ਅਣਕਿਆਸੇ ਭਵਿੱਖ ਦੀ ਚੁਣੌਤੀ – ਕੋਵਿਡ-19 ਲਈ ਕਿੰਨੀ ਕੁ ਤਾਰਨੀ ਪਵੇਗੀ ਕੀਮਤ

Avatar photo

ਅਵਜਿੰਦਰ ਮਾਂਗਟ ਆਪਣੇ ਇੱਕ ਟਰੱਕ ਨੂੰ ਕਈ ਹਫ਼ਤਿਆਂ ਤੋਂ ਆਨਲਾਈਨ ਕਲਾਸੀਫ਼ਾਈਡ ਪੋਰਟਲ ਕੀਜੀਜੀ ‘ਤੇ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ।

ਉਸ ਦੇ ਇਸ਼ਤਿਹਾਰ ਨੂੰ ਸੈਕੜੇ ਲੋਕਾਂ ਨੇ ਵੇਖਿਆ ਅਤੇ ਸਿਰਫ਼ ਇੱਕ ਨੇ ਹੀ ਪ੍ਰਤੀਕਿਰਿਆ ਦਿੱਤੀ।

ਮਾਂਗਟ ਨੇ ਕਿਹਾ, ”ਉਸ ਨੇ ਟਰੱਕ ਦੀ ਕੀਮਤ ਏਨੀ ਘੱਟ ਦੱਸੀ ਕਿ ਟਰੱਕ ਨੂੰ ਵੇਚਣ ਦਾ ਕੋਈ ਫ਼ਾਇਦਾ ਹੀ ਨਹੀਂ ਸੀ।”

ਉਹ 2010 ਤੋਂ ਇੱਕ ਓਨਰ-ਆਪਰੇਟਰ ਵਜੋਂ ਕੰਮ ਰਿਹਾ ਸੀ ਅਤੇ ਆਪਣੇ 2007 ਦੇ ਫ਼ਰੇਟਲਾਈਨਰ ਕੋਲੰਬੀਆ ਨੂੰ ਵੇਚਣਾ ਚਾਹੁੰਦਾ ਸੀ ਤਾਂ ਕਿ ਉਹ ਆਪਣੇ ਕੁੱਝ ਖ਼ਰਚੇ ਪੂਰੇ ਕਰ ਸਕੇ।

ਕੋਵਿਡ-19 ਕਰ ਕੇ ਕਈ ਕਾਰੋਬਾਰ ਬੰਦ ਹਨ ਅਤੇ ਮੰਗ ‘ਚ ਕਮੀ ਹੋਣ ਕਰ ਕੇ ਮਾਂਗਟ ਦੇ ਤਿੰਨੋ ਟਰੱਕ ਇਸ ਵੇਲੇ ਪਾਰਕਿੰਗ ਲਾਟ ‘ਚ ਖੜ੍ਹੇ ਹਨ।

ਹਾਲਾਂਕਿ ਮਾਂਗਟ ਦੇ ਆਪਣੇ ਟਰੱਕਾਂ ਦੀਆਂ ਸਾਰੀਆਂ ਕਿਸ਼ਤਾਂ ਭਰੀਆਂ ਹੋਈਆਂ ਹਨ ਜਿਸ ਕਰ ਕੇ ਉਸ ਦੀ ਮਾਲੀ ਹਾਲਤ ਕਾਫ਼ੀ ਠੀਕ ਹੈ।

ਅਦਾਇਗੀ ਦੀਆਂ ਸਮੱਸਿਆਵਾਂ

ਪਰ ਅਨਿਲ ਰਵਿੰਦਰਨ ਕੋਲ ਅਜਿਹੀ ਕੋਈ ਰਾਹਤ ਨਹੀਂ ਹੈ। ਉਸ ਨੂੰ ਹਰ ਮਹੀਨੇ 12,000 ਡਾਲਰ ਦੀ ਅਦਾਇਗੀ ਕਰਨੀ ਹੁੰਦੀ ਹੈ।

