ਡਰਾਈਵਰ ਇੰਕ. ਪ੍ਰਕਿਰਿਆ ਦਾ ਖਾਤਮਾ ਕਰਨ ਲਈ ਵਚਨਬੱਧ ਹੈ ਸਰਕਾਰ

Avatar photo

ਫੈਡਰਲ ਸਰਕਾਰ ਮਾਲਕਾਂ ਨੂੰ ਆਪਣੇ ਮੁਲਾਜ਼ਮਾਂ ਨਾਲ ਅਜਿਹੇ ਗ਼ਲਤ ਤਰੀਕੇ ਨਾਲ ਸ਼੍ਰੇਣੀਬੱਧ ਕਰਨ ਤੋਂ ਰੋਕਣ ਲਈ ਕਦਮ ਚੁੱਕ ਰਹੀ ਹੈ ਜਿਸ ਨਾਲ ਉਨ੍ਹਾਂ ਨੂੰ ਮੁਲਾਜ਼ਮਾਂ ਦੀ ਤਨਖ਼ਾਹ ‘ਚ ਕਮੀ ਜਾਂ ਹੋਰ ਕਿਰਤ ਜ਼ਿੰਮੇਵਾਰੀਆਂ ਤੋਂ ਬਚਣ ਦਾ ਮੌਕਾ ਮਿਲ ਜਾਂਦਾ ਹੈ – ਇਸ ਪ੍ਰਕਿਰਿਆ ਨੂੰ ਟਰੱਕਿੰਗ ਇੰਡਸਟਰੀ ‘ਚ ਡਰਾਈਵਰ ਇੰਕ. ਵਜੋਂ ਜਾਣਿਆ ਜਾਂਦਾ ਹੈ |

ਕੈਨੇਡੀਅਨ ਲੇਬਰ ਕੋਡ ਜੋ ਕਿ 60ਵਿਆਂ ਦੇ ਅੱਧ ਤੋਂ ਬਾਅਦ ਕਦੇ ਸੋਧਿਆ ਨਹੀਂ ਗਿਆ, ਵਿੱਚ ਹੋਰ ਤਜ਼ਵੀਜ਼ਤ ਸੋਧਾਂ ਲਿਆਉਣ ਦੀ ਵਚਨਬੱਧਤਾ ਪ੍ਰਗਟਾਈ ਗਈ ਹੈ |

ਰੁਜ਼ਗਾਰ ਬਾਰੇ ਫੈਡਰਲ ਮੰਤਰੀ ਪੈਟੀ ਹਾਇਡੂ ਨੇ ਟਰੱਕਿੰਗ ਇੰਡਸਟਰੀ ਬਾਰੇ ਬਿਆਨ ਜਾਰੀ ਕਰਦਿਆਂ ਕਿਹਾ ਕਿ ”ਵਿਸ਼ੇਸ਼ ਕਰ ਕੇ ਟਰੱਕਿੰਗ ‘ਚ ਅਸੀਂ ਮਾਲਕਾਂ ਅਤੇ ਮੁਲਾਜ਼ਮਾਂ ਦੋਹਾਂ ਗਰੁੱਪਾਂ ਕੋਲੋਂ ਸੁਣਿਆ ਹੈ ਕਿ ਗ਼ਲਤ ਸ਼੍ਰੇਣੀਬੱਧਤਾ ਵੱਡੀ ਚੁਨੌਤੀ ਹੈ ਅਤੇ ਇਸ ਨਾਲ ਅਸੰਤੁਲਨ ਅਤੇ ਗ਼ੈਰਬਰਾਬਰੀ ਦੀ ਭਾਵਨਾ ਪੈਦਾ ਹੁੰਦੀ ਹੈ |”

ਉਨ੍ਹਾਂ ਕਿਹਾ, ”ਸਾਡੀ ਕੋਸ਼ਿਸ਼ ਬਰਾਬਰ ਦੇ ਮੌਕੇ ਪੈਦਾ ਕਰਨ ਦੀ ਹੈ |”

