਚ ਰਸਤੇ ਦੇ ਦਿ੍ਸ਼ ‘ਚ ਰੁਕਾਵਟਾਂ ਹਟਾਉਣ ਦੀ ਜ਼ਰੂਰਤ ਦੱਸੀ ਗਈ ਹੈ |