ਹੁਣ ਉਸ ਦੇ ਪੰਜ ਟਰੱਕਾਂ ‘ਚੋਂ ਸਿਰਫ਼ ਇੱਕ ਹੀ ਸੜਕਾਂ ‘ਤੇ ਚੱਲ ਰਿਹਾ ਹੈ। ਬਾਕੀ ਸਾਰੇ ਮਿਸੀਸਾਗਾ, ਓਂਟਾਰੀਓ ਦੇ ਪਾਰਕਿੰਗ ਲਾਟ ‘ਚ ਖੜ੍ਹੇ ਹਨ।

”ਅੱਗੇ ਕੀ ਹੋਵੇਗਾ, ਮੈਨੂੰ ਨਹੀਂ ਪਤਾ।” – ਓਨਰ-ਆਪਰੇਟਰ ਅਨਿਲ ਰਵਿੰਦਰਨ।

ਰਵਿੰਦਰਨ ਨੇ ਇੱਕ ਇੰਟਰਵਿਊ ਦੌਰਾਨ ਕਿਹਾ, ”ਮੈਂ ਇੱਕ ਮਹੀਨੇ ਤਕ ਕੰਮ ਚਲਾ ਸਕਦਾ ਹਾਂ ਪਰ ਇਸ ਤੋਂ ਬਾਅਦ ਕੀ ਹੋਵੇਗਾ ਮੈਨੂੰ ਨਹੀਂ ਪਤਾ।”

ਉਸ ਨੇ ਕਿਹਾ ਕਿ ਉਹ ਓਨਰ-ਆਪਰੇਟਰ ਜਿਨ੍ਹਾਂ ਨੇ 5% ਦੀ ਘੱਟ ਤੋਂ ਘੱਟ ਅਦਾਇਗੀ ‘ਤੇ ਟਰੱਕ ਖ਼ਰੀਦੇ ਸਨ, ਉਨ੍ਹਾਂ ਲਈ ਸਮੱਸਿਆ ਗੰਭੀਰ ਹੋਣ ਵਾਲੀ ਹੈ।

ਫ਼ੈਡਰਲ ਸਰਕਾਰ ਨੇ ਹੁਣ ਤਕ ਸਿੱਧੀ ਸਹਾਇਤਾ ‘ਚ ਹੀ ਪੂਰੇ 150 ਬਿਲੀਅਨ ਡਾਲਰ ਦਾ ਪ੍ਰੋਤਸਾਹਨ ਦੇਣ ਦਾ ਐਲਾਨ ਕੀਤਾ ਹੈ। ਇਸ ‘ਚ ਟੈਕਸਾਂ ਦੀ ਮੁਲਤਵੀ, ਵਿਆਜ ਮੁਕਤ ਕਰਜ਼ੇ, ਅਤੇ ਛੋਟੇ ਤੇ ਦਰਮਿਆਨੇ ਆਕਾਰ ਦੀਆਂ ਕੰਪਨੀਆਂ ‘ਚ ਲੋਕਾਂ ਦਾ ਰੁਜ਼ਗਾਰ ਬਚਾਉਣ ਲਈ 75% ਤਨਖ਼ਾਹ ਸਬਸਿਡੀ ਦੇਣ ਦਾ ਐਲਾਨ ਕੀਤਾ ਗਿਆ ਹੈ।

ਰਵਿੰਦਰਨ ਨੇ ਅਜਿਹੀਆਂ ਕੰਪਨੀਆਂ ਨਾਲ ਕਿਸ਼ਤਾਂ ਦੀ ਅਦਾਇਗੀ ਨੂੰ ਕੁੱਝ ਸਮੇਂ ਤਕ ਮੁਲਤਵੀ ਕਰਨ ਲਈ ਸੰਪਰਕ ਕੀਤਾ ਹੈ ਜਿਨ੍ਹਾਂ ਤੋਂ ਉਸ ਨੇ ਟਰੱਕ ਖ਼ਰੀਦਣ ਲਈ ਕਰਜ਼ਾ ਲਿਆ ਸੀ।