ਹਾਇਡੂ ਨੇ ਵਿਸਥਾਰ ਕਰਦਿਆਂ ਕਿਹਾ ਕਿ ”ਬਹੁਤੇ ਕੰਪਨੀ ਮਾਲਕ ਇਸ ਨੂੰ ਨਾਪਸੰਦ ਕਰਦੇ ਸਨ ਕਿਉਾਕਿ ਇਸ ਨਾਲ ਅਸਲ ‘ਚ ਅਜਿਹੇ ਹੋਰ ਮਾਲਕਾਂ ਨੂੰ ਮੁਕਾਬਲੇ ‘ਚ ਫ਼ਾਇਦਾ ਮਿਲ ਰਿਹਾ ਸੀ ਜੋ ਲੋਕਾਂ ਨੂੰ ‘ਸਵੈ-ਰੁਜ਼ਗਾਰ ਪ੍ਰਾਪਤ’ ਵਜੋਂ ਗ਼ਲਤ ਤਰੀਕੇ ਨਾਲ ਸ਼੍ਰੇਣੀਬੱਧ ਕਰਦੇ ਸਨ |” ਦੂਜੇ ਪਾਸੇ, ਜਦੋਂ ਮੁਲਾਜ਼ਮਾਂ ਨੂੰ ਸਵੈ-ਰੁਜ਼ਗਾਰ ਪ੍ਰਾਪਤੀ ਦੀ ਲਾਗਤ ਭਰਨੀ ਪਈ ਤਾਂ ਉਨ੍ਹਾਂ ਨੂੰ ਪਤਾ ਲੱਗਣ ਲੱਗ ਪਿਆ ਕਿ ਅਸਲ ‘ਚ ਉਨ੍ਹਾਂ ਨੂੰ ਮੁਲਾਜ਼ਮ ਹੋਣ ਦੇ ਲਾਭਾਂ ਤੋਂ ਵਾਂਝਾਂ ਰੱਖਿਆ ਜਾ ਰਿਹਾ ਹੈ | ਪਹਿਲਾਂ ਉਹ ਸੋਚਦੇ ਸਨ ਕਿ ਇਸ ਢਾਂਚੇ ਦੇ ਉਨ੍ਹਾਂ ਨੂੰ ਕੁੱਝ ਲਾਭ ਹਨ |

ਉਨ੍ਹਾਂ ਇਹ ਟਿੱਪਣੀਆਂ ਟਰੀਲੀਅਮ ਰੋਡਵੇਜ਼ ਦੇ ਮਿਸੀਸਾਗਾ ਦਫ਼ਤਰ ‘ਚ ਕੀਤੀਆਂ, ਜੋ ਕਿ ਖੁੱਲ੍ਹ੍ਹੇ ਤੌਰ ‘ਤੇ ਮੰਨਦੀ ਹੈ ਕਿ ਉਸ ਨੇ ਆਪਣੇ 96 ਡਰਾਈਵਰਾਂ ‘ਚੋਂ ਅੱਧਿਆਂ ਨੂੰ ਹੀ ਮੁਲਾਜ਼ਮ ਵਜੋਂ ਰੱਖਿਆ ਹੋਇਆ ਹੈ |

ਟਰੀਲੀਅਮ ਮੁਖੀ ਜਸ੍ਰਪੀਤ ਸਮਰਾ ਦਾ ਕਹਿਣਾ ਹੈ ਕਿ ਡਰਾਈਵਰ ਖ਼ੁਦ ਹੀ ਇਸ ਅਦਾਇਗੀ ਢਾਂਚੇ ਦੀ ਮੰਗ ਕਰਦੇ ਹਨ, ਅਤੇ ਉਹ ਇਨ੍ਹਾਂ ਸਾਰਿਆਂ ਨੂੰ ਮੁਲਾਜ਼ਮਾਂ ਵਜੋਂ ਰੱਖਣਾ ਚਾਹੁੰਦੇ ਹਨ |

