ਹਾਈਡਰਾ ਐਨਰਜੀ ਨੇ ਹਾਈਡ੍ਰੋਜਨ ਨੂੰ ਹੱਲਾਸ਼ੇਰੀ ਦੇਣ ਲਈ ਪ੍ਰੋਵਿੰਸ਼ੀਅਲ ਬਜਟ ਪਹਿਲਾਂ ਦਾ ਸਵਾਗਤ ਕੀਤਾ

Avatar photo

ਹਾਈਡਰਾ ਐਨਰਜੀ ਬੀ.ਸੀ. ਪ੍ਰੋਵਿੰਸ ਦੇ ਬਜਟ ’ਚ ਇਸ ਐਲਾਨ ਦਾ ਸਵਾਗਤ ਕਰ ਰਹੀ ਹੈ ਕਿ ਆਵਾਜਾਈ ’ਚ ਮੋਟਰ ਫ਼ਿਊਲ ਟੈਕਸ ਛੋਟ ਹੇਠ ਹਾਈਡ੍ਰੋਜਨ ਦੇ ਅਮਲ ਵੀ ਸ਼ਾਮਲ ਹੋਣਗੇ।

ਕੰਪਨੀ ਨੇ ਕਿਹਾ ਕਿ ਇਸ ਕਦਮ ਨਾਲ ਉਸ ਦੇ ਹਾਈਡ੍ਰੋਜਨ ਅਤੇ ਰੈਟਰੋਫ਼ਿੱਟ ਸਿਸਟਮਾਂ ਦੇ ਪ੍ਰਯੋਗ ਨੂੰ ਹੱਲਾਸ਼ੇਰੀ ਮਿਲੇਗੀ।

(ਤਸਵੀਰ: ਹਾਈਡਰਾ ਐਨਰਜੀ)

ਹਾਈਡਰਾ ਨੇ ਕਿਹਾ, ‘‘ਹਾਈਡ੍ਰੋਜਨ ਤਕਨਾਲੋਜੀਆਂ ਦੇ ਵਿਕਾਸ ’ਚ ਬਿ੍ਰਟਿਸ਼ ਕੋਲੰਬੀਆ ਕੌਮਾਂਤਰੀ ਲੀਡਰ ਰਿਹਾ ਹੈ। ਪਹਿਲਾਂ ਇਹ ਹਾਈਡ੍ਰੋਜਨ ਫ਼ਿਊਲ ਸੈੱਲਾਂ ਦੇ ਵਿਕਾਸ ’ਤੇ ਕੇਂਦਰਤ ਸੀ, ਪਰ ਐਚ.ਆਈ.ਸੀ.ਈ. (ਹਾਈਡ੍ਰੋਜਨ ਇੰਟਰਨਲ ਕੰਬਸਸ਼ਨ ਇੰਜਣ) ਵਰਗੇ ਹੋਰ ਅਮਲਾਂ ਦੇ ਵਾਧੇ ਨਾਲ ਇਸ ਤਕਨਾਲੋਜੀ ਦਾ ਹਮਾਇਤੀ ਕਾਨੂੰਨ ਵੇਖ ਕੇ ਉਤਸ਼ਾਹ ਮਿਲਦਾ ਹੈ। ਪ੍ਰੋਵਿੰਸ਼ ਦੇ ਪੱਧਰ ’ਤੇ ਅਤੇ ਫ਼ੈਡਰਲ ਪੱਧਰ ’ਤੇ ਮਿੱਥੇ ਗਏ ਵੱਡੇ ਟੀਚਿਆਂ ਨੂੰ ਸਰ ਕਰਨ ਲਈ ਕਈ ਤਰ੍ਹਾਂ ਦੇ ਹੱਲ ਲੱਭਣੇ ਹੋਣਗੇ। ਇਸ ਤਰ੍ਹਾਂ ਦੇ ਇੱਕਸਮਾਨ ਮੌਕੇ ਮੁਹੱਈਆ ਕਰਵਾ ਕੇ ਹਾਈਡਰਾ ਦੇ ਹਾਈਡਰੋਜਨ-ਡੀਜ਼ਲ ਕੰਬਸਸ਼ਨ ਰੈਟਰੋਫ਼ਿੱਟ ਨੂੰ ਮੌਜੂਦਾ ਫ਼ਲੀਟਸ ਵੱਲੋਂ ਤੇਜ਼ ਗਤੀ ਨਾਲ ਅਪਣਾਇਆ ਜਾ ਸਕੇਗਾ।’’

ਬਜਟ ’ਚ ਅਗਲੇ ਦੋ ਸਾਲਾਂ ਦੌਰਾਨ ਹੈਵੀ-ਡਿਊਟੀ ਵਹੀਕਲ ਐਫ਼ੀਸ਼ੀਐਂਸੀ ਪ੍ਰੋਗਰਾਮ ਨੂੰ ਚਾਲੂ ਰੱਖਣ ਲਈ 5 ਮਿਲੀਅਨ ਡਾਲਰ ਵੀ ਵੰਡੇ ਗਏ ਹਨ, ਜਿਸ ਨਾਲ ਹੈਵੀ ਟਰੱਕਾਂ ’ਤੇ ਫ਼ਿਊਲ ਦੀ ਬਚਨ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਲਾਉਣ ਲਈ ਵਿੱਤੀ ਮੱਦਦ ਦੇਣਾ ਸ਼ਾਮਲ ਹੈ।

ਹਾਈਡਰਾ ਨੇ ਕਿਹਾ, ‘‘ਹਾਈਡ੍ਰੋਜਨ ਲਈ ਐਮ.ਐਫ਼.ਟੀ. ਛੋਟ ਨੂੰ ਅਪਡੇਟ ਕਰਨ ਨਾਲ, ਬੀ.ਸੀ. ਸਰਕਾਰ ਸੰਕੇਤ ਦੇ ਰਹੀ ਹੈ ਕਿ ਉਨ੍ਹਾਂ ਸਾਰੇ ਸਵੱਛ ਤਕਨਾਲੋਜੀ ਹੱਲਾਂ ਦਾ ਸਵਾਗਤ ਹੈ ਜੋ ਕਿ ਪ੍ਰੋਵਿੰਸ ਨੂੰ ਕਲੀਨ ਬੀ.ਸੀ. ਯੋਜਨਾ ਦੇ ਟੀਚਿਆਂ ਨੂੰ ਹਾਸਲ ਕਰਨ ’ਚ ਮੱਦਦ ਦੇ ਸਕਦੇ ਹਨ, ਜਿਨ੍ਹਾਂ ’ਚ ਹਾਈਡ੍ਰੋਜਨ ਫ਼ਿਊਲ ਸੈੱਲ, ਹਾਈਡ੍ਰੋਜਨ ਕੰਬਸਸ਼ਨ ਜਾਂ ਕੋਈ ਵੀ ਹੋਰ ਘੱਟ ਕਾਰਬਨ ਹਾਈਡ੍ਰੋਜਨ ਤਕਨਾਲੋਜੀਆਂ ਸ਼ਾਮਲ ਹੈ ਜੋ ਕਿ ਭਵਿੱਖ ’ਚ ਉੱਭਰ ਸਕਦੀਆਂ ਹਨ।’’