”ਇਸ ਲਈ ਤੁਹਾਨੂੰ ਕਈ ਜ਼ਰੂਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਇਨ੍ਹਾਂ ‘ਚੋਂ ਇੱਕ ਉਸ ਕੰਪਨੀ ਦੀ ਚਿੱਠੀ ਹੈ ਜਿਸ ਲਈ ਮੇਰੇ ਡਰਾਈਵਰ ਅਤੇ ਮੈਂ ਕੰਮ ਕਰਦਾ ਹਾਂ, ਜਿਸ ‘ਚ ਇਸ ਗੱਲ ਦੀ ਪੁਸ਼ਟੀ ਕਰਨੀ ਹੁੰਦੀ ਹੈ ਕਿ ਕੋਵਿਡ-19 ਕਰ ਕੇ ਕੋਈ ਕੰਮ ਨਹੀਂ ਹੈ।”

ਉਸ ਨੇ ਕਿਹਾ ਕਿ ਇੱਥੇ ਹੀ ਸਮੱਸਿਆ ਖੜ੍ਹੀ ਹੋ ਜਾਂਦੀ ਹੈ, ਕਿਉਂਕਿ ਕੰਪਨੀਆਂ ਅਜਿਹੇ ਦਸਤਾਵੇਜ਼ ਜਾਰੀ ਨਹੀਂ ਕਰ ਸਕਦੀਆਂ, ਕਿਉਂਕਿ ਇਸ ਨਾਲ ਉਨ੍ਹਾਂ ਦੀ ਸਾਖ ਨੂੰ ਢਾਹ ਲਗਦੀ ਹੈ।

ਹਾਲਾਂਕਿ ਰਵਿੰਦਰਨ ਨੂੰ ਆਸ ਹੈ ਕਿ ਕੋਰੋਨਾ ਵਾਇਰਸ ਸੰਕਟ ਛੇਤੀ ਹੀ ਖ਼ਤਮ ਹੋ ਜਾਵੇਗਾ ਅਤੇ ਕਾਰੋਬਾਰ ਫਿਰ ਪਹਿਲਾਂ ਵਾਂਗ ਚੱਲਣ ਲੱਗ ਪੈਣਗੇ।

ਉਨ੍ਹਾਂ ਉਮੀਦ ਪ੍ਰਗਟਾਈ, ”ਫਿਰ ਕਾਰੋਬਾਰ ਵੱਧ ਜਾਵੇਗਾ।”

ਇਸ ਸੰਕਟ ਤੋਂ ਚਿੰਤਤ ਇੱਕ ਹੋਰ ਓਨਰ-ਆਪਰੇਟਰ ਹੈ ਮੁਹੰਮਦ ਉਮਰ।

ਉਸ ਨੇ ਕਿਹਾ, ”ਪਤਾ ਨਹੀਂ ਇਹ ਸੰਕਟ ਕਦੋਂ ਤਕ ਕਾਇਮ ਰਹੇਗਾ। ਮੈਂ ਆਪਣਾ ਕਰਜ਼ਾ ਵੀ ਤਾਰਨਾ ਹੈ।”

ਹਰ ਮਹੀਨੇ, ਮਿਸੀਸਾਗਾ ਤੋਂ ਸ਼ਿਕਾਗੋ ਤਕ ਔਸਤਨ 10 ਗੇੜੇ ਲਾ ਕੇ ਆਉਣ ਵਾਲੇ ਉਮਰ ਨੇ ਕਿਹਾ ਕਿ ਉਸ ਲਈ ਮਾਰਚ ਹੁਣ ਤਕ ਚੰਗਾ ਰਿਹਾ ਹੈ।

”ਪਰ ਪਤਾ ਨਹੀਂ ਇਸ ਮਹੀਨੇ ਜਾਂ ਅਗਲੇ ਮਹੀਨੇ ਕੀ ਹੋਵੇਗਾ। ਸ਼ਿਕਾਗੋ ਤੋਂ ਅਸੀਂ ਇਨ੍ਹੀਂ ਦਿਨੀਂ ਖ਼ਾਲੀ ਟਰੱਕ ਲੈ ਕੇ ਆ ਰਹੇ ਹਾਂ।”

ਕਰਜ਼ਾ ਰਾਹਤ ਲਈ ਬਿਨੈ ਕਰਨ ਦੇ ਮਾਮਲੇ ‘ਚ ਰਵਿੰਦਰਨ ਵਾਂਗ ਉਮਰ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