ਖ਼ੁਦ ਨੂੰ ਆਜ਼ਾਦ ਕਾਰੋਬਾਰੀ ਵਜੋਂ ਸ਼੍ਰੇਣੀਬੱਧ ਕਰਨ ਦੀ ਚਾਹਤ ਰੱਖਣ ਵਾਲੇ ਡਰਾਈਵਰਾਂ ਦੀ ਵਧੀ ਗਿਣਤੀ ‘ਤੇ ਉਨ੍ਹਾਂ ਕਿਹਾ ਕਿ ”ਸਾਰੀ ਇੰਡਸਟਰੀ ਦੀ ਹਾਲਤ ਇਹੀ ਹੈ | ਅਸੀਂ ਦੋਵੇਂ ਤਰ੍ਹਾਂ ਦੀਆਂ ਪੇਸ਼ਕਸ਼ਾਂ ਦਿੰਦੇ ਹਾਂ |”

ਇਸ ਢਾਂਚੇ ਨੂੰ ਅਪਨਾਉਣ ਦੀ ਇੱਛਾ ਦੀ ਲੋੜ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ, ”ਸਾਡੇ ਲਈ ਡਰਾਈਵਰਾਂ ਨੂੰ ਲੰਮੇ ਸਮੇਂ ਤਕ ਆਪਣੇ ਨਾਲ ਜੋੜੀ ਰੱਖਣਾ ਬਹੁਤ ਮੁਸ਼ਕਲ ਕੰਮ ਹੈ |”

ਹਾਇਡੂ ਨੇ ਕਿਹਾ ਕਿ ”ਸਾਨੂੰ ਲਗਦਾ ਹੈ ਕਿ ਇਹ ਟਰੱਕਿੰਗ ਖੇਤਰ ਲਈ ਪੱਖਪਾਤੀ ਹੋਵੇਗਾ ਜੇਕਰ ਕੁੱਝ ਲੋਕ ਹੋਰਨਾਂ ਤੋਂ ਵੱਖਰੇ ਨਿਯਮਾਂ ‘ਤੇ ਚਲ ਰਹੇ ਹਨ |” ਉਨ੍ਹਾਂ ਦੱਸਿਆ ਕਿ ਇਸ ਹਾਲਤ ਬਾਰੇ ਉਨ੍ਹਾਂ ਨੂੰ ਇਕ ਸਾਲ ਪਹਿਲਾਂ, ਵੁੱਡਸਟਾਕ ਵਿੱਚ ਇੰਡਸਟਰੀ ਸਲਾਹ-ਮਸ਼ਵਰੇ ਦੌਰਾਨ ਪਤਾ ਲੱਗਾ ਸੀ |

ਸ਼ਾਰਪ ਟਰਾਂਸਪੋਰਟੇਸ਼ਨ ਸਿਸਟਮਜ਼ ਦੇ ਸ਼ਾਅਨ ਬੇਅਰਡ ਨੇ ਅਜਿਹੀਆਂ ਫ਼ਲੀਟਜ਼ ਦੀ ਸਖ਼ਤ ਨਿਖੇਧੀ ਕੀਤੀ ਜੋ ਇਸ ਕਾਰੋਬਾਰੀ ਮਾਡਲ ਦਾ ਲਾਭ ਲੈ ਰਹੀਆਂ ਹਨ | ਉਨ੍ਹਾਂ ਇਹ ਵੀ ਕਿਹਾ ਕਿ ਡਰਾਈਵਰ ਇੰਕ. ਮਾਡਲ ਦਾ ਗ਼ਲਤ ਇਸਤੇਮਾਲ ਕਰਨ ਵਾਲੀਆਂ ਫ਼ਲੀਟਜ਼ ਨਾ ਸਿਰਫ਼ ਟੈਕਸਾਂ ਤੋਂ ਬਚ ਰਹੀਆਂ ਹਨ ਬਲਕਿ ਸਿਹਤ ਟੈਕਸ ਅਤੇ ਡਬਲਿਯੂ.ਐਸ.ਆਈ.ਬੀ. ਅਦਾਇਗੀਆਂ ਤੋਂ ਵੀ ਬਚ ਰਹੀਆਂ ਹਨ |