”ਮੈਨੂੰ ਪਹਿਲਾਂ ਵੀ ਕਦੇ ਕਰਜ਼ਾ ਚੁੱਕਣ ਦੀ ਜ਼ਰੂਰਤ ਨਹੀਂ ਪਈ।” – ਓਨਰ-ਆਪਰੇਟਰ ਜਸਵੀਰ ਸਿੰਘ ਮਾਨ।

1998 ਤੋਂ ਇੱਕ ਓਨਰ-ਆਪਰੇਟਰ ਜਸਵੀਰ ਸਿੰਘ ਮਾਨ ਵੇਸਟ-ਹੌਲ ਦਾ ਕੰਮ ਕਰਦਾ ਹੈ ਅਤੇ ਕੋਵਿਡ-19 ਸੰਕਟ ਦੇ ਸ਼ੁਰੂ ਹੋਣ ਤੋਂ ਲੈ ਕੇ ਇਸ ਕੰਮ ‘ਚ ਅਤੇ ਇਸ ਲਈ ਕੰਪਨੀ ਵਲੋਂ ਦਿੱਤੀ ਜਾਣ ਵਾਲੀ ਅਦਾਇਗੀ ‘ਚ ਕਾਫ਼ੀ ਕਮੀ ਆਈ ਹੈ।

ਉਸ ਦੀ ਆਮਦਨੀ ਘੱਟ ਗਈ ਹੈ, ਪਰ ਹੁਣ ਤਕ ਉਸ ਨੇ ਸਰਕਾਰੀ ਕਰਜ਼ੇ ਜਾਂ ਕਿਸੇ ਹੋਰ ਸਹਾਇਤਾ ਲਈ ਕਿਤੇ ਵੀ ਬਿਨੈ ਨਹੀਂ ਕੀਤਾ ਹੈ।

ਮਾਨ ਨੇ ਕਿਹਾ, ”ਮੈਨੂੰ ਪਹਿਲਾਂ ਵੀ ਕਦੇ ਕਿਸੇ ਮੱਦਦ ਦੀ ਜ਼ਰੂਰਤ ਨਹੀਂ ਪਈ।”

ਪਰ ਉਸ ਨੇ ਕਿਹਾ ਕਿ ਜੇਕਰ ਉੱਚ ਬੀਮਾ ਪ੍ਰੀਮੀਅਮ ‘ਚ ਕਮੀ ਕੀਤੀ ਜਾਂਦੀ ਹੈ ਤਾਂ ਇਹ ਚੰਗਾ ਕਦਮ ਹੋਵੇਗਾ, ਜੋ ਕਿ ਹੁਣ ਬਹੁਤ ਸਾਰੇ ਟਰੱਕਰਸ ਦੇ ਵੱਸ ਦੀ ਗੱਲ ਨਹੀਂ ਰਹੀ।

ਮਾਨ ਵੈਸੇ ਤਾਂ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਖ਼ੁਸ਼ੀ ਨਾਲ ਕਰਦਾ ਹੈ ਪਰ ਜਦੋਂ ਤਕਨੀਸ਼ੀਅਨ ਉਸ ਨੂੰ ਫਲੈਟ ਟਾਇਰ ਠੀਕ ਕਰਨ ਵੇਲੇ ਵੀ ਕੈਬ ਅੰਦਰ ਰਹਿਣ ਲਈ ਕਹਿੰਦੇ ਹਨ ਤਾਂ ਉਸ ਨੂੰ ਇਹ ਗੱਲ ਥੋੜੀ ਅਜੀਬ ਲਗਦੀ ਹੈ।

ਮਾਨ ਨੂੰ ਦੋ ਫ਼ਰੰਟਲਾਈਨ ਵਰਕਰਸ ਦਾ ਪਿਤਾ ਹੋਣ ‘ਤੇ ਵੀ ਮਾਣ ਹੈ, ਜਿਨ੍ਹਾਂ ‘ਚੋਂ ਇੱਕ ਡਾਕਟਰ ਹੈ ਅਤੇ ਦੂਜਾ ਨਰਸ।

ਬੀਮਾਕਰਤਾਵਾਂ ਦੀ ਸਮੱਸਿਆ

”ਬਹੁਤ ਸਾਰੇ ਟਰੱਕਰਸ ਨੇ ਆਪਣੇ ਟਰੱਕ ਖੜ੍ਹਾ ਦਿੱਤੇ ਹਨ ਅਤੇ ਸੜਕਾਂ ‘ਤੇ ਜਾਣਾ ਬੰਦ ਕਰ ਦਿੱਤਾ ਹੈ।” – ਬੀਮਾ ਬਰੋਕਰ, ਪੂਜਾ ਗੁਪਤਾ।

ਮਾਰਚ ਦੇ ਅਖ਼ੀਰਲੇ ਦਿਨਾਂ ‘ਚ, ਕੈਨੇਡਾ ਦੇ ਬੀਮਾ ਉਦਯੋਗ ਨੇ ਕਿਹਾ ਕਿ ਅਮਰੀਕਾ ਜਾਣ ਸਮੇਂ ਓਨਰ-ਆਪਰੇਟਰਾਂ ਨੂੰ ਦੇਸ਼ ਤੋਂ ਬਾਹਰ ਵੀ ਸਿਹਤ ਬੀਮਾ ਦਾ ਲਾਭ ਮਿਲੇਗਾ, ਭਾਵੇਂ ਗੈਰ-ਜ਼ਰੂਰੀ ਕਾਮਿਆਂ ਲਈ ਯਾਤਰਾ ਨਾ ਕਰਨ ਦੀ ਸਲਾਹ ਜਾਰੀ ਕਰ ਦਿੱਤੀ ਗਈ ਹੈ।

ਇਸ ਐਲਾਨ ਤੋਂ ਬਾਅਦ ਬਰੋਕਰ ਪੂਜਾ ਗੁਪਤਾ ਦਾ ਫ਼ੋਨ ਲਗਾਤਾਰ ਵੱਜ ਰਿਹਾ ਹੈ, ਕਿਉਂਕਿ ਕਈ ਡਰਾਈਵਰ ਸਪੱਸ਼ਟੀਕਰਨ ਚਾਹੁੰਦੇ ਹਨ।

ਗੁਪਤਾ ਨੇ ਇੱਕ ਈ-ਮੇਲ ‘ਚ ਕਿਹਾ, ”ਸਰਹੱਦ ਪਾਰ ਅਤੇ ਪ੍ਰੋਵਿੰਸ ਤੋਂ ਬਾਹਰ ਜਾਣ ‘ਤੇ ਜੀਵਨ ਅਤੇ ਸਿਹਤ ਬੀਮਾ ਦੇ ਲਾਭਾਂ ਬਾਰੇ ਮੈਨੂੰ ਬਹੁਤ ਸਾਰੇ ਸਾਵਲ ਪੁੱਛੇ ਜਾ ਰਹੇ ਹਨ।”

ਉਸ ਨੇ ਕਿਹਾ ਕਿ ਬਹੁਤ ਸਾਰੇ ਡਰਾਈਵਰ ਬੀਮਾ ਪ੍ਰੀਮੀਅਮ ਅਤੇ ਲੀਜ਼ ਭੁਗਤਾਨ ਬਾਰੇ ਚਿੰਤਤ ਹਨ।

ਬੀਮਾ ਕੰਪਨੀਆਂ ਕਿਸ਼ਤਾਂ ਜਮ੍ਹਾ ਕਰਵਾਉਣ ‘ਚ ਦੇਰੀ ਦਾ ਮੌਕਾ ਦੇ ਰਹੀਆਂ ਹਨ, ਪਰ ਢੋਆ-ਢੁਆਈ ਬੰਦ ਹੋਣ ਕਾਰਨ ਦੇਰੀ ਨਾਲ ਵੀ ਕਿਸਤਾਂ ਦਾ ਭੁਗਤਾਨ ਕਰਨਾ ਸੌਖਾ ਨਹੀਂ ਹੋਵੇਗਾ।

ਉਸ ਨੇ ਕਿਹਾ, ”ਕਈ ਟਰੱਕਸਰਸ ਨੇ ਆਪਣੇ ਟਰੱਕਾਂ ਨੂੰ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਦੀਆਂ ਨਿਜੀ ਗੱਡੀਆਂ ਵੀ ਘਰਾਂ ‘ਚ ਹੀ ਖੜ੍ਹੀਆਂ ਹਨ।”

ਪਾੜ੍ਹੇ ਵੀ ਅੱਧ-ਵਿਚਕਾਰ ਲਟਕੇ

ਕਮਰਸ਼ੀਅਲ ਡਰਾਈਵਰ ਬਣਨ ਲਈ ਸਿਖਲਾਈ ਦੇਣ ਵਾਲੇ ਸਕੂਲਾਂ ‘ਤੇ ਵੱਡੀ ਮਾਰ ਪਈ ਹੈ।

”ਮੈਨੂੰ ਵਿਦਿਆਰਥੀਆਂ ਨਾਲ ਬਹੁਤ ਹਮਦਰਦੀ ਹੈ।” – ਟਰੱਕੈਡਮੀ ਦੇ ਮੁੱਖੀ ਰਾਜ ਵਾਲੀਆ।

ਭਾਵੇਂ ਉਹ ਇਸ ਮਹਾਂਮਾਰੀ ਦੇ ਸਮੇਂ ‘ਚ ਖੁੱਲ੍ਹੇ ਰਹਿ ਸਕਦੇ ਹਨ, ਪਰ ਸਕੂਲ ਮਾਲਕਾਂ ਦਾ ਕਹਿਣਾ ਹੈ ਕਿ ਸਮਾਜਕ ਦੂਰੀ ਦੇ ਨਿਯਮ ਲੋਕਾਂ ਦੀ ਆਦਤ ਬਣ ਰਹੇ ਹਨ ਅਤੇ ਇਨ੍ਹਾਂ ਹਾਲਾਤ ‘ਚ ਉਨ੍ਹਾਂ ਲਈ ਕੰਮ ਕਰਨਾ ਸੰਭਵ ਨਹੀਂ ਦਿਸ ਰਿਹਾ।

ਇਸ ਦਾ ਮਤਲਬ ਹੈ ਕਿ ਸਿਖਲਾਈ ਸਕੂਲਾਂ ‘ਚ ਦਾਖ਼ਲਾ ਲੈਣ ਵਾਲੇ ਸੈਂਕੜੇ ਵਿਦਿਆਰਥੀ ਅਧਵਾਟੇ ਫਸੇ ਹੋਏ ਹਨ।

ਮਿਸੀਸਾਗਾ ‘ਚ ਚੱਲਣ ਵਾਲੇ ਸਿਖਲਾਈ ਸਕੂਲ ਟਰੱਕੈਡਮੀ ਦੇ ਮੁੱਖੀ ਰਾਜ ਵਾਲੀਆ ਦਾ ਕਹਿਣਾ ਹੈ, ”ਕੁੱਝ ਅਜਿਹੇ ਵੀ ਵਿਦਿਆਰਥੀ ਹਨ ਜਿਨ੍ਹਾਂ ਨੇ ਟਰੱਕਿੰਗ ‘ਚ ਕਰੀਅਰ ਬਣਾਉਣ ਲਈ ਅਪਣੀ ਨੌਕਰੀ ਤਕ ਛੱਡ ਦਿੱਤੀ ਸੀ।”

ਉਨ੍ਹਾਂ ਕਿਹਾ ਕਿ ਟਰੱਕੈਡਮੀ ਦੇ ਬੰਦ ਹੋਣ ਸਮੇਂ ਉਸ ਦੇ 15 ਵਿਦਿਆਰਥੀ ਸਨ।

ਡਰਾਈਵਰ ਇਮਤਿਹਾਨ ਸੇਵਾਵਾਂ ਦੇਣ ਵਾਲੇ ਸਾਰੇ ਡਰਾਈਵਟੈਸਟ ਕੇਂਦਰ ਇਸ ਵੇਲੇ ਬੰਦ ਹਨ।

”ਉਮੀਦ ਹੈ ਕਿ ਇਹ ਸੰਕਟ ਛੇਤੀ ਖ਼ਤਮ ਹੋ ਜਾਵੇਗਾ।” – ਜੇਅ’ਜ਼ ਪ੍ਰੋਫ਼ੈਸ਼ਨਲ ਟਰੱਕ ਟਰੇਨਿੰਗ ਸੈਂਟਰ ਦੇ ਸੰਸਥਾਪਕ ਜੇਅ ਪੂਥਾ।

ਸਕਾਰਬਰੋ, ਓਂਟਾਰੀਓ ‘ਚ ਸਥਿਤ ਜੇਅ’ਜ਼ ਪ੍ਰੋਫ਼ੈਸ਼ਨਲ ਟਰੱਕ ਟਰੇਨਿੰਗ ਸੈਂਟਰ ਦੇ ਸੰਸਥਾਪਕ ਜੇਅ ਪੂਥਾ ਨੇ ਕਿਹਾ ਕਿ ਉਨ੍ਹਾਂ ਦਾ ਸਕੂਲ ਬੰਦ ਹੋਣ ਕਰ ਕੇ ਉਸ ਦੇ 60 ਵਿਦਿਆਰਥੀ ਅਤੇ 10 ਸਟਾਫ਼ ਮੈਂਬਰ ਪ੍ਰਭਾਵਤ ਹੋਏ ਹਨ।

ਪੂਥਾ ਨੇ ਕਿਹਾ ਕਿ ਰੋਡ ਟੈਸਟ ਮੁੜ ਚਾਲੂ ਕਰਨ ਲਈ ਸੁਰੱਖਿਆ ਦੇ ਮਾਪਦੰਡਾਂ ਬਾਰੇ ਆਵਾਜਾਈ ਮੰਤਰਾਲਾ ਅਤੇ ਡਰਾਈਵਟੈਸਟ ਕੇਂਦਰਾਂ ਦੇ ਆਪਰੇਟਰਾਂ ਨਾਲ ਉਨ੍ਹਾਂ ਦੀ ਗੱਲਬਾਤ ਚਲ ਰਹੀ ਹੈ।

ਉਨ੍ਹਾਂ ਕਿਹਾ ਕਿ ਉਹ ਸੁਰੱਖਿਆ ਵਜੋਂ ਕੈਬ ਅੰਦਰ ਵਿਦਿਆਰਥੀ ਅਤੇ ਪ੍ਰੀਖਿਆ ਲੈਣ ਵਾਲੇ/ਸਿਖਲਾਈ ਦੇਣ ਵਾਲੇ ਵਿਚਕਾਰ ਇੱਕ ਪਲੈਕਸੀਗਲਾਸ ਦੀ ਕੰਧ ਲਗਾਉਣ ਬਾਰੇ ਵਿਚਾਰ ਕਰ ਰਹੇ ਹਨ।

ਪੂਥਾ ਨੇ ਕਿਹਾ, ”ਕੰਮ ਬੰਦ ਹੋਣ ਨਾਲ ਸਾਡੀ ਵਿੱਤੀ ਹਾਲਤ ਬਹੁਤ ਮਾੜੀ ਹੋ ਗਈ ਹੈ। ਉਮੀਦ ਹੈ ਕਿ ਇਹ ਸੰਕਟ ਛੇਤੀ ਖ਼ਤਮ ਹੋ ਜਾਵੇਗਾ।”

ਟੋਇੰਗ ਬਿਜ਼ਨੈਸ ਠੱਪ

ਆਰਥਕ ਨਿਵਾਣ ਕਰ ਕੇ ਬੁਰੀ ਤਰ੍ਹਾਂ ਪ੍ਰਭਾਵਤ ਇੱਕ ਹੋਰ ਕਾਰੋਬਾਰ ਕਮਰਸ਼ੀਅਲ ਟੋਇੰਗ ਹੈ।

ਜੱਸੀ ਸਰਾਏ

ਮਿਸੀਸਾਗਾ ਦੀ ਐਸ.ਡੀ. ਟੋਇੰਗ ਦੇ ਮਾਲਕ ਜੱਸੀ ਸਰਾਏ ਨੇ ਕਿਹਾ, ”ਸਾਡਾ ਕਾਰੋਬਾਰ 70% ਘੱਟ ਹੋ ਗਿਆ ਹੈ ਕਿਉਂਕਿ ਸੜਕਾਂ ‘ਤੇ ਚੱਲਣ ਵਾਲੇ ਟਰੱਕਾਂ ਦੀ ਗਿਣਤੀ ਘੱਟ ਗਈ ਹੈ।”

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ 12 ਟਰੱਕਾਂ ‘ਚੋਂ ਸਿਰਫ਼ ਦੋ ਕੁ ਹੀ ਚਲ ਰਹੇ ਹਨ।

ਪਰ ਚੰਗੀ ਗੱਲ ਇਹ ਹੈ ਕਿ ਹਾਦਸੇ ਵੀ ਘੱਟ ਗਏ ਹਨ, ਅਤੇ ਸਰਾਏ ਨੇ ਕਿਹਾ ਕਿ ਇਸ ਦਾ ਕਾਰਨ ਹਾਈਵੇਜ਼ ‘ਤੇ ਕਾਰਾਂ ਦੀ ਗਿਣਤੀ ਘਟਣਾ ਹੈ ਕਿਉਂਕਿ ਜ਼ਿਆਦਾਤਰ ਲੋਕ ਘਰ ਬੈਠੇ ਹੀ ਕੰਮ ਕਰ ਰਹੇ ਹਨ।

ਉਨ੍ਹਾਂ ਕਿਹਾ, ”ਮੇਰਾ ਮੰਨਣਾ ਹੈ ਕਿ ਜ਼ਿਆਦਾਤਰ ਹਾਦਸੇ ਅਸਲ ‘ਚ ਛੋਟੀਆਂ ਗੱਡੀਆਂ ਕਰ ਕੇ ਹੁੰਦੇ ਹਨ, ਨਾ ਕਿ ਟਰੱਕਾਂ ਕਰ ਕੇ। ਜਦਕਿ ਲੋਕ ਹਮੇਸ਼ਾ ਇਹੀ ਸੋਚਦੇ ਹਨ ਕਿ ਵੱਡੀਆਂ ਗੱਡੀਆਂ ਕਰ ਕੇ ਹਾਦਸੇ ਹੁੰਦੇ ਹਨ।”

ਮੁਰੰਮਤ ਅਦਾਰੇ

ਸੁਰਜੀਤ ਜੌਹਲ

ਭਾਵੇਂ ਟਰੱਕਾਂ ਦੀ ਮੁਰੰਮਤ ਕਰਨ ਵਾਲੇ ਅਦਾਰੇ ਜ਼ਰੂਰੀ ਕਾਰੋਬਾਰ ਸ਼੍ਰੇਣੀ ‘ਚ ਆਉਂਦੇ ਹਨ, ਪਰ ਅਜਿਹੇ ਕੁੱਝ ਅਦਾਰੇ ਘੱਟ ਸਮੇਂ ਲਈ ਹੀ ਕੰਮ ਕਰ ਰਹੇ ਹਨ, ਜਾਂ ਸਿਰਫ਼ ਜ਼ਰੂਰੀ ਹੋਣ ‘ਤੇ ਹੀ ਖੁੱਲ੍ਹਦੇ ਹਨ।

ਮਿਸੀਸਾਗਾ ‘ਚ ਡੀਜ਼ਲ ਟਰੱਕ ਸੈਂਟਰ ਦੇ ਮਾਲਕ ਸੁਰਜੀਤ ਜੌਹਲ ਨੇ ਕਿਹਾ, ”ਸਾਡੀ ਵਰਕਸ਼ਾਪ ਆਮ ਜਨਤਾ ਲਈ ਨਹੀਂ ਖੁੱਲ੍ਹੀ ਹੈ। ਇਸ ਬਾਰੇ ਅਸੀਂ ਜਨਤਕ ਸਿਹਤ ਬਾਰੇ ਹਦਾਇਤਾਂ ਦੀ ਪਾਲਣਾ ਕਰ ਰਹੇ ਹਾਂ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਹਰ ਕੋਈ ਸੁਰੱਖਿਅਤ ਹੈ।”

 

ਅਬਦੁਲ ਲਤੀਫ਼ ਵੱਲੋਂ

 

 

 

 

 

 

 

 

